ਜੰਗਲੀ ਸੂਰਾਂ ਤੋਂ ਫ਼ਸਲਾਂ ਕਿਵੇਂ ਬਚਾਈਏ
ਤੇਜਦੀਪ ਕੌਰ ਕਲੇਰ, ਮਨਜ ਕੁਮਾਰ ਅਤੇ ਨਿਸ਼ਾ ਵਸ਼ਿਸ਼ਟ*
ਰੀੜ੍ਹਧਾਰੀ ਜਾਨਵਰਾਂ ਦੀ ਸਮੱਸਿਆ ਬਾਰੇ ਜਾਣਕਾਰੀ: ਖੇਤੀਬਾੜੀ ਦੀ ਸੁਰੱਖਿਆ ਦੇ ਮੱਦੇਨਜ਼ਰ ਹਾਲ ਹੀ ਦੇ ਸਮੇਂ ਵਿੱਚ ਹਾਨੀਕਾਰਕ ਰੀੜਧਾਰੀ ਜੀਵਾਂ ਦੇ ਪ੍ਰਬੰਧਨ ਦੀ ਸਮੱਸਿਆ ਵਿਸ਼ੇਸ਼ ਤੌਰ ’ਤੇ ਉਭਰ ਕੇ ਆਈ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਜੰਗਲੀ ਸੂਰਾਂ ਦੇ ਝੁੰਡ ਜੰਗਲਾਤ ਹੇਠਾਂ ਰਕਬੇ ਤੋਂ ਆਸ-ਪਾਸ ਦੇ ਖੇਤੀਬਾੜੀ ਅਧੀਨ ਇਲਾਕਿਆਂ ਵਿੱਚ ਭੋਜਨ ਦੀ ਭਾਲ ਵਿੱਚ ਦਾਖ਼ਲ ਹੋ ਰਹੇ ਹਨ।
ਜੰਗਲੀ ਜਾਨਵਰਾਂ ਨਾਲ ਸਬੰਧਤ ਕਾਨੂੰਨ: ਵਾਈਲਡ ਲਾਈਵ ਪ੍ਰੋਟੈਕਸ਼ਨ ਐਕਟ, 1972 ਅਤੇ ਬਾਇਓ ਡਾਇਵਰਸਿਟੀ ਐਕਟ 2001 ਦੇ ਤਹਿਤ ਭਾਰਤ ਵਿੱਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ/ਮਾਰਨਾ ਇੱਕ ਸਜ਼ਾਯੋਗ ਕਾਰਵਾਈ ਹੈ। ਹਾਲਾਂਕਿ ਜਿੱਥੇ ਕਿਤੇ ਵੀ ਜੰਗਲੀ ਜਾਨਵਰਾਂ ਦੁਆਰਾ ਫ਼ਸਲਾਂ ਦਾ ਆਰਥਿਕ ਨੁਕਸਾਨ ਕਰਨ ਦੀ ਸਮੱਸਿਆ ਹੈ, ਭਾਰਤ ਸਰਕਾਰ ਅਤੇ ਸਬੰਧਤ ਰਾਜਾਂ ਦਾ ਜੰਗਲਾਤ ਵਿਭਾਗ ਸਮੇਂ ਸਮੇਂ ’ਤੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਹੈ ਜਿਸ ਵਿੱਚ ਫ਼ਸਲਾਂ ਦੇ ਨੁਕਸਾਨ ਦੇ ਆਧਾਰ ਅਤੇ ਜਾਨਵਰ ਨੂੰ ਹਾਨੀਕਾਰਕ ਐਲਾਨਿਆ ਜਾ ਸਕਦਾ ਹੈ। ਜੰਗਲੀ ਸੂਰ ਵਾਈਲਡ ਲਾਈਵ ਪ੍ਰੋਟੈਕਸ਼ਨ ਐਕਟ, 1972 ਅਨੁਸੂਚੀ (909) ਵੱਲੋਂ ਸੁਰੱਖਿਅਤ ਕੀਤਾ ਗਿਆ ਹੈ। ਇਸ ਲਈ ਇਸ ਦੇ ਪ੍ਰਬੰਧਨ ਲਈ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।
