ਰਿਤਿਕ ਰੌਸ਼ਨ ਨੇ ਗੀਤ ‘ਏਕ ਪਲ ਕਾ ਜੀਨਾ’ ਉੱਤੇ ਕੀਤਾ ਡਾਂਸ
ਸ੍ਰੀਨਗਰ: ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਜੰਮੂ ਵਿੱਚ ਆਪਣੇ ਹਿੱਟ ਗੀਤ ‘ਏਕ ਪਲ ਕਾ ਜੀਨਾ’ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਖੂਬ ਨਚਾਇਆ। ਉਸ ਨੇ ਆਪਣੇ ਡਾਂਸ ਨਾਲ ਸਭ ਦਾ ਮਨ ਮੋਹ ਲਿਆ। ਜੰਮੂ-ਕਸ਼ਮੀਰ ਵਿੱਚ ਉਸ ਦੇ ਇਕ ਪ੍ਰਸ਼ੰਸਕ ਨੇ ਇਸ ਗੀਤ ’ਤੇ ਨੱਚਦਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਹੈ ਜਿਸ ਵਿਚ ਅਦਾਕਾਰ ਨੇ ਕੁੜਤਾ-ਪਜ਼ਾਮਾ, ਨਹਿਰੂ ਜੈਕੇਟ ਤੇ ਸਪੋਰਟਸ ਸ਼ੂਜ਼ ਪਾਏ ਹੋਏ ਹਨ। ਉਸ ਨੇ ਐਨਕਾਂ ਵੀ ਲਾਈਆਂ ਹੋਈਆਂ ਹਨ। ਰਿਤਿਕ ਜਦੋਂ ਆਪਣੇ ਹਿੱਟ ਗੀਤ ‘ਏਕ ਪਲ ਕਾ ਜੀਨਾ’ ’ਤੇ ਡਾਂਸ ਕਰ ਰਿਹਾ ਸੀ ਤਾਂ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਤੇ ਸੀਟੀਆਂ ਮਾਰ ਕੇ ਉਸ ਦਾ ਹੌਸਲਾ ਵਧਾਇਆ। ਇੱਕ ਪ੍ਰਸ਼ੰਸਕ ਨੇ ਏਜੰਸੀ ਨੂੰ ਦੱਸਿਆ, ‘’ਮੈਂ ਬਹੁਤ ਖੁਸ਼ ਹਾਂ ਕਿ ਰਿਤਿਕ ਰੌਸ਼ਨ ਜੰਮੂ ਆਇਆ ਹੈ। ਮੈਂ ਇੱਥੇ ਉਸ ਨੂੰ ਮਿਲਣ ਅਤੇ ਉਸ ਦਾ ਆਟੋਗ੍ਰਾਫ ਲੈਣ ਆਇਆ ਹਾਂ।’’ ਦੱਸਣਾ ਬਣਦਾ ਹੈ ਕਿ ਰਿਤਿਕ ਨੇ ਦੋ ਦਿਨ ਪਹਿਲਾਂ ਛੁੱਟੀਆਂ ਮਨਾਉਣ ਸਮੇਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਸਨ। ਰਿਤਿਕ ਨੇ ਇੰਸਟਾਗ੍ਰਾਮ ’ਤੇ ਪੋਸਟ ਅਪਲੋਡ ਕਰਦਿਆਂ ਆਖਿਆ, ‘ਛੁੱਟੀਆਂ ਖਤਮ ਹੋ ਗਈਆਂ ਹਨ, ਹੁਣ ਜਿਮ ਵਿੱਚ ਮਿਲਦੇ ਹਾਂ।’ ਰਿਤਿਕ ਅਤੇ ਉਸ ਦੀ ਪ੍ਰੇਮਿਕਾ ਸਬਾ ਕਿਸੇ ਅਣਦੱਸੀ ਥਾਂ ਛੁੱਟੀਆਂ ਬਿਤਾ ਕੇ ਪਰਤੇ ਸਨ। ਇਸ ਜੋੜੇ ਨੂੰ ਮੁੰਬਈ ਹਵਾਈ ਅੱਡੇ ’ਤੇ ਦੇਖਿਆ ਗਿਆ ਸੀ ਤੇ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਇਸ ਤੋਂ ਇਲਾਵਾ ਰਿਤਿਕ ਨੇ ਆਪਣੀ ਆਉਣ ਵਾਲੀ ਫਿਲਮ ‘ਫਾਈਟਰ’ ਦੀ ਇੱਕ ਤਸਵੀਰ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਸੀ ਜਿਸ ਵਿੱਚ ਦੀਪਿਕਾ ਪਾਦੂਕੋਨ ਅਤੇ ਅਨਿਲ ਕਪੂਰ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਵਜੋਂ ਨਜ਼ਰ ਆ ਰਹੇ ਸਨ। -ਏਐੱਨਆਈ