For the best experience, open
https://m.punjabitribuneonline.com
on your mobile browser.
Advertisement

ਫ਼ਲਦਾਰ ਬੂਟੇ ਕੋਰੇ ਤੋਂ ਕਿਵੇਂ ਬਚਾਈਏ

08:05 AM Jan 13, 2024 IST
ਫ਼ਲਦਾਰ ਬੂਟੇ ਕੋਰੇ ਤੋਂ ਕਿਵੇਂ ਬਚਾਈਏ
Advertisement

ਸਵਰੀਤ ਖਹਿਰਾ*

Advertisement

ਫ਼ਲਦਾਰ ਬੂਟਿਆਂ ਦੀ ਹਰ ਉਮਰ ਵਿੱਚ ਸਹੀ ਦੇਖ-ਭਾਲ ਬਹੁਤ ਹੀ ਜ਼ਰੂਰੀ ਹੈ। ਬਾਗ਼ਬਾਨੀ ਇੱਕ ਲੰਬੇ ਅਰਸੇ ਦਾ ਕਿੱਤਾ ਹੋਣ ਕਰ ਕੇ ਇਸ ਦੀ ਹਰ ਪੱਖੋਂ ਤਕਨੀਕੀ ਜਾਣਕਾਰੀ ਪ੍ਰਾਪਤ ਕਰਨੀ ਬਹੁਤ ਜ਼ਰੂਰੀ ਹੈ ਤਾਂ ਹੀ ਬੂਟਿਆਂ ਦੀ ਸੁਚੱਜੀ ਦੇਖ-ਭਾਲ ਹੋ ਸਕਦੀ ਹੈ। ਬਾਗ਼ ਵਿੱਚ ਬੂਟਿਆਂ ਦੀ ਸਥਿਤੀ ਨਿਰਧਾਰਤ ਕਰਨ ਤੋਂ ਬਾਅਦ ਬੂਟੇ ਲਗਾਉਣ ਦੀ ਦਿਸ਼ਾ, ਬੂਟਿਆਂ ਦਾ ਗਰਮੀ ਅਤੇ ਸਰਦੀ ਤੋਂ ਬਚਾਅ ਲਈ ਵਾੜ ਲਾਉਣੀ ਆਦਿ ਸਭ ਦੀ ਵਿਉਂਤਬੰਦੀ ਪਹਿਲਾਂ ਹੀ ਕਰਨੀ ਚਾਹੀਦੀ ਹੈ। ਭਾਵੇਂ ਗਰਮੀਆਂ ਹੋਣ ਜਾਂ ਸਰਦੀਆਂ ਹਰ ਮੌਸਮ ਵਿੱਚ ਫਲਦਾਰ ਬੂਟਿਆਂ ਦੀ ਦੇਖ-ਭਾਲ ਦਾ ਜ਼ਿੰਮਾ ਬਾਗ਼ਬਾਨ ਦਾ ਹੁੰਦਾ ਹੈ। ਆਮ ਤੌਰ ’ਤੇ ਬਾਗ਼ਬਾਨ ਫ਼ਲਦਾਰ ਬੂਟਿਆਂ ਨੂੰ ਸਰਦੀ ਰੁੱਤ ਵਿੱਚ ਨਜ਼ਰਅੰਦਾਜ਼ ਕਰ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਸਰਦ ਰੁੱਤ ਵਿੱਚ ਬੂਟੇ ਕੋਰੇ ਦੇ ਪ੍ਰਭਾਵ ਨਾਲ ਮਰ ਜਾਂਦੇ ਹਨ। ਤਾਪਮਾਨ ਜਦੋਂ ਸਰਦੀਆਂ ਵਿੱਚ ਸਿਫ਼ਰ ਸੈਂਟੀਗਰੇਡ ਤੋਂ ਥੱਲੇ ਡਿੱਗ ਜਾਂਦਾ ਹੈ ਤਾਂ ਕੋਰਾ ਪੈਣਾ ਸ਼ੁਰੂ ਹੋ ਜਾਂਦਾ ਹੈ। ਪੰਜਾਬ ਵਿੱਚ ਕੋਰੇ ਦਾ ਪ੍ਰਭਾਵ ਅਖ਼ੀਰ ਦਸੰਬਰ ਤੇ ਜਨਵਰੀ ਮਹੀਨਿਆਂ ਵਿੱਚ ਰਹਿੰਦਾ ਹੈ। ਕੋਰਾ ਬੂਟਿਆਂ ਨੂੰ ਕਾਫ਼ੀ ਨੁਕਸਾਨ ਕਰਦਾ ਹੈ। ਅਜਿਹੀ ਹਾਲਤ ਵਿੱਚ ਫਲਦਾਰ ਬੂਟਿਆਂ ਦੀਆਂ ਟਾਹਣੀਆਂ, ਨਰਮ ਨਵੇਂ ਨਿਕਲੇ ਪੱਤਿਆਂ ਅਤੇ ਫੁੱਲਾਂ ’ਤੇ ਬਹੁਤ ਹੀ ਮਾੜਾ ਅਸਰ ਹੁੰਦਾ ਹੈ। ਜੇ ਇਸ ਸਮੇਂ ਬੂਟਿਆਂ ਦੀ ਸਹੀ ਦੇਖ-ਭਾਲ ਨਾ ਕੀਤੀ ਜਾਵੇ ਤਾਂ ਇਨ੍ਹਾਂ ’ਤੇ ਬਰਫ਼ ਜੰਮਣ ਨਾਲ ਵੀ ਕਈ ਵਾਰ ਬੂਟੇ ਮਰ ਜਾਂਦੇ ਹਨ। ਪੱਤਝੜੀ ਫਲਦਾਰ ਬੂਟੇ ਜਿਵੇਂ ਨਾਖ, ਆੜੂ, ਅਲੂਚਾ, ਅੰਗੂਰ ਆਦਿ ਸਰਦ ਰੁੱਤ ਵਿੱਚ ਸਥਿਲ ਅਵਸਥਾ ਵਿੱਚ ਹੋਣ ਕਰ ਕੇ ਕੋਰੇ ਦੇ ਕਹਿਰ ਤੋਂ ਬਚ ਜਾਂਦੇ ਹਨ। ਪੱਤਝੜੀ ਫਲਦਾਰ ਬੂਟਿਆਂ ਵਿੱਚੋਂ ਆੜੂ ਦੇ ਫੁੱਲ ਪੈਣ ਸਮੇਂ ਜੇ ਕੋਰਾ ਪੈ ਜਾਵੇ ਤਾਂ ਇਹ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਇਸ ਦੇ ਫੁੱਲ ਬਹਾਰ ਦੇ ਸ਼ੁਰੂ ਵਿੱਚ ਹੀ ਪੈ ਜਾਂਦੇ ਹਨ। ਇਸ ਲਈ ਕਈ ਵਾਰ ਬਹਾਰ ਰੁੱਤ ਦੇ ਸ਼ੁਰੂ ਵਿੱਚ ਵੀ ਕੋਰੇ ਤੋਂ ਬਚਾਅ ਕਰਨਾ ਪੈਂਦਾ ਹੈ। ਪਰ ਸਦਾਬਹਾਰ ਫਲਦਾਰ ਬੂਟੇ ਜਿਵੇਂ ਅੰਬ, ਲੀਚੀ, ਪਪੀਤਾ, ਅਮਰੂਦ, ਕੇਲਾ, ਆਮਲਾ ਅਤੇ ਨਬਿੂੰ ਜਾਤੀ ਦੇ ਫਲ ਇਸ ਦੇ ਪ੍ਰਭਾਵ ਥੱਲੇ ਜ਼ਿਆਦਾ ਆਉਂਦੇ ਹਨ। ਇਸ ਲਈ ਖਾਸ ਕਰ ਕੇ ਇਸ ਸਮੇਂ ਸਦਾਬਹਾਰ ਫਲਦਾਰ ਬੂਟਿਆਂ ਦੀ ਸਾਂਭ-ਸੰਭਾਲ ਵੱਲ ਧਿਆਨ ਦੇਣਾ ਲਾਜ਼ਮੀ ਹੈ। ਫਲਦਾਰ ਬੂਟਿਆਂ ਨੂੰ ਕੋਰੇ ਤੋਂ ਬਚਾਉਣ ਲਈ ਹੇਠ ਲਿਖੇ ਨੁਕਤੇ ਅਪਣਾਉਣੇ ਚਾਹੀਦੇ ਹਨ। ਇਸ ਤਰ੍ਹਾਂ ਬੂਟਿਆਂ ਦਾ ਵਾਧਾ ਵੀ ਛੇਤੀ ਹੁੰਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੱਧ ਝਾੜ ਲਿਆ ਜਾ ਸਕਦਾ ਹੈ।
• ਹਵਾ ਰੋਕੂ ਵਾੜ ਲਗਾਉਣੀ: ਫਲਦਾਰ ਬੂਟਿਆਂ ਨੂੰ ਕੋਰੇ ਤੋਂ ਬਚਾਉਣ ਲਈ, ਫਲਦਾਰ ਬੂਟੇ ਲਾਉਣ ਤੋਂ ਪਹਿਲਾਂ ਹਵਾ ਰੋਕੂ ਵਾੜ ਲਗਾਓ। ਇਹ ਵਾੜ ਉੱਤਰ-ਪੱਛਮ ਦਿਸ਼ਾ ਵਿੱਚ ਲਾਉਣੀ ਚਾਹੀਦੀ ਹੈ। ਹਵਾ ਰੋਕੂ ਵਾੜ ਲਾਉਣ ਲਈ ਹਮੇਸ਼ਾ ਸਖ਼ਤਜਾਨ ਉੱਚੇ ਦਰੱਖਤ ਚੁਣੋ ਜਿਵੇਂ ਟਾਹਲੀ, ਅਰਜਨ, ਸਫੈਦਾ, ਅੰਬ, ਤੂਤ ਆਦਿ ਅਜਿਹੇ ਰੁੱਖ ਚੁਣੋ। ਇਨ੍ਹਾਂ ਰੋਕਾਂ ਲਈ ਲਾਏ ਗਏ ਦਰੱਖਤਾਂ ਦੇ ਵਿਚਕਾਰ ਬੋਗਨਵਿਲੀਆ, ਕਰੌਂਦਾ ਆਦਿ ਦੀ ਵਾੜ ਵੀ ਲਗਾ ਦੇਣੀ ਚਾਹੀਦੀ ਹੈ।
• ਸਿੰਜਾਈ: ਕੋਰੇ ਤੋਂ ਬੂਟਿਆਂ ਨੂੰ ਬਚਾਉਣ ਲਈ ਸਰਦ ਰੁੱਤ ਵਿੱਚ ਬਾਗ਼ਾਂ ਦੀ ਸਿੰਜਾਈ ਕਰਨ ਨਾਲ ਬਾਗ਼ ਦਾ ਤਾਪਮਾਨ 1-2° ਸੈਂਟੀਗਰੇਡ ਤੱਕ ਵਧਾਇਆ ਜਾ ਸਕਦਾ ਹੈ। ਇਹ ਇੱਕ ਸੌਖਾ ਤਰੀਕਾ ਹੈ ਪਰ ਧਿਆਨ ਵਿੱਚ ਰੱਖੋ ਕੇ ਬੂਟਿਆਂ ਨੂੰ ਲੋੜ ਅਨੁਸਾਰ ਅਤੇ ਇਕਸਾਰ ਸਿੰਜਾਈ ਕਰੋ।
• ਧੂਏਂ ਦੇ ਬੱਦਲ ਬਣਾਉਣੇ: ਇਸ ਤਰੀਕੇ ਨੂੰ ਸਮਜਿੰਗ ਵੀ ਆਖਦੇ ਹਨ। ਭਾਵੇਂ ਇਹ ਤਰੀਕਾ ਬਹੁਤਾ ਪ੍ਰਚੱਲਿਤ ਨਹੀਂ ਹੈ ਪਰ ਇਸ ਦੀ ਵਰਤੋਂ ਨਾਲ ਚੰਗੇ ਨਤੀਜੇ ਹਾਸਲ ਹੋ ਜਾਂਦੇ ਹਨ। ਇਸ ਤਰੀਕੇ ਵਿੱਚ ਸੁੱਕੀ ਰਹਿੰਦ-ਖੂੰਹਦ, ਘਾਹ, ਸੁੱਕੇ ਪੱਤਿਆਂ ਦੇ ਢੇਰ ਤਿਆਰ ਕੀਤੇ ਜਾਂਦੇ ਹਨ ਅਤੇ ਸਰਦ ਮੌਸਮ ਵਿੱਚ ਇਨ੍ਹਾਂ ਢੇਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਢੇਰਾਂ ਨੂੰ ਅੱਗ ਲਗਾ ਕੇ ਹੌਲੀ-ਹੌਲੀ ਧੂਆਂ ਪੈਦਾ ਕੀਤਾ ਜਾਂਦਾ ਹੈ। ਇਨ੍ਹਾਂ ਢੇਰਾਂ ਵਿੱਚ ਸਲ੍ਹਾਬ ਨਹੀਂ ਆਉਣੀ ਚਾਹੀਦੀ ਨਹੀਂ ਤਾਂ ਅੱਗ ਲੱਗਣ ਦੀ ਸੰਭਾਵਨਾ ਘਟ ਜਾਂਦੀ ਹੈ ਜਦ ਕੋਰਾ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਬਾਗ਼ ਦਾ ਤਾਪਮਾਨ ਵਧਾਇਆ ਜਾ ਸਕਦਾ ਹੈ।
• ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ: ਫਲਦਾਰ ਬੂਟਿਆਂ ਨੂੰ ਸਿਧਾਈ ਕਰ ਕੇ ਨੀਵੇਂ ਰੱਖੋ। ਛੋਟੇ ਕੱਦ ਵਾਲੇ ਰੁੱਖ ਕੋਰੇ ਦਾ ਵਧੀਆ ਤਰੀਕੇ ਨਾਲ ਸਾਹਮਣਾ ਕਰ ਸਕਦੇ ਹਨ। ਇਸ ਲਈ ਅਤਿ ਜ਼ਰੂਰੀ ਹੈ ਕਿ ਫਲਦਾਰ ਬੂਟਿਆਂ ਦੀ ਛੋਟੀ ਉਮਰ ਵਿੱਚ ਹੀ ਕਾਂਟ-ਛਾਂਟ ਕੀਤੀ ਜਾਵੇ। ਅਜਿਹੇ ਢੰਗ ਨਾਲ ਇਨ੍ਹਾਂ ਨੂੰ ਸਖ਼ਤ ਜਾਨ ਬਣਾਇਆ ਜਾ ਸਕਦਾ ਹੈ ਅਤੇ ਕੋਰ ਤੋਂ ਬਚਾਇਆ ਜਾ ਸਕਦਾ ਹੈ।
• ਕੁੱਲੀਆਂ ਬੰਨ੍ਹਣੀਆਂ: ਕੁੱਲੀਆਂ ਬੰਨ੍ਹਣ ਲਈ ਪਰਾਲੀ, ਸਰਕੰਡੇ, ਕਮਾਦ ਦੀ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੁੱਲੀਆਂ ਘੱਟ ਖ਼ਰਚ ਵਾਲਾ ਸੌਖਾ ਤਰੀਕਾ ਹੈ ਜਿਸ ਨਾਲ ਬੂਟਿਆਂ ਨੂੰ ਕੋਰੇ ਤੋਂ ਬਚਾਇਆ ਜਾ ਸਕਦਾ ਹੈ। ਇਹ ਇੱਕ ਅਸਰਦਾਇਕ ਮਹਤੱਵਪੂਰਨ ਢੰਗ ਹੈ। ਕੁੱਲੀ ਇਸ ਤਰ੍ਹਾਂ ਬਣਾਉਣੀ ਚਾਹੀਦੀ ਹੈ ਕਿ ਉਸ ਦੇ ਦੱਖਣ ਦਿਸ਼ਾ ਵਾਲੇ ਪਾਸੇ ਰੌਸ਼ਨੀ ਅਤੇ ਹਵਾ ਅੰਦਰ ਜਾ ਸਕੇ ਤਾਂ ਜੋ ਪੌਦੇ ਦੇ ਵਿਕਾਸ ’ਤੇ ਕੋਈ ਅਸਰ ਨਾ ਪਵੇ।
ਇਨ੍ਹਾਂ ਮੁੱਖ ਤਰੀਕਿਆਂ ਤੋਂ ਇਲਾਵਾ ਬੂਟਿਆਂ ਦੇ ਤਣਿਆਂ ਨੂੰ ਕੋਰੇ ਤੋਂ ਬਚਾਉਣ ਲਈ ਸਰਦ ਰੁੱਤ ਵਿੱਚ ਬੋਰੀਆਂ ਨਾਲ ਢਕਿਆ ਜਾ ਸਕਦਾ ਹੈ। ਪਪੀਤੇ ਵਰਗੇ ਫਲਦਾਰ ਬੂਟਿਆਂ ਨੂੰ ਸੁਰੱਖਿਅਤ ਖੇਤੀ ਦੇ ਢੰਗ ਤਰੀਕੇ ਅਪਣਾ ਕੇ ਕੋਰੇ ਤੋਂ ਬਚਾਇਆ ਜਾ ਸਕਦਾ ਹੈ। ਕੇਲੇ ਵਿੱਚ ਫਲਾਂ ਨੂੰ ਪਾਰਦਰਸ਼ੀ ਮੋਮਜਾਮੇ ਦੀ ਸ਼ੀਟ ਨਾਲ ਢਕਣ ਨਾਲ ਅਤੇ ਤਣਾ ਕੇਲੇ ਦੇ ਪੱਤਿਆਂ ਨਾਲ ਢਕਣ ਨਾਲ, ਕੋਰੇ ਤੋਂ ਕਾਫ਼ੀ ਹੱਦ ਤੱਕ ਬਚਾਅ ਹੋ ਜਾਂਦਾ ਹੈ। ਕੋਰੇ ਤੋਂ ਬਚਾਅ ਲਈ ਇਨ੍ਹਾਂ ਨੁਕਤਿਆਂ ਨਾਲ ਪੌਦਿਆਂ ਦਾ ਮਰਨ ਦਰ ਘਟ ਜਾਂਦਾ ਹੈ ਅਤੇ ਪੌਦਿਆਂ ਦੀ ਸਿਹਤ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।
*ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ।

Advertisement

Advertisement
Author Image

joginder kumar

View all posts

Advertisement