ਰਹਿਣ ਦੇ ਸਥਾਨ:
ਜੰਗਲੀ ਸੂਰ ਧਰਤੀ ’ਤੇ ਪਾਏ ਜਾਣ ਵਾਲੇ ਜਾਨਵਰਾਂ ਵਿੱਚੋਂ ਇੱਕ ਹੈ ਜੋ ਭਾਰਤੀ ਉਪ ਮਹਾਂਦੀਪ ਵਿੱਚ ਵਿਆਪਕ ਤੌਰ ’ਤੇ ਫੈਲਿਆ ਹੋਇਆ ਹੈ। ਇਹ ਆਮ ਤੌਰ ’ਤੇ ਪੰਜਾਬ ਭਰ ਵਿੱਚ ਜੰਗਲਾਂ, ਨਦੀਆਂ ਦੇ ਕਿਨਾਰਿਆਂ ਅਤੇ ਸੰਘਣੀ ਬਨਸਪਤੀ ਵਾਲੀ ਬੰਜਰ ਜ਼ਮੀਨ ਵਾਲੇ ਖੇਤਰਾਂ ਵਿੱਚ ਪਾਇਆ ਜਾਂਦਾ ਹੈ ਪਰ ਇਹ ਇਨ੍ਹਾਂ ਖੇਤਰਾਂ ਤੋਂ ਇਲਾਵਾ ਆਲੇ-ਦੁਆਲੇ ਦੇ ਕਾਸ਼ਤ ਵਾਲੇ ਖੇਤਾਂ ਵਿੱਚ ਵੀ ਰਹਿ ਸਕਦਾ ਹੈ। ਬਾਘ, ਚੀਤੇ, ਸ਼ੇਰ, ਜੰਗਲੀ ਕੁੱਤੇ ਅਤੇ ਗਿੱਦੜ ਕੁਦਰਤੀ ਨਿਵਾਸ ਸਥਾਨਾਂ ਵਿੱਚ ਜੰਗਲੀ ਸੂਰਾਂ ਦੇ ਪ੍ਰਮੁੱਖ ਸ਼ਿਕਾਰੀ ਹਨ।
ਵਰਣਨ:
ਜੰਗਲੀ ਸੂਰ ਛੋਟੀਆਂ ਅਤੇ ਮੋਟੀਆਂ ਲੱਤਾਂ ਵਾਲਾ ਦਰਮਿਆਨੇ ਆਕਾਰ ਦਾ ਮਜ਼ਬੂਤ ਜਾਨਵਰ ਹੈ। ਇਸ ਦਾ ਸਰੀਰ ਲੰਬੇ ਅਤੇ ਸੰਘਣੇ ਵਾਲਾਂ ਨਾਲ ਢਕਿਆ ਹੁੰਦਾ ਹੈ ਜੋ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ। ਇਹ ਜਾਨਵਰ ਹਲਕੇ ਤੋਂ ਗੂੜ੍ਹੇ ਭੂਰੇ ਰੰਗ ਦਾ ਹੁੰਦਾ ਹੈ। ਇਸ ਦਾ ਸਿਰ ਵੱਡੇ ਆਕਾਰ ਦਾ ਹੁੰਦਾ ਹੈ ਜੋ ਭੋਜਨ ਦੀ ਭਾਲ ਦੌਰਾਨ ਮਿੱਟੀ ਦੀ ਖ਼ੁਦਾਈ ਵਿੱਚ ਮਦਦ ਕਰਦਾ ਹੈ। ਜੰਗਲੀ ਸੂਰ ਦੇ ਸੂਏ ਦੰਦ ਭੋਜਨ ਨੂੰ ਦਬੋਚਣ ਲਈ ਅਤੇ ਦੁਸ਼ਮਣਾਂ ਤੋਂ ਸੁਰੱਖਿਆ ਲਈ ਚੰਗੀ ਤਰ੍ਹਾਂ ਵਿਕਸਤ ਹੁੰਦੇ ਹਨ। ਇਸ ਦੀ ਸੁੰਘਣ ਦੀ ਸ਼ਕਤੀ ਕਾਫ਼ੀ ਵਿਕਸਤ ਹੁੰਦੀ ਹੈ ਪਰ ਦੇਖਣ ਅਤੇ ਸੁਣਨ ਦੀ ਸ਼ਕਤੀ ਘੱਟ ਵਿਕਸਤ ਹੁੰਦੀ ਹੈ।
ਆਦਤਾਂ:
ਜੰਗਲੀ ਸੂਰ ਛੋਟੇ ਸਮੂਹਾਂ ਵਿੱਚ ਪਾਇਆ ਜਾਣ ਵਾਲਾ ਸਮੂਹਿਕ ਜਾਨਵਰ ਹੈ। ਇਹ ਇੱਕ ਸਰਵਭੋਜੀ ਜਾਨਵਰ ਹੈ ਜੋ ਵੱਖ-ਵੱਖ ਕਿਸਮ ਦਾ ਭੋਜਨ ਲੈਂਦਾ ਹੈ। ਇਹ ਕੁਦਰਤੀ ਨਿਵਾਸ ਖੇਤਰਾਂ ਵਿੱਚ ਮੌਜੂਦ ਕਈ ਤਰ੍ਹਾਂ ਦੇ ਭੋਜਨ ਸਰੋਤ ਜਿਵੇਂ ਸਬਜ਼ੀਆਂ, ਫਲ, ਅਨਾਜ ਦੀਆਂ ਫ਼ਸਲਾਂ (ਮੱਕੀ, ਚੌਲ, ਜਵਾਰ), ਕੀੜੇ-ਮਕੌੜੇ ਅਤੇ ਛੋਟੇ ਥਣਧਾਰੀ ਜਾਨਵਰਾਂ (ਕਾਟੋ, ਚੂਹੇ ਆਦਿ) ਨੂੰ ਭੋਜਨ ਦੇ ਤੌਰ ’ਤੇ ਖਾਂਦਾ ਹੈ।
ਨਰ ਅਤੇ ਮਾਦਾ ਜੰਗਲੀ ਸੂਰ ਦੀਆਂ ਵੱਖੋ-ਵੱਖਰੀਆਂ ਵਿਸ਼ੇਸ਼ਤਾਵਾਂ: ਨਰ ਅਤੇ ਮਾਦਾ ਆਕਾਰ ਅਤੇ ਰੂਪ ਵਿੱਚ ਭਿੰਨ-ਭਿੰਨ ਹੁੰਦੇ ਹਨ। ਨਰ ਜੰਗਲੀ ਸੂਰ ਮਾਦਾ ਨਾਲੋਂ ਭਾਰਾ ਅਤੇ ਵੱਡਾ ਹੁੰਦਾ ਹੈ। ਇੱਕ ਨਰ ਆਮ ਤੌਰ ’ਤੇ 90 ਸੈਂਟੀਮੀਟਰ ਉੱਚਾ ਹੁੰਦਾ ਹੈ ਅਤੇ ਇਸ ਦਾ ਭਾਰ 135-230 ਕਿਲੋਗ੍ਰਾਮ ਦੇ ਵਿਚਕਾਰ ਹੋ ਸਕਦਾ ਹੈ। ਮਾਦਾ ਦਾ ਭਾਰ 85-135 ਕਿਲਗ੍ਰਾਮ ਦੇ ਵਿਚਕਾਰ ਹੁੰਦਾ ਹੈ। ਜੰਗਲੀ ਸੂਰ ਦੀ ਔਸਤ ਉਮਰ 10-12 ਸਾਲ ਹੁੰਦੀ ਹੈ ਪਰ ਕੁਝ ਜਾਨਵਰ ਕੁਦਰਤੀ ਸਥਾਨਾਂ ਵਿੱਚ 20 ਸਾਲ ਤੱਕ ਵੀ ਜਿਉਂ ਸਕਦੇ ਹਨ।
ਪ੍ਰਜਨਣ: ਪੰਜਾਬ ਵਿੱਚ ਇਸ ਦਾ ਪ੍ਰਜਨਣ ਸਮਾਂ ਨਵੰਬਰ ਤੋਂ ਜਨਵਰੀ ਤੱਕ ਹੁੰਦਾ ਹੈ। ਮਾਦਾ ਜੰਗਲੀ ਸੂਰ ਔਸਤਨ ਇੱਕ ਵਾਰੀ ਵਿੱਚ 46 ਬੱਚੇ ਪੈਦਾ ਕਰਦੀ ਹੈ। ਸਰਵੇਖਣ ਦੌਰਾਨ ਮਾਦਾ ਜੰਗਲੀ ਸੂਰ ਨੂੰ ਨਵਜਾਤ ਬੱਚਿਆਂ ਨਾਲ ਗੰਨੇ, ਮੱਕੀ ਅਤੇ ਝੋਨੇ ਦੇ ਖੇਤਾਂ ਵਿੱਚ, ਪਾਣੀ ਦੇ ਸੂਇਆਂ ਅਤੇ ਨਦੀਆਂ ਦੇ ਕੰਢਿਆਂ ਦੇ ਨਾਲ-ਨਾਲ ਵੀ ਦੇਖਿਆ ਗਿਆ ਹੈ।
ਫ਼ਸਲਾਂ ਨੂੰ ਨੁਕਸਾਨ ਦੇ ਕਾਰਨ:
ਜੰਗਲੀ ਸੂਰਾਂ ਦੇ ਕੁਦਰਤੀ ਨਿਵਾਸ ਸਥਾਨ ਜਿਵੇਂ ਜੰਗਲਾਤ ਹੇਠਾਂ ਰਕਬੇ ਵਿੱਚ ਕਮੀ ਦੇ ਕਾਰਨ, ਇਹ ਭੋਜਨ ਅਤੇ ਆਸਰਾ ਲੈਣ ਲਈ ਕਾਸ਼ਤ ਵਾਲੇ ਖੇਤਰਾਂ ਵਿੱਚ ਦਾਖ਼ਲ ਹੋਣ ਲਈ ਮਜਬੂਰ ਹੋ ਜਾਂਦੇ ਹਨ। ਇਸ ਦੇ ਨਤੀਜੇ ਵਜੋਂ ਜੰਗਲੀ ਸੂਰ ਕਈ ਤਰ੍ਹਾਂ ਦੀਆਂ ਫ਼ਸਲਾਂ ਜਿਵੇਂ ਚੌਲ, ਮੱਕੀ, ਸਰ੍ਹੋਂ, ਆਲੂ ਅਤੇ ਹੋਰ ਸਬਜ਼ੀਆਂ ਦੀਆਂ ਫ਼ਸਲਾਂ ਦਾ ਕਾਫ਼ੀ ਆਰਥਿਕ ਨੁਕਸਾਨ ਕਰਨ ਲੱਗ ਪਏ ਹਨ। ਇਸ ਤੋਂ ਇਲਾਵਾ ਜੰਗਲੀ ਸੂਰ ਵੱਖ-ਵੱਖ ਗਤੀਵਿਧੀਆਂ ਜਿਵੇਂ ਭੋਜਨ ਦੀ ਭਾਲ ਦੌਰਾਨ ਲਿਟਣ ਨਾਲ ਅਤੇ ਮਿੱਧਣ ਨਾਲ ਵੀ ਫ਼ਸਲਾਂ ਦਾ ਨੁਕਸਾਨ ਕਰਦੇ ਹਨ। ਫ਼ਸਲਾਂ ਦੇ ਨੁਕਸਾਨ ਦੀ ਸੀਮਾ ਕਈ ਕਾਰਕਾਂ ਜਿਵੇਂ ਸਥਾਨਕ ਜਾਨਵਰਾਂ ਦੀ ਆਬਾਦੀ, ਫ਼ਸਲ ਦੇ ਹੇਠਾਂ ਕੁੱਲ ਰਕਬਾ, ਵੱਖ-ਵੱਖ ਫ਼ਸਲੀ ਚੱਕਰ, ਜਾਨਵਰਾਂ ਦਾ ਨਿਵਾਸ ਸਥਾਨ, ਮੌਸਮ ਅਤੇ ਜਾਨਵਰਾਂ ਦੀ ਸਰੀਰਕ ਸਥਿਤੀ ’ਤੇ ਨਿਰਭਰ ਕਰਦੀ ਹੈ।
ਪ੍ਰਬੰਧਨ ਦੇ ਢੰਗ:
