ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਦਾ ਕੱਲ੍ਹ ਕਿਵੇਂ ਪੜ੍ਹੀਏ?

06:16 AM Jun 29, 2024 IST

ਸੁੱਚਾ ਸਿੰਘ ਖੱਟੜਾ
Advertisement

ਐਤਕੀਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਬਹੁਤ ਘਟਿਆ ਹੈ। ਸ਼੍ਰੋਮਣੀ ਅਕਾਲੀ ਪਾਟੋ-ਧਾੜ ਦਾ ਸ਼ਿਕਾਰ ਹੈ। ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ ਹੈਰਾਨੀਜਨਕ ਹੱਦ ਤੱਕ ਵਧਿਆ ਹੈ। ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਕ੍ਰਮਵਾਰ ਖਡੂਰ ਸਾਹਿਬ ਅਤੇ ਫਰੀਦਕੋਟ ਲੋਕ ਸਭਾ ਹਲਕਿਆਂ ਤੋਂ ਜਿੱਤ ਚੁੱਕੇ ਹਨ। ਕਾਂਗਰਸ ਪਾਰਟੀ ਲੋਕ ਸਭਾ ਸੀਟਾਂ ਤਾਂ ਭਾਵੇਂ ਸੱਤ ਜਿੱਤ ਗਈ ਹੈ ਪਰ ਇਸ ਦਾ ਇਤਿਹਾਸ ਰਿਹਾ ਹੈ ਕਿ ਪੰਜਾਬ ਵਿੱਚ ਜਦੋਂ ਜਦੋਂ ਹਨੇਰੀ ਝੁੱਲੀ, ਇਹ ਪਾਰਟੀ ਝਾੜੀਆਂ ਉਹਲੇ ਲੁਕਦੀ ਵਕਤ ਕੱਟਦੀ ਰਹੀ ਹੈ। ਸੜਕਾਂ ਉੱਤੇ ਆ ਕੇ ਹਾਲਾਤ ਵਿਰੁੱਧ ਲੋਕਾਂ ਨੂੰ ਲਾਮਬੰਦ ਨਹੀਂਂ ਕਰਦੀ। ਕਮਿਊਨਿਸਟ ਪੰਜਾਬ ਦੀ ਸਿਆਸਤ ਵਿੱਚ ਕਿੰਨੀ ਦੇਰ ਤੋਂ ਹਾਸ਼ੀਏ ਉੱਤੇ ਸਨ, ਹੁਣ ਹਾਸ਼ੀਏ ਤੋਂ ਵੀ ਬਾਹਰ ਹੋ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਬਾਦੀ ਦੇ ਵੱਡੇ ਹਿੱਸੇ ਤੋਂ ਚੁਣ ਕੇ ਆਉਂਦੀ ਹੈ। ਇਹ ਭਾਵੇਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਹੈ, ਤਾਂ ਵੀ ਆਪਣੀਆਂ ਵਿਦਿਅਕ ਸੰਸਥਾਵਾਂ ਅਤੇ ਧਰਮ ਪ੍ਰਚਾਰ ਵਿੰਗ ਰਾਹੀਂ ਲੋਕਾਂ ਵਿੱਚ ਗੁਰਬਾਣੀ ਦੇ ਆਸ਼ੇ ਅਨੁਸਾਰ ਮਾਨਵ ਏਕਤਾ ਤੇ ਆਪਸੀ ਪਿਆਰ ਨਾਲ ਨਫਰਤੀ ਅੱਗ ਉੱਠਣ ਦੀ ਨੌਬਤ ਨੂੰ ਰੋਕ ਸਕਦੀ ਹੈ। ਉਂਝ, ਇਹ ਆਪਣੇ ਕੇਂਦਰ ਤੋਂ ਧੁਰ ਹੇਠਾਂ ਮੈਂਬਰਾਂ ਤੱਕ ਮੌਕਾਪ੍ਰਸਤੀ ਦਿਖਾਉਂਦੀ ਰਹੀ ਹੈ। ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਿੱਚ ਸਰਕਾਰ ਬਣ ਗਈ ਹੈ। ਪੰਜਾਬ ਦੇ ਗਰਮ ਖਿਆਲੀਆਂ ਤੋਂ ਕੀ ਕਰਾਵਾਏਗੀ? ਇਹ ਚੌਖਟਾ ਹੈ ਜਿਸ ਵਿੱਚ ਪੰਜਾਬ ਦਾ ਭਵਿੱਖ ਪੜ੍ਹਿਆ ਜਾਣਾ ਹੈ।
ਆਮ ਨਾਗਰਿਕਾਂ ਵਾਂਗ ਪਹਿਲਾਂ ਤੋਂ ਇਸ ਮੱਤ ਦੇ ਹਾਂ ਕਿ ਸਿੱਖ ਆਜ਼ਾਦੀ ਤੋਂ ਪਹਿਲਾਂ ਮੁਲਕ ਦੇ ਵੱਖ-ਵੱਖ ਭਾਗਾਂ ਵਿੱਚ ਵਸੇ ਹਨ। ਪੰਜ ਵਿੱਚੋਂ ਜਾਂ ਚਾਰ ਤਖਤਾਂ ਵਿੱਚੋਂ ਦੋ ਪੰਜਾਬ ਤੋਂ ਬਾਹਰ, ਦੂਜੇ ਹਿੱਸਿਆਂ ਵਿੱਚ ਹਨ। ਸ੍ਰੀ ਗੁਰੂ ਨਾਨਕ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਤੋਂ ਬਾਹਰ ਦੂਰ-ਦੂਰ ਤੱਕ ਗੁਰਬਾਣੀ ਦਾ ਸੁਨੇਹਾ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਭਗਤਾਂ ਦੀ ਬਾਣੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵਿੱਚ ਸ਼ਹੀਦੀ ਪੰਜਾਬ ਦੇ ਮਸਲੇ ਲਈ ਨਹੀਂ, ਕਸ਼ਮੀਰ ਦੇ ਪੰਡਤਾਂ ਦੀ ਧਾਰਮਿਕ ਆਜ਼ਾਦੀ ਲਈ ਦਿੱਤੀ ਸੀ। ਪੰਜਾਬ ਦੇ ਲੋਕ ਵਿਸ਼ੇਸ਼ ਕਰ ਕੇ ਸਿੱਖ, ਭਾਰਤ ਨਾਲ ਨਹੁੰ ਮਾਸ ਵਾਂਗ ਜੁੜੇ ਹਨ।
ਅੰਮ੍ਰਿਤਪਾਲ ਸਿੰਘ ਦੇ ਸ਼ਬਦ ਕਿ ਅਮਿਤ ਸ਼ਾਹ (ਮੁਲਕ ਦੇ ਗ੍ਰਹਿ ਮੰਤਰੀ) ਜੇ ਮੁਲਕ ਨੂੰ ਧਰਮ ਨਿਰਪੱਖ ਤੋਂ ਹਿੰਦੂ ਬਣਾਉਣਾ ਚਾਹੁੰਦਾ ਹੈ ਤਾਂ ਬਣਾ ਲਵੇ ਪਰ ਸਾਨੂੰ ਖ਼ਾਲਿਸਤਾਨ ਦੇ ਦੇਵੇ। ਇਹ ਸਾਧਾਰਨ ਸ਼ਬਦ ਨਹੀਂ। ਖ਼ਾਲਿਸਤਾਨ ਤਾਂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਮੰਗ ਵੀ ਨਹੀਂ ਸੀ। ਉਹਦੀ ਜਦੋਜਹਿਦ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਖ਼ੁਦਮੁਖ਼ਤਾਰੀ ਲਈ ਸੀ ਪਰ ਇਸ ਮੰਗ ਦੀ ਪ੍ਰਾਪਤੀ ਲਈ ਉਹਦਾ ਰਾਹ, ਰਾਹ ਦਾ ਸਫਰ ਤੇ ਤਤਕਾਲੀ ਅਤੇ ਪੰਜਾਬ ਨੂੰ ਹਮੇਸ਼ਾ ਲਈ ਭੁਗਤਣੇ ਪੈ ਰਹੇ ਸਿੱਟੇ ਸਭ ਦੇ ਸਾਹਮਣੇ ਹਨ। ਬਿਨਾਂ ਸ਼ੱਕ ਪੰਜਾਬ ਦੇ ਹਿੰਦੂ ਭਾਈਚਾਰੇ ਨੇ ਸ਼ੁਰੂ-ਸ਼ੁਰੂ ਵਿੱਚ ਪੰਜਾਬੀ ਭਾਸ਼ਾ, ਪੰਜਾਬੀ ਸੂਬਾ, ਪੰਜਾਬ ਦੇ ਪਾਣੀਆਂ ਆਦਿ ਮੁੱਦਿਆਂ ਉੱਤੇ ਅਲੱਗ ਰਾਏ ਰੱਖੀ ਪਰ ਇਹ ਸ਼ਰਾਰਤ ਜਨਸੰਘ ਦੀ ਸੀ। ਪ੍ਰਚਾਰ ਤੇ ਚਰਚਾਵਾਂ ਨਾਲ ਇਸ ਨੂੰ ਬੇਪਰਦ ਕਰਨਾ ਬਣਦਾ ਸੀ। ਉਂਝ, ਸਿਆਸੀ ਆਗੂਆਂ ਦੀ ਨਲਾਇਕੀ ਤੇ ਬੇਈਮਾਨੀ ਅੱਜ ਬੇਪਰਦ ਹੈ। ਜਦੋਂ ਪੰਜਾਬੀ ਭਾਸ਼ਾ ਸਕੂਲਾਂ ਵਿੱਚ ਹਿੰਦੂ, ਸਿੱਖ ਸਭ ਪੜ੍ਹ ਰਹੇ ਹਨ, ਦਫਤਰੀ ਭਾਸ਼ਾ ਸਭ ਨੂੰ ਮਨਜ਼ੂਰ ਹੈ, ਚਾਹੇ ਅਧੂਰਾ ਹੈ ਪਰ ਭਾਸ਼ਾ ਆਧਾਰਿਤ ਬਣਿਆ ਪੰਜਾਬ ਸਭ ਨੰ ਪ੍ਰਵਾਨ ਹੈ।
ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਵਲੋਂ ਖਾਲਿਸਤਾਨ ਕੋਈ ਐਲਾਨਿਆ ਮੁੱਦਾ ਨਹੀਂ ਸੀ ਪਰ ਜਿਨ੍ਹਾਂ ਨੇ ਇਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੈ, ਉਨ੍ਹਾਂ ਦੇ ਅਚੇਤ ਮਨਾਂ ਅੰਦਰ ਅਨੇਕ ਦਰਦ, ਸ਼ਿਕਾਇਤਾਂ, ਮੁੱਦੇ ਉਨ੍ਹਾਂ ਦੇ ਹੱਲ; ਹੋਰ ਪਤਾ ਨਹੀਂ ਕੀ ਕੁਝ ਢੱਕਿਆ ਪਿਆ ਹੈ। ਇਹ ਜੋ ਵੀ ਢਕਿਆ ਪਿਆ ਹੈ, ਇਸ ਵਿਚਲੀਆਂ ਮਿਥਾਂ ਅਤੇ ਗਲਤਫਹਿਮੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ, ਬੁੱਧੀਜੀਵੀਆਂ, ਧਾਰਮਿਕ ਹਸਤੀਆਂ ਨੂੰ ਦੂਰ ਕਰ ਲੈਣੀਆਂ ਚਾਹੀਦੀਆਂ ਸਨ। ਅਕਾਲੀਆਂ, ਕਾਂਗਰਸੀਆਂ, ਆਮ ਪਾਰਟੀ ਪਾਰਟੀ, ਸਭ ਨੂੰ ਚੋਣਾਂ ਦੌਰਾਨ ਮਿਲੇ ਸਮਰਥਨ ਤੋਂ ਸਬਕ ਲੈ ਲੈਣਾ ਚਾਹੀਦਾ ਹੈ।
ਸੰਤ ਭਿੰਡਰਾਂਵਾਲੇ ਨੇ ਮੰਗਾਂ ਦੀ ਪ੍ਰਾਪਤੀ ਲਈ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਨੂੰ ਆਪਣਾ ਠਿਕਾਣਾ ਬਣਾਇਆ। 5 ਅਕਤੂਬਰ 1983 ਨੂੰ ਅੰਮ੍ਰਿਤਸਰ ਦੇ ਦਰਸ਼ਨ ਕਰ ਕੇ ਵਾਪਿਸ ਦਿੱਲੀ ਪਰਤ ਰਹੇ ਹਿੰਦੂ ਸ਼ਰਧਾਲੂਆਂ ਦੀ ਬੱਸ ਵਾਲੀ ਘਟਨਾ ਵਾਪਰ ਗਈ। ਬੱਸ ਨੂੰ ਰਾਤੀਂ ਸਾਢੇ ਦਸ ਵਜੇ ਕਪੂਰਥਲਾ ਦੇ ਪਿੰਡ ਢਿਲਵਾਂ ਲਾਗੇ ਲਿੰਕ ਰੋਡ ’ਤੇ ਲਿਜਾ ਕੇ ਛੇ ਨੂੰ ਬਾਹਰ ਕੱਢ ਕੇ ਗੋਲੀ ਮਾਰ ਦਿੱਤੀ ਗਈ। ਇਸ ਦੀ ਵਿਆਖਿਆ ਇਹ ਹੋਈ ਕਿ ਪ੍ਰਧਾਨ ਮੰਤਰੀ ਨੂੰ ਮੰਗਾਂ ਮੰਨਣ ਦਾ ਸੁਨੇਹਾ ਦਿੱਤਾ ਗਿਆ ਹੈ। ਸੋਚਣਾ ਚਾਹੀਦਾ ਸੀ ਕਿ ਉਹ ਪ੍ਰਧਾਨ ਮੰਤਰੀ ਦੇ ਪਰਿਵਾਰਕ ਜੀਅ ਨਹੀਂ ਸਨ। ਇਉਂ ਸੁਨੇਹਾ ਪ੍ਰਧਾਨ ਮੰਤਰੀ ਨੂੰ ਨਹੀਂ, ਹਿੰਦੂ ਭਾਈਚਾਰੇ ਨੂੰ ਜ਼ਰੂਰ ਚਲਾ ਗਿਆ। ਉੱਘੇ ਪੱਤਰਕਾਰ ਜਗਤਾਰ ਸਿੰਘ ਨੇ ਗ੍ਰਹਿ ਵਿਭਾਗ ਦੇ ਹਵਾਲੇ ਨਾਲ ਅੰਕੜੇ ਦਿੱਤੇ ਹਨ ਕਿ 1981-91 ਵਿਚਕਾਰ 3871 ਹਿੰਦੂ ਅਤੇ 6177 ਸਿੱਖ ਮਾਰੇ ਗਏ। ਸਾਡਾ ਮੱਤ ਹੈ ਕਿ ਇਨ੍ਹਾਂ ਹਿੰਦੂਆਂ ਵਿੱਚੋਂ ਬਹੁਤੇ 21 ਅਪਰੈਲ 1986 ਨੂੰ ਖ਼ਾਲਿਸਤਾਨ ਦੇ ਐਲਾਨ ਤੋਂ ਬਾਅਦ ਖਾੜਕੂਆਂ ਨੇ ਮਾਰੇ ਅਤੇ ਸਿੱਖ, ਖਾੜਕੂਆਂ ਦੇ ਨਾਂ ਅਧੀਨ ਪੁਲੀਸ ਨੇ ਮਾਰੇ। ਇੱਕ ਧਿਰ ਨੇ ਹਿੰਦੂਆਂ ਨੂੰ ਕੇਂਦਰ ਸਰਕਾਰ ਦੇ ਪ੍ਰਤੀਕ ਮੰਨ ਲਿਆ ਹੋਇਆ ਸੀ। ਇਸ ਸਭ ਕੁਝ ਦੇ ਬਾਵਜੂਦ ਪੰਜਾਬ ਵਿੱਚ ਹਿੰਦੂ ਸਿੱਖ ਦਾ ਮਸਲਾ ਨਹੀਂ ਬਣਿਆ ਪਰ ਇਹ ਦਿੱਲੀ ਤੋਂ ਬਿਹਾਰ ਤਕ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਲਾਵੇ ਦੇ ਰੂਪ ਵਿੱਚ ਬਾਹਰ ਆ ਗਿਆ। ਪੰਜਾਬ ਵਿੱਚ ਹਿੰਦੂਆਂ ਨੂੰ ਮਾਰਨ ਵਾਲੇ ਦਿੱਲੀ ਵਿੱਚ ਸਿੱਖਾਂ ਨੂੰ ਬਚਾਉਣ ਲਈ ਕੋਈ ਨਾ ਗਿਆ। ਸਿੱਖ ਪੰਥ ਦੇ ਬੁਧੀਜੀਵੀਆਂ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਦੇਸ਼ ਤੇ ਆਲਮੀ ਚੌਖਟੇ ਵਿੱਚ ਇਸ ਕਤਲੋਗਾਰਤ ਦੇ ਸਹੀ ਜਾਂ ਗ਼ਲਤ ਹੋਣ ਦਾ ਫ਼ੈਸਲਾ ਕਰ ਦੇਣਾ ਚਾਹੀਦਾ ਹੈ; ਪੰਜਾਬ ਤੇ ਪੰਜਾਬੋਂ ਬਾਹਰ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਤੱਕ ਫ਼ੈਸਲਾ ਪਹੁੰਚਾ ਦੇਣਾ ਚਾਹੀਦਾ ਹੈ।
ਹਾਲਤ ਬੜੀ ਅਸਥਿਰ ਅਤੇ ਚਿੰਤਾਜਨਕ ਹੈ। ਹਰ ਕੋਈ ਇਸ ਹਾਲਤ ਵਿੱਚੋਂ ਰਾਜਸੀ ਲਾਹਾ ਖੱਟਣ ਨੂੰ ਕਾਹਲਾ ਹੈ। ਮੌਜੂਦਾ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਉੱਤੇ ਲੱਗਿਆ ਐੱਨਐੱਸਏ ਇਕ ਸਾਲ ਹੋਰ ਵਧਾ ਦਿੱਤਾ ਹੈ ਜਿਸ ਦਾ ਅਰਥ ਹੈ ਕਿ ਵਿਚਾਰਧਾਰਕ ਮੋਰਚੇ ਉੱਤੇ ਇਹ ਸਰਕਾਰ ਕੁਝ ਨਹੀਂ ਕਰੇਗੀ। ਪ੍ਰੇਮ ਸਿੰਘ ਚੰਦੂਮਾਜਰਾ ਸ੍ਰੀ ਆਨੰਦਪੁਰ ਸਾਹਿਬ ਮਤੇ ਦੀ ਪ੍ਰਾਪਤੀ ਅਤੇ ਹੋਰ ਸਿੱਖ ਮਸਲਿਆਂ ਉੱਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮਾਰਚ ਕੱਢਣਗੇ। ਅਸੀਂ ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਮਾਰਚ ਉਹੀ ਸਫਲ ਹੋਵੇਗਾ ਜਿਸ ਵਿੱਚ ਲੋਕਾਂ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਦੇ ਮੁੱਦੇ ਸ਼ਾਮਿਲ ਹੋਣਗੇ। ਕਿਸੇ ਇਕ ਫਿਰਕੇ ਦਾ ਆਗੂ ਬਣ ਕੇ ਉਭਰਨ ਦਾ ਭਰਮ ਨਹੀਂ ਪਾਲਣਾ ਚਾਹੀਦਾ। ਭਾਜਪਾ ਦੇ ਅਜਿਹੇ ਸਾਰੇ ਹੱਥ ਕੰਡੇ ਅਤੇ ਏਜੰਡੇ ਲੋਕਾਂ ਨੇ ਅਪ੍ਰਵਾਨ ਕਰ ਦਿੱਤੇ ਹਨ। ਸਿੱਖਣਾ ਚਾਹੀਦਾ ਹੈ।
