For the best experience, open
https://m.punjabitribuneonline.com
on your mobile browser.
Advertisement

ਜਲ ਸੋਮਿਆਂ ਦੀ ਭਰਪਾਈ ਕਿਵੇਂ ਹੋਵੇ

06:11 AM Jun 25, 2024 IST
ਜਲ ਸੋਮਿਆਂ ਦੀ ਭਰਪਾਈ ਕਿਵੇਂ ਹੋਵੇ
Advertisement

ਵਿਜੈ ਬੰਬੇਲੀ

Advertisement

ਭਾਰਤੀ ਦਰਸ਼ਨ ਵਿਚ ਪਾਣੀ ਨੂੰ ਪ੍ਰਾਣ ਤੱਤ ਕਿਹਾ ਗਿਆ ਹੈ; ਅਰਥਾਤ, ਜ਼ਿੰਦਗੀ ਦੀ ਵਿਰਾਸਤ। ਪਾ: ਪ੍ਰਾਣ ਅਤੇ ਣੀ: ਤੱਤ। ਪਾਣੀ 100 ਫੀਸਦੀ ਕੁਦਰਤੀ ਤੋਹਫਾ ਹੈ ਜਿਹੜਾ ਆਮ ਕਰ ਕੇ ਮੁਫਤ ਪ੍ਰਾਪਤ ਹੁੰਦਾ ਹੈ। ਇਸੇ ਕਾਰਨ ਅਸੀਂ ਖਾਸ ਕਰ ਕੇ ਭਾਰਤੀ, ਇਸ ਦੀ ਕਦਰ ਨਹੀਂ ਕਰਦੇ। ਜਿਥੇ ਸਾਡੀ ਜਲ ਜਾਇਦਾਦ ਅਥਾਹ ਹੈ, ਉਥੇ ਜਲ ਕਦਰ ਬਿੱਲਕੁਲ ਨਹੀਂ। ਫਿਰ ਵੀ ਮੁਲਕ ਵਿਚ ਕਈ ਖਿੱਤੇ ਅਜਿਹੇ ਹਨ ਜਿਥੇ ਕਈ ਕਾਰਨਾਂ ਕਰ ਕੇ ਸਦੀਵੀ ਜਲ ਸੰਕਟ ਹੈ। ਸਿਰਫ ਉਹੀ ਇਸ ਦੀ ਖਾਸ ਕਰ ਕੇ ਮਿੱਠੇ ਪਾਣੀ ਦੀ, ਅਹਿਮੀਅਤ ਜਾਣਦੇ ਹਨ। ਸਾਡੇ ਚਾਰ ਚੁਫੇਰੇ ਦਿਸਦਾ-ਅਣਦਿਸਦਾ ਪਾਣੀ ਅਜਿਹਾ ਨਹੀਂ ਕਿ ਸਾਰੇ ਦਾ ਸਾਰਾ ਸਾਡੇ ਕੰਮ ਆ ਜਾਵੇ।
ਜਲ ਵਿਗਿਆਨ ਅਨੁਸਾਰ, ਕੁੱਲ ਬ੍ਰਹਿਮੰਡ ਵਿਚ 1.386 ਬਿਲੀਅਨ ਕਿਊਬਿਕ/ਘਣ ਕਿਲੋਮੀਟਰ ਪਾਣੀ ਹੈ ਜਿਸ ਵਿਚੋਂ ਪ੍ਰਿਥਵੀ ਉੱਤੇ ਅਤੇ ਪ੍ਰਿਥਵੀ ਵਿਚ ਕੋਈ 1.358 ਬਿਲੀਅਨ ਕਿਊਬਿਕ ਕਿਲੋਮੀਟਰ ਪਾਣੀ ਹੈ। ਧਰਤੀ ਦੀ ਸਤਹਿ ਦਾ ਕਰੀਬ ਪੌਣਾ ਭਾਗ (71%) ਪਾਣੀ ਨੇ ਮੱਲਿਆ ਹੋਇਆ ਹੈ। ਕੁੱਲ ਪਾਣੀ ਦਾ 97% ਹਿੱਸਾ ਸਮੁੰਦਰਾਂ ਵਿਚ ਹੈ ਜਿਹੜਾ ਨਮਕੀਨ ਅਤੇ ਉਲਟ ਤੱਤਾਂ ਵਾਲਾ ਹੈ। ਸ਼ਾਇਦ ਅਸੀਂ ਨਹੀਂ ਜਾਣਦੇ ਕਿ ਪੀਣ ਅਤੇ ਸਿੰਜਾਈ ਵਾਲੇ ਪਾਣੀ ਦੇ ਸੋਮਿਆਂ ਦੀ ਕੁੱਲ ਮਾਤਰਾ ਮਹਿਜ਼ 1.6% ਹੈ। ਕਈ ਕਾਰਨਾਂ ਕਰ ਕੇ ਇਸ ਉੱਤੇ ਵੀ ਸਾਡੀ ਪਹੁੰਚ ਸਵੱਲੀ ਨਹੀਂ। ਤੱਥਾਂ ਮੁਤਾਬਿਕ (ਕ੍ਰਮਵਾਰ ਹਿੱਸੇਦਾਰੀ ਅਨੁਸਾਰ) ਸਮੁੰਦਰ ਵਿਚ 97.2%, ਗਲੇਸ਼ੀਅਰ (ਬਰਫ) 2%, ਧਰਤੀ ਹੇਠ ਸਿਰਫ 00.62, ਮਿੱਠੀਆਂ ਝੀਲਾਂ 00.009, ਨਮਕੀਨ ਝੀਲਾਂ (ਸਾਗਰ) 00.008, ਵਾਯੂਮੰਡਲ ਵਿਚ 00.001% ਅਤੇ ਦਰਿਆਵਾਂ ਵਿਚ ਸਿਰਫ 00.0001% ਹੈ। ਸੌ ਫੀਸਦੀ ਜੋੜ ਦੀ ਬਜਾਇ ਇਸ ਦਾ ਕੁੱਲ ਜਮਾਂ ਜੋੜ 99.938% ਬਣਦਾ ਹੈ ਅਤੇ ਬਾਕੀ ਬਚਦੇ (ਹੋਰ ਸੋਮੇ) 00.062% ਨੂੰ ਵੀ ਅਸੀਂ ਵਰਤਣਯੋਗ ਪਾਣੀ ਵਿੱਚ ਸ਼ੁਮਾਰ ਕਰ ਸਕਦੇ ਹਾਂ। ਸੋ, ਧਰਤੀ ਹੇਠਲੇ (00.62%)+ਮਿੱਠੀਆਂ ਝੀਲਾਂ (00.009%)+ਦਰਿਆ (00.0001%) ਅਤੇ ਹੋਰ ਸੋਮਿਆਂ (00.062%) ਨੂੰ ਜੋੜ ਕੇ ਵਰਤਣ ਵਾਲਾ ਪਾਣੀ ਮਹਿਜ਼ 1.0% ਤੋਂ ਕੁਝ ਵੱਧ ਬਣਦਾ ਹੈ। ਇਸ ਬਾਰੇ ਚੌਕਸ ਕਰਨ ਦਾ ਮਕਸਦ ਇਹ ਹੈ ਕਿ ਧਰਤੀ ਦੀ ਕੁੱਲ 100% ਜਲ ਜਾਇਦਾਦ ਵਿਚੋਂ ਸਾਡਾ ਵਰਤੋਂ ਅਤੇ ਨਵਿਆਉਣ ਵਾਲਾ ਹਿੱਸਾ ਸਿਰਫ ਇੱਕ ਫੀਸਦੀ ਹੈ ਜਿਸ ਨੂੰ ਅਸੀਂ ਬੇਕਿਰਕ ਵਰਤਣਾ-ਹੂੰਝਣਾ ਸ਼ੁਰੂ ਕਰ ਦਿੱਤਾ ਹੋਇਆ ਹੈ।
ਜਲ ਮਾਹਿਰਾਂ ਮੁਤਾਬਿਕ ਕੁੱਲ ਜਲ ਜਾਇਦਾਦ ਦੀ ਜੋਖਵੀਂ ਮਿਣਤੀ ਸਮੁੰਦਰਾਂ ਵਿਚ 1317 ਲੱਖ ਕਿਊਬਿਕ ਕਿਲੋਮੀਟਰ (96%), ਧਰਤ ’ਤੇ ਅਤੇ ਧਰਤੀ ਵਿਚ 37 ਲੱਖ ਕਿਊਬਿਕ ਕਿਲੋਮੀਟਰ (3% ਠੋਸ ਤੇ ਤਰਲ), ਖਲਾਅ ਵਿਚ 4 ਲੱਖ ਕਿਊਬਿਕ ਕਿਲੋਮੀਟਰ (1% ਗੈਸ ਰੂਪ) ਹੈ। ਧਰਤੀ ਉਤਲੇ ਅਤੇ ਧਰਤੀ ਵਿਚਲੇ ਪਾਣੀ ਦੀ ਤਰਤੀਬਵਾਰ ਮਿਕਦਾਰ ਇਵੇਂ ਦੱਸੀ ਹੈ- ਠੋਸ (ਗਲੇਸ਼ੀਅਰ), ਧਰੁਵ, ਪਰਬਤੀ ਬਰਫ): 29 ਲੱਖ ਕਿਊਬਿਕ ਕਿਲੋਮੀਟਰ, ਤਰਲ (ਝੀਲਾਂ, ਨਦੀਆਂ, ਜ਼ਮੀਨਦੋਜ਼): 8 ਲੱਖ ਕਿਊਬਿਕ ਕਿਲੋਮੀਟਰ; ਸਮੁੰਦਰ ਤੇ ਖਲਾਅ (ਨਮੀ, ਤਰੇਲ, ਧੁੰਦ, ਹਵਾ, ਬੱਦਲ ਅਤੇ ਗੈਸ ਰੂਪ): 4 ਲੱਖ ਕਿਊਬਿਕ ਕਿਲੋਮੀਟਰ ਦੀ ਅਗਾਂਹ ਵੰਡ ਦੇ ਅੰਕੜੇ ਉਪਲੱਬਧ ਨਹੀਂ। ਹਾਂ, ਪ੍ਰਿਥਵੀ ਹੇਠਲੇ ਤੇ ਉੱਪਰਲੇ ਸੋਮਿਆਂ (ਨਦੀਆਂ, ਝਰਨੇ, ਸਰੋਵਰ, ਜਲ ਕੁੰਡ, ਦਲਦਲਾਂ) ਦਾ ਕੁੱਲ 1% ਪਾਣੀ ਹੀ ਬੰਦੇ ਅਤੇ ਜੀਵਾਂ ਦੇ ਵਰਤਣ ਲਈ ਹੈ ਜਿਸ ਦਾ ਕਰੀਬ 65% ਖੇਤੀ, 20% ਉਦਯੋਗਾਂ ਹਿੱਤ ਅਤੇ 15% ਘਰੇਲੂ ਤੇ ਹੋਰ ਕਾਰਜਾਂ ਲਈ ਵਰਤਿਆ ਜਾਂਦਾ ਹੈ। ਸਾਡੇ ਵਰਗੇ ਮੁਲਕਾਂ ਵਿਚ ਬਹੁਤਾ, ਲੱਗਭਗ 70%, ਜ਼ਮੀਨਦੋਜ਼ ਪਾਣੀ ਵਰਤਿਆ ਜਾਂਦਾ ਹੈ। ਧੜਵੈਲ ਵਿਕਸਤ ਮੁਲਕ ਧਰਤੀ ਹੇਠਲੇ ਪਾਣੀ ਨੂੰ ਆਪਣੇ ਵਾਰਸਾਂ ਦੀ ‘ਐੱਫਡੀ’ ਮੰਨਦੇ ਹਨ। ਉਹ ਵਗਦੇ ਜਾਂ ਵਰਖੇਈ ਪਾਣੀ ਨਾਲ ਹੀ ਆਪਣਾ ਬੁੱਤਾ ਸਾਰਦੇ ਹਨ ਅਤੇ ਵੱਧ ਪਾਣੀ ਮੰਗਦੇ ਕਾਰਖਾਨੇ ਤੇ ਫਸਲਾਂ ਸਾਡੇ ਵਰਗੇ ਮੁਲਕਾਂ ਦੇ ਪੱਲੇ ਪਾ ਦਿੰਦੇ ਹਨ ਜਿਹਨਾਂ ਬਾਰੇ ‘ਸਵੈ-ਪੜੁੱਲ ਬੰਨ੍ਹਵੇਂ ਬਿਆਨ’ ਦਿੰਦਿਆਂ ਸਾਡੇ ਹਾਕਮ ਹੁੱਬਦੇ ਨਹੀਂ ਥੱਕਦੇ।
ਭਲੇ ਵੇਲਿਆਂ ਵਿੱਚ ਧਰਤੀ ਦੀ 800 ਮੀਟਰ (2500 ਫੁੱਟ) ਦੀ ਡੂੰਘਾਈ ਤੱਕ 4 ਲੱਖ ਕਿਊਬਿਕ ਕਿਲੋਮੀਟਰ ਅਤੇ 800 ਮੀਟਰ ਤੋਂ ਥੱਲੇ 3 ਲੱਖ ਕਿਊਬਿਕ ਕਿਲੋਮੀਟਰ ਸ਼ੁਧ ਪਾਣੀ ਦਾ ਅੰਦਾਜ਼ਾ ਲਗਾਇਆ ਗਿਆ ਸੀ। ਇਸ ਤੋਂ ਬਿਨਾਂ ਝੀਲਾਂ, ਨਦੀਆਂ ਦੇ ਜਲ ਕੁੰਡਾਂ/ਵਹਿਣਾਂ ਦੀ ਮਿਣਤੀ 1 ਲੱਖ ਕਿਊਬਿਕ ਕਿਲੋਮੀਟਰ ਦੇ ਕਰੀਬ ਦੱਸੀ ਗਈ ਸੀ ਪਰ ਮਨੁੱਖੀ ਲਾਲਸਾ ਕਾਰਨ ਸਭ ਕੁਝ ਡਗਮਗਾ ਗਿਆ ਹੈ। ਅਗਾਂਹ ਕੀ ਵਾਪਰੇਗਾ, ਕੋਈ ਨਹੀਂ ਸੁਣਦਾ। ਮਰਹੂਮ ਰਾਸ਼ਟਰਪਤੀ ਡਾ. ਏਪੀਜੇ ਅਬਦੁੱਲ ਕਲਾਮ ਨੇ ਇੱਕ ਗੱਲਬਾਤ ਦਰਮਿਆਨ ਹੌਕਾ ਭਰਿਆ ਸੀ: “ਮੇਰੇ ਪੜਦਾਦੇ ਨੇ ਲਬਾਲਬ ਵਗਦੇ ਦਰਿਆ ਦੇਖੇ, ਬਾਬੇ ਨੇ ਭਰੇ-ਭੁਕੰਨੇ ਜਲ ਕੁੰਡ, ਬਾਪ ਨੇ ਖੂਹ ਤੱਕਿਆ ਅਤੇ ਮੈਂ ਨਲਕਾ। ਅਫਸੋਸ! ਮੇਰਾ ਪੋਤਾ ਬੋਤਲ ਬੰਦ ਪਾਣੀ ਦੇਖ ਰਿਹਾ ਹੈ। ਕੀ ਇਹ ਵੀ ਪ੍ਰਾਪਤ ਰਹੇਗਾ?” ਪਹਿਲੀ ਭਰਪੂਰ ਜਲ ਤੱਗੀ ਜਿਹੜੀ 10 ਤੋਂ 20 ਹੱਥ ਡੂੰਘੀ ਸੀ, ਕਈ ਦਹਾਕੇ ਪਹਿਲਾਂ ਖ਼ਤਮ ਕਰ ਦਿੱਤੀ ਗਈ। ਦੂਜੀ ਜਿਹੜੀ 100-200 ਹੱਥ ’ਤੇ ਸੀ, ਵੀ ਦੋ-ਤਿੰਨ ਦਹਾਕੇ ਪਹਿਲਾਂ ਖੋਹ-ਖਿੱਚ ਲਈ ਗਈ। ਹੁਣ ਬੰਦਾ ਤੀਜੀ ਤੱਗੀ (ਇਲਾਕੇ ਮੁਤਾਬਿਕ 350 ਤੋਂ 1300 ਫੁੱਟ ਤੱਕ ਡੂੰਘੀ) ਵਰਤ ਰਿਹਾ ਹੈ। ਅਗਲੀ ਜਲ ਤੱਗੀ ਜਿਹੜੀ ਬਹੁਤੀ ਜ਼ਰਖੇਜ਼ ਨਹੀਂ ਅਤੇ ਉਲਟ ਤੱਤਾਂ ਵਾਲੀ ਹੈ, 800 ਮੀਟਰ ਡੂੰਘੀ ਹੈ। ਇੰਨਾ ਡੂੰਘਾ ਬੋਰ ਤਾਂ ਫਿਰ ‘ਸਰਕਾਰ ਜੀ’ ਹੀ ਲਾ ਸਕਦੀ ਹੈ। ਮੌਜੂਦਾ ਨਿਜ਼ਾਮਾਂ ਤਹਿਤ ਉਹ ਵੀ ਧਨ ਕੁਬੇਰ ਲਾਉਣਗੇ ਜਿਹੜੇ ਪਹਿਲਾਂ ਹੀ ਦੁਨੀਆ ਦੇ ਜਲ ਸੋਮਿਆਂ ’ਤੇ ਕਬਜ਼ਾ ਕਰ ਕੇ ਕੁੱਲ ਆਲਮ ਦਾ ਆਰਥਿਕ, ਸਮਾਜਿਕ ਤੇ ਸਿਆਸੀ ਸ਼ੋਸ਼ਣ ਕਰ ਰਹੇ ਹਨ। ਜਲ ਸੰਕਟ ਦਾ ਹੱਲ ਲੋਕ ਤੇ ਕੁਦਰਤ ਪੱਖੀ ਨਿਜ਼ਾਮ ਅਤੇ ਸਾਦੀ ਜੀਵਨ ਜਾਚ ਨਾਲ ਬੱਝਾ ਹੋਇਆ ਹੈ।
ਪਾਣੀ ਸਾਡੀ ਸਮਾਜਿਕ, ਆਰਥਿਕ ਤੇ ਸਿਆਸੀ ਸ਼ਕਤੀ ਹੈ। 2030 ਤੱਕ ਜਿਹੜੇ 33 ਮੁਲਕ ਗੰਭੀਰ ਜਲ ਸੰਕਟ ਦੇ ਸ਼ਿਕਾਰ ਹੋ ਜਾਣਗੇ, ਭਾਰਤ ਉਨ੍ਹਾਂ ਵਿੱਚੋਂ ਇੱਕ ਹੈ। ਭਾਰਤ ਦੇ ਜਿਹਨਾਂ 13 ਰਾਜਾਂ ਵਿੱਚ ਗੰਭੀਰ ਜਲ ਸੰਕਟ ਪੈਦਾ ਹੋ ਰਿਹਾ ਹੈ, ਪੰਜਾਬ ਉਨ੍ਹਾਂ ਵਿੱਚ ਇੱਕ ਹੈ। ਮੁਲਕ ਦੇ ਜਿਹੜੇ 258 ਜ਼ਿਲ੍ਹਿਆਂ ਵਿੱਚ ਗੰਭੀਰ ਜਲ ਸੰਕਟ ਬਣ ਰਿਹਾ ਹੈ, ਪੰਜਾਬ ਦੇ 17 ਜ਼ਿਲ੍ਹੇ ਉਨ੍ਹਾਂ ਵਿੱਚ ਸ਼ੁਮਾਰ ਹਨ। ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਮਾਰਚ 2023 ਦੀ ਰਿਪੋਰਟ ਅਨੁਸਾਰ, ਜੇ ਅਸੀਂ ਨਾ ਸੰਭਲੇ ਅਤੇ ਜ਼ਮੀਨ ਹੇਠਲੇ ਪਾਣੀ ਦੀ ਮੁੜ ਤੇ ਲਗਾਤਾਰ ਭਰਪਾਈ ਨਾ ਕੀਤੀ, ਤਦ ਪੰਜਾਬ ਦੇ ਜ਼ਮੀਨਦੋਜ਼ ਪਾਣੀ ਦੀ ਸਤਹਿ 2039 ਵਿਚ 300 ਮੀਟਰ (984 ਫੁੱਟ) ’ਤੇ ਪੁੱਜ ਜਾਵੇਗੀ ਜਿਹੜੀ ਪਹਿਲਾਂ ਹੀ ਕਰੀਬ 80 ਸੈਂਟੀਮੀਟਰ ਪ੍ਰਤੀ ਸਾਲ ਦੇ ਹਿਸਾਬ ਨਾਲ ਥੱਲੇ ਡਿੱਗ ਰਹੀ ਹੈ। ਇਸ ਅਨੁਸਾਰ, ਪੰਜਾਬ ਦੇ ਜਲ ਵਹਿਣ ਸੁੱਕ ਚੱਲੇ ਹਨ; ਧਰਤੀ ਹੇਠ ਸਿਰਫ 17 ਵਰ੍ਹਿਆਂ ਦੀ ਵਰਤੋਂ ਜੋਗਾ ਹੀ ਪਾਣੀ ਬਚਿਆ ਹੈ, ਉਹ ਵੀ ਬੇਅੰਤ ਡੂੰਘਾ। ਵਰਖੇਈ ਪਾਣੀ ਨਾਲ ਭਰਪਾਈ ਹੀ ਜਲ ਤੱਗੀ ਦਾ ਖ਼ਾਤਮਾ ਰੋਕ ਸਕਦੀ ਹੈ।
ਪੰਜਾਬ ਦੇ ਪ੍ਰਸੰਗ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਹਿੱਤ ਕਮਾਲ ਦੀ ਉਦਾਹਰਣ ਹੈ ਜੋ ਨਿੱਜੀ ਤਜਰਬਿਆਂ ’ਤੇ ਆਧਾਰਿਤ ਹੈ। ਵੱਖ-ਵੱਖ, ਸੌਖੀਆ ਤੇ ਸਸਤੀਆਂ ਵਿਧੀਆਂ ਵਰਤ ਕੇ ਪੰਜਾਬ ਦਾ ਕੰਢੀ ਖਿੱਤਾ ਵਰਖੇਈ ਪਾਣੀ ਰੋਕਣ ਅਤੇ ਧਰਤੀ ਅੰਦਰ ਗਰਕਾਉਣ ਹਿੱਤ ਬੜਾ ਢੁੱਕਵਾਂ ਹੈ। ਪੰਜਾਬ ਦਾ ਕੁਲ ਰਕਬਾ 54 ਲੱਖ ਹੈਕਟੇਅਰ ਹੈ ਜਿਸ ਦਾ 10% ਭਾਵ 5.4 ਲੱਖ ਹੈਕਟੇਅਰ ਕੰਢੀ ਖੇਤਰ ਵਿੱਚ ਪੈਂਦਾ ਹੈ। ਭਾਰਤ ਦੀ ਔਸਤਨ ਸਾਲਾਨਾ ਵਰਖਾ 1200 ਐੱਮਐੱਮ ਹੈ। ਮੌਜੂਦਾ ਸਮੇਂ ਪੰਜਾਬ ਦੀ ਵਰਖਾ 800 ਐੱਮਐੱਮ ਹੈ। ਹਾਲ ਦੀ ਘੜੀ ਤੁਸੀਂ ਕੰਢੀ ਦਾ ਚੌਥਾ ਹਿੱਸਾ ਭਾਵ 1.35 ਲੱਖ ਹੈਕਟੇਅਰ ਹੀ ਲਵੋ ਅਤੇ ਰੋੜ੍ਹਵੀਂ ਵਰਖਾ ਵੀ 50% ਭਾਵ 400 ਐੱਮਐੱਮ ਮੰਨ ਕੇ ਚਲੋ। ਜੇ ਅਸੀਂ ਕੰਢੀ ਦੇ ਚੌਥੇ ਹਿੱਸੇ ਵਿੱਚ ਹੀ ਵਰਖਾ ਦਾ ਮਹਿਜ਼ ਅੱਧ ਹੀ ਰੋਕ ਕੇ ਵਰਤ ਜਾਂ ਗਰਕਾ ਲਈਏ ਤਾਂ ਬਰਸਾਤ ਦੇ ਇੰਝ ਕਮਾਏ ਹੋਏ ਪਾਣੀ ਦੀ ਮਿਕਦਾਰ 54 ਹਜ਼ਾਰ ਹੈਕਟੇਅਰ ਲਿਟਰ ਬਣ ਜਾਵੇਗੀ। ਇਹ ਪਾਣੀ ਇੰਨਾ ਹੋ ਜਾਵੇਗਾ ਕਿ ਤੁਸੀਂ ਸਾਰੇ ਪੰਜਾਬ ਵਿੱਚ (ਜੇ ਇਹ ਬਿੱਲਕੁਲ ਸਾਵਾਂ ਪੱਧਰਾ ਹੋਵੇ) ਇੱਕ-ਇੱਕ ਗਿੱਠ (10 ਸੈਂਟੀਮੀਟਰ) ਪਾਣੀ ਖੜ੍ਹਾ ਸਕਦੇ ਹੋ। ਸੋ, ਜਲ ਸੰਕਟ ਦੇ ਹੱਲ ਹਿੱਤ ਕੰਢੀ ਵਿੱਚ ਭੂਮੀ, ਜਲ ਤੇ ਜੰਗਲ ਸੰਭਾਲ ਗਤੀਵਿਧੀਆਂ ਅਤੇ ਬਾਕੀ ਪੰਜਾਬ ਵਿੱਚ ਟੋਭੇ, ਵੱਟ-ਬੰਦੀਆਂ ਅਤੇ ਸਾਂਝੇ ਥਾਵਾਂ ’ਤੇ ਰੁੱਖ ਲਾਏ ਜਾ ਸਕਦੇ ਹਨ। ਧਰਤੀ ਹੇਠਲਾ ਪਾਣੀ ਮਿੱਟੀ ਦੀਆਂ ਪਰਤਾਂ ਠੰਢੀਆਂ ਤੇ ਟਿਕਵੀਆਂ ਰੱਖਣ ਅਤੇ ਰੁੱਖ ਭੌਂ-ਖੋਰ (ਸਿਲਟਿੰਗ) ਰੋਕਣ ਤੇ ਵਰਖਾ ਲਈ ਸਿਫਤੀ ਹਿੱਸਾ ਪਾਉਂਦੇ ਹਨ। ਇੱਕ ਵਰਗ ਕਿਲੋਮੀਟਰ ਭਰਪੂਰ ਜੰਗਲ ਆਪਣੀਆਂ ਜੜ੍ਹਾਂ ਅਤੇ ਵਜੂਦ ਰਾਹੀਂ ਵਰਖਾ ਦਾ 50000 ਕਿਊਬਿਕ ਲਿਟਰ ਪਾਣੀ ਧਰਤੀ ਵਿਚ ਲੈ ਜਾਂਦਾ ਹੈ।
ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ। ਪਾਣੀ ਦੇ ਬਾਕੀ ਸਾਰੇ ਸੋਮੇ ਵਰਖੇਈ ਪਾਣੀ ਉੱਤੇ ਹੀ ਨਿਰਭਰ ਹਨ। ਦਰਅਸਲ, ਕੁਦਰਤ ਜਲ ਚੱਕਰ ਦੇ ਰੂਪ ਵਿੱਚ ਸਾਨੂੰ ਪਾਣੀ ਦਿੰਦੀ ਹੈ। ਅਸੀਂ ਉਸ ਚੱਕਰ ਦਾ ਅਹਿਮ ਹਿੱਸਾ ਹਾਂ। ਇਸ ਚੱਕਰ ਨੂੰ ਚੱਲਦਾ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਹ ਚੱਕਰ ਤਾਂ ਹੀ ਚਲਦਾ ਰਹਿ ਸਕਦਾ ਹੈ, ਜੇ ਜੰਗਲ, ਪਹਾੜ, ਜਲ ਵਹਿਣ, ਜਲ ਸੋਮੇ, ਜੀਵ ਜੰਤੂ ਭਾਵ ਕੁਦਰਤੀ ਸਮਤੋਲ ਅਤੇ ਸ਼ੁੱਧ ਤੇ ਸਾਵੇਂ ਵਾਤਾਵਰਨ ਸਮੇਤ ਉਹ ਸਾਰੇ ਕਾਰਕ ਜਿਊਂਦੇ ਰਹਿਣ ਜੋ ਸਾਵੀਂ ਮੌਨਸੂਨ (ਬਰਸਾਤ) ਲਈ ਜ਼ਰੂਰੀ ਹਨ। ਇਸ ਚੱਕਰ ਦਾ ਰੁਕਣਾ ਜੀਵਨ ਦਾ ਅੰਤ ਹੈ। ਪਾਣੀ ਬੇਸ਼ਕੀਮਤੀ ਕੁਦਰਤੀ ਨਿਆਮਤ ਹੈ। ਇਹ ਬਣਾਇਆ ਨਹੀਂ ਜਾ ਸਕਦਾ। ਇਸ ਦੀ ਸੰਜਮੀ ਅਤੇ ਭਲੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸ਼ੁੱਧ ਰੱਖਿਆ ਅਤੇ ਬਚਾਇਆ ਜਾ ਸਕਦਾ ਹੈ।
ਵਰਖਾ ਦੀ ਹਰ ਤਿੱਪ ਕਮਾਉਣੀ ਜਲ ਸੰਕਟ ਦਾ ‘ਰਾਮ ਬਾਣ’ ਹੈ। ਮੁਹਿੰਮ ਜੋ ਤੁਰੰਤ ਵਿੱਢਣ ਦੀ ਲੋੜ ਹੈ, ਉਹ ਹੈ: ਖੇਤ ਦਾ ਪਾਣੀ ਖੇਤ ’ਚ, ਖੇਤ ਦੀ ਮਿੱਟੀ ਖੇਤ ’ਚ; ਪਿੰਡ ਦੀ ਮਿੱਟੀ ਪਿੰਡ ’ਚ, ਪਿੰਡ ਦਾ ਪਾਣੀ ਪਿੰਡ ’ਚ। ਇਹ ਨਾਅਰਾ ਡੂੰਘੇ ਅਰਥ ਸਮੋਈ ਬੈਠਾ ਹੈ। ਵਰਖਾ ਦਾ ਤਵਾਜ਼ਨ ਭਾਵੇਂ ਗੜਬੜਾ ਗਿਆ ਹੈ ਪਰ ਇਹ ਜਿੰਨੀ, ਜਿਥੇ ਅਤੇ ਜਿਸ ਵੀ ਰੂਪ ਵਿਚ ਪੈਂਦੀ ਹੈ, ਨੂੰ ਕਮਾਉਣ/ਸੰਭਾਲਣ ਅਤੇ ਧਰਤੀ ਵਿੱਚ ਸੰਚਾਰ ਕਰਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ। ਜਲ ਸੋਮਿਆਂ ਨੂੰ ਜ਼ਿੰਦਾ ਰੱਖਣ ਦਾ ਸਦੀਵੀ ਹੱਲ ਇਹੀ ਹੈ।
ਸੰਪਰਕ: 94634-39075

Advertisement
Author Image

joginder kumar

View all posts

Advertisement
Advertisement
×