‘ਜੇਲ੍ਹ ਕਾ ਜਵਾਬ ਵੋਟ ਸੇ’ ਤਹਿਤ ਦਸਤਖ਼ਤ ਮੁਹਿੰਮ ਨੂੰ ਭਰਵਾਂ ਹੁੰਗਾਰਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਮਈ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੱਜ ਆਮ ਆਦਮੀ ਪਾਰਟੀ ਵੱਲੋਂ ਚਲਾਈ ਗਈ ਦਸਤਖਤ ਮੁਹਿੰਮ ਨੂੰ ਦਿੱਲੀ ਦੇ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ। ਇਹ ਪ੍ਰੋਗਰਾਮ ‘ਜੇਲ੍ਹ ਕਾ ਜਵਾਬ ਵੋਟ ਸੇ’ ਮੁਹਿੰਮ ਤਹਿਤ ਤਿਲਕ ਨਗਰ ਵਿੱਚ ਹੋਇਆ, ਜਿਸ ਵਿੱਚ ਪੱਛਮੀ ਦਿੱਲੀ ਤੋਂ ‘ਆਪ’ ਦੇ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਹਾਬਲ ਮਿਸ਼ਰਾ ਅਤੇ ਵਿਧਾਇਕ ਜਰਨੈਲ ਸਿੰਘ ਨੇ ਸ਼ਮੂਲੀਅਤ ਕੀਤੀ। ਇੱਥੇ ਲਗਾਏ ਗਏ ‘ਆਈ ਸਪੋਰਟ ਕੇਜਰੀਵਾਲ’ ਦੇ ਦਸਤਖਤ ਬੋਰਡ ’ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਦਸਤਖ਼ਤ ਕੀਤੇ। ਮਹਾਬਲ ਮਿਸ਼ਰਾ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਗਾਰੰਟੀ ਜੁਮਲਾ ਬਣ ਗਈ ਹੈ ਜਦਕਿ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਹਰ ਘਰ ਵਿੱਚ ਨਜ਼ਰ ਆ ਰਹੀ ਹੈ। ਅੱਜ ਦਿੱਲੀ ਦਾ ਹਰ ਵੋਟਰ ਆਪਣੇ-ਆਪ ਨੂੰ ਕੇਜਰੀਵਾਲ ਸਮਝਦਾ ਹੈ ਅਤੇ ਇਸ ਤਾਨਾਸ਼ਾਹੀ ਸਰਕਾਰ ਨੂੰ ਹਟਾਉਣ ਲਈ ਬਹੁਤ ਉਤਸੁਕ ਹੈ। ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ, ਕੌਂਸਲਰ, ਜੱਥੇਬੰਦੀ ਦੇ ਆਗੂ ਅਤੇ ਵਰਕਰ ਸਾਰੇ ਹੀ ਜਨਤਾ ਦੇ ਵਿੱਚ ਕੰਮ ਕਰਨ ਵਾਲੇ ਲੋਕ ਹਨ। ਉਨ੍ਹਾਂ ਕਿਹਾ, ‘‘ਸਾਡਾ ਨਾਅਰਾ ਹੈ, ਕੰਮ ਕੀਤਾ ਹੈ, ਕੰਮ ਕਰਾਂਗੇ, ਆਮ ਲੋਕਾਂ ਦਾ ਸਤਿਕਾਰ ਕਰਾਂਗੇ, ਇਸ ਲਈ ਆਮ ਆਦਮੀ ਪਾਰਟੀ ਭਾਵੇਂ ਵਿਧਾਇਕ ਹੋਵੇ ਜਾਂ ਸੰਸਦ ਮੈਂਬਰ, ਹਰ ਕੋਈ ਆਮ ਆਦਮੀ ਹੈ।’’
ਜਰਨੈਲ ਸਿੰਘ ਨੇ ਕਿਹਾ, ‘‘ਇਹ ਅਰਵਿੰਦ ਕੇਜਰੀਵਾਲ ਲਈ ਆਮ ਲੋਕਾਂ ਦਾ ਪਿਆਰ ਹੈ। ਇੱਥੇ 25 ਮਈ ਨੂੰ ਵੋਟਿੰਗ ਦਾ ਦਿਨ ਹੈ। ਚੋਣਾਂ ਲਈ ਸਿਰਫ਼ 10 ਦਿਨ ਬਾਕੀ ਹਨ। ਤੁਹਾਡੇ ਕੋਲ ਇਸ ਤਾਨਾਸ਼ਾਹੀ ਦਾ ਜਵਾਬ ਦੇਣ ਦਾ ਮੌਕਾ ਹੈ।’’ ਉਨ੍ਹਾਂ ਕਿਹਾ ਕਿ ਭਾਜਪਾ ਨੇ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਕਿਸੇ ਨੂੰ ਵੀ ਸਰਕਾਰੀ ਨੌਕਰੀ ਨਹੀਂ ਮਿਲੀ। ਉਨ੍ਹਾਂ ਨੇ ਪੈਟਰੋਲ ਦੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਘੱਟ ਕਰਨ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਨਹੀਂ ਕੀਤਾ। ਅੱਜ ਲੋਕ ਭਾਜਪਾ ਤੋਂ ਸਵਾਲ ਪੁੱਛ ਰਹੇ ਹਨ ਪਰ ਉਸ ਕੋਲ ਕੋਈ ਜਵਾਬ ਨਹੀਂ ਹੈ। ਜਿਹੜੇ ਪਿਛਲੇ 10 ਸਾਲਾਂ ਤੋਂ ਉਨ੍ਹਾਂ ਦੇ ਸੰਸਦ ਮੈਂਬਰ ਸਨ, ਉਹ ਕਦੇ ਨਜ਼ਰ ਨਹੀਂ ਆਏ। ਭਾਜਪਾ ਨੂੰ ਉਸ ਦੀ ਥਾਂ ਲੈਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਮੋਦੀ ਜੀ ਦੇ ਤਿੰਨ ਖੇਤੀ ਕਾਨੂੰਨਾਂ ਕਾਰਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ। ਉਸ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਹੈ।