ਚੋਣ ਪ੍ਰਚਾਰ ਦੇ ਅੰਤਿਮ ਦਿਨ ਬਸਪਾ ਵੱਲੋਂ ਵਿਸ਼ਾਲ ਰੋਸ ਮਾਰਚ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਜੁਲਾਈ
ਬਹੁਜਨ ਸਮਾਜ ਪਾਰਟੀ ਵੱਲੋਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਕੀਤੇ ਜਾ ਰਹੇ ਪ੍ਰਚਾਰ ਦੇ ਆਖਰੀ ਦਿਨ ਬਸਪਾ ਵਰਕਰਾਂ ਤੇ ਆਗੂਆਂ ਨੇ ਪੈਦਲ ਮਾਰਚ ਕੀਤਾ। ਇਹ ਮਾਰਚ ਬੂਟਾ ਮੰਡੀ ਦੀ ਅੰਬੇਡਕਰ ਪਾਰਕ ਤੋਂ ਸ਼ੁਰੂ ਹੋ ਕੇ, ਸ੍ਰੀ ਗੁਰੂ ਰਵਿਦਾਸ ਚੌਕ, ਬਬਰੀਕ ਚੌਕ ਹੁੰਦਾ ਹੋਇਆ ਬਾਬੂ ਜਗਜੀਵਨ ਰਾਮ ਚੌਕ ਵਿੱਚ ਖਤਮ ਹੋਇਆ। ਬਸਪਾ ਵੱਲੋਂ ਪਾਰਟੀ ਉਮੀਦਵਾਰ ਬਿੰਦਰ ਲਾਖਾ ਦੇ ਹੱਕ ਵਿੱਚ ਕੀਤੇ ਗਏ ਇਸ ਪੈਦਲ ਮਾਰਚ ਸ਼੍ਰੋਮਣੀ ਕਾਲੀ ਦਲ ਦੇ ਆਗੂ ਕਿਧਰੇ ਨਜ਼ਰ ਨਹੀਂ ਆਏ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੋਇਆ ਸੀ।
ਬਸਪਾ ਕਾਰਕੁਨਾਂ ਨੇ ਇੱਥੇ ਹੀ ਤਾਮਿਲਨਾਡੂ ਵਿੱਚ ਬਸਪਾ ਦੇ ਸੁਬਾਈ ਪ੍ਰਧਾਨ ਐਡਵੋਕੇਟ ਕੇ. ਆਰਮਸਟਰਾਂਗ ਦੇ ਦਿਨ ਦਿਹਾੜੇ ਕੀਤੇ ਗਏ ਕਤਲ ਵਿਰੁੱਧ ਰੋਸ ਪ੍ਰਗਟਾਉਂਦਿਆ ਤਾਮਿਲਨਾਡੂ ਦੀ ਸਟਾਲਨ ਸਰਕਾਰ ਦਾ ਪੁਤਲਾ ਫੂਕਿਆ। ਬਸਪਾ ਕਾਰਕੁਨਾਂ ਵੱਲੋਂ ਮਾਰਚ ਨੂੰ ਰੋਸ ਮਾਰਚ ਦੱਸਦਿਆ ਬਸਪਾ ਆਗੂਆਂ ਨੇ ਕਿਹਾ ਕਿ ਇਹ ਬਸਪਾ ਦੀ ਉੱਤਰ ਤੋਂ ਦੱਖਣ ਤੱਕ ਇਕਜੁੱਟਤਾ ਦਾ ਪ੍ਰਗਟਾਵਾ ਹੈ। ਇਸ ਰੋਸ ਮਾਰਚ ਦੇ ਸਭ ਤੋਂ ਅੱਗੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਬਸਪਾ ਦੇ ਉਮੀਦਵਾਰ ਬਿੰਦਰ ਲਾਖਾ ਚੱਲ ਰਹੇ ਸਨ। ਇਸ ਵਿਸ਼ਾਲ ਰੋਸ ਮਾਰਚ ਦੀ ਅਗਵਾਈ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕੀਤੀ। ਇਸ ਮੌਕੇ ਬਸਪਾ ਪੰਜਾਬ ਇੰਚਾਰਜ ਵਿਧਾਇਕ ਡਾ. ਨਛੱਤਰ ਪਾਲ ਅਤੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਮੁੱਖ ਪ੍ਰਬੰਧਕਾਂ ਵਜੋਂ ਸਾਰਾ ਪ੍ਰੋਗਰਾਮ ਦੀ ਦੇਖ ਰੇਖ ਕਰ ਰਹੇ ਸਨ। ਬਹੁਜਨ ਸਮਾਜ ਪਾਰਟੀ ਨੇ ਸੂਬਾ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਨੂੰ ਮੁੱਖ ਰੱਖਦੇ ਹੋਏ ਕਤਲ ਕੇਸ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਸੀ। ਬਸਪਾ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਬਸਪਾ ਵਲੋਂ 10 ਜੁਲਾਈ ਨੂੰ ਜਿਲ੍ਹਾ ਪੱਧਰੀ ’ਤੇ ਡਿਪਟੀ ਕਮਿਸ਼ਨਰਾਂ ਦੇ ਰਾਹੀ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪੇ ਜਾਣਗੇ।