For the best experience, open
https://m.punjabitribuneonline.com
on your mobile browser.
Advertisement

ਗਰਮੀ ਵਿੱਚ ਲੂ ਲੱਗਣ ਤੋਂ ਬਚਾਅ ਕਿਵੇਂ ਕਰੀਏ

06:20 AM Jun 11, 2024 IST
ਗਰਮੀ ਵਿੱਚ ਲੂ ਲੱਗਣ ਤੋਂ ਬਚਾਅ ਕਿਵੇਂ ਕਰੀਏ
Advertisement

ਰਾਜੇਸ਼ ਰਿਖੀ ਪੰਜਗਰਾਈਆਂ

Advertisement

ਵਧ ਰਹੀ ਗਰਮੀ ਤੋਂ ਜੇਕਰ ਲੋਕ ਆਪਣਾ ਬਚਾਅ ਨਹੀਂ ਰੱਖਣਗੇ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇੱਥੋਂ ਤੱਕ ਕਿ ਗਰਮੀਆਂ ਦੇ ਵਿੱਚ ਥੋੜ੍ਹੀ ਜਿਹੀ ਲਾਪ੍ਰਵਾਹੀ ਵੀ ਜਾਨਲੇਵਾ ਸਿੱਧ ਹੋ ਸਕਦੀ ਹੈ। ਇਸ ਲਈ ਗਰਮੀਆਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਆਪਣਾ ਰਹਿਣ-ਸਹਿਣ ਦਾ ਢੰਗ ਬਦਲਣਾ ਪਵੇਗਾ|
ਗਰਮੀਆਂ ਵਿੱਚ ਮਈ ਤੋਂ ਲੈ ਕਿ ਅੱਧ ਜੁਲਾਈ ਤੱਕ ਦਾ ਸਮਾਂ ਵਧੇਰੇ ਧਿਆਨ ਦੇਣ ਵਾਲਾ ਹੁੰਦਾ ਹੈ। ਇਨ੍ਹਾਂ ਮਹੀਨਿਆਂ ਵਿੱਚ ਦਿਨ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ ਅਤੇ ਗਰਮ ਹਵਾਵਾਂ ਚਲਦੀਆਂ ਹਨ। ਇਸ ਸੂਰਤ ਵਿੱਚ ਗਰਮੀ ਦੀ ਲਪੇਟ ਵਿੱਚ ਆਉਣ ਕਰ ਕੇ ਬਿਮਾਰ ਹੋਣ ਵਾਲੇ ਇਨਸਾਨ ਨੂੰ ਲੂ ਲੱਗਣਾ ਵੀ ਕਹਿੰਦੇ ਹਨ|
ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਭਾਰਤ ਵਿੱਚ ਸਾਲ 2012 ਵਿੱਚ 729, 2013 ਵਿੱਚ 1433, 2014 ਵਿੱਚ 547, 2015 ਵਿੱਚ 2081, 2016 ਵਿੱਚ 510, 2017 ਵਿੱਚ 375, 2018 ਵਿੱਚ 33, 2019 ਵਿੱਚ 505, 2020 ਵਿੱਚ 27, 2021 ਵਿੱਚ ਜ਼ੀਰੋ ਅਤੇ 2022 ਵਿੱਚ 2227 ਲੋਕਾਂ ਦੀ ਮੌਤ ਲੂ ਲੱਗਣ ਕਰ ਕੇ ਹੋਈ ਹੈ| ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੀ ਮੌਤ ਦਾ ਡੇਟਾ ਰਿਕਾਰਡ ਨਹੀਂ ਹੁੰਦਾ| ਇਸ ਲਈ ਇਨ੍ਹਾਂ ਮਹੀਨਿਆਂ ਵਿੱਚ ਸਾਨੂੰ ਖੁਦ ਅਤੇ ਪਰਿਵਾਰ ਲਈ ਜ਼ਰੂਰੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਲੂ ਲੱਗਣ ਤੋਂ ਬਚਾਅ ਹੋ ਸਕੇ|
ਬੱਚਿਆਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਉਹ ਖੇਡਣ ਦੇ ਲਾਲਚ ਵਿੱਚ ਅਕਸਰ ਬਾਹਰ ਨਿੱਕਲ ਜਾਂਦੇ ਹਨ। ਬੱਚਿਆਂ ਦੇ ਨਾਲ-ਨਾਲ 65 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਨੂੰ ਵੀ ਲੂ ਲੱਗਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ| ਇਸ ਸੀਜ਼ਨ ਵਿੱਚ ਅਪਰੈਲ ਮਹੀਨੇ ਦੌਰਾਨ ਤਾਂ ਬਾਰਿਸ਼ ਕਰ ਕੇ ਤਾਪਮਾਨ ਜ਼ਿਆਦਾ ਨਹੀਂ ਵਧਿਆ ਪਰ ਹੁਣ ਤਾਪਮਾਨ ’ਚ ਵਾਧਾ ਹੋਇਆ ਹੈ ਤੇ ਲੋਕ ਅਤਿ ਦੀ ਗਰਮੀ ਤੋਂ ਬੇਹੱਦ ਪ੍ਰੇਸ਼ਾਨ ਹਨ| ਤਾਪਮਾਨ ਵਿੱਚ ਹੋਣ ਵਾਲੇ ਵਾਧੇ ਸਬੰਧੀ ਲਗਾਏ ਅਨੁਮਾਨ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਗਰਮੀ ਦੀਆਂ ਲਹਿਰਾਂ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਜੇਕਰ ਕਿਸੇ ਮੈਦਾਨੀ ਖੇਤਰ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਤੱਕ ਪਹੁੰਚ ਜਾਂਦਾ ਹੈ ਤਾਂ ਇਸ ਸਥਿਤੀ ਨੂੰ ਗਰਮੀ ਦੀ ਲਹਿਰ ਕਿਹਾ ਜਾਂਦਾ ਹੈ। ਇਹ ਉੱਚ ਬਾਹਰੀ ਤਾਪਮਾਨ ਸਰੀਰ ਦੇ ਤਾਪਮਾਨ ਨਿਯੰਤਰਨ ਪ੍ਰਣਾਲੀ ਨੂੰ ਵਿਗਾੜਦਾ ਹੈ ਅਤੇ ਗਰਮੀ ਨਾਲ ਸਬੰਧਿਤ ਬਿਮਾਰੀਆਂ ਦਾ ਕਾਰਨ ਬਣਦਾ ਹੈ| ਲੋਕਾਂ ਨੂੰ ਇਸ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਖਾਸ ਕਰ ਕੇ ਉਨ੍ਹਾਂ ਲੋਕਾਂ ਜਿਹੜੇ ਜੋਖਿ਼ਮ ਸ਼੍ਰੇਣੀ ਵਿੱਚ ਆਉਂਦੇ ਹਨ, ਨੂੰ ਬਹੁਤ ਚੌਕਸ ਰਹਿਣ ਦੀ ਲੋੜ ਹੈ।
ਕਿਹੜੇ ਲੋਕਾਂ ਨੂੰ ਹੈ ਲੂ ਲੱਗਣ ਦਾ ਜ਼ਿਆਦਾ ਖ਼ਤਰਾ
ਨਵਜੰਮੇ ਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ, ਧੁੱਪ ਵਿੱਚ ਜ਼ਿਆਦਾ ਸਰੀਰਕ ਕੰਮ ਕਰਨ ਵਾਲੇ ਮਜ਼ਦੂਰ, ਜ਼ਿਆਦਾ ਮੋਟੇ ਇਨਸਾਨ, ਮਾਨਸਿਕ ਰੋਗੀ ਜੋ ਸਰੀਰਕ ਤੌਰ ’ਤੇ ਬਿਮਾਰ ਹਨ, ਖਾਸ ਕਰ ਕੇ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪਰੈਸ਼ਰ ਹੈ; ਇਨ੍ਹਾਂ ਲੋਕਾਂ ਨੂੰ ਆਮ ਲੋਕਾਂ ਦੇ ਮੁਕਾਬਲੇ ਜ਼ਿਆਦਾ ਖ਼ਤਰਾ ਹੁੰਦਾ ਹੈ|
ਲੂ ਲੱਗਣ ਤੋਂ ਕਿਵੇਂ ਬਚੀਏ
