ਰੇਲ ਹਾਦਸੇ ’ਚ ਮਨੁੱਖੀ ਗ਼ਲਤੀ
ਰੇਲਵੇ ਸੁਰੱਖਿਆ ਕਮਿਸ਼ਨਰ (ਸੀਆਰਐੱਸ) ਨੇ ਉੜੀਸਾ ਵਿਚ ਬਾਲਾਸੋਰ ਸਟੇਸ਼ਨ ’ਤੇ ਬੀਤੀ 2 ਜੂਨ ਨੂੰ ਤਿੰਨ ਰੇਲ ਗੱਡੀਆਂ ਦੀ ਟੱਕਰ ਕਾਰਨ ਵਾਪਰੇ ਭਿਆਨਕ ਹਾਦਸੇ ਸਬੰਧੀ ਅੰਦਰੂਨੀ ਜਾਂਚ ਦੀ ਰਿਪੋਰਟ ਰੇਲਵੇ ਬੋਰਡ ਨੂੰ ਸੌਂਪੀ ਹੈ। ਇਹ ਰਿਪੋਰਟ ਸਿਗਨਲਿੰਗ, ਸੰਚਾਰ ਵਿਭਾਗ ਅਤੇ ਟਰੈਫਿਕ ਵਿਭਾਗ ਦਰਮਿਆਨ ਮਨੁੱਖੀ ਗ਼ਲਤੀ ਵੱਲ ਇਸ਼ਾਰਾ ਕਰਦੀ ਹੈ। ਇਸ ਸਬੰਧੀ ਪੂਰੀ ਤਸਵੀਰ ਸੀਬੀਆਈ ਜਾਂਚ ਮੁਕੰਮਲ ਹੋਣ ਤੋਂ ਬਾਅਦ ਸਾਹਮਣੇ ਆਵੇਗੀ; ਸੀਬੀਆਈ ਬਾਲਾਸੋਰ ਰੇਲ ਹਾਦਸੇ ਵਿਚ ਕਿਸੇ ਸੰਭਵ ‘ਬਾਹਰੀ’ ਹੱਥ ਦਾ ਪਤਾ ਲਾਉਣ ਲਈ ਤਫ਼ਤੀਸ਼ ਕਰ ਰਹੀ ਹੈ। ਰੇਲਵੇ ਸੁਰੱਖਿਆ ਕਮਿਸ਼ਨਰ ਦੀ ਰਿਪੋਰਟ ’ਚੋਂ ਰੇਲਵੇ ਦੇ ਨਿੱਤ ਦਿਨ ਦੇ ਕੰਮ-ਕਾਜ ਵਿਚ ਸੁਰੱਖਿਆ ਮਿਆਰਾਂ ਅਤੇ ਪ੍ਰੋਟੋਕੋਲ ਦੀ ਫ਼ੌਰੀ ਨਜ਼ਰਸਾਨੀ ਦੀ ਲੋੜ ਸਾਹਮਣੇ ਆਉਂਦੀ ਹੈ। ਇਸ ਦੇ ਨਾਲ ਹੀ ਇਹ ਵੀ ਅਹਿਮ ਹੈ ਕਿ ਇਸ ਗ਼ਲਤੀ ਤੇ ਕੋਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੇ ਮਿਸਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਰੇਲ ਮੁਸਾਫ਼ਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੋਂ ਜ਼ਰੂਰੀ ਹੋਰ ਕੁਝ ਵੀ ਨਹੀਂ ਹੈ। ਦੇਸ਼ ਦੀਆਂ ਰੇਲ ਗੱਡੀਆਂ ਵਿਚ ਲੱਖਾਂ ਲੋਕ ਰੋਜ਼ਾਨਾ ਸਫ਼ਰ ਕਰਦੇ ਹਨ। ਪਿਛਲੇ ਸਮੇਂ ਦੌਰਾਨ ਤਕਨਾਲੋਜੀ ਨੇ ਛੜੱਪੇ ਮਾਰ ਕੇ ਤਰੱਕੀ ਕੀਤੀ ਹੈ; ਟਰਾਂਸਪੋਰਟ ਨਾਲ ਸਬੰਧਤ ਬਹੁਤ ਸਾਰੇ ਕੰਮ ‘ਆਟੋਮੇਟਿਡ’ (ਸਵੈ-ਚਾਲਿਤ) ਹੋ ਗਏ ਹਨ ਪਰ ਨਾਜ਼ੁਕ ਕਾਰਜਾਂ ਦੀ ਦੇਖ-ਰੇਖ ਤੇ ਸਾਂਭ-ਸੰਭਾਲ ਵਿਚ ਮਨੁੱਖ ਦੀ ਭੂਮਿਕਾ ਹਮੇਸ਼ਾ ਵਾਂਗ ਅਹਿਮ ਹੈ। ਅਜਿਹੇ ਅਹਿਮ ਕਾਰਜ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਨਾਲ ਰੇਲ ਸੇਵਾਵਾਂ ਦੇ ਵਿਸਤਾਰ ਤੇ ਆਧੁਨਿਕੀਕਰਨ ਅਤੇ ਦੁਨੀਆ ਦੀਆਂ ਤੇਜ਼ ਰਫ਼ਤਾਰ ਤੇ ਹਾਈ-ਟੈੱਕ ਰੇਲ ਗੱਡੀਆਂ ਤੇ ਰੇਲ ਲਾਈਨਾਂ ਨਾਲ ਕਦਮ ਮਿਲਾ ਕੇ ਚੱਲਣ ਦੀ ਦੌੜ ਦੇ ਕੋਈ ਅਰਥ ਨਹੀਂ ਰਹਿ ਜਾਣਗੇ। ਤੇਜ਼ ਰਫ਼ਤਾਰ ਰੇਲ ਗੱਡੀਆਂ ਚਲਾਉਣ ਲਈ ਹੋਰ ਜ਼ਿਆਦਾ ਤਕਨੀਕ ਅਤੇ ਪਡ਼੍ਹੇ-ਲਿਖੇ ਕਰਮਚਾਰੀਆਂ ਦੀ ਜ਼ਰੂਰਤ ਹੈ। ਰੇਲ ਪ੍ਰਬੰਧ ਵਿਚ ਨਿਯਮਿਤ ਸੁਧਾਰ ਕਰਦੇ ਰਹਿਣ ਲਈ ਜ਼ਰੂਰੀ ਹੈ ਕਿ ਸਟਾਫ਼ ਨੂੰ ਸੁਰੱਖਿਆ ਮਿਆਰਾਂ ਸਬੰਧੀ ਸਮੇਂ ਸਮੇਂ ਉਤੇ ਸਿਖਲਾਈ ਦਿੱਤੀ ਜਾਵੇ ਤੇ ਯੋਗਤਾ ਦੀ ਪਰਖ ਕੀਤੀ ਜਾਵੇ। ਅਜਿਹਾ ਸੀਨੀਅਰ ਅਫ਼ਸਰਾਂ ਦੀ ਨਿਗਰਾਨੀ ਵਿਚ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਜਵਾਬਦੇਹੀ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਮਸ਼ੀਨਰੀ ਤੇ ਸਿਸਟਮ ਨੂੰ ਹਰ ਵੇਲੇ ਚੁਸਤ-ਦਰੁਸਤ ਰੱਖਣ ਦੇ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਕੋਤਾਹੀ ਕਰਨ ਦੇ ਨਤੀਜੇ ਭਿਅੰਕਰ ਹੋ ਸਕਦੇ ਹਨ। ਰੇਲਵੇ ਸੁਰੱਖਿਆ ਕਮਿਸ਼ਨਰ ਦੀ ਜਾਂਚ ਰਿਪੋਰਟ ਦੀ ਰੌਸ਼ਨੀ ਵਿਚ ਇਹ ਵੀ ਜ਼ਰੂਰੀ ਹੈ ਕਿ ਹਾਦਸੇ ਤੋਂ ਬਾਅਦ ਦੱਖਣ ਪੂਰਬੀ ਰੇਲਵੇ ਦੇ ਪੰਜ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ ਸਬੰਧੀ ਮੁੜ-ਗ਼ੌਰ ਕੀਤੀ ਜਾਵੇ: ਕੀ ਉਨ੍ਹਾਂ ਨੂੰ ਦਿੱਤੀ ਗਈ ਇਹ ਸਜ਼ਾ ਕਾਫ਼ੀ ਹੈ? ਇਸ ਸਬੰਧ ਵਿਚ ਪਾਰਦਰਸ਼ਤਾ ਵਰਤੇ ਜਾਣ ਦੀ ਜ਼ਰੂਰਤ ਹੈ।
ਬਾਲਾਸੋਰ ਰੇਲ ਹਾਦਸੇ ਵਿਚ ਕਰੀਬ 300 ਲੋਕ ਮਾਰੇ ਗਏ ਅਤੇ 900 ਤੋਂ ਵੱਧ ਜ਼ਖ਼ਮੀ ਹੋਏ ਹਨ। ਇਹ ਬੀਤੇ ਦੋ ਦਹਾਕਿਆਂ ਦੌਰਾਨ ਭਾਰਤੀ ਰੇਲ ਨੂੰ ਪੇਸ਼ ਆਏ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿਚੋਂ ਇਕ ਹੈ। ਰੇਲ ਮੰਤਰਾਲੇ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਕਨੀਕੀ ਤੌਰ ’ਤੇ ਨਿਪੁੰਨ ਅਮਲੇ ਦੀ ਭਰਤੀ ਕਰਨੀ ਵੀ ਜ਼ਰੂਰੀ ਹੈ।