ਝਾਰਖੰਡ ਵਿੱਚ ਹਾਵੜਾ-ਮੁੰਬਈ ਮੇਲ ਦੇ 18 ਡੱਬੇ ਪੱਟੜੀ ਤੋਂ ਉੱਤਰੇ, ਦੋ ਹਲਾਕ, 20 ਜ਼ਖ਼ਮੀ
ਜਮਸ਼ੇਦਪੁਰ/ਰਾਂਚੀ/ਕੋਲਕਾਤਾ, 30 ਜੁਲਾਈ
ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ਵਿੱਚ ਅੱਜ ਤੜਕੇ ਹਾਵੜਾ-ਮੁੰਬਈ ਮੇਲ ਦੇ ਘੱਟੋ-ਘੱਟ 18 ਡੱਬੇ ਪੱਟੜੀ ਤੋਂ ਉਤਰਨ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 20 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਤੜਕੇ ਪੌਣੇ ਚਾਰ ਵਜੇ ਦੱਖਣੀ-ਪੂਰਬੀ ਰੇਲਵੇ (ਐੱਸਈਆਰ) ਦੇ ਚੱਕਰਧਰਪੁਰ ਮੰਡਲ ਦੇ ਅਧੀਨ ਜਮਸ਼ੇਦਪੁਰ ਤੋਂ ਲਗਪਗ 80 ਕਿਲੋਮੀਟਰ ਦੂਰ ਬੜਾਬੰਬੂ ਨੇੜੇ ਵਾਪਰਿਆ। ਐੱਸਈਆਰ ਦੇ ਬੁਲਾਰੇ ਓਮ ਪ੍ਰਕਾਸ਼ ਚਰਨ ਨੇ ਦੱਸਿਆ ਕਿ ਨਾਲ ਹੀ ਇੱਕ ਮਾਲਗੱਡੀ ਵੀ ਪੱਟੜੀ ਤੋਂ ਉਤਰ ਗਈ ਹੈ। ਹਾਲਾਂਕਿ, ਇਹ ਸਾਫ਼ ਨਹੀਂ ਹੋ ਸਕਿਆ ਕਿ ਕੀ ਦੋਵੇਂ ਹਾਦਸੇ ਇਕੱਠੇ ਵਾਪਰੇ ਹਨ। ਉਨ੍ਹਾਂ ਕਿਹਾ ਕਿ ਬਚਾਅ ਮੁਹਿੰਮ ਜਾਰੀ ਹੈ ਅਤੇ ਐੱਨਡੀਆਰਐੱਫ ਦੀ ਇੱਕ ਟੀਮ ਘਟਨਾ ਸਥਾਨ ’ਤੇ ਪਹੁੰਚ ਗਈ ਹੈ। ਰੇਲਵੇ ਨੇ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਸ-ਦਸ ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਉਧਰ, ਕਾਂਗਰਸ ਨੇ ਇਸ ਘਟਨਾ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਭਾਰਤ ਵਿੱਚ ਕੋਈ ਜਵਾਬਦੇਹੀ ਤੈਅ ਨਹੀਂ ਹੁੰਦੀ, ਕਿਸੇ ਦਾ ਅਸਤੀਫ਼ਾ ਨਹੀਂ ਲਿਆ ਜਾਂਦਾ ਅਤੇ ਸਿਰਫ਼ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵਿਅੰਗ ਕਰਦਿਆਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਰੇਲ ਹਾਦਸਿਆਂ ਦੇ ਬਾਵਜੂਦ ਰੇਲ ਮੰਤਰੀ ਅਸ਼ਿਵਨੀ ਵੈਸ਼ਣਵ ਦੀ ‘ਪੀਆਰ ਮਸ਼ੀਨ’ ਜਾਰੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੀ ਕੇਂਦਰ ਦੀ ਸੰਵੇਦਨਹੀਣਤਾ ਦਾ ਕੋਈ ਅੰਤ ਨਹੀਂ ਹੋਵੇਗਾ। -ਪੀਟੀਆਈ
ਹਾਦਸੇ ਕਾਰਨ ਕੁੱਝ ਰੇਲ ਗੱਡੀਆਂ ਰੱਦ
ਨਵੀਂ ਦਿੱਲੀ: ਰੇਲ ਹਾਦਸੇ ਦੇ ਮੱਦੇਨਜ਼ਰ ਐੱਸਈਆਰ ਨੇ ਅੱਜ ਕੁਝ ਯਾਤਰੀ ਤੇ ਐਕਸਪ੍ਰੈੱਸ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਵਿੱਚ 22861 ਹਾਵੜਾ-ਟਿਟਲਾਗੜ੍ਹ-ਕਾਂਟਾਬਾਂਜੀ ਐਕਸਪ੍ਰੈੱਸ, 08015/18019 ਖੜਗਪੁਰ-ਝਾਰਗ੍ਰਾਮ-ਧਨਬਾਦ ਐਕਸਪ੍ਰੈੱਸ, 12021/12022 ਹਾਵੜਾ-ਬਾਰਬਿਲ-ਹਾਵੜਾ, ਜਨ ਸ਼ਤਾਬਦੀ ਐਕਸਪ੍ਰੈੱਸ ਸ਼ਾਮਲ ਹਨ। 18109 ਟਾਟਾਨਗਰ-ਇਤਵਾਰੀ ਐਕਸਪ੍ਰੈੱਸ ਅਤੇ 18030 ਸ਼ਾਲੀਮਾਰ-ਐੱਲਟੀਟੀ ਐਕਸਪ੍ਰੈੱਸ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਬੜਾਬੰਬੂ ਸਟੇਸ਼ਨ ਨੇੜੇ ਵਾਪਰੇ ਹਾਦਸੇ ਕਾਰਨ ਕੁੱਝ ਹੋਰ ਰੇਲ ਗੱਡੀਆਂ ਦਾ ਸਫ਼ਰ ਜਾਂ ਤਾਂ ਮੰਜ਼ਿਲ ’ਤੇ ਪਹੁੰਚਣ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ ਹੈ ਜਾਂ ਫਿਰ ਉਨ੍ਹਾਂ ਦੇ ਰੂਟ ਬਦਲੇ ਗਏ ਹਨ। ਉਨ੍ਹਾਂ ਦੱਸਿਆ ਕਿ 18114 ਬਿਲਾਸਪੁਰ-ਟਾਟਾਨਗਰ ਐਕਸਪ੍ਰੈੱਸ ਨੂੰ ਰੁੜਕੇਲਾ, 18190 ਏਰਨਾਕੁਲਮ-ਟਾਟਾਨਗਰ ਐਕਸਪ੍ਰੈੱਸ ਨੂੰ ਚੱਕਰਧਰਪੁਰ, 18011 ਹਾਵੜਾ-ਚੱਕਰਧਰਪੁਰ ਐਕਸਪ੍ਰੈੱਸ ਆਦਰਾ ਵਿੱਚ ਅਤੇ 18110 ਇਤਵਾਰੀ-ਟਾਟਾਨਗਰ ਐਕਸਪ੍ਰੈੱਸ ਨੂੰ ਬਿਲਾਸਪੁਰ ਵਿਖੇ ਰੋਕਿਆ ਜਾਵੇਗਾ। -ਪੀਟੀਆਈ