ਘਰ ਤੋਂ ਬਾਹਰ ਦੇ ਕੰਮ ਦਿਨ ਦੇ ਠੰਢੇ ਸਮੇਂ ਜਿਵੇਂ ਸਵੇਰ ਅਤੇ ਸ਼ਾਮ ਵਿੱਚ ਕੀਤੇ ਜਾਣੇ ਚਾਹੀਦੇ ਹਨ। ਪਿਆਸ ਨਾ ਲੱਗਣ ’ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਪੀਓ। ਮਿਰਗੀ ਜਾਂ ਦਿਲ ਦੀ ਬਿਮਾਰੀ, ਗੁਰਦੇ ਜਾਂ ਜਿਗਰ ਦੀ ਬਿਮਾਰੀ ਵਾਲੇ ਲੋਕ ਜੋ ਤਰਲ-ਪ੍ਰਤੀਬੰਧਿਤ ਖੁਰਾਕ ’ਤੇ ਹਨ, ਉਨ੍ਹਾਂ ਨੂੰ ਪਾਣੀ ਦੀ ਮਾਤਰਾ ਵਧਾਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ| ਬਾਹਰ ਕੰਮ ਕਰਦੇ ਸਮੇਂ ਹਲਕੇ ਰੰਗ ਦੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ। ਕੋਸ਼ਿਸ਼ ਕਰੋ ਕਿ ਗਰਮੀਆਂ ਵਿੱਚ ਸਿਰਫ਼ ਸੂਤੀ ਕੱਪੜੇ ਹੀ ਪਹਿਨੇ ਜਾਣ। ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕਰੋ। ਨੰਗੇ ਪੈਰੀਂ ਬਾਹਰ ਨਾ ਨਿਕਲੋ, ਧੁੱਪ ਵਿਚ ਬਾਹਰ ਜਾਣ ਵੇਲੇ ਹਮੇਸ਼ਾ ਜੁੱਤੀ ਜਾਂ ਚੱਪਲਾਂ ਪਾਓ। ਧੁੱਪ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰ ਦਾ ਤਾਪਮਾਨ ਸਹੀ ਬਰਕਰਾਰ ਰੱਖਣ ਲਈ ਛਾਂ ਵਿਚ ਆਰਾਮ ਕਰਨਾ ਚਾਹੀਦਾ ਹੈ ਜਾਂ ਸਿਰ ’ਤੇ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ। ਧੁੱਪ ਵਿਚ ਨਿਕਲਦੇ ਸਮੇਂ ਹਮੇਸ਼ਾ ਪਾਣੀ ਨਾਲ ਰੱਖੋ। ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ਼, ਸੰਤਰਾ, ਅੰਗੂਰ, ਖੀਰੇ ਅਤੇ ਟਮਾਟਰ ਖਾਓ ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਪਾਣੀ ਦੀ ਪੇਸ਼ਕਸ਼ ਕਰੋ ਜੋ ਤੁਹਾਡੇ ਘਰ ਜਾਂ ਦਫਤਰ ਵਿੱਚ ਸਾਮਾਨ ਜਾਂ ਭੋਜਨ ਦੀ ਡਿਲਵਰੀ ਲਈ ਆਉਂਦੇ ਹਨ। ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਵਰਗੇ ਘਰੇਲੂ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਅਤੇ ਸੇਵਨ ਵਧਾਓ। ਆਪਣੀ ਚਮੜੀ ਦੀ ਸੁਰੱਖਿਆ ਲਈ ਸਨਸਕਰੀਨ ਅਤੇ ਅੱਖਾਂ ਦੀ ਸੁਰੱਖਿਆ ਲਈ ਗੂੜ੍ਹੇ ਚਸ਼ਮੇ ਪਾਓ। ਘੱਟ ਭੋਜਨ ਖਾਓ ਅਤੇ ਜ਼ਿਆਦਾ ਵਾਰ ਖਾਓ। ਠੰਢੇ ਪਾਣੀ ਨਾਲ ਵਾਰ-ਵਾਰ ਨਹਾਓ। ਛੱਤਾਂ ’ਤੇ ਤੂੜੀ ਪਾ ਕੇ ਜਾਂ ਸਬਜ਼ੀਆਂ ਉਗਾ ਕੇ ਤਾਪਮਾਨ ਘੱਟ ਰੱਖਿਆ ਜਾ ਸਕਦਾ ਹੈ।
ਜੇਕਰ ਕਸਰਤ ਕਰ ਰਹੇ ਹੋ ਤਾਂ ਹੌਲੀ-ਹੌਲੀ ਸ਼ੁਰੂ ਕਰੋ ਅਤੇ ਅੰਤ ਵਿਚ ਸਰੀਰ ਦੇ ਵਧਦੇ ਤਾਪਮਾਨ ਦੇ ਅਨੁਕੂਲ ਹੋਣ ਤੱਕ ਇਸ ਨੂੰ ਕੁਝ ਦਿਨਾਂ ਵਿਚ ਵਧਾਓ। ਪਿਆਜ਼ ਦਾ ਸਲਾਦ ਅਤੇ ਕੱਚੇ ਅੰਬ ਨੂੰ ