ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁੱਧ ਦੀ ਮਿਲਾਵਟ ਕਿਵੇਂ ਪਰਖੀਏ

07:27 AM Nov 30, 2024 IST

ਅੰਕੁਸ਼ ਪਰੋਚ/ਕੰਵਰਪਾਲ ਸਿੰਘ ਢਿੱਲੋਂ*

Advertisement

ਮਿਲਾਵਟੀ ਦੁੱਧ ਉਸ ਨੂੰ ਕਿਹਾ ਜਾਂਦਾ ਹੈ ਜਿਸ ਦੀ ਗੁਣਵੱਤਾ ਘਟਾਈ ਜਾਵੇ ਜਾਂ ਸਿਹਤ ਲਈ ਹਾਨੀਕਾਰਕ ਪਦਾਰਥ ਵਰਤੇ ਜਾਣ। ਅੱਜ ਦੁਨੀਆਂ ਭਰ ਵਿੱਚ ਦੁੱਧ ਵਿੱਚ ਮਿਲਾਵਟ ਆਮ ਗੱਲ ਹੈ। ਭਾਰਤ ਵਿੱਚ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫਐੱਸਐੱਸਏਆਈ) ਵੱਲੋਂ ਕਰਵਾਏ ਦੁੱਧ ਵਿੱਚ ਮਿਲਾਵਟ ਬਾਰੇ ਕੌਮੀ ਸਰਵੇਖਣ ਅਨੁਸਾਰ, ਦੁੱਧ ਵਿੱਚ ਮਿਲਾਵਟ ਲਈ ਸਭ ਤੋਂ ਵੱਧ ਪਾਣੀ ਤੇ ਦੂਜੇ ਸਥਾਨ ’ਤੇ ਡਿਟਰਜੈਂਟ ਦੀ ਵਰਤੋਂ ਹੁੰਦੀ ਹੈ
ਦੁੱਧ ਵਿੱਚ ਮਿਲਾਵਟ ਲਈ ਵਰਤੇ ਜਾਣ ਵਾਲੇ ਵੱਖ-ਵੱਖ ਪਦਾਰਥ ਤੇ ਉਨ੍ਹਾਂ ਦੇ ਨੁਕਸਾਨ ਇਸ ਤਰ੍ਹਾਂ ਹਨ-

ਪਾਣੀ:

Advertisement

ਦੁੱਧ ਵਿੱਚ ਪਾਣੀ ਦੀ ਮਿਲਾਵਟ ਸਭ ਤੋਂ ਆਮ ਮਿਲਾਵਟ ਹੈ ਕਿਉਂਕਿ ਦੁੱਧ ਦੀ ਮਾਤਰਾ ਵਧਾਉਣ ਲਈ ਇਹ ਆਸਾਨੀ ਨਾਲ ਮਿਲਾਇਆ ਜਾ ਸਕਦਾ ਹੈ। ਮੁਨਾਫ਼ੇ ਨੂੰ ਵਧਾਉਣ ਲਈ ਅਤੇ ਐਸਿਡਿਟੀ ਨੂੰ ਬੇਅਸਰ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਦੁੱਧ ਵਿੱਚ ਪਾਣੀ ਮਿਲਾਉਣ ਨਾਲ ਦੁੱਧ ਦੀ ਪੌਸ਼ਟਿਕਤਾ ਘਟ ਜਾਂਦੀ ਹੈ। ਜੇ ਮਿਲਾਵਟ ਲਈ ਵਰਤਿਆ ਜਾਣ ਵਾਲਾ ਪਾਣੀ ਦੂਸ਼ਿਤ ਹੈ ਤਾਂ ਦੁੱਧ ਦੇ ਸੇਵਨ ਨਾਲ ਟਾਈਫਾਈਡ, ਹੈਪੇਟਾਈਟਸ, ਦਸਤ, ਹੈਜ਼ਾ, ਸ਼ਿਗੇਲਾ ਆਦਿ ਬਿਮਾਰੀਆਂ ਹੋ ਸਕਦੀਆਂ ਹਨ।

ਡਿਟਰਜੈਂਟ:

ਇਸ ਨੂੰ ਦੁੱਧ ਵਿੱਚ ਤੇਲ (ਸਸਤੀ ਚਰਬੀ) ਨੂੰ ਘੁਲਣ ਅਤੇ ਦੁੱਧ ਨੂੰ ਇੱਕ ਵਿਸ਼ੇਸ਼ ਚਿੱਟਾ ਰੰਗ ਦੇਣ ਲਈ ਮਿਲਾਵਟ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਇਸ ਨਾਲ ਪੇਟ ਸਬੰਧੀ ਵਿਕਾਰ ਵਾਲੇ ਰੋਗ ਹੋ ਜਾਂਦੇ ਹਨ।

ਗੁਲੂਕੋਜ਼ (ਖੰਡ):

ਗੁਲੂਕੋਜ਼ ਨੂੰ ਦੁੱਧ ਦੀ ਮਿਠਾਸ ਵਧਾਉਣ ਲਈ ਵਰਤਿਆ ਜਾਂਦਾ ਹੈ। ਇਹ ਇੱਕ ਸਸਤਾ ਤੇ ਆਸਾਨ ਤਰੀਕਾ ਹੈ। ਗੁਲੂਕੋਜ਼ ਨੂੰ ਦੁੱਧ ਦੀ ਐੱਸਐੱਨਐੱਫ ਮਤਲਬ ਚਰਬੀ ਤੋਂ ਬਿਨਾਂ ਦੁੱਧ ’ਚ ਮੌਜੂਦ ਪਦਾਰਥਾਂ ਨੂੰ ਵਧਾਉਣ ਲਈ ਮਿਲਾਵਟ ਦੇ ਤੌਰ ’ਤੇ ਵਰਤਿਆ ਜਾਂਦਾ ਹੈ।

ਯੂਰੀਆ:

ਯੂਰੀਆ ਵੀ ਸਿੰਥੈਟਿਕ ਦੁੱਧ (ਮਿਲਾਵਟੀ ਦੁੱਧ) ਦੇ ਪ੍ਰਮੁੱਖ ਤੱਤਾਂ ਵਿੱਚੋਂ ਇੱਕ ਹੈ ਜੋ ਦੁੱਧ ਦੀ ਸ਼ੈਲਫ ਲਾਈਫ (ਨਾ ਖ਼ਰਾਬ ਹੋਣ ਦੀ ਸਮਰੱਥਾ) ਨੂੰ ਵਧਾਉਣ ਲਈ ਮਿਲਾਵਟ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਯੂਰੀਆ ਇੱਕ ਨਾਈਟ੍ਰੋਜਨਸ ਸਰੋਤ ਹੋਣ ਕਰ ਕੇ ਦੁੱਧ ਵਿੱਚ ਨਕਲੀ ਪ੍ਰੋਟੀਨ ਦੀ ਮਾਤਰਾ ਵਿੱਚ ਵਾਧੇ ਦਾ ਕੰਮ ਕਰਦਾ ਹੈ। ਦੱਸਣਯੋਗ ਹੈ ਕਿ ਯੂਰੀਆ ਵੀ ਦੁੱਧ ਦਾ ਕੁਦਰਤੀ ਤੱਤ ਹੈ। ਗਾਂ ਦੇ ਦੁੱਧ ਵਿੱਚ ਯੂਰੀਆ ਦੀ ਔਸਤ ਸਮੱਗਰੀ 50 ਮਿਗੀਗ੍ਰਾਮ/100 ਮਿਲੀਲਿਟਰ ਅਤੇ ਮੱਝ ਦੇ ਦੁੱਧ ਵਿੱਚ 35 ਐੱਮਜੀ/100 ਐੱਮਐੱਲ ਹੁੰਦੀ ਹੈ ਜਦੋਂਕਿ ਐੱਫਐੱਸਐੱਸਏਆਈ ਨੇ ਦੁੱਧ ਵਿੱਚ ਯੂਰੀਆ ਦੀ ਵੱਧ ਤੋਂ ਵੱਧ ਮਾਤਰਾ 70 ਐੱਮਜੀ/100 ਐੱਮਐੱਲ ਰੱਖੀ ਹੈ। ਯੂਰੀਆ ਦਿਲ, ਗੁਰਦੇ ਅਤੇ ਜਿਗਰ ਲਈ ਨੁਕਸਾਨਦੇਹ ਹੈ।

ਫਾਰਮੈਲਡੀਹਾਈਡ:

(ਫਾਰਮਲਿਨ) ਦੁੱਧ ਵਿੱਚ ਫਾਰਮਲਡੀਹਾਈਡ ਦੀ ਮਿਲਾਵਟ ਨਾਲ ਦੁੱਧ ਨੂੰ ਖ਼ਰਾਬ ਕਰਨ ਵਾਲੇ ਜੀਵਾਣੂ ਭਾਵ ਬੈਕਟੀਰੀਆ ਦੀ ਗਿਣਤੀ ਘਟ ਜਾਂਦੀ ਹੈ ਅਤੇ ਦੁੱਧ ਦੀ ਸ਼ੈਲਫ ਲਾਈਫ ਵਧ ਜਾਂਦੀ ਹੈ। ਫੋਰਮਾਲਿਨ ਇੱਕ ਖ਼ਤਰਨਾਕ ਰਸਾਇਣ ਹੈ ਜੋ ਮਨੁੱਖੀ ਸਿਹਤ ’ਤੇ ਗੰਭੀਰ ਮਾੜੇ ਪ੍ਰਭਾਵ ਪਾਉਂਦਾ ਹੈ ਅਤੇ ਇਸ ਨੂੰ ਕੈਂਸਰ ਦਾ ਕਾਰਕ ਮੰਨਿਆ ਜਾਂਦਾ ਹੈ।

ਹਾਈਡ੍ਰੋਜਨ ਪਰਆਕਸਾਈਡ:

ਇਹ ਦੁੱਧ ਦੀ ਤਾਜ਼ਗੀ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਮਿਲਾਇਆ ਜਾਣ ਵਾਲਾ ਪ੍ਰੈਜ਼ਰਵੇਟਿਵ (ਰਸਾਇਣਕ ਰੱਖਿਅਕ ਪਦਾਰਥ) ਹੈ। ਇਸ ਦੀ ਜ਼ਿਆਦਾ ਮਾਤਰਾ ਫੌਲਿਕ ਐਸਿਡ ਨੂੰ ਖ਼ਰਾਬ ਕਰ ਦਿੰਦੀ ਹੈ ਜੋ ਮਨੁੱਖਾਂ ਲਈ ਜ਼ਰੂਰੀ ਵਿਟਾਮਿਨ ਹੈ। ਹਾਈਡ੍ਰੋਜਨ ਪਰਆਕਸਾਈਡ ਆਂਤੜੀਆਂ ਦੇ ਸੈੱਲਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਅਤੇ ਮਨੁੱਖਾਂ ਵਿੱਚ ਪੇਟ ਦੀ ਬਿਮਾਰੀ ਜਿਵੇਂ ਕਿ ਦਸਤ ਦਾ ਕਾਰਨ ਬਣਦਾ ਹੈ।
ਸਟਾਰਚ: ਇਹ ਇੱਕ ਸਸਤਾ ਪਦਾਰਥ ਹੈ ਜੋ ਵੱਖ-ਵੱਖ ਰੂਪਾਂ ਵਿੱਚ ਉਪਲਬਧ ਹੈ ਜਿਵੇਂ ਕਿ ਕਣਕ ਦਾ ਆਟਾ, ਮੱਕੀ ਦਾ ਆਟਾ ਅਤੇ ਵਪਾਰਕ ਤੌਰ ’ਤੇ ਤਿਆਰ ਕੀਤੀ ਸਟਾਰਚ। ਇਸ ਨੂੰ ਦੁੱਧ ਦੀ ਐੱਸਐੱਨਐੱਫ ਅਤੇ ਦੁੱਧ ਦੇ ਉਤਪਾਦਾਂ ਦਾ ਭਾਰ ਵਧਾਉਣ ਲਈ ਮਿਲਾਇਆ ਜਾਂਦਾ ਹੈ। ਜੇ ਦੁੱਧ ਵਿੱਚ ਸਟਾਰਚ ਦੀ ਮਿਲਾਵਟ ਹੁੰਦੀ ਹੈ ਤਾਂ ਮਨੁੱਖਾਂ ਵਿੱਚ ਦਸਤ ਸਭ ਤੋਂ ਆਮ ਬਿਮਾਰੀ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।

