For the best experience, open
https://m.punjabitribuneonline.com
on your mobile browser.
Advertisement

ਚੰਨ ਬਾਰੇ ਜਾਨਣ ਦੀ ਮਨੁੱਖੀ ਜਗਿਆਸਾ

07:37 AM Aug 24, 2023 IST
ਚੰਨ ਬਾਰੇ ਜਾਨਣ ਦੀ ਮਨੁੱਖੀ ਜਗਿਆਸਾ
Advertisement

ਨੌਜਵਾਨ ਕਲਮਾਂ

ਸੁਖਪ੍ਰੀਤ ਕੌਰ ਖੇੜੀ ਕਲਾਂ

ਸਾਡੇ ਸੂਰਜੀ ਪਰਿਵਾਰ ਵਿੱਚ ਜੀਵਨ ਦੀ ਇੱਕੋ-ਇੱਕ ਮਿਸਾਲ ਹੈ ਸਾਡੀ ‘ਧਰਤੀ’, ਜੋ ਅਜੇ ਤੱਕ ਹੋਈ ਖੋਜ ਤੇ ਮਨੁੱਖੀ ਸੋਚ-ਸਮਝ ਅਨੁਸਾਰ ਬ੍ਰਹਿਮੰਡ ਵਿੱਚ ਕਿਧਰੇ ਹੋਰ ਨਹੀਂ ਮਿਲਦੀ। ਜੀਵਨ ਦੇ ਨਾਲ ਹੀ ਇੱਥੇ ਕੁਦਰਤ ਦੇ ਅਨੇਕ ਦਿਲਕਸ਼ ਨਜ਼ਾਰੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਖੂਬਸੂਰਤ ਹੈ ਧਰਤੀ ਦਾ ਉਪਗ੍ਰਹਿ ‘ਚੰਨ’। ਤਾਰਿਆਂ ਭਰੇ ਅਸਮਾਨ ਵਿੱਚ ਖਿੜਿਆ ਚੰਨ ਹਰ ਇੱਕ ਨੂੰ ਆਕਰਸ਼ਿਤ ਕਰਦਾ ਹੈ। ਕੋਈ ਇਸ ਦੀ ਸੁੰਦਰਤਾ ਨੂੰ ਸਾਹਿਤ ਵਿੱਚ ਪਰੋਣ ਦੀ ਕੋਸ਼ਿਸ਼ ਕਰਦਾ ਹੈ, ਤੇ ਕੋਈ ਇਸਦੀ ਹੋਂਦ ਨਾਲ ਜੁੜੇ ਰਹੱਸ ਲੱਭਣ ਦਾ ਯਤਨ ਕਰਦਾ ਹੈ।
ਚੰਨ ਦੀ ਹੋਂਦ ਨੂੰ ਜਾਣਨ ਦੀ ਕਹਾਣੀ ਬਹੁਤ ਪੁਰਾਣੀ ਤੇ ਲੰਬੀ ਹੈ। ਵੱਖ-ਵੱਖ ਸਮੇਂ ਦੇ ਪੁਲਾੜ ਵਿਗਿਆਨੀ ਇਸ ਬਾਰੇ ਖੋਜ ਕਰਦੇ ਰਹੇ ਹਨ। 1609 ਈਸਵੀ ਵਿੱਚ ਗੈਲੀਲਿਓ ਨੇ ਦੂਰਬੀਨ ਰਾਹੀਂ ਦੇਖੇ ਚੰਨ ਦੇ ਚਿੱਤਰ ਪੇਸ਼ ਕੀਤੇ ਜੋ ਮਹਿਜ਼ ਅੰਦਾਜ਼ਿਆਂ ’ਤੇ ਅਧਾਰਿਤ ਨਹੀਂ ਸੀ। ਉਸ ਨੇ ਚੰਨ ਦੀ ਭੂਗੋਲਿਕਤਾ ਦਾ ਪਹਿਲਾ ਵਿਗਿਆਨਕ ਮਾਪ ਦੁਨੀਆ ਅੱਗੇ ਰੱਖਿਆ। ਉਸ ਨੇ ਦੱਸਿਆ ਕਿ ਚੰਨ ਪੂਰਾ ਉਸ ਤਰ੍ਹਾਂ ਦਾ ਨਹੀਂ ਹੈ ਜਿਵੇਂ ਕਿ ਮੁੱਢਲੇ ਯੂਨਾਨੀਆਂ ਅਤੇ ਈਸਾਈਆਂ ਨੇ ਦੱਸਿਆ ਸੀ। ਉਸ ਦੇ ਅਨੁਸਾਰ ਚੰਨ ਪੂਰੀ ਤਰ੍ਹਾਂ ਗੋਲ ਨਹੀਂ, ਇਸਦੇ ਉਪਰ ਵੀ ਧਰਤੀ ਵਾਂਗ ਪਹਾੜ ਅਤੇ ਵਾਦੀਆਂ ਹਨ, ਇਸਦੇ ਹਨੇਰੇ ਖੇਤਰ (ਭਾਵ ਚੰਨ ’ਤੇ ਦਿਖਾਈ ਦਿੰਦੇ ਧੱਬੇ) ਬਾਕੀ ਖੇਤਰ ਤੋਂ ਨੀਵੇਂ ਇਲਾਕੇ ਹਨ, ਜਿਨ੍ਹਾਂ ਨੂੰ ਮਾਰੀਆ (ਸਮੁੰਦਰ) ਦਾ ਨਾਂ ਦਿੱਤਾ ਗਿਆ। ਇੰਝ 1609 ਤੋਂ ਬਾਅਦ 360 ਸਾਲਾਂ ਦੇ ਵਕਫ਼ੇ ਦੌਰਾਨ ਹੋਈਆਂ ਖੋਜਾਂ, ਆਖਿਰ 20 ਜੁਲਾਈ, 1969 ਨੂੰ ਮਨੁੱਖ ਨੂੰ ਚੰਨ ’ਤੇ ਲੈ ਪੁੱਜੀਆਂ। ਜਿਸ ਦੇ ਪਿੱਛੇ ਵੱਡਾ ਕਾਰਨ, ਉਸ ਸਮੇਂ ਵਿਸ਼ਵ ਦੀਆਂ ਦੋ ਵੱਡੀਆਂ ਸ਼ਕਤੀਆਂ ਵਿਚਾਲੇ ਛਿੜੀ ਹੋਈ ਠੰਢੀ ਜੰਗ ਸੀ ਜਿਸ ਕਾਰਨ ਮਨੁੱਖ ਨੂੰ ਚੰਨ ’ਤੇ ਉਤਾਰਨ ਦੀ ਦੌੜ ਸ਼ੁਰੂ ਹੋ ਗਈ ਸੀ।
ਇਸ ਦੌਰਾਨ ਚੰਨ ’ਤੇ ਪਹੁੰਚਣ ਵਾਲਾ ਪਹਿਲਾ ਸਪੇਸ ਕਰਾਫਟ (ਪੁਲਾੜ ਵਾਹਨ) ‘ਲੂਨਾ -2’ ਸੀ, ਜੋ ਰੂਸ ਨੇ 1959 ਵਿੱਚ ਭੇਜਿਆ ਗਿਆ। ਇਸੇ ਤਰ੍ਹਾਂ ਰੂਸ ਵੱਲੋਂ ਹੀ ਭੇਜਿਆ ਲੂਨਾ-3 ਪਹਿਲਾ ਪੁਲਾੜੀ ਵਾਹਨ ਸੀ ਜਿਸ ਨੇ 7 ਅਕਤੂਬਰ, 1959 ਨੂੰ ਚੰਨ ਦੇ ਉਸ ਹਿੱਸੇ ਦੀ ਤਸਵੀਰ ਭੇਜੀ, ਜੋ ਧਰਤੀ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। ਇਹ ਚੰਨ ਦਾ ਦੱਖਣੀ ਹਿੱਸਾ ਹੈ ਜਿਸਨੂੰ ‘ਫਾਰ ਸਾਈਡ’ ਜਾਂ ‘ਡਾਰਕ ਸਾਈਡ’ ਵੀ ਕਿਹਾ ਜਾਂਦਾ ਹੈ। ਕਿਉਂਕਿ ਚੰਨ ਵੱਲ ਮਨੁੱਖੀ ਪੁਲਾੜੀ ਮਿਸ਼ਨ ਭੇਜਣ ਵਾਲਾ ਅਮਰੀਕਾ ਹੀ ਇਕਲੌਤਾ ਦੇਸ਼ ਹੈ, ਸੋ ਫਾਰ ਸਾਈਡ ਨੂੰ ਦੇਖਣ ਦਾ ਸੁਭਾਗ ਵੀ ਅਮਰੀਕੀ ਪੁਲਾੜ ਯਾਤਰੀਆਂ ਨੂੰ ਮਿਲਿਆ। ਅਪੋਲੋ-8 (ਚੰਨ ਵੱਲ ਭੇਜੀ ਪਹਿਲੀ ਮਨੁੱਖੀ ਉਡਾਣ) ‘ਚ ਸਵਾਰ ਫਰੈਂਕ ਬੋਰਮੈਨ, ਜੇਮਜ਼ ਲੋਵੇਲ ਅਤੇ ਵਿਲੀਅਮ ਐਮਫੈਰਕ 24 ਦਸੰਬਰ, 1968 ਦੇ ਦਿਨ ਪਹਿਲੇ ਇਨਸਾਨ ਬਣ ਗਏ ਜਿਨ੍ਹਾਂ ਚੰਨ ਦੀ ਇਸ ਅਦਿਖ ਦੁਨੀਆ ਨੂੰ ਦੇਖਿਆ। ਭਾਰਤ ਵੱਲੋਂ ਵੀ ਚੰਦਰਯਾਨ-3 ਇਸ ਹਿੱਸੇ ਵੱਲ ਭੇਜਿਆ ਗਿਆ।
ਧਰਤੀ ਤੋਂ ਅਸੀਂ ਚੰਨ ਦੇ ਇਸ ਹਿੱਸੇ ਨੂੰ ਕਿਉਂ ਨਹੀਂ ਦੇਖ ਸਕਦੇ? ਇਹ ਜਾਣਨਾ ਬੜਾ ਦਿਲਚਸਪ ਹੈ। ਬਹੁਤ ਲੋਕਾਂ ਨੇ ਸਿਰਫ਼ ਇਹ ਪੜਿ੍ਹਆ ਜਾਂ ਸੁਣਿਆ ਹੈ ਕਿ ਚੰਨ ਧਰਤੀ ਦੁਆਲੇ ਘੁੰਮਦਾ ਹੈ ਅਤੇ ਧਰਤੀ ਸੂਰਜ ਦੁਆਲੇ। ਇਸ ਦੇ ਨਾਲ ਚੰਨ ਆਪਣੀ ਧੁਰੀ ਦੁਆਲੇ ਵੀ ਘੁੰਮ ਰਿਹਾ ਹੈ, ਫਿਰ ਆਪਣੇ ਧੁਰੇ ਦੁਆਲੇ ਘੁੰਮਣ ਦੇ ਬਾਵਜੂਦ ਚੰਨ ਦਾ ਦੱਖਣੀ ਹਿੱਸਾ ਸਾਡੇ ਵੱਲ ਕਿਉਂ ਨਹੀਂ ਆਉਂਦਾ? ਇਸ ਛੁਪਣ-ਛਪਾਈ ਦਾ ਉੱਤਰ ਚੰਨ ਦੀ ਆਪਣੀ ਧੁਰੀ ਦੁਆਲੇ ਅਤੇ ਧਰਤੀ ਦੁਆਲੇ ਘੁੰਮਣ-ਘਮਾਈ ਦੇ ਸਮੇਂ ਵਿਚ ਹੀ ਲੁਕਿਆ ਹੈ। ਚੰਨ ਦਾ ਆਪਣੇ ਧੁਰੇ ਗਿਰਦ ਇੱਕ ਚੱਕਰ ਪੂਰਾ ਕਰਨ ਦਾ ਸਮਾਂ ਅਤੇ ਇਸਦਾ ਧਰਤੀ ਦੁਆਲੇ ਇੱਕ ਚੱਕਰ ਪੂਰਾ ਕਰਨ ਲਈ ਲੱਗਿਆ ਸਮਾਂ (ਧਰਤੀ ਦੇ 27.3 ਦਿਨ) ਤਕਰੀਬਨ ਇੱਕ ਬਰਾਬਰ ਹਨ। ਇਸ ਸਥਿਤੀ ਨੂੰ ‘ਟਾਈਡਲ ਲਾਕ’ ਕਿਹਾ ਜਾਂਦਾ ਹੈ। ਜਿੰਨੇ ਸਮੇਂ ਵਿਚ ਚੰਨ ਆਪਣੇ ਧੁਰੇ ਦੁਆਲੇ ਘੁੰਮਦਾ ਹੈ, ਉਂਨੇ ਹੀ ਸਮੇਂ ਵਿੱਚ ਇਹ ਧਰਤੀ ਦੁਆਲੇ ਚੱਕਰ ਕੱਢਦਾ ਅੱਗੇ ਵਧ ਜਾਂਦਾ ਹੈ, ਨਤੀਜੇ ਵਜੋਂ ਅਸੀਂ ਇਸਦਾ ਇੱਕ ਹਿੱਸਾ ਹੀ ਦੇਖ ਸਕਦੇ।
ਇਸ ਤੋਂ ਵੀ ਕਮਾਲ ਦੀ ਗੱਲ, ਚੰਨ ਦਾ ਇਹ ਹਿੱਸਾ ਵੀ ਧਰਤੀ ’ਤੇ ਹਰ ਜਗ੍ਹਾ ਤੋਂ ਇਕੋ ਤਰ੍ਹਾਂ ਨਹੀਂ ਦਿਖਦਾ। ਧਰਤੀ ਦੇ ਉੱਤਰੀ ਅਰਧ ਗੋਲੇ ਤੋਂ ਦੇਖਿਆ ਚੰਨ, ਦੱਖਣੀ ਅਰਧ ਗੋਲੇ ਵਿੱਚ ਉਲਟਾ (ਉਪਰਲਾ ਸਿਰਾ ਹੇਠਾਂ) ਨਜ਼ਰ ਆਉਂਦਾ ਹੈ। ਚੰਨ ਦੇ ਕਾਲੇ ਦਿਖਾਈ ਦਿੰਦੇ ਧੱਬਿਆਂ ਤੋਂ ਜੋ ਚਰਖਾ ਕੱਤਦੀ ਬੁੱਢੀ ਮਾਈ ਦੀ ਤਸਵੀਰ ਕਲਪੀ ਜਾਂਦੀ ਹੈ, ਉਹ ਧਰਤੀ ਦੇ ਦੱਖਣੀ ਅਰਧ ਗੋਲੇ ਤੋਂ ਉਲਟੀ ਦਿਖਾਈ ਦਿੰਦੀ ਹੈ। ਇਸੇ ਤਰ੍ਹਾਂ ਧਰਤੀ ਦੇ ਧਰੁਵਾਂ ਤੋਂ ਚੰਨ ਦਾ ਕੁੱਝ ਹੋਰ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਅਜਿਹਾ ਚੰਨ ਦਾ ਧਰਤੀ ਦੁਆਲੇ ਘੁੰਮਣ ਦਾ ਪੰਧ ਧਰਤੀ ਦੀ ਭੂ-ਮੱਧ ਰੇਖਾ ਦੇ ਲਗਪਗ ਸਮਾਨਾਂਤਰ ਹੋਣ ਕਰਕੇ ਹੈ। ਇਸ ਕਾਰਨ ਭੂ-ਮੱਧ ਰੇਖਾ ਦੇ ਖੇਤਰ ਵਿੱਚ ਵੀ ਇਸ ਦੀ ਸਥਿਤੀ ਆਮ ਵਾਂਗ ਨਹੀਂ ਰਹਿੰਦੀ। ਇਸ ਤਰ੍ਹਾਂ ਚੰਨ ਨਾਲ ਜੁੜੇ ਹੋਏ ਹੋਰ ਬਹੁਤ ਤੱਥ ਹਨ, ਜੋ ਵਿਗਿਆਨੀਆਂ ਰਾਹੀਂ ਸਾਨੂੰ ਸਮੇਂ-ਸਮੇਂ ’ਤੇ ਪਤਾ ਲੱਗਦੇ ਰਹਿਣਗੇ।

Advertisement

ਸੰਪਰਕ: 95019-80617

Advertisement

Advertisement
Author Image

sukhwinder singh

View all posts

Advertisement