ਵਾਤਾਵਰਨ-ਅਨੁਕੂਲ ਘੱਟ ਲਾਗਤ ਵਾਲੇ ਅਤੇ ਵਾਤਾਵਰਨ ਲਈ ਸੁਰੱਖਿਅਤ ਤਕਨੀਕਾਂ ਦੀ ਵਰਤੋਂ ਕਰ ਕੇ ਜੰਗਲੀ ਸੂਰਾਂ ਦੁਆਰਾ ਫ਼ਸਲਾਂ ਦੇ ਨੁਕਸਾਨ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਬਾਇਓਕੋਸਟਿਕ ਵਿਧੀ/ਖੇਤੀ ਰਕਸ਼ਕ:
ਕੁਆਰਡੀਨੇਟਰ, ਆਲ ਇੰਡੀਆ ਨੈਟਵਰਕ ਪ੍ਰਾਜੈਕਟ ਆਨ ਵਰਟੀਬੇਟ ਪੋਸਟ ਮੈਨੇਜਮੈਂਟ ਦੁਆਰਾ ਪ੍ਰਦਾਨ ਕੀਤੇ ਬਾਇਓਕੈਸਟਿਕ ਯੰਤਰ ਖੇਤੀ ਰਕਸ਼ਕ (ਕੇਆਰ18 ਗਾਮਯਾਨ ਤਕਨਾਲੋਜੀ, ਪ੍ਰਾਈਵੇਟ ਲਿਮਟਿਡ, ਹੈਦਰਾਬਾਦ) ਦੀ ਵਰਤੋਂ ਫ਼ਸਲਾਂ ਦੇ ਖੇਤਾਂ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਪਾਈ ਗਈ ਹੈ। ਇਹ ਯੰਤਰ ਵੱਖ-ਵੱਖ ਸਮੇਂ ਦੇ ਅੰਤਰਾਲ (140 ਮਿੰਟ ਸਵੇਰੇ ਅਤੇ 180 ਮਿੰਟ ਸ਼ਾਮ) ਤੇ ਫ਼ਸਲਾਂ ਦੇ ਖੇਤਾਂ ਵਿੱਚ ਚਲਾਉਣ ਨਾਲ, ਖੇਤਾਂ ਵਿੱਚ ਜੰਗਲੀ ਸੂਰ ਦੇ ਦਾਖ਼ਲੇ ਨੂੰ ਰੋਕਣ ਵਿੱਚ ਕਾਫ਼ੀ ਸਹਾਇਕ ਸਾਬਤ ਹੁੰਦਾ ਹੈ। ਇਹ ਢੰਗ ਵੱਖ-ਵੱਖ ਫ਼ਸਲਾਂ ਅਤੇ ਉਨ੍ਹਾਂ ਦੇ ਵਿਕਾਸ ਦੀਆਂ ਵੱਖ-ਵੱਖ ਪੜਾਵਾਂ ’ਤੇ ਜੰਗਲੀ ਸੂਰਾਂ ਵੱਲੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।
ਰੋਕਣ ਦੇ ਢੰਗ:
ਇਹ ਢੰਗ ਜੰਗਲੀ ਸੂਰਾਂ ਨੂੰ ਫ਼ਸਲੀ ਖੇਤਾਂ ਵਿੱਚ ਦਾਖਲ ਹੋਣ ਤੋਂ ਰੋਕਦੇ ਹਨ। ਇਹ ਵਿਧੀਆਂ ਵਾਤਾਵਰਨ ਅਨੁਕੂਲ, ਭਰੋਸੇਮੰਦ ਅਤੇ ਘੱਟ ਲਾਗਤ ਵਾਲੀਆਂ ਹਨ। ਇਸ ਵਿੱਚ ਖੰਭਿਆਂ ਦੀ ਮਦਦ ਨਾਲ ਖੇਤਾਂ ਦੇ ਚਾਰੇ ਪਾਸੇ ਖੜ੍ਹੀਆਂ ਕੰਡਿਆਲੀਆਂ ਤਾਰਾਂ ਨੂੰ ਜਾਨਵਰਾਂ ਦੇ ਦਾਖ਼ਲੇ ਨੂੰ ਰੋਕਣ ਵਜੋਂ ਵਰਤਿਆ ਜਾ ਸਕਦਾ ਹੈ ਜਿੱਥੇ ਵਾੜ ਦੀ ਉਚਾਈ ਫ਼ਸਲਾਂ ਦੇ ਅਨੁਸਾਰ ਬਦਲੀ ਵੀ ਜਾ ਸਕਦੀ ਹੈ। ਚੇਨ ਲਿੰਕਡ ਕੰਡਿਆਲੀ ਤਾਰ ਵਿੱਚ ਦੋ ਤਾਰਾਂ ਇੱਕ-ਦੂਜੇ ਨਾਲ ਜੋੜ ਕੇ ਜਾਲ ਵਰਗੀ ਬਣਤਰ ਬਣਾਉਂਦੀਆਂ ਹਨ ਜੋ ਜੰਗਲੀ ਸੂਰ ਲਈ ਰੁਕਾਵਟ ਦਾ ਕੰਮ ਕਰ ਸਕਦੀਆਂ ਹਨ। ਵਾੜ ਦੀ ਉੱਚਾਈ ਜ਼ਮੀਨੀ ਪੱਧਰ ਤੋਂ 1.5-5.0 ਫੁੱਟ ਤੱਕ ਹੁੰਦੀ ਹੈ।
ਕੰਡਿਆਲੀ ਵਾੜ ਦੁਆਰਾ:
ਕੰਡਿਆਲੀਆਂ ਝਾੜੀਆਂ ਦੀਆਂ ਕੁਝ ਪ੍ਰਮੁੱਖ ਕਿਸਮਾਂ ਜਿਵੇਂ ਕਰੌਂਦਾ, ਆਰੰਡ ਅਤੇ ਸੈਫਲਾਵਰ, ਮੁੱਖ ਫ਼ਸਲ ਦੇ ਆਲੇ-ਦੁਆਲੇ ਬੰਨ੍ਹਾਂ ’ਤੇ ਲਗਾਏ ਜਾ ਸਕਦੇ ਹਨ ਜੋ ਜੰਗਲੀ ਸੂਰਾਂ ਨੂੰ ਉਨ੍ਹਾਂ ਦੇ ਕੰਡਿਆਲੇ ਸੁਭਾਅ ਕਾਰਨ ਫ਼ਸਲ ਦੇ ਖੇਤਾਂ ਵਿੱਚ ਦਾਖ਼ਲ ਹੋਣ ਤੋਂ ਰੋਕਦੀਆਂ ਹਨ। ਪੌਦਿਆਂ ਦੀਆਂ ਇਹ ਕਿਸਮਾਂ ਫ਼ਸਲਾਂ ਦੇ ਖੇਤਾਂ ਵਿੱਚ ਜੰਗਲੀ ਸੂਰ ਅਤੇ ਹੋਰ ਸ਼ਾਕਾਹਾਰੀ ਜਾਨਵਰਾਂ ਦੇ ਦਾਖ਼ਲੇ ਨੂੰ ਰੋਕਣ ਵਿੱਚ ਮਦਦ ਕਰਦੀਆਂ ਹਨ।
ਰਵਾਇਤੀ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਜੰਗਲੀ ਸੂਰਾਂ ਨੂੰ ਭਜਾਉਣਾ: ਵੱਖ-ਵੱਖ ਨਵੀਨਤਾਕਾਰੀ ਤਰੀਕਿਆਂ ਨਾਲ ਜੰਗਲੀ ਸੂਰਾਂ ਤੋਂ ਬਚਣ ਲਈ ਕਿਸਾਨਾਂ ਵੱਲੋਂ ਕਈ ਢੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ਕੁਝ ਪ੍ਰਭਾਵਸ਼ਾਲੀ ਤਰੀਕਿਆਂ ਵਿੱਚ ਉੱਚੀ ਆਵਾਜ਼ਾਂ ਵਿੱਚ ਢੋਲ ਵਜਾਉਣਾ, ਪਟਾਕਿਆਂ ਦੀ ਆਵਾਜ਼ ਆਦਿ ਸ਼ਾਮਲ ਹਨ। ਇਹ ਤਰੀਕੇ ਪ੍ਰਭਾਵਸ਼ਾਲੀ, ਘੱਟ ਖ਼ਰਚੇ ਵਾਲੇ ਅਤੇ ਵਰਤੋਂ ਵਿੱਚ ਆਸਾਨ ਹਨ।
ਉਪਰੋਕਤ ਤਰੀਕਿਆਂ ਨੂੰ ਵੱਖਰੇ ਤੌਰ ’ਤੇ ਜਾਂ ਲੜੀਵਾਰ ਤਰੀਕੇ ਨਾਲ ਵਰਤਣ ਨਾਲ ਫ਼ਸਲਾਂ ਦਾ ਜੰਗਲੀ ਸੂਰਾਂ ਤੋਂ ਬਚਾਅ ਹੋ ਸਕਦਾ ਹੈ। ਕਿਸਾਨਾਂ ਦੇ ਫ਼ਾਇਦੇ ਲਈ ਜੰਗਲੀ ਸੂਰਾਂ ਅਤੇ ਇਸ ਦੇ ਪ੍ਰਬੰਧਨ ਬਾਰੇ ਸਾਹਿਤ, ਇੱਕ-ਇੱਕ ਪੰਨੇ ਦਾ ਇਸ਼ਤਿਹਾਰ (ਪੈਂਫਲੈਟ), ਕਿਤਾਬ ਅਤੇ ਚਾਰਟ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ ਇਸ ਜਾਣਕਾਰੀ ਨੂੰ ਕਿਸਾਨ ਮੇਲਿਆਂ ’ਤੇ ਵੀ ਸਾਂਝਾ ਕੀਤਾ ਜਾਂਦਾ ਹੈ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੰਗਲੀ ਜੀਵ-ਜੰਤੂ ਜਿਵੇਂ ਜੰਗਲੀ ਸੂਰ ਆਦਿ ਪੰਜਾਬ ਰਾਜ ਦੇ ਵਿਭਾਗ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਅਧੀਨ ਆਉਂਦੇ ਹਨ। ਇਸ ਲਈ ਜੰਗਲੀ ਸੂਰ ਪ੍ਰਬੰਧਨ ਸਬੰਧੀ ਦਿਸ਼ਾ-ਨਿਰਦੇਸ਼/ਨੀਤੀਆਂ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਧੀਨ ਆਉਂਦੀਆਂ ਹਨ। ਇਸ ਲਈ ਜੰਗਲੀ ਸੂਰਾਂ ਦੀ ਆਬਾਦੀ ਅਤੇ ਇਸ ਦੇ ਨੁਕਸਾਨ ਬਾਰੇ ਕੋਈ ਵੀ ਜਾਣਕਾਰੀ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਨਾਲ ਸਾਂਝੀ ਕੀਤੀ ਜਾਣੀ ਚਾਹੀਦੀ ਹੈ।