ਐਂਟੀਬਾਇਓਟਿਕਸ:

ਪਸ਼ੂਆਂ ਵਿੱਚ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਬਿਮਾਰੀਆਂ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ ਅਤੇ ਐਂਟੀਬਾਇਓਟਿਕਸ ਦੀ ਰਹਿੰਦ-ਖੂੰਹਦ ਦੁੱਧ ਵਿੱਚ ਮੌਜੂਦ ਹੁੰਦੀ ਹੈ। ਦੁੱਧ ਵਿੱਚ ਇਨ੍ਹਾਂ ਦੀ ਮੌਜੂਦਗੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਐਂਟੀਬਾਇਓਟਿਕਸ ਦੀ ਰਹਿੰਦ-ਖੂੰਹਦ ਕਈ ਤਰ੍ਹਾਂ ਦੀ ਐਲਰਜੀ, ਅੰਤੜੀਆਂ ਦੀ ਪਾਚਣ ਸ਼ਕਤੀ ਵਿੱਚ ਵਿਘਨ ਅਤੇ ਜੀਵਾਣੂਆਂ ਵਿੱਚ ਐਂਟੀਬਾਇਓਟਿਕਸ ਪ੍ਰਤੀਰੋਧੀ ਤਾਕਤ ਵਿੱਚ ਵਾਧੇ ਦਾ ਕਰਨ ਬਣਦੀਆਂ ਹਨ

ਰੱਖਿਅਕ ਪਦਾਰਥ:

(ਪ੍ਰੀਜ਼ਰਵੇਟਿਵ) ਸੂਖਮ ਜੀਵਾਂ ਦੇ ਵਿਕਾਸ ਲਈ ਦੁੱਧ ਇੱਕ ਉੱਤਮ ਭੋਜਨ ਹੈ। ਜੀਵਾਣੂ ਪਸ਼ੂਆਂ ਦੇ ਸਰੀਰ ਰਾਹੀਂ, ਦੁੱਧ ਚੋਣ ਵਾਲੇ ਦੇ ਹੱਥਾਂ ਦੁਆਰਾ, ਦੁੱਧ ਵਾਲੇ ਭਾਂਡਿਆਂ ਰਾਹੀਂ, ਪਸ਼ੂਆਂ ਦੀ ਖ਼ੁਰਾਕ ਆਦਿ ਰਾਹੀਂ ਦੁੱਧ ਵਿੱਚ ਦਾਖ਼ਲ ਹੁੰਦੇ ਹਨ। ਇਨ੍ਹਾਂ ਸੂਖਮ ਜੀਵਾਣੂਆਂ ਦੇ ਵਧਣ ਨਾਲ ਤੇਜ਼ਾਬੀਪਣ ਵਿੱਚ ਵਾਧਾ ਹੁੰਦਾ ਹੈ ਅਤੇ ਦੁੱਧ ਵਿੱਚ ਖਟਾਸ਼ ਪੈਦਾ ਹੁੰਦੀ ਹੈ। ਇਸ ਨਾਲ ਦੁੱਧ ਖ਼ਰਾਬ ਹੋ ਜਾਂਦਾ ਹੈ। ਦੁੱਧ ਦੀ ਸ਼ੈਲਫ ਲਾਈਫ ਨੂੰ ਵਧਾਉਣ ਲਈ ਕੁਝ ਬੇਈਮਾਨ ਵਿਅਕਤੀ ਦੁੱਧ ਵਿੱਚ ਬੋਰਿਕ ਐਸਿਡ, ਫੋਰਮਾਲਿਨ, ਸੈਲੀਸਿਲਿਕ ਐਸਿਡ, ਸੋਡੀਅਮ ਬਾਈਕਾਰਬੋਨੇਟ, ਸੋਡੀਅਮ ਕਾਰਬੋਨੇਟ ਆਦਿ ਵਰਗੇ ਰੱਖਿਅਕ ਪਦਾਰਥ ਘੋਲ ਰਹੇ ਹਨ। ਦੁੱਧ ਵਿੱਚ ਰੱਖਿਅਕ ਪਦਾਰਥ ਸ਼ਾਮਲ ਕਰਨ ਨਾਲ ਮਨੁੱਖਾਂ ਵਿੱਚ ਉਲਟੀਆਂ, ਪੇਟ ਦਰਦ ਅਤੇ ਦਸਤ ਵਰਗੇ ਰੋਗ ਹੁੰਦੇ ਹਨ।

ਖਾਰ (ਨਿਊਟਰਲਾਈਜ਼ਰ):

ਦੁੱਧ ਦੀ ਤੇਜ਼ਾਬੀਪਣ ਨੂੰ ਸਹੀ ਕਰਨ ਲਈ ਦੁੱਧ ਵਿੱਚ ਖਾਰ ਮਿਲਾਏ ਜਾਂਦੇ ਹਨ। ਜੇ ਦੁੱਧ ਚੋਣ ਤੋਂ ਲੈ ਕੇ ਵੇਚਣ ਸਮੇਂ ਤੱਕ ਵੱਧ ਸਮਾਂ ਲਗਦਾ ਹੈ ਤਾਂ ਜੀਵਾਣੂਆਂ ਦੀ ਗਿਣਤੀ ਵਧ ਜਾਣ ਕਾਰਨ ਦੁੱਧ ਦਾ ਤੇਜ਼ਾਬੀਪਣ ਵਧ ਜਾਂਦਾ ਹੈ। ਇਸ ਨਾਲ ਇਹ ਪ੍ਰਾਸੈਸਿੰਗ ਲਈ ਅਯੋਗ ਹੋ ਜਾਂਦਾ ਹੈ। ਕਾਰਬੋਨੇਟਸ, ਬਾਈਕਾਰਬੋਨੇਟਸ ਅਤੇ ਅਲਕਾਲਿਸ ਵਰਗੇ ਖਾਰ ਜ਼ਿਆਦਾਤਰ ਦੁੱਧ ਵਿੱਚ ਵਿਕਸਤ ਤੇਜ਼ਾਬੀਪਣ ਅਤੇ ਕੌੜੇ ਸੁਆਦ ਨੂੰ ਘਟਾਉਣ ਲਈ ਲਈ ਵਰਤੇ ਜਾਂਦੇ ਹਨ। ਇਹ ਖਾਰ ਸਰੀਰ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹੁੰਦੇ ਹਨ ਅਤੇ ਕਾਨੂੰਨ ਦੇ ਅਧੀਨ ਮਨਜ਼ੂਰ ਨਹੀਂ ਹਨ। ਇਹ ਖਾਰ ਦਸਤ, ਉਲਟੀਆਂ, ਪੇਟ ਦਰਦ ਆਦਿ ਦਾ ਕਾਰਨ ਬਣ ਸਕਦੇ ਹਨ।
ਦੁੱਧ ਦੇ ਗੁਣਾਂ ’ਤੇ ਮਿਲਾਵਟ ਦੇ ਪ੍ਰਭਾਵ ਅਤੇ ਪਤਾ ਲਗਾਉਣ ਦੇ ਤਰੀਕੇ:

ਪਾਣੀ ਦੀ ਪਰਖ:

ਇੱਕ ਕੱਚ ਦਾ ਟੁਕੜਾ ਲਵੋ, ਉਸ ਉੱਪਰ ਇੱਕ ਬੂੰਦ ਦੁੱਧ ਦੀ ਸੁੱਟੋ ਅਤੇ ਕੱਚ ਦੇ ਟੁਕੜੇ ਨੂੰ ਇੱਕ ਤਰਫ਼ੋਂ ਥੋੜ੍ਹਾ ਜਿਹਾ ਉੱਪਰ ਚੁੱਕੋ ਸ਼ੁੱਧ ਦੁੱਧ ਹੌਲੀ-ਹੌਲੀ ਅੱਗੇ ਵਧੇਗਾ ਅਤੇ ਪਿੱਛੇ ਸਫੇਦ ਰੰਗ ਦੀ ਪੂਛ ਬਣਾਵੇਗਾ ਪਰ ਮਿਲਾਵਟੀ ਦੁੱਧ ਬਿਨਾ ਨਿਸ਼ਾਨ ਛੱਡੇ ਤੇਜ਼ ਅੱਗੇ ਵਧੇਗਾ।

ਸਟਾਰਚ ਦੀ ਪਰਖ:

ਪੰਜ ਮਿਲੀਲੀਟਰ ਦੁੱਧ ਵਿੱਚ ਦੋ ਚਮਚ ਨਮਕ (ਆਇਓਡੀਨ) ਪਾਓ। ਜੇ ਇਹ ਨੀਲਾ ਹੋ ਜਾਵੇ ਤਾਂ ਸਟਾਰਚ ਦੀ ਮਿਲਾਵਟ ਦਾ ਪ੍ਰਮਾਣ ਹੈ।

ਡਿਟਰਜੈਂਟ ਦੀ ਪਰਖ:

10 ਮਿਲੀਲੀਟਰ ਦੁੱਧ ਦਾ ਨਮੂਨਾ ਲਓ ਅਤੇ ਇਸ ਵਿੱਚ ਬਰਾਬਰ ਮਾਤਰਾ ਵਿੱਚ ਪਾਣੀ ਪਾਓ। ਝੱਗ ਦਾ ਉਤਪਾਦਨ ਡਿਟਰਜੈਂਟ ਨਾਲ ਦੁੱਧ ਦੀ ਮਿਲਾਵਟ ਨੂੰ ਦਰਸਾਉਂਦਾ ਹੈ।

ਯੂਰੀਆ ਦੀ ਪਰਖ:

ਦੁੱਧ ਦਾ ਨਮੂਨਾ ਲਓ ਅਤੇ ਉਸ ਵਿੱਚ ਸੋਇਆਬੀਨ ਪਾਊਡਰ ਮਿਲਾਓ। ਟੈਸਟ ਟਿਊਬ ਨੂੰ ਹਿਲਾ ਕੇ ਸਮੱਗਰੀ ਨੂੰ ਮਿਲਾਓ ਲਗਪਗ 5 ਮਿੰਟ ਬਾਅਦ ਨਮੂਨੇ ਵਿੱਚ ਇੱਕ ਲਾਲ ਲਿਟਮਸ ਪੇਪਰ ਡੁਬੋ ਦਿਓ। 30 ਸਕਿੰਟਾਂ ਬਾਅਦ ਕਾਗਜ਼ ਨੂੰ ਹਟਾਓ ਅਤੇ ਰੰਗ ਵਿੱਚ ਕਿਸੇ ਵੀ ਤਬਦੀਲੀ ਲਈ ਦੇਖੋ ਜੇ ਰੰਗ ਲਾਲ ਤੋਂ ਨੀਲਾ ਹੋ ਜਾਵੇ ਤਾਂ ਦੁੱਧ ਦੇ ਨਮੂਨੇ ਵਿੱਚ ਯੂਰੀਆ ਦੀ ਮਿਲਾਵਟ ਨੂੰ ਦਰਸਾਉਂਦਾ ਹੈ।

ਗੁਲੂਕੋਜ਼ ਦੀ ਪਰਖ:

ਡਾਇਸੇਟਿਕ ਦੀ ਇੱਕ ਪੱਟੀ ਲਓ ਅਤੇ ਇਸ ਨੂੰ ਦੁੱਧ ਦੇ ਨਮੂਨੇ ਵਿੱਚ 30 ਸਕਿੰਟਾਂ ਲਈ ਡੁਬੋ ਦਿਓ ਜੇ ਪੱਟੀ ਦਾ ਰੰਗ ਬਦਲਦਾ ਹੈ ਤਾਂ ਦੁੱਧ ਵਿੱਚ ਗੁਲੂਕੋਜ਼ ਦੀ ਮਿਲਾਵਟ ਦਾ ਪ੍ਰਮਾਣ ਹੈ।

