ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੁਸ਼ਿਆਰਪੁਰ ਨਗਰ ਨਿਗਮ ਦੀ ਹਾਊਸ ਮੀਟਿੰਗ ’ਚ ਭਾਰੀ ਹੰਗਾਮਾ

11:31 AM Aug 11, 2024 IST
ਮੀਟਿੰਗ ਦੌਰਾਨ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਕੌਂਸਲਰ ਬਹਿਸਦੇ ਹੋਏ।

ਹਰਪ੍ਰੀਤ ਕੌਰ
ਹੁਸ਼ਿਆਰਪੁਰ, 10 ਅਗਸਤ
ਲਗਭਗ ਪੰਜ ਮਹੀਨਿਆਂ ਬਾਅਦ ਅੱਜ ਹੋਈ ਨਗਰ ਨਿਗਮ ਦੇ ਹਾਊਸ ਦੀ ਮੀਟਿੰਗ ਕਾਫ਼ੀ ਹੰਗਾਮਾਪੂਰਨ ਰਹੀ। ਵਿਰੋਧੀ ਧਿਰ ਦੇ ਕੌਂਸਲਰ ਵਿਕਾਸ ਲਈ ਗਰਾਂਟਾਂ ਨਾ ਮਿਲਣ ਦਾ ਦੋਸ਼ ਲਗਾਉਂਦਿਆਂ ਮੇਅਰ ਅਤੇ ਨਿਗਮ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਹਾਊਸ ਵਿੱਚੋਂ ਵਾਕ ਆਊਟ ਕਰ ਗਏ। ਕਾਂਗਰਸ ਅਤੇ ਭਾਜਪਾ ਦੇ ਕੌਂਸਲਰਾਂ ਨੇ ਮੰਗ ਰੱਖੀ ਕਿ ਸਥਾਨਕ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਕੀਤੇ ਵਾਅਦੇ ਮੁਤਾਬਿਕ ਹਰੇਕ ਵਾਰਡ ਦੇ ਕੌਂਸਲਰ ਨੂੰ ਵਿਕਾਸ ਲਈ 15-15 ਲੱਖ ਰੁਪਏ ਦੇਣ ਦਾ ਮਤਾ ਪਾਇਆ ਜਾਵੇ। ਉਨ੍ਹਾਂ ਅੱਜ ਦੀ ਮੀਟਿੰਗ ਰੱਦ ਕਰ ਕੇ ਨਵੇਂ ਮਤਿਆਂ ਨਾਲ ਦੁਬਾਰਾ ਮੀਟਿੰਗ ਕਰਵਾਏ ਜਾਣ ਦੀ ਗੱਲ ਆਖੀ। ਮੇਅਰ ਸੁਰਿੰਦਰ ਸ਼ਿੰਦਾ ਵੱਲੋਂ ਸਮਝਾਏ ਜਾਣ ਦੇ ਬਾਵਜੂਦ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ 19 ਮੈਂਬਰ ਮੀਟਿੰਗ ’ਚੋਂ ਬਾਹਰ ਚਲੇ ਗਏ ਅਤੇ ਹਾਲ ਦੇ ਬਾਹਰ ਬੈਠ ਕੇ ਰੋਸ ਪ੍ਰਗਟਾਇਆ। ਵਿਰੋਧੀ ਧਿਰ ਦੇ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਵਿਕਾਸ ਦੇ ਕੰਮਾਂ ਨੂੰ ਲੈ ਕੇ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਕੇਵਲ ਆਪਣੇ ਚਹੇਤਿਆਂ ਦੇ ਵਾਰਡਾਂ ’ਚ ਫੰਡ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪਾਸ ਹੋਏ ਕੰਮ ਕਰਵਾਏ ਨਹੀਂ ਗਏ ਅਤੇ ਫਿਰ ਨਵੇਂ ਕੰਮਾਂ ਦੇ ਮਤੇ ਤਿਆਰ ਕਰ ਲਏ ਗਏ ਹਨ। ਕੌਂਸਲਰ ਗੁਰਦੀਪ ਕਟੋਚ, ਜਸਵਿੰਦਰ ਪਾਲ, ਗੁਰਪ੍ਰੀਤ ਕੌਰ, ਰਜਨੀ ਡਡਵਾਲ ਤੇ ਲਵਕੇਸ਼ ਓਹਰੀ ਆਦਿ ਨੇ ਦੋਸ਼ ਲਗਾਇਆ ਕਿ ਚੋਰ ਰਸਤਿਆਂ ਰਾਹੀਂ ਕੰਮ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡਾਂ ਵਿਚ ਸੀਵਰੇਜ, ਵਾਟਰ ਸਪਲਾਈ, ਸੜਕਾਂ ਅਤੇ ਹੋਰ ਵਿਕਾਸ ਦੇ ਕੰਮ ਚਿਰਾਂ ਤੋਂ ਨਹੀਂ ਹੋ ਰਹੇ ਜਿਸ ਕਰਕੇ ਉਨ੍ਹਾਂ ਨੂੰ ਵਾਰਡ ਵਾਸੀਆਂ ਦੀ ਨਰਾਜ਼ਗੀ ਝੇਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਮੰਤਰੀ ਜੀ ਸਰਕਾਰ ਤੋਂ ਇੱਕ ਰੁਪਏ ਦਾ ਫ਼ੰਡ ਵੀ ਨਗਰ ਨਿਗਮ ਲਈ ਨਹੀਂ ਲਿਆ ਸਕੇ। ਕੌਂਸਲਰਾਂ ਨੇ ਡੰਪਿੰਗ ਗਰਾਊਂਡ ਵਿੱਚ ਪਏ ਕੂੜੇ ਨੂੰ ਖਤਮ ਕਰਾਉਣ ਲਈ ਜੇਸੀਬੀ ਮਸ਼ੀਨਾਂ ਖਰੀਦਣ ਦੀ ਬਜਾਏ ਇਨ੍ਹਾਂ ਨੂੰ ਪ੍ਰਤੀ ਮਹੀਨੇ 2.88 ਲੱਖ ਰੁਪਏ ਦੇ ਕਿਰਾਏ ’ਤੇ ਲੈਣ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਮੀਟਿੰਗ ਦੇ ਏਜੰਡੇ ਵਿਚ ਸ਼ਹਿਰ ਦੀਆਂ ਪਾਰਕਾਂ ਦੇ ਸੁੰਦਰੀਕਰਨ ਲਈ ਲੱਖਾਂ ਰੁਪਏ ਦੇ ਜੋ ਅਨੁਮਾਨ ਬਣਾਏ ਗਏ ਹਨ, ਉਨ੍ਹਾਂ ਲਈ ਪੈਸਾ ਕਿੱਥੋਂ ਆਉਣਾ ਹੈ, ਇਹ ਨਹੀਂ ਦੱਸਿਆ ਗਿਆ। ਉਨ੍ਹਾਂ ਸੱਤਾਧਾਰੀ ਧਿਰ ’ਤੇ ਹਾਊਸ ਦੀ ਮੀਟਿੰਗ ਜਾਣਬੁੱਝ ਕੇ ਨਾ ਕਰਵਾਉਣ ਦਾ ਵੀ ਦੋਸ਼ ਲਗਾਇਆ।
ਮੇਅਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਕਾਰਨ ਮੀਟਿੰਗ ਕਰਾਉਣ ’ਚ ਦੇਰੀ ਹੋਈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਪਹਿਲਾਂ ਹੀ ਮੀਟਿੰਗ ਦਾ ਬਾਈਕਾਟ ਕਰਨ ਦਾ ਮਨ ਬਣਾ ਕੇ ਆਈ ਹੋਈ ਸੀ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਲਗਭਗ 4 ਕਰੋੜ ਰੁਪਏ ਦੇ ਸੀਵਰੇਜ ਤੇ ਵਾਟਰ ਸਪਲਾਈ ਦੇ ਕੰਮਾਂ ਦੇ ਮਤੇ ਪਾਸ ਕੀਤੇ ਗਏ। ਇਸ ਤੋਂ ਇਲਾਵਾ 45 ਸੀਵਰਮੈਨਾਂ ਨੂੰ ਪੱਕੇ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀ ਪੁਰਹੀਰਾਂ ਵਿੱਚ ਪੈਂਦੀ 3 ਕਨਾਲ 19 ਮਰਲੇ ਜਗ੍ਹਾ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਨੂੰ ਲੀਜ਼ ’ਤੇ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ। ਸੰਸਥਾ ਇਸ ਥਾਂ ’ਤੇ ਗਰੀਬ ਲੋਕਾਂ ਲਈ ਇੱਕ ਹਸਪਤਾਲ ਅਤੇ ਇੱਕ ਬਿਰਧ ਆਸ਼ਰਮ ਦੀ ਉਸਾਰੀ ਕਰਨੀ ਚਾਹੁੰਦੀ ਹੈ।

Advertisement

Advertisement