ਮਨੁੱਖੀ ਦੁਖਾਂਤ
ਇਜ਼ਰਾਈਲ-ਹਮਾਸ ਜੰਗ ਵਿਚ ਹੁਣ ਤਕ 1200 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ 4000 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਸਾਰੀ ਦੁਨੀਆ ਜਾਣਦੀ ਹੈ ਕਿ ਇਸ ਜੰਗ ਵਿਚ ਕਿਸ ਦਾ ਜ਼ਿਆਦਾ ਨੁਕਸਾਨ ਹੋਵੇਗਾ ਅਤੇ ਇਸ ਦੇ ਸਿੱਟੇ ਕਿੰਨੇ ਭਿਆਨਕ ਹੋਣਗੇ। ਸਭ ਤੋਂ ਵੱਡਾ ਸੰਭਾਵੀ ਸਿੱਟਾ ਇਹ ਹੈ: ਉੱਜੜੇ ਹੋਏ ਫਲਸਤੀਨੀ ਲੋਕ ਹੋਰ ਉਜੜਣਗੇ ਅਤੇ ਇਜ਼ਰਾਈਲ ਦੀ ਤਾਕਤ ਤੇ ਦਮਨ ਕਰਨ ਦੀ ਸ਼ਕਤੀ ਸਿਖਰ ’ਤੇ ਪਹੁੰਚੇਗੀ। ਹਮਾਸ ਦੇ ਹਮਲਿਆਂ ਵਿਚ 700 ਤੋਂ ਵੱਧ ਇਜ਼ਰਾਈਲੀਆਂ ਦੀ ਮੌਤ ਹੋਈ ਅਤੇ 2000 ਤੋਂ ਵੱਧ ਇਜ਼ਰਾਈਲੀ ਜ਼ਖ਼ਮੀ ਹੋਏ ਹਨ। ਇਜ਼ਰਾਈਲੀ ਫ਼ੌਜ ਦੀ ਜਵਾਬੀ ਕਾਰਵਾਈ ਵਿਚ 500 ਤੋਂ ਵੱਧ ਫਲਸਤੀਨੀ ਮਾਰੇ ਗਏ ਤੇ 2000 ਤੋਂ ਵੱਧ ਜ਼ਖ਼ਮੀ ਹੋਏ ਹਨ। ਇਹ ਯੁੱਧ ਗਾਜ਼ਾ ਖਿੱਤੇ ਵਿਚ ਕੇਂਦਰਿਤ ਹੈ।
ਗਾਜ਼ਾ ਸਿਰਫ਼ 364 ਵਰਗ ਕਿਲੋਮੀਟਰ ਦਾ ਇਲਾਕਾ ਹੈ; ਅਸਲ ਵਿਚ ਇਹ 61 ਕਿਲੋਮੀਟਰ ਲੰਮੀ ਤੇ ਔਸਤਨ 8 ਕਿਲੋਮੀਟਰ (6-12 ਕਿਲੋਮੀਟਰ) ਚੌੜੀ ਪਟੜੀ ਹੈ ਜਿਸ ਦੀ ਦੱਖਣੀ ਪੱਛਮੀ ਸਰਹੱਦ ਮਿਸਰ ਨਾਲ ਲੱਗਦੀ ਹੈ ਤੇ ਪੂਰਬੀ ਤੇ ਉੱਤਰੀ ਸਰਹੱਦਾਂ ਇਜ਼ਰਾਈਲ ਨਾਲ; ਪੱਛਮ ਵਿਚ ਭੂਮੱਧ ਸਾਗਰ ਹੈ। ਇੱਥੇ 23 ਲੱਖ ਫਲਸਤੀਨੀ ਰਹਿੰਦੇ ਹਨ ਜਨਿ੍ਹਾਂ ਵਿਚੋਂ 10 ਲੱਖ ਤੋਂ ਜ਼ਿਆਦਾ ਸੰਯੁਕਤ ਰਾਸ਼ਟਰ ਦੁਆਰਾ ਰਜਿਸਟਰਡ ਪਨਾਹਗੀਰ ਹਨ। ਇਸ ਤਰ੍ਹਾਂ ਇੱਥੇ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਨਿ੍ਹਾਂ ਨੂੰ 1948 ਵਿਚ ਨਵਾਂ ਦੇਸ਼ (ਇਜ਼ਰਾਈਲ) ਬਣਾਉਣ ਵੇਲੇ ਉਜਾੜ ਕੇ ਆਪਣੇ ਘਰਾਂ ’ਚੋਂ ਕੱਢ ਦਿੱਤਾ ਗਿਆ। ਬਾਅਦ ਵਿਚ ਹੋਈਆਂ ਲੜਾਈਆਂ ਦੇ ਨਤੀਜੇ ਵਜੋਂ ਹੋਰ ਫਲਸਤੀਨੀ ਵੀ ਉੱਜੜ ਕੇ ਇੱਥੇ ਪਹੁੰਚੇ। 