ਫਾਰਮਲਿਨ ਦੀ ਪਰਖ:

ਇੱਕ ਟੈਸਟ ਟਿਊਬ ਵਿੱਚ ਲਗਪਗ 10 ਮਿਲੀਲਿਟਰ ਦੁੱਧ ਦਾ ਨਮੂਨਾ ਲਓ ਅਤੇ ਇਸ ਵਿੱਚ ਥੋੜ੍ਹੀ ਮਾਤਰਾ ਵਿੱਚ ਫੇਰਿਕ ਕਲੋਰਾਈਡ ਦੇ ਨਾਲ ਪੰਜ ਮਿਲੀਲਿਟਰ ਸੰਘਣਾ ਸਲਫਿਊਰਿਕ ਐਸਿਡ ਪਾਓ ਜਾਮਨੀ ਜਾਂ ਨੀਲੇ ਰੰਗ ਦਾ ਬਣਨਾ ਦੁੱਧ ਦੇ ਨਮੂਨੇ ਵਿੱਚ ਫਾਰਮਲਿਨ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ।

ਹਾਈਡ੍ਰੋਜਨ ਪਰਆਕਸਾਈਡ ਦੀ ਪਰਖ:

ਇੱਕ ਟੈਸਟ ਟਿਊਬ ਵਿੱਚ ਲਗਪਗ 1 ਮਿਲੀਲਿਟਰ ਦੁੱਧ ਦਾ ਨਮੂਨਾ ਲਓ ਅਤੇ 1 ਮਿਲੀਲਿਟਰ ਪੋਟਾਸ਼ੀਅਮ ਆਇਓਡਾਈਡ ਸਟਾਰਚ ਰੀਐਜੈਂਟ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਜੇ ਨੀਲਾ ਰੰਗ ਦਿਖਾਈ ਦਿੰਦਾ ਹੈ ਤਾਂ ਦੁੱਧ ਦੇ ਨਮੂਨੇ ਵਿੱਚ ਹਾਈਡ੍ਰੋਜਨ ਪਰਆਕਸਾਈਡ ਦੀ ਮਿਲਾਵਟ ਹੁੰਦੀ ਹੈ।

ਖਾਰ ਦੀ ਪਰਖ:

ਇੱਕ ਟੈਸਟ ਟਿਊਬ ਵਿੱਚ ਪੰਜ ਮਿਲੀਲਿਟਰ ਦੁੱਧ ਦਾ ਨਮੂਨਾ ਲਓ ਅਤੇ ਇਸ ਵਿੱਚ ਪੰਜ ਮਿਲੀਲਿਟਰ ਅਲਕੋਹਲ ਪਾਓ ਅਤੇ ਇਸ ਤੋਂ ਬਾਅਦ ਰੋਜ਼ਾਲਿਕ ਐਸਿਡ ਦੀਆਂ 4-5 ਬੂੰਦਾਂ ਪਾਓ ਜੇ ਦੁੱਧ ਦਾ ਰੰਗ ਲਾਲ ਹੋ ਜਾਂਦਾ ਹੈ ਤਾਂ ਦੁੱਧ ਵਿੱਚ ਬਾਈਕਾਰਬੋਨੇਟਸ ਦੀ ਮੌਜੂਦਗੀ ਹੁੰਦੀ ਹੈ।
ਦੁੱਧ ਦੀ ਮਿਲਾਵਟ ਨੂੰ ਪਰਖਣ ਲਈ ਕਿੱਟ ਦੀ ਵਰਤੋਂ ਕਰ ਕੇ: ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਡੇਅਰੀ ਸਾਇੰਸਜ਼ ਐਂਡ ਤਕਨਾਲੋਜੀ ਤੋਂ ਦੁੱਧ ਦੀ ਮਿਲਾਵਟ ਨੂੰ ਪਰਖਣ ਲਈ ਕਿਟ ਮਿਲਦੀ ਹੈ।
*ਪੀਏਯੂ, ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ।

Advertisement