ਐੱਚਐੱਸਜੀਪੀਸੀ ਵੋਟਾਂ ਬਣਾਉਣ ਲਈ ਮੁਹਿੰਮ ਚਲਾਉਣ ਦਾ ਐਲਾਨ
ਸਤਪਾਲ ਰਾਮਗੜ੍ਹੀਆ
ਪਿਹੋਵਾ, 21 ਨਵੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਗੁਰਦੁਆਰਾ ਗੁਰਸ਼ਰਨ ਸਾਹਿਬ ਵਿੱਚ ਸਿੱਖ ਸੰਗਤ ਵੱਲੋਂ ਮੀਟਿੰਗ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਗੁਰਦੁਆਰਾ ਦੇ ਮੁੱਖ ਸੇਵਾਦਾਰ ਗਿਆਨੀ ਵਰਿਆਮ ਸਿੰਘ ਨੇ ਕੀਤੀ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਨਵਰੀ ਵਿੱਚ ਕਰਵਾਏ ਜਾਣ ਦੀ ਉਮੀਦ ਹੈ ਪਰ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਦੌਰਾਨ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ ਅਤੇ ਪਿੰਡਾਂ ਵਿੱਚ ਸਿੱਖ ਸੰਗਤ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐੱਚਐੱਸਜੀਪੀਸੀ ਚੋਣਾਂ ਲਈ ਪਿਹੋਵਾ ਹਲਕੇ ਨੂੰ ਦੋ ਵਾਰਡਾਂ ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਹੁਣ ਤੱਕ ਵਾਰਡ ਨੰ. 11 ਅਤੇ ਵਾਰਡ ਨੰ. 12 ਵਿੱਚ 12 ਹਜ਼ਾਰ ਵੋਟਾਂ ਹੀ ਬਣੀਆਂ ਹਨ, ਜਦੋਂਕਿ ਪਿਹੋਵਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਸਿੱਖ ਭਾਈਚਾਰੇ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਗੁਰਦੁਆਰਾ ਪ੍ਰਬੰਧ ਵਿੱਚ ਹੋਰ ਸੁਧਾਰ ਕਰਨ ਲਈ ਸਿੱਖ ਵੋਟਰਾਂ ਨੂੰ ਦਿਲੋਂ ਵੋਟ ਰਜਿਸਟਰੇਸ਼ਨ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਸਾਰੇ ਬੁਲਾਰਿਆਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਸਤਪਾਲ ਸਿੰਘ ਰਾਮਗੜ੍ਹੀਆ, ਰਿਪੁਦਮਨ ਸਿੰਘ ਚੀਮਾ, ਮਨਜੀਤ ਸਿੰਘ, ਹਰਜੀਤ ਸਿੰਘ, ਰਣਬੀਰ ਸਿੰਘ, ਜਸਬੀਰ ਸਿੰਘ, ਬਲਵਿੰਦਰ ਸਿੰਘ, ਸੁਲੱਖਣ ਸਿੰਘ, ਨਾਨਕ ਸਿੰਘ, ਮਲਕੀਤ ਸਿੰਘ, ਜਗਤਾਰ ਸਿੰਘ ਤੇ ਹੋਰ ਹਾਜ਼ਰ ਸਨ।