ਅਸੀਂ ਪੰਜਾਬੀਆਂ ਨੂੰ ਅਪੀਲ ਕਰਾਂਗੇ ਕਿ ਉਨ੍ਹਾਂ ਪਹਿਲਕਦਮੀਆਂ ਲੈ ਕੇ ਪੰਜਾਬ ਅੰਦਰ ਹਿੰਦੂ ਸਿੱਖ ਏਕਤਾ ਨੂੰ ਭੜਕਾਹਟਾਂ ਦੇ ਹਵਾਲੇ ਹੋਣ ਤੋਂ ਹਰ ਹਾਲ ਬਚਾਉਣਾ ਹੈ। ਭਾਰਤੀ ਜਨਤਾ ਪਾਰਟੀ ਨੂੰ ਪੰਜਾਬੀਆਂ ਦੀਆਂ ਪਈਆਂ ਵੋਟਾਂ ਤੋਂ ਆਰਐੱਸਐੱਸ ਗਲਤ ਅਰਥ ਕੱਢੇਗੀ। ਹਿੰਦੂ ਰਾਸ਼ਟਰ ਦਾ ਸਰੂਪ ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦੇਵੇਗਾ। ਜੇ ਪੰਜਾਬ ਅੰਦਰ ਅੱਸੀਵਿਆਂ ਦੇ ਵਰਤਾਰੇ ਦੇ ਅੰਸ਼ ਭਰ ਨੇ ਵੀ ਸਿਰ ਚੁੱਕਿਆ ਤਾਂ ਪਹਿਲਾਂ ਤੋਂ ਵੱਡਾ ਨੁਕਸਾਨ ਹੋਵੇਗਾ। ਪੰਜਾਬ ਦਾ ਕੱਲ੍ਹ ਪੜ੍ਹਨ ਲਈ ਹੇਠ ਲਿਖੇ ਹਾਲਾਤ ਨੂੰ ਵੀ ਜੋੜ ਲਿਆ ਜਾਵੇ। ਸੁਖਬੀਰ ਸਿੰਘ ਬਾਦਲ ਨੇ ਜਿਸ ਅੰਮ੍ਰਿਤਪਾਲ ਸਿੰਘ ਵਿਰੁੱਧ ਮਹੀਨਾ ਪਹਿਲਾਂ ਲੋਕ ਸਭਾ ਚੋਣ ਲੜੀ ਸੀ, ਉਸੇ ਨੂੰ ਰਿਹਾਅ ਕਰਵਾਉਣ ਦਾ ਏਜੰਡਾ ਚੁੱਕ ਲਿਆ ਹੈ। ਪੰਜਾਬ ਲਈ ਲੋੜੀਂਦੇ ਏਜੰਡੇ ਤੈਅ ਕਰਨ ਤੋਂ ਦੂਰ ਅਕਾਲੀ ਕਦੇ ਲੀਡਰਸਿ਼ਪ ਦਾ ਮਸਲਾ ਸੁਲਝਾਉਣ ਬੈਠ ਜਾਂਦੇ ਹਨ, ਕਦੇ ਭਾਜਪਾ ਨਾਲ ਮੁੜ ਸਾਂਝ ਭਿਆਲੀ ’ਤੇ ਵਿਚਾਰ ਪ੍ਰਗਟ ਕਰਨ ਲੱਗ ਜਾਂਦੇ ਹਨ। ਪੰਜਾਬ ਨੂੰ ਅੱਜ ਲੋੜ ਭਾਜਪਾ ਨੂੰ ਸਿਫਰ ਤਕ ਹੇਠਾਂ ਲਿਆਉਣ ਦੀ, ਇਸ ਦੇ ਹਿੰਦੂਤਵੀ ਏਜੰਡੇ ਨੂੰ ਪੰਜਾਬੀਆਂ ਸਾਹਮਣੇ ਲਿਆਉਣਾ ਬਣਦਾ ਹੈ; ਨਾਲ ਹੀ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉਣ ਵਾਲੇ ਵੋਟਰਾਂ ਵਿੱਚ ਖ਼ਾਲਿਸਤਾਨ ਪ੍ਰਤੀ ਭ੍ਰਮਤ ਮੋਹ ਕੱਢਣ ਦਾ ਹੈ। ਯਾਦ ਰੱਖੀਏ, ਪੰਜਾਬ ਦੀ ਅੱਜ ਦੀ ਭਾਜਪਾ ਹੁਣ ਪੰਜਾਬ ਵਿੱਚ ਗੱਠਜੋੜ ਸਮਿਆਂ ਦੀ ਭਾਜਪਾ ਨਹੀਂ ਰਹੇਗੀ ਸਗੋਂ ਇਹ ਕੇਂਦਰੀ ਭਾਜਪਾ ਦੇ ਇਸ਼ਾਰੇ ਉੱਤੇ ਅੱਗੇ ਵਧੇਗੀ। ਇਨ੍ਹਾਂ ਹਾਲਾਤ ਵਿੱਚ ਪੰਜਾਬੀਆਂ ਨੂੰ ਜਾਗ੍ਰਿਤ ਅਤੇ ਚੌਕਸ ਕਰਦੇ ਰਹਿਣ ਦੀ ਲੋੜ ਹੈ।
ਸੰਪਰਕ: 94176-52947

Advertisement
Advertisement
Advertisement