ਸਮਝਾਂ ਕੀ ਸਮਝਾਵਾਂ ਕਿਵੇਂ
ਕਰਨੈਲ ਸਿੰਘ ਸੋਮਲ
ਸਾਲ ਕੁ ਹੋਇਆ ਸਵਖਤੇ ਸੈਰ ਤੋਂ ਪਰਤਦਿਆਂ ਅਵਾਰਾ ਕੁੱਤੇ ਪੈ ਗਏ। ਕੁੱਤੇ ਵੀ ਕਿਹੜੇ, ਆਪਣੇ ਮੁਹੱਲੇ ਦੇ ਹੀ। ਉਨ੍ਹਾਂ ਨੂੰ ਪਰ੍ਹਾਂ ਭਜਾਉਂਦਿਆਂ ਪੈਰ ਉੱਖੜ ਗਿਆ। ਸੜਕ ਉੱਤੇ ਥਾਂ-ਥਾਂ ਟੋਏ ਸਨ। ਡਿੱਗਣ ਨਾਲ ਖੱਬਾ ਗੁੱਟ ਟੁੱਟ ਗਿਆ। ਉੱਠ ਈ ਨਾ ਹੋਵੇ। ਖੱਬੀ ਬਾਂਹ ਭਾਰ ਚੁੱਕਣ ਤੋਂ ਇਨਕਾਰੀ ਸੀ। ਇੱਕ-ਦੋ ਲੰਘਦੀਆਂ ਗੱਡੀਆਂ ਨੂੰ ਜ਼ਰਾ ਰੁਕਣ ਲਈ ਇਸ਼ਾਰਾ ਦਿੱਤਾ। ਕੋਈ ਨਾ ਰੁਕਿਆ। ਆਮ ਆਵਾਜਾਈ ਅਜੇ ਹੋਈ ਨਹੀਂ ਸੀ। ਸਰਕ-ਸਰਕ ਕੇ ਸੜਕ ਦੇ ਕੰਢੇ ਵੱਲ ਹੋਇਆ। ਉੱਥੇ ਐਪਰ ਪਾਣੀ ਵਗ ਰਿਹਾ ਸੀ। ਕਿਸੇ ਦੀ ਟੂਟੀ ਖੁੱਲ੍ਹੀ ਰਹਿ ਗਈ ਹੋਣੀ। ਉੱਠ ਫਿਰ ਵੀ ਨਾ ਹੋਇਆ। ਤਦੇ ਮੇਰੀ ਕੁ ਉਮਰ ਦਾ ਬਜ਼ੁਰਗ ਨੇਮ ਨਾਲ ਸੈਰ ਕਰਨ ਲਈ ਜਾਂਦਾ ਬਹੁੜ ਪਿਆ। ਉਹਨੇ ਮੈਨੂੰ ਉੱਠਣ ਵਿੱਚ ਮਦਦ ਕੀਤੀ। ਮੈਂ ਉਸ ਦਾ ਧੰਨਵਾਦ ਕਰਦਿਆਂ ਘਰ ਨੂੰ ਤੁਰ ਪਿਆ। ਸੌ ਕੁ ਗਜ਼ ਉੱਤੇ ਮੇਰਾ ਘਰ ਸੀ। ਮੇਰੇ ਰੋਕਦਿਆਂ ਵੀ ਉਹ ਮੈਨੂੰ ਘਰ ਤਾਈਂ ਛੱਡਣ ਆਇਆ।
ਦੂਜੇ ਦਿਨ ਕੋਈ ਜਾਣੂ ਦੱਸਦਾ ਸੀ ਕਿ ਬੰਦੇ ਗੱਲਾਂ ਕਰਦੇ ਸੁਣੇ; ਅਖੇ, ਕੋਈ ‘ਬੁੜ੍ਹਾ’ ਕੁੱਤਿਆਂ ਨੇ ਘੇਰ ਲਿਆ ਸੀ। ਮੈਨੂੰ ਆਪਣਾ ਪਿੰਡ ਯਾਦ ਆਇਆ। ਕੁੱਤਿਆਂ ਦੇ ਭੌਂਕਣ ਦਾ ਕਦੇ ਰੌਲਾ ਹੁੰਦਾ ਤਾਂ ਕਈ ਗੁਆਂਢੀ ਸੋਟੀਆਂ ਲੈ ਕੇ ਬਾਹਰ ਨਿੱਕਲਦੇ ਮਤੇ ਕੁੱਤੇ ਕਿਸੇ ਓਪਰੇ ਬੰਦੇ ਨੂੰ ਨਾ ਪੈ ਗਏ ਹੋਣ। ਹੁਣ ਮੈਂ ਜਿਹੜੇ ਨਵੇਂ ਵੱਸੇ ਅਤੇ ਕਈ ਕਿਲੋਮੀਟਰਾਂ ਤੱਕ ਫੈਲੇ ਸ਼ਹਿਰ ਵਿੱਚ ਕਈ ਦਹਾਕਿਆਂ ਤੋਂ ਰਹਿੰਦਾ ਹਾਂ, ਮੈਨੂੰ ਨਾਂ ਨਾਲ ਬੁਲਾਉਣ ਵਾਲਾ ਕੋਈ ਵਿਰਲਾ ਹੀ ਹੋਵੇਗਾ। ਇੱਥੇ ਕੋਈ ਆਪਣੇ ਗੁਆਂਢੀ ਨੂੰ ਵੀ ਚੰਗੀ ਤਰ੍ਹਾਂ ਨਹੀਂ ਜਾਣਦਾ। ਫਿਰ ਮੈਂ ਬਾਂਹ ਉੱਤੇ ਪਲੱਸਤਰ ਲੁਆਈ ਆਪਣੇ ਜਾਣੂਆਂ ਨੂੰ ਹੋਈ-ਬੀਤੀ ਦੱਸਦਾ।
ਅੱਗਿਓਂ ਪੁੱਛੇ ਕਈ ਤਰ੍ਹਾਂ ਦੇ ਸਵਾਲ ਤੇ ਸੁਝਾਅ ਕੰਨੀਂ ਪੈਂਦੇ- ‘ਕੁੱਤਾ ਦੇਖ ਕੇ ਝੂਠੀ-ਮੂਠੀ ਧਰਤੀ ਤੋਂ ਡਲਾ ਚੁੱਕ ਮਾਰਨ ਦਾ ਨਾਟਕ ਕਰਨਾ ਸੀ’, ‘ਐਨੇ ਸਾਝਰੇ ਨਾ ਜਾਇਆ ਕਰੋ’, ‘ਕੋਈ ਸੋਟੀ ਕੋਲ ਰੱਖਣੀ ਸੀ!’ ਮੈਂ ਦਲੀਲ ਦਿੰਦਾ- ‘ਦਿਨੇ ਇਨ੍ਹਾਂ ਸੜਕਾਂ ਉੱਤੇ ਮੋਟਰਾਂ-ਗੱਡੀਆਂ ਦੀ ਆਵਾਜਾਈ ਬਹੁਤ ਹੋ ਜਾਂਦੀ। ਸੜਕ ਪਾਰ ਕਰਨੀ ਭਵਜਲ ਪਾਰ ਕਰਨ ਵਾਂਗ ਹੁੰਦੀ ਹੈ। ਹਵਾ ਗੰਧਲੀ ਹੋ ਜਾਂਦੀ ਹੈ, ਸਾਹ ਲੈਣਾ ਔਖਾ ਹੋ ਜਾਂਦੈ। ਹਾਂ, ਝੂਠੀ-ਮੂਠੀ ਡਲੇ ਬਾਰੇ, ਉਹ ਵੀ ਮੈਂ ਬਥੇਰੇ ਮਾਰੇ। ਸੋਟੀ? ਲਓ, ਤਕੜਾ ਡੰਡਾ ਮੇਰੇ ਕੋਲ ਸੀ, ਬੜਾ ਖੜਕਾਇਆ’। ਅਗਲਾ ਹੈਰਾਨ ਹੁੰਦਾ ‘ਫਿਰ ਵੀ?’ ‘ਹਾਂ ਜੀ ਫਿਰ ਵੀ ਕੁੱਤੇ ਪਿੱਛੇ ਨਾ ਹਟਣ’। ਆਪਣੇ ਨਾਲ ਵਾਪਰੀ ਬਾਰੇ ਮੈਂ ਦੱਸਦਾ- ਮੈਂ ਅਣਭੋਲ ਘਰ ਵੱਲ ਜਾ ਰਿਹਾ ਸਾਂ। ਕਿਸੇ ਕਾਰ ਹੇਠੋਂ ਕਾਲਾ ਕੁੱਤਾ ਭੌਂਕਦਾ ਗੋਲੀ ਵਾਂਗ ਆਇਆ। ਕੁੱਤਿਆਂ ਦੀ ਹੇੜ੍ਹ ਵੀ ਨਾਲ ਸੀ। ਇੰਨਾ ਭੌਂਕਣਾ ਸੁਣ ਕੇ ਦੂਜੇ ਮੁਹੱਲੇ ਦੇ ਕੁੱਤੇ ਵੀ ਭੱਜੇ ਆਏ। ਮੈਂ ਇੱਕ ਪਾਸੇ ਵਾਲਿਆਂ ਨੂੰ ਖਦੇੜਾਂ ਤਾਂ ਦੂਜੇ ਪਾਸੇ ਵਾਲੇ ਹੱਲਾ ਬੋਲ ਦਿੰਦੇ। ਜਦੋਂ ਮੈਂ ਸੜਕ ਉੱਤੇ ਡਿੱਗ ਹੀ ਪਿਆ ਤਾਂ ਸਾਰੇ ਚੁੱਪ ਕਰ ਕੇ ਪਿੱਛੇ ਹਟ ਗਏ। ਪਹਿਲ ਕਰਨ ਕਾਲਾ ਕੁੱਤਾ ਵੀ ਮੇਰੇ ਨੇੜੇ ਆ ਕੇ ‘ਚਉਂ ਚਉਂ’ ਕਰਨ ਲੱਗ ਪਿਆ।
ਇੱਕ ਸੱਜਣ ਬੋਲਿਆ- ‘ਲਗਦੈ ਕੋਈ ਓਪਰਾ ਕੁੱਤਾ ਹੋਊ’। ਮੈਂ ਕਿਹਾ- ਨਹੀਂ ਜੀ, ਇਹ ਕੁਤੀੜ ਰੋਜ਼ ਸਾਡੇ ਘਰਾਂ ਅੱਗਿਓਂ ‘ਭਲਵਾਨੀ’ ਗੇੜੇ ਮਾਰਦੀ ਐ। ਮੈਂ ਅੱਜ ਤੋਂ ਨਹੀਂ, ਦਹਾਕਿਆਂ ਤੋਂ ਸਵਖਤੇ ਸੈਰ ਨੂੰ ਨਿੱਕਲਦਾ। ਮੈਨੂੰ ਜਾਪਦਾ, ਕੁੱਤੇ ਮੈਨੂੰ ਪਛਾਣਦੇ ਹੋਣਗੇ। ਉਹ ਅਕਸਰ ਸੁੱਤੇ ਪਏ ਹੁੰਦੇ। ਮੈਨੂੰ ਲੰਘਦੇ ਨੂੰ ਅੱਖ ਪੁੱਟ ਕੇ ਦੇਖਦੇ ਤੇ ਫਿਰ ਜ਼ਰਾ ਕੁ ਪੂਛ ਹਿਲਾਉਂਦੇ। ਮੈਂ ਸਮਝਦਾ ਕਿ ਇਹ ਮੈਨੂੰ ‘ਲੰਘ ਜਾਓ ਜੀ’ ਕਹਿੰਦੇ ਹਨ। ਮੈਂ ਕੁੱਤਿਆਂ ਦੀ ਸਮਝ ਨੂੰ ਸਰਾਹੁੰਦਾ ਨਾ ਥੱਕਦਾ। ਇਸ ਵਿਚਾਰ ਪਿੱਛੇ ਮੇਰੇ ਮਨ ਉੱਤੇ ਕੁੱਤੇ ਬਾਰੇ ਸੁਣੇ/ਪੜ੍ਹੇ ਕਈ ਪ੍ਰਭਾਵ ਵੀ ਸਨ। ਅਖੇ, ‘ਕੁੱਤਾ ਮਨੁੱਖ ਦਾ ਮਿੱਤਰ, ਵਫ਼ਾਦਾਰ, ਸਬਰ ਵਾਲਾ, ਹਸਾਸ ਤੇ ਦਰਵੇਸ਼ ਹੁੰਦਾ ਹੈ’। ਇਨ੍ਹਾਂ ਦੀਆਂ ਅਨੇਕ ਸਿਫ਼ਤਾਂ ਕਰ ਕੇ ਹੀ ਕਈਆਂ ਨੇ ਵੱਖ-ਵੱਖ ਨਸਲਾਂ ਦੇ ਕੁੱਤੇ ਪਾਲੇ ਹੋਏ ਹਨ। ਉਹ ਬਹੁਤ ਸੁੱਖ ਮਾਣਦੇ ਹਨ। ਉਨ੍ਹਾਂ ਦੀ ਖ਼ੁਰਾਕ ਅਤੇ ਸਿਹਤ ਸੰਭਾਲ ਪੱਖੋਂ ਵੀ ਉਚੇਚ ਕੀਤਾ ਜਾਂਦਾ ਹੈ। ਬਸ, ਪਟਾ ਗਲ਼ ਵਿੱਚ ਹੁੰਦਾ ਹੈ। ਉਂਝ, ਇਹ ਕੀਹਦੇ ਗਲ਼ ਵਿੱਚ ਨਹੀਂ ਹੁੰਦਾ!