1968 ਵਿਚ ਇਜ਼ਰਾਈਲ ਨੇ ਗਾਜ਼ਾ ’ਤੇ ਕਬਜ਼ਾ ਕਰ ਲਿਆ। 1993 ਵਿਚ ਇਜ਼ਰਾਈਲ ਅਤੇ ਯਾਸਰ ਅਰਾਫ਼ਾਤ ਦੀ ਅਗਵਾਈ ਵਾਲੀ ਜਥੇਬੰਦੀ ਵਿਚਕਾਰ ਅਮਰੀਕਾ ਵੱਲੋਂ ਕਰਾਏ ਗਏ ਓਸਲੋ ਸੁਲਾਹਨਾਮੇ ਮਗਰੋਂ ਇੱਥੇ ਸੀਮਤ ਅਧਿਕਾਰਾਂ ਵਾਲੀ ਫਲਸਤੀਨੀ ਅਥਾਰਿਟੀ ਕਾਇਮ ਕੀਤੀ ਗਈ। 2005 ਵਿਚ ਇਜ਼ਰਾਈਲੀ ਸੈਨਾ ਇਸ ਇਲਾਕੇ ਵਿਚੋਂ ਹਟੀ ਤੇ 2006 ਵਿਚ ਹਮਾਸ ਇੱਥੇ ਸੱਤਾ ਵਿਚ ਆਈ। 2006 ਤੋਂ ਇਜ਼ਰਾਈਲ ਨੇ ਧਰਤੀ ਤੇ ਸਮੁੰਦਰ ਰਾਹੀਂ ਗਾਜ਼ਾ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਜਿਸ ਕਾਰਨ ਇਸ ਇਲਾਕੇ ਨੂੰ ਦੁਨੀਆ ਦਾ ਸਭ ਤੋਂ ਵੱਡਾ ਖੁੱਲ੍ਹਾ ਕੈਦਖਾਨਾ (Open prison) ਕਿਹਾ ਜਾਂਦਾ ਹੈ। ਇੱਥੋਂ ਦੇ ਵਾਸੀਆਂ ਕੋਲ ਮਾਣ-ਸਨਮਾਨ ਨਾਲ ਜ਼ਿੰਦਗੀ ਗੁਜ਼ਾਰਨ ਵਾਲੀਆਂ ਕੋਈ ਸਹੂਲਤਾਂ ਨਹੀਂ; ਬਿਜਲੀ, ਪਾਣੀ, ਸਿੱਖਿਆ, ਸਿਹਤ-ਸੰਭਾਲ, ਸਭ ਅਤਿਅੰਤ ਸੀਮਤ ਹਨ।
ਹਮਾਸ ਨੇ ਇਜ਼ਰਾਈਲ ’ਤੇ ਦਹਿਸ਼ਤਗਰਦ ਹਮਲਾ ਕਰ ਕੇ ਨਾ ਸਿਰਫ਼ ਇਜ਼ਰਾਈਲੀ ਨਾਗਰਿਕ ਮਾਰੇ ਹਨ ਸਗੋਂ ਕਈਆਂ ਨੂੰ ਅਗਵਾ ਵੀ ਕੀਤਾ ਗਿਆ ਹੈ ਜਨਿ੍ਹਾਂ ਵਿਚ ਬੱਚੇ, ਔਰਤਾਂ ਤੇ ਬਜ਼ੁਰਗ ਵੀ ਸ਼ਾਮਲ ਹਨ। ਇਜ਼ਰਾਈਲ ਦੁਆਰਾ ਕੀਤੇ ਜਵਾਬੀ ਹਮਲਿਆਂ ਵਿਚ ਵੀ ਜ਼ਿਆਦਾ ਨੁਕਸਾਨ ਸਵਿਲੀਅਨ ਵਸੋਂ ਦਾ ਹੋਇਆ ਹੈ ਅਤੇ ਔਰਤਾਂ ਤੇ ਬੱਚੇ ਮਾਰੇ ਗਏ ਹਨ। ਇਜ਼ਰਾਈਲ ਨੇ ਐਲਾਨ ਕੀਤਾ ਹੈ ਕਿ ਉਹ ਹਮਾਸ ਨੂੰ ਸਬਕ ਸਿਖਾਏਗਾ। ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਹਮਾਸ ਨੇ ਅਜਿਹਾ ਦਹਿਸ਼ਤਗਰਦ ਹਮਲਾ ਕਿਉਂ ਕੀਤਾ ਜਿਸ ਦਾ ਨਤੀਜਾ ਫਲਸਤੀਨੀਆਂ ਦੀ ਭਿਅੰਕਰ ਤਬਾਹੀ ਵਿਚ ਨਿਕਲਣਾ ਹੈ। ਯਾਸਰ ਅਰਾਫ਼ਾਤ ਦੀ ਮੌਤ ਤੋਂ ਬਾਅਦ ਫਲਸਤੀਨੀਆਂ ਦੀ ਅਗਵਾਈ ਇੰਤਹਾਪਸੰਦ ਅਨਸਰਾਂ ਦੇ ਹੱਥ ਵਿਚ ਜਾ ਚੁੱਕੀ ਹੈ। ਜਿੱਥੇ ਹਮਾਸ ਦੀ ਦਹਿਸ਼ਤਗਰਦ ਕਾਰਵਾਈ ਦੀ ਜਿੰਨੀ ਨਿੰਦਿਆ ਕੀਤੀ ਜਾਵੇ, ਉਹ ਘੱਟ ਹੈ ਪਰ ਇਸ ਦੇ ਨਾਲ ਨਾਲ ਇਹ ਯਾਦ ਰੱਖਣ ਦੀ ਵੀ ਲੋੜ ਹੈ ਕਿ ਫਲਸਤੀਨੀ ਲੋਕ ਕਈ ਦਹਾਕਿਆਂ ਤੋਂ ਲਗਾਤਾਰ ਜ਼ੁਲਮ ਦਾ ਸਾਹਮਣਾ ਕਰਦੇ ਆ ਰਹੇ ਹਨ; ਉਹ ਮਨੁੱਖੀ ਅਧਿਕਾਰਾਂ ਤੋਂ ਵਿਰਵੇ ਹਨ; ਉਨ੍ਹਾਂ ਨੂੰ ਆਪਣੇ ਘਰਾਂ ਤੋਂ ਪੁੱਟ ਕੇ ਆਪਣੇ ਹੀ ਵਤਨ ਵਿਚ ਬੇਵਤਨੇ ਕਰ ਦਿੱਤਾ ਗਿਆ ਹੈ; ਉਨ੍ਹਾਂ ਨੂੰ ਰੋਜ਼ ਬੇਇੱਜ਼ਤੀ ਤੇ ਦਮਨ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦਾ ਵੱਡਾ ਸੰਕਟ ਸਿਆਸੀ ਪਾਰਟੀਆਂ ਦੀ ਅਣਹੋਂਦ ਹੈ। ਕੌਮਾਂਤਰੀ ਭਾਈਚਾਰੇ ਨੇ ਲੰਮੇ ਸਮੇਂ ਤੋਂ ਇਸ ਖਿੱਤੇ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਅੱਖਾਂ ਮੀਟੀਆਂ ਹੋਈਆਂ ਹਨ। ਅਮਰੀਕਾ ਤੇ ਪੱਛਮੀ ਦੇਸ਼ਾਂ ਦੇ ਬਿਰਤਾਂਤ ਵਿਚ ਇਜ਼ਰਾਈਲੀ ਜਮਹੂਰੀ, ਅਮਨਪਸੰਦ ਤੇ ਕਾਨੂੰਨਪਸੰਦ ਹਨ ਜਦੋਂਕਿ ਫਲਸਤੀਨੀ ਦਹਿਸ਼ਤਪਸੰਦ ਤੇ ਹਿੰਸਕ ਹਨ। ਇਹ ਵੀ ਭੁਲਾ ਦਿੱਤਾ ਗਿਆ ਹੈ ਕਿ ਕਬਜ਼ਾ ਕਰਨ ਵਾਲੀ ਧਿਰ ਇਜ਼ਰਾਈਲੀ ਹਨ ਤੇ ਉੱਜੜੀ ਹੋਈ ਧਿਰ ਫਲਸਤੀਨੀ। ਹੁਣ ਵਾਲੇ ਸੰਕਟ ਵਿਚ ਵੀ ਅਮਰੀਕਾ ਅਤੇ ਪੱਛਮੀ ਦੇਸ਼ ਇਜ਼ਰਾਈਲ ਦੀ ਪਿੱਠ ’ਤੇ ਹਨ। ਫਲਸਤੀਨੀ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਉਣ ਵਾਲੇ ਪ੍ਰਮੁੱਖ ਦੇਸ਼ ਇਰਾਨ ਤੇ ਕਤਰ ਹਨ ਤੇ ਅਮਰੀਕਾ ਉਨ੍ਹਾਂ ’ਤੇ ਵੀ ਨਿਸ਼ਾਨਾ ਸਾਧ ਰਿਹਾ ਹੈ। 1930-40ਵਿਆਂ ਵਿਚ ਯੂਰਪ ਵਿਚ ਯਹੂਦੀਆਂ ਦਾ ਘਾਣ ਹੋਣ ਕਾਰਨ ਵੱਡੀ ਸਮੱਸਿਆ ਪੈਦਾ ਹੋਈ ਤੇ 1948 ਵਿਚ ਇਹ ਸਮੱਸਿਆ ਫਲਸਤੀਨ ਉੱਤੇ ਲੱਦ ਦਿੱਤੀ ਗਈ। ਹਜ਼ਾਰਾਂ ਲੋਕਾਂ ਦਾ ਕਤਲੇਆਮ ਦੇਖ ਚੁੱਕਿਆ ਇਹ ਖਿੱਤਾ ਹੁਣ ਫਿਰ ਵੱਡੇ ਮਨੁੱਖੀ ਦੁਖਾਂਤ ਦਾ ਸਾਹਮਣਾ ਕਰ ਰਿਹਾ ਹੈ।