For the best experience, open
https://m.punjabitribuneonline.com
on your mobile browser.
Advertisement

ਹੁੰਦਲ ਚਲਾ ਗਿਆ...

11:53 AM Jul 23, 2023 IST
ਹੁੰਦਲ ਚਲਾ ਗਿਆ
Advertisement

ਡਾ. ਸੁਰਿੰਦਰ ਗਿੱਲ

ਮਿੱਤਰ ਪਿਆਰਾ

ਮੈਂ 1957 ਵਿੱਚ ਰਾਮਗੜ੍ਹੀਆ ਟ੍ਰੇਨਿੰਗ ਕਾਲਜ, ਫਗਵਾੜਾ ਵਿਖੇ ਆਰਟ ਐਂਡ ਕਰਾਫਟ ਟੀਚਰ ਡਿਪਲੋਮਾ ਕੋਰਸ ਵਿੱਚ ਦਾਖ਼ਲਾ ਲਿਆ। ਕਾਲਜ ਵਿੱਚ ਬੀਟੀ, ਜੇਬੀਟੀ ਅਤੇ ਏਸੀਟੀ ਤਿੰਨ ਕੋਰਸ ਚੱਲ ਰਹੇ ਸਨ।
ਸਾਥੋਂ ਵੱਡੀ ਸ਼੍ਰੇਣੀ ਬੀਟੀ ਸੀ। ਕਾਲਜ ਦੇ ਪਹਿਲੇ ਸੱਭਿਆਚਾਰਕ ਸਮਾਗਮ ਵਿੱਚ ਇੱਕ ਨੌਜਵਾਨ ਕਵਿਤਾ ਸੁਣਾ ਰਿਹਾ ਸੀ:
‘‘ਜੇ ਚਾਹੁੰਦੇ ਹੋ ਵਿੱਦਿਆ ਪਾਉਣੀ
ਜੇ ਚਾਹੁੰਦੇ ਹੋ ਕਾਲਜ ਲੱਗਣ
ਤਾਂ ਫਿਰ ਜੰਗਬਾਜ਼ਾਂ ਨੂੰ ਕਹਿ ਦਿਓ
ਚੈਨ ਕਰੋ।
ਤੀਜੀ ਜੰਗ ਨਹੀਂ ਲੱਗਣ ਦੇਣੀ
ਐਟਮ ਬੰਬ ਨੂੰ
ਬੈਨ ਕਰੋ...।’’
ਇਹ ਨੌਜਵਾਨ ਬੀਟੀ ਦਾ ਵਿਦਿਆਰਥੀ ਹਰਭਜਨ ਸਿੰਘ ਹੁੰਦਲ ਸੀ।
ਵਿਦਿਆਰਥੀਆਂ ਵੱਲੋਂ ਆਮ ਰੁਮਾਂਸਵਾਦੀ ਗੀਤ, ਕਵਿਤਾਵਾਂ ਅਤੇ ਚੁਟਕਲਿਆਂ ਦੇ ਉਸ ਮਾਹੌਲ ਵਿੱਚ ਹੁੰਦਲ ਦੀ ਸੁਰ ਵੱਖਰੀ ਸੀ। ਉਸੇ ਹਾਲ ਵਿੱਚ ਮੈਂ ਇੱਕ ਗੀਤ ਗਾਇਆ। ਪ੍ਰੋਗਰਾਮ ਪਿੱਛੋਂ ਚਾਹ ਪੀਂਦਿਆਂ ਮੇਰੀ ਤੇ ਹੁੰਦਲ ਦੀ ਜਾਣ ਪਛਾਣ ਦਾ ਉਹ ਪਹਿਲਾ ਦਨਿ ਸੀ।
ਹੁੰਦਲ ਭਾਵੇਂ ਕਾਲਜ ਦੀ ਵਰਿਸ਼ਟ ਸ਼੍ਰੇਣੀ ਦਾ ਵਿਦਿਆਰਥੀ ਸੀ, ਉਹ ਗ੍ਰੈਜੂਏਟ ਤੇ ਮੈਂ ਕੇਵਲ ਦਸਵੀਂ ਪਾਸ। ਸਾਡੀ ਇਹ ਮਿਲਣੀ ਜਾਣ-ਪਛਾਣ ’ਚ ਅਤੇ ਫਿਰ ਦੋਸਤੀ ਵਿੱਚ ਬਦਲ ਗਈ। ਉਸੇ ਕਾਲਜ ਵਿੱਚ ਹੁੰਦਲ ਨਾਲ (ਮਰਹੂਮ) ਅਵਤਾਰ ਜੰਡਿਆਲਵੀ ਵੀ ਪੜ੍ਹਦਾ ਸੀ। ਉਨ੍ਹੀਂ ਦਨਿੀਂ ਆਮ ਨਵੇਂ ਨਵੇਂ ਕਵਿਤਾ ਦਾ ਸ਼ੌਕ ਰੱਖਦੇ ਜਵਾਨਾਂ ਵਾਂਗ ਕਵਿਤਾ ਦਾ ਭੂਤ ਨਹੀਂ, ਨਸ਼ਾ ਛਾਇਆ ਰਹਿਣਾ ਅਤੇ ਹਰ ਰੋਜ਼ ਨਹੀਂ ਤਾਂ ਹਰ ਹਫ਼ਤੇ, ਕੋਈ ਨਾ ਕੋਈ ਗੀਤ ਜਾਂ ਕਵਿਤਾ ਰਚਦੇ ਰਹਿਣਾ।
ਹੁੰਦਲ, ਅਵਤਾਰ ਤੇ ਮੈਂ ਜਦੋਂ ਮਿਲਣਾ, ਨਵੀਆਂ ਰਚਨਾਵਾਂ ਸੁਣਦੇ ਸੁਣਾਉਂਦੇ ਰਹਿਣਾ। ਹੁੰਦਲ ਨੂੰ ਉਸ ਸਮੇਂ ਮਾਰਕਸਵਾਦ ਦੀ ਜਾਗ ਲੱਗ ਚੁੱਕੀ ਸੀ, ਪਰ ਮੈਂ ਤੇ ਅਵਤਾਰ ਜੰਡਿਆਲਵੀ ਇਸ ਪੱਖੋਂ ਕੋਰੇ ਸੀ। ਇਸ ਤੋਂ ਪਹਿਲਾਂ ਹਰਭਜਨ ਸਿੰਘ ਹੁੰਦਲ ਨੇ ਬੀ.ਏ. ਦੀ ਡਿਗਰੀ ਰਣਧੀਰ ਕਾਲਜ ਕਪੂਰਥਲਾ ਤੋਂ ਪੜ੍ਹ ਕੇ ਪ੍ਰਾਪਤ ਕੀਤੀ ਸੀ ਅਤੇ ਉਸੇ ਕਾਲਜ ਵਿੱਚ ਉਸ ਸਮੇਂ ਸ.ਸ. ਮੀਸ਼ਾ ਵੀ ਵਿਦਿਆਰਥੀ ਸੀ।
ਹੁੰਦਲ ਦਾ ਜੱਦੀ ਪਿੰਡ ਬੰਡਾਲਾ, ਜ਼ਿਲ੍ਹਾ ਅੰਮ੍ਰਿਤਸਰ ਸੀ। ਉਸ ਦੇ ਵੱਡੇ-ਵਡੇਰੇ ਇੱਥੋਂ ਖੁਸ਼ਹਾਲ ਜੀਵਨ ਦੇ ਸੁਪਨੇ ਲੈ ਕੇ ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ ਵਿੱਚ) ਵਸ ਗਏ ਸਨ। ਵੰਡ ਵੇਲੇ ਲਾਇਲਪੁਰ ਤੋਂ ਉੱਜੜ ਕੇ ਉਹ ਕਪੂਰਥਲਾ ਜ਼ਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਫੱਤੂ ਚੱਕ (ਨੇੜੇ ਢਿੱਲਵਾਂ) ਵਿਖੇ ਆ ਵਸੇ ਅਤੇ ਹੁੰਦਲ ਆਪਣੇ ਪਰਿਵਾਰ ਸਹਿਤ ਤਾਉਮਰ ਫੱਤੂ ਚੱਕ ਵਿਖੇ ਹੀ ਰਿਹਾ। ਇਸੇ ਪਿੰਡ ਵਿੱਚ ਲੰਮਾ ਸਮਾਂ ਚੱਲੀ ਬਿਮਾਰੀ ਨਾਲ ਜੂਝਦਿਆਂ 9 ਜੁਲਾਈ 2023 ਦੇ ਦਨਿ ਉਹ ਸਾਨੂੰ ਛੱਡ ਕੇ ਕਿਸੇ ਅਗਿਆਤ ਯਾਤਰਾ ’ਤੇ ਚਲਾ ਗਿਆ।
ਪਿਛਲੀ ਸਦੀ ਦੇ ਛੇਵੇਂ ਦਹਾਕੇ ਵਿੱਚ ਸਾਡੀ ਦੋਸਤੀ ਸਮੇਂ ਹੋਏ ਚਿੱਠੀ-ਪੱਤਰ ਰਾਹੀਂ ਅਤੇ ਹੁੰਦੀਆਂ ਮਿਲਣੀਆਂ ਵਿੱਚ ਉਸ ਨੇ ਸਾਹਿਤ, ਸਮਾਜ, ਕਵਿਤਾ ਅਤੇ ਰਾਜਨੀਤੀ ਦੇ ਪਰਸਪਰ ਸਬੰਧ ਸਬੰਧੀ ਮੈਨੂੰ ਬਹੁਤ ਕੁਝ ਦੱਸਿਆ ਤੇ ਸਮਝਾਇਆ। ਉਹ ਇੱਕ ਸੱਚਾ ਮਿੱਤਰ ਅਤੇ ਸੂਝਵਾਨ ਅਧਿਆਪਕ ਸੀ।
ਆਮ ਵਰਤਾਰੇ ਵਿੱਚ ਉਹ ਕਦੇ ਕਿਸੇ ਗ਼ਲਤ ਗੱਲ ਨੂੰ ਅਣਗੌਲੀ ਨਹੀਂ ਸੀ ਕਰਦਾ ਅਤੇ ਵਿਰੋਧ ਦੀ ਸੁਰ ਉਚਾਰ ਦਿੰਦਾ ਸੀ। ਆਪਣੇ ਇਸ ਬੇਬਾਕ ਅਤੇ ਅੱਖੜ ਵਰਤਾਰੇ ਕਾਰਨ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਸਰਕਾਰਾਂ ਸਮੇਂ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਰਿਹਾ।
ਹੁੰਦਲ ਇੱਕ ਪ੍ਰੌਢ ਪਾਠਕ ਅਤੇ ਸਿਰੜੀ ਲੇਖਕ ਸੀ। ਕਈ ਵਾਰ ਮੇਰੇ ਪਾਸ ਠਹਿਰਦਾ। ਗਈ ਰਾਤ ਜਾਂ ਤੜਕਸਾਰ ਮੈਨੂੰ ਜਾਗ ਆਉਂਦੀ ਤਾਂ ਉਹ ਰਜਾਈ ਵਿੱਚ ਬੈਠਾ ਕੁਝ ਲਿਖ ਰਿਹਾ ਜਾਂ ਰਜਾਈ ਲਪੇਟੀ ਕੁਝ ਪੜ੍ਹ ਰਿਹਾ ਹੁੰਦਾ। ਅਨੇਕਾਂ ਲੇਖਕਾਂ ਦੀਆਂ ਪੁਸਤਕਾਂ ਦੇ ਪੰਜਾਬੀ ਵਿੱਚ ਅਨੁਵਾਦ ਇਸ ਦਾ ਸਬੂਤ ਹਨ।
ਅਸੀਂ ਸਾਰੇ ਮੰਨਦੇ ਹਾਂ ਕਿ ਸਾਹਿਤ ਜੀਵਨ ਵਿੱਚੋਂ ਉਪਜਦਾ ਹੈ। ਸਮਾਜਿਕ ਅਤੇ ਰਾਜਨੀਤਿਕ ਅਨੁਭਵ ਦੀਆਂ ਕਵਿਤਾਵਾਂ ਤਾਂ ਸਮਝ ਆਉਂਦੀਆਂ ਹਨ, ਪਰ ਹੁੰਦਲ ਨੇ ਤਾਂ ਪਿਆਰ ਦੀਆਂ ਕਵਿਤਾਵਾਂ, ਗ਼ਜ਼ਲਾਂ ਤੇ ਗੀਤ ਵੀ ਰਚੇ ਹਨ। ਮੈਂ ਹੈਰਾਨ ਹਾਂ ਕਿ ਉਸ ਨੇ ਆਪਣੇ ਪਿਆਰ ਸਬੰਧਾਂ ਨੂੰ ਲੁਕਾ ਕੇ ਰੱਖਿਆ ਤੇ ਕਦੇ ਕੋਈ ਸੰਕੇਤ ਨਹੀਂ ਦਿੱਤਾ। ਕੀ ਪਿਆਰ ਦੀਆਂ ਕਵਿਤਾਵਾਂ ਨਿਰੀ ਕਲਪਨਾ ਦੀ ਉਪਜ ਸਨ? ਜਾਂ ਕੋਈ ਗੁੱਝਾ ਭੇਤ?
ਜੀਵਨ ਵਿੱਚ ਹਰਭਜਨ ਸਿੰਘ ਹੁੰਦਲ ਨੂੰ ਕਈ ਸਰੀਰਕ ਬਿਮਾਰੀਆਂ ਦਾ ਮੁਕਾਬਲਾ ਕਰਨਾ ਪਿਆ ਅਤੇ ਉਸ ਨੇ ਡਟ ਕੇ ਮੁਕਾਬਲਾ ਕੀਤਾ ਵੀ। ਉਮਰ ਦੇ ਨੌਵੇਂ ਦਹਾਕੇ ’ਚ ਉਸ ਨੂੰ ਕਈ ਦੀਰਘ ਰੋਗਾਂ ਨੇ ਘੇਰ ਲਿਆ ਹੋਇਆ ਸੀ। ਉਹ ਰੋਗਾਂ ਨਾਲ ਲੜਿਆ, ਹਾਰਿਆ ਨਹੀਂ ਤੇ ਨਾ ਹੀ ਉਦਾਸ ਹੋਇਆ ਪਰ ਦੁੱਖ ਬਹੁਤ ਝੱਲਿਆ। ਅੰਤ 9 ਜੁਲਾਈ ਦੇ ਚੰਦਰੇ ਦਨਿ ਨੇ ਪੰਜਾਬ ਦਾ ਸੁਹਿਰਦ ਪੁੱਤਰ, ਪੰਜਾਬੀ ਦਾ ਸਿਰਮੌਰ ਲੇਖਕ, ਪਰਿਵਾਰ ਦਾ ਸਤਿਕਾਰਤ ਮੁਖੀ ਤੇ ਸਾਡਾ ਪਿਆਰਾ ਮਿੱਤਰ, ਹਰਭਜਨ ਸਿੰਘ ਹੁੰਦਲ ਸਾਥੋਂ ਖੋਹ ਲਿਆ। ਹੁੰਦਲ ਚਲਾ ਗਿਆ, ਪਰ ਆਪਣੇ ਪਰਿਵਾਰ, ਧੀ-ਪੁੱਤਰਾਂ, ਮਿੱਤਰਾਂ ਅਤੇ ਪੰਜਾਬੀ ਪ੍ਰੇਮੀਆਂ ਦੇ ਦਿਲਾਂ ਵਿੱਚ ਸਦਾ-ਸਦਾ ਹੀ ਜਿਉਂਦਾ ਰਹੇਗਾ, ਜਾਗਦਾ ਰਹੇਗਾ।
ਆਮੀਨ!
ਸੰਪਰਕ: 99154-73505

Advertisement

Advertisement
Advertisement
Author Image

sukhwinder singh

View all posts

Advertisement