ਪਿਛਲੀ ਉਮਰੇ ਟੁੱਟੇ ਗੁੱਟ ਦਾ ਸੰਤਾਪ ਕਈ ਮਹੀਨੇ ਹੰਢਾਉਣ ਅਤੇ ਕਾਫ਼ੀ ਖੇਚਲ-ਖ਼ਰਚੇ ਪਿੱਛੋਂ ਸ਼ੁਕਰ ਹੈ, ਗੁੱਟ ਸਿੱਧਾ ਨਾ ਸਹੀ, ਜ਼ਰਾ ਟੇਢਾ ਜੁੜ ਗਿਆ। ਕਦੇ-ਕਦੇ ਸ਼ੌਕੀਆ ਲਿਖਦਾ ਹਾਂ, ਉਸ ਲਈ ਮੈਨੂੰ ਉਂਗਲਾਂ ਦੇ ਦੋ ਪੋਟੇ ਦਰਕਾਰ ਹਨ। ਕਿਹਾ ਜਾਂਦਾ ਹੈ ਕਿ ਚੰਗੇ ਕਰਮਾਂ ਕਰ ਕੇ ਮਨੁੱਖੀ ਜੀਵਨ ਮਿਲਦਾ ਹੈ। ਮੇਰੇ ਉੱਤੇ ਹਮਲਾਵਰ ਹੋਣ ਵਾਲੇ ਜੀਵ ਨੂੰ ਕੁੱਤੇ ਦੀ ਜੂਨ ਮਿਲੀ। ਮਖ਼ਮਲੀ ਗੱਦਿਆਂ ਉੱਤੇ ਸੌਣ ਵਾਲੇ, ਸੋਹਣੇ-ਸੋਹਣੇ ਨਾਵਾਂ ਵਾਲੇ, ਅਨੇਕ ਸੁੱਖ ਭੋਗਦੇ ਪਾਲਤੂ ਕੁੱਤਿਆਂ ਨੂੰ ਮਿਲਦੇ ਸੁੱਖ ਸਹੂਲਤਾਂ ਬਾਰੇ ਮੈਂ ਕੀ ਸਮਝਾਂ ਤੇ ਸਮਝਾਵਾਂ। ਹਾਂ, ਅਜੋਕਾ ਯੁੱਗ ਨਿੱਕੀ-ਨਿੱਕੀ ਗੱਲ ਪੱਖੋਂ ਖ਼ਬਰਦਾਰ ਰਹਿਣ ਦੀ ਸਿਆਣਪ ਸਿਖਾਉਂਦਾ ਹੈ। ਮੈਂ ਵੀ ਸੁਚੇਤ ਰਹਿਣ ਲਈ ਯਤਨਸ਼ੀਲ ਤਾਂ ਰਹਿੰਦਾ ਹਾਂ ਪਰ ਬਹੁਤੀ ਚੌਕਸੀ ਵਰਤਦਿਆਂ ਬੰਦਾ ਨਿੱਸਲ, ਬੇਫ਼ਿਕਰ ਤੇ ਮੌਜ ਵਿੱਚ ਕਿਵੇਂ ਰਹੇ।
ਅਕਸਰ ਦੇਖੀਦਾ ਹੈ ਕਿ ਕੋਈ ਵਾਧੂ ਰਹੀਆਂ ਰੋਟੀਆਂ ਅਵਾਰਾ ਕੁੱਤਿਆਂ ਨੂੰ ਪਾਉਂਦਾ ਹੈ। ਕੋਈ ਪੁੰਨ ਸਮਝ ਕੇ ਇਨ੍ਹਾਂ ਨੂੰ ਪੀਣ ਲਈ ਦੁੱਧ, ਲੱਸੀ ਆਦਿ ਰੱਖਦੇ ਹਨ। ਅਜਿਹਾ ਕੋਈ ਤਾਂ ਕਾਰਨ ਹੋਊ ਕਿ ਜਗ੍ਹਾ-ਜਗ੍ਹਾ ਅਵਾਰਾ ਕੁੱਤਿਆਂ ਦੇ ਝੁੰਡ ਸਾਨੂੰ ਆਤੰਕਿਤ ਕਰਦੇ ਹਨ। ਪਿੰਡ ਵਿੱਚ ਕੁੱਤਿਆਂ ਤੋਂ ਡਰ ਕੇ ਡਡਿਆਉਂਦੇ ਬੱਚੇ ਦੇਖਦੇ ਸਾਂ, ਹੁਣ ਸ਼ਹਿਰਾਂ ਵਿੱਚ ਵੀ ਹਰਲ-ਹਰਲ ਕਰਦੇ ਕੁੱਤਿਆਂ ਨੂੰ ਦੇਖ ਹਰੇਕ ਦੇ ਸਾਹ ਸੁੱਕੇ ਹੁੰਦੇ ਹਨ।
ਸੰਪਰਕ: 98141-57137