ਨਵੀਂ ਪੀੜ੍ਹੀ ਦਾ ਬੁਢਾਪਾ ਕਿਵੇਂ ਦਾ ਹੋਵੇਗਾ?
ਪ੍ਰਕਾਸ਼ ਸਿੰਘ ਗਿੱਲ
ਮਨੁੱਖ ਆਪਣੀ ਜ਼ਿੰਦਗੀ ਵਿੱਚ ਜੀਵਨ ਦੀਆਂ ਤਿੰਨ ਅਵਸਥਾਵਾਂ ਦਾ ਆਨੰਦ ਮਾਣਦਾ ਹੈ। ਬਾਲ, ਜਵਾਨੀ ਅਤੇ ਬੁਢਾਪਾ। ਉਹ ਮਨੁੱਖ ਭਾਗਾਂ ਵਾਲੇ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ਇਨ੍ਹਾਂ ਤਿੰਨਾਂ ਅਵਸਥਾਵਾਂ ਦੇ ਰੰਗ ਮਾਣਨ ਦਾ ਮੌਕਾ ਮਿਲਦਾ ਹੈ। ਜੇਕਰ ਆਪਾਂ ਆਪਣੇ ਪਿਛੋਕੜ ਵੱਲ ਨਿਗਾਹ ਮਾਰੀਏ ਤਾਂ ਵੇਖਾਂਗੇ ਕਿ ਸਾਡੇ ਬਾਬੇ-ਦਾਦਿਆਂ ਨੇ ਆਪਣੇ ਜੀਵਨ ਵਿੱਚ ਇਹ ਤਿੰਨੋਂ ਰੰਗ ਮਾਣੇ ਹਨ। ਉਨ੍ਹਾਂ ਨੇ ਆਪਣਾ ਬਚਪਨ ਸ਼ਰਾਰਤਾਂ ਅਤੇ ਖੇਡਾਂ ਨਾਲ ਬਤੀਤ ਕੀਤਾ। ਜਵਾਨੀ ਵਿੱਚ ‘ਰੱਜ ਕੇ ਖਾ ਤੇ ਦੱਬ ਕੇ ਵਾਹ’ ਵਾਲੀ ਗੱਲ ’ਤੇ ਪੂਰੇ ਉਤਰਦੇ ਹੋਏ ਹੱਥੀਂ ਕੰਮ ਨੂੰ ਪਹਿਲ ਦਿੱਤੀ। ਫਿਰ ਆਇਆ ਬੁਢਾਪਾ! ਉਹ ਬੁਢਾਪਾ ਜਿਸ ਤੋਂ ਬਚਣ ਲਈ ਮਨੁੱਖ ਅਨੇਕਾਂ ਓਹੜ-ਪੋਹੜ ਕਰਦਾ ਹੈ। ਕਦੀ ਆਪਣੇ ਵਾਲਾਂ ਨੂੰ ਰੰਗਦਾ ਹੈ ਤੇ ਕਦੇ ਮੂੰਹ ’ਤੇ ਵੱਖ-ਵੱਖ ਲੇਪ ਲਾ ਕੇ ਬਚਣ ਦੀ ਕੋਸ਼ਿਸ਼ ਕਰਦਾ ਹੈ।
ਪੁਰਾਣੇ ਸਮਿਆਂ ਵਿੱਚ ਬਜ਼ੁਰਗ ਆਪਣਾ ਸਮਾਂ ਪਿੰਡ ਦੀ ਸੱਥ ਜਾਂ ਬੋਹੜ ਹੇਠਾਂ ਬਤੀਤ ਕਰ ਲਿਆ ਕਰਦੇ ਸਨ। ਉੱਥੇ ਬੈਠ ਕੇ ਹਾਸਾ-ਠੱਠਾ ਕਰਨਾ, ਤਾਸ਼ ਦੀਆਂ ਬਾਜ਼ੀਆਂ ਲਾਉਣੀਆਂ, ਧਰਮ-ਕਰਮ ਦੀ ਗੱਲ ਕਰ ਲੈਣ ਨੂੰ ਹੀ ਰੱਬ ਨੂੰ ਯਾਦ ਕਰਨਾ ਸਮਝ ਲੈਂਦੇ ਸਨ ਜਾਂ ਫਿਰ ਰਾਜਨੀਤੀ ’ਤੇ ਤਬਸਰਾ ਕਰਕੇ ਆਪਣੇ ਮਨ ਦੀ ਭੜਾਸ ਕੱਢ ਲੈਣੀ ਤੇ ਆਥਣੇ ਦਿਨ ਛਿਪੇ ਨੂੰ ਘਰ ਮੁੜ ਆਉਣਾ। ਉਸ ਵੇਲੇ ਉਨ੍ਹਾਂ ਬਜ਼ੁਰਗਾਂ ਨੂੰ ਆਪਣਾ ਬੁਢਾਪਾ ਇੱਕ ਬੋਝ ਨਹੀਂ ਸੀ ਲੱਗਦਾ। ਘਰ ਦੇ ਜੀਅ ਵੀ ਉਨ੍ਹਾਂ ਨੂੰ ਆਪਣੇ ’ਤੇ ਭਾਰ ਨਹੀਂ ਸਮਝਦੇ ਸਨ ਸਗੋਂ ਦੁੱਖ-ਸੁੱਖ ਵੇਲੇ ਉਨ੍ਹਾਂ ਦੀ ਕੀਮਤੀ ਸਲਾਹ ਲੈ ਕੇ ਆਪਣੇ ਅੜੇ-ਜੁੜੇ ਮਸਲੇ ਹੱਲ ਕਰ ਲੈਂਦੇ ਸਨ।
ਅਸੀਂ ਸਾਰੇ ਉਸ ਪੀੜ੍ਹੀ ਨਾਲ ਸਬੰਧ ਰੱਖਦੇ ਹਾਂ ਜਿਸ ਨੇ ਆਪਣੇ ਬਜ਼ੁਰਗਾਂ ਦੀ ਗੋਦ ਦਾ ਨਿੱਘ ਮਾਣਿਆ ਹੈ। ਸਿਰਫ਼ ਨਿੱਘ ਹੀ ਨਹੀਂ ਬਲਕਿ ਮੈਂ ਤਾਂ ਕਹਾਂਗਾ ਕਿ ਉਨ੍ਹਾਂ ਦੀ ਸੰਗਤ ਕੀਤੀ ਹੈ। ਸਾਡੇ ਉਹ ਬਜ਼ੁਰਗ ਆਪਣੇ ਦੋਹਤੇ-ਪੋਤਿਆਂ ਨਾਲ ਜਿੱਥੇ ਸਮਾਂ ਗੁਜ਼ਾਰਦੇ ਸਨ ਉੱਥੇ ਹੀ ਉਨ੍ਹਾਂ ਨੂੰ ਆਪਣੇ ਜੀਵਨ ਦੇ ਤਜਰਬੇ ’ਤੇ ਆਧਾਰਿਤ ਗੱਲਾਂ ਨੂੰ ਕਹਾਣੀਆਂ ਦੇ ਰੂਪ ਵਿੱਚ ਦੱਸਦੇ ਸਨ ਜਿਸ ਦਾ ਮਕਸਦ ਇਹ ਹੁੰਦਾ ਸੀ ਕਿ ਸਾਨੂੰ ਜੀਵਨ ਜਿਊਣ ਸਬੰਧੀ ਚੱਜ-ਅਚਾਰ ਆ ਸਕੇ। ਪਰ ਹੌਲੀ-ਹੌਲੀ ਉਨ੍ਹਾਂ ਬਜ਼ੁਰਗਾਂ ਦੀ ਤਰ੍ਹਾਂ ਇਹ ਪਨੀਰੀ ਸਮਾਜ ਵਿੱਚੋਂ ਲੋਪ ਹੁੰਦੀ ਜਾ ਰਹੀ ਹੈ।
ਅੱਜ 21ਵੀਂ ਸਦੀ ਦੀ ਪਨੀਰੀ ਜਿਸ ਨੇ ਜਦੋਂ ਇਸ ਸੰਸਾਰ ਵਿੱਚ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਨ੍ਹਾਂ ਸਾਹਮਣੇ ਬਜ਼ੁਰਗਾਂ ਦੀ ਥਾਂ ਗੈਜ਼ੇਟ, ਖਿਡੌਣਿਆਂ ਦੇ ਨਾਲ-ਨਾਲ ਸੋਸ਼ਲ ਮੀਡੀਆ ਵਰਗੀਆਂ ਅਲਾਮਤਾਂ ਮੌਜੂਦ ਹਨ। ਹੁਣ ਇਨ੍ਹਾਂ ਬੱਚਿਆਂ ਨੇ ਆਪਣੇ ਬਜ਼ੁਰਗਾਂ ਦੀ ਗੋਦ ਦਾ ਨਿੱਘ ਨਹੀਂ ਮਾਣਿਆ, ਉਨ੍ਹਾਂ ਦੀ ਸੰਗਤ ਨਹੀਂ ਕੀਤੀ। ਇਸ ਦਾ ਮੂਲ ਕਾਰਨ ਹੈ ਕਿ ਉਨ੍ਹਾਂ ਕੋਲ ਆਪਣੇ ਮਨ-ਪਰਚਾਵੇ ਲਈ ਇੱਕ ਨਹੀਂ ਬਲਕਿ ਸੈਂਕੜੇ ਸਾਧਨ ਮੌਜੂਦ ਹਨ। ਘਰਾਂ ਦੇ ਬਜ਼ੁਰਗ ਉਨ੍ਹਾਂ ਨੂੰ ਆਪਣੀ ਗੋਦ ਦਾ ਨਿੱਘ ਦੇਣਾ ਚਾਹੁੰਦੇ ਹਨ। ਪਰ ਆਧੁਨਿਕ ਮਾਵਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਉਨ੍ਹਾਂ ਦੇ ਬੱਚਿਆਂ ਨੂੰ ਉਹ ਮਾਹੌਲ ਨਹੀਂ ਦੇ ਸਕਣਗੇ ਜਿਸ ਦੇ ਉਹ ਹੱਕਦਾਰ ਹਨ। ਸੰਯੁਕਤ ਪਰਿਵਾਰਾਂ ਦੀ ਰਵਾਇਤ ਖ਼ਤਮ ਹੋ ਚੁੱਕੀ ਹੈ। ਇੱਥੇ ਮੈਨੂੰ ਆਪਣੇ ਇੱਕ ਮਿੱਤਰ ਦੀ ਯਾਦ ਆ ਗਈ। ਉਸ ਦਾ ਬੇਟਾ ਜੋ ਮਸਾਂ ਅਜੇ ਸਾਲ ਕੁ ਦਾ ਹੈ ਤੇ ਹੁਣ ਤੋਂ ਉਸ ਦਾ ਮੋਬਾਈਲ ਨਾਲ ਇੰਨਾ ਮੋਹ ਪੈ ਗਿਆ ਹੈ ਕਿ ਉਹ ਘਰ ਵਿੱਚ ਮੌਜੂਦ ਆਪਣੇ ਦਾਦਾ-ਦਾਦੀ ਨਾਲ ਘੱਟ ਖੇਡਦਾ ਹੈ ਤੇ ਇਨ੍ਹਾਂ ਚੀਜ਼ਾਂ ਨਾਲ ਜ਼ਿਆਦਾ ਸਮਾਂ ਗੁਜ਼ਾਰਦਾ ਹੈ।
ਕੀ ਕਦੀ ਕਿਸੇ ਨੇ ਸੋਚਿਆ ਹੈ ਕਿ ਇਹ ਪਨੀਰੀ ਜਦੋਂ ਜਵਾਨੀ ਤੋਂ ਉਪਰੰਤ ਬੁਢਾਪੇ ਵਿੱਚ ਆਪਣੇ ਪੈਰ ਰੱਖੇਗੀ ਤਾਂ ਉਨ੍ਹਾਂ ਕੋਲ ਕੌਣ ਹੋਵੇਗਾ। ਇਨ੍ਹਾਂ ਬੱਚਿਆਂ ਭਾਵ ਨੌਜਵਾਨਾਂ ਕੋਲ ਨਾ ਤਾਂ ਆਪਣੇ ਮਾਪੇ ਹੋਣਗੇ, ਨਾ ਹੀ ਰਿਸ਼ਤੇਦਾਰ, ਇੱਥੋਂ ਤੱਕ ਕਿ ਯਾਰ-ਦੋਸਤ ਵੀ ਨਹੀਂ ਹੋਣੇ। ਇਸ ਦਾ ਮੂਲ ਕਾਰਨ ਇਹ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਬਚਪਨ ਤੋਂ ਜਵਾਨੀ ਤੱਕ ਸਿਰਫ਼ ਇੱਕ ਹੀ ਚੀਜ਼ ਦਾ ਨਿੱਘ ਮਾਣਿਆ ਹੈ, ਉਹ ਹੈ ‘ਮੋਬਾਈਲ ਫੋਨ’ ਤੇ ਉਸ ਨਾਲ ਜੁੜੇ ਹੋਏ ਐਪ-ਵੱਟਸਐਪ, ਇੰਸਟਾਗ੍ਰਾਮ, ਫੇਸ ਬੁੱਕ ਤੇ ਹੋਰ ਅਨੇਕਾਂ ਐਪਸ, ਇਨ੍ਹਾਂ ਨਾਲ ਉਨ੍ਹਾਂ ਨੇ ਆਪਣੇ ਜੀਵਨ ਦਾ ਵੱਡਮੁੱਲਾ ਸਮਾਂ ਗੁਜ਼ਾਰਿਆ ਹੈ। ਇਸ ਕਰਕੇ ਉਨ੍ਹਾਂ ਦਾ ਬੁਢਾਪੇ ਵਾਲਾ ਦੌਰ ਬਹੁਤ ਖ਼ਤਰਨਾਕ ਹੋਵੇਗਾ।
ਉਨ੍ਹਾਂ ਦਾ ਆਪਣਾਂ ਬੁਢਾਪਾ ਤਾਂ ਖਤਰਨਾਕ ਹੋਵੇਗਾ ਹੀ ਬਲਕਿ ਇਨ੍ਹਾਂ ਕਾਰਨਾਂ ਕਰ ਕੇ ਅੱਜ ਦੇ ਮਾਪਿਆਂ ਦਾ ਬੁਢਾਪਾ ਵੀ ਰੁਲ ਰਿਹਾ ਹੈ। ਹੋਰ ਕੋਈ ਰਸਤਾ ਨਜ਼ਰ ਨਾ ਆਉਂਦਾ ਹੋਣ ਕਾਰਨ ਜ਼ਿਆਦਾਤਰ ਬਜ਼ੁਰਗ ਵੀ ਹੁਣ ਸੋੋਸ਼ਲ ਮੀਡੀਆ ਨੂੰ ਹੀ ਆਪਣੀ ਜ਼ਿੰਦਗੀ ਜਿਊਣ ਦਾ ਸਹਾਰਾ ਸਮਝ ਰਹੇ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਜੇਕਰ ਉਹ ਜੀਵਨ ਦੀਆਂ ਸੱਚੀਆਂ ਖ਼ੁਸ਼ੀਆਂ ਲੱਭਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਸੋਸ਼ਲ ਮੀਡੀਆ ਤੋਂ ਆਪਣਾ ਖਹਿੜਾ ਛੁਡਾਉਣਾ ਜ਼ਰੂਰੀ ਹੈ। ਉਨ੍ਹਾਂ ਨੂੰ ਉਸ ਦੁਨੀਆ ਵਿੱਚ ਮੁੜਨਾ ਜ਼ਰੂਰੀ ਹੈ ਜਿੱਥੇ ਸਾਡੇ ਬਜ਼ੁਰਗ ਬਾਹਾਂ ਟੱਡ ਕੇ ਸਾਡਾ ਇੰਤਜ਼ਾਰ ਕਰ ਰਹੇ ਹਨ। ਇਸ ਨਾਲ ਜਿੱਥੇ ਅਸੀਂ ਆਪਣੇ ਪਰਿਵਾਰਾਂ ਨਾਲ ਜੁੜਾਂਗੇ, ਉੱਥੇ ਸਾਡੇ ਬਜ਼ੁਰਗਾਂ ਦਾ ਬੁਢਾਪਾ ਵੀ ਵਧੀਆ ਕੱਟੇਗਾ।
ਸੰਪਰਕ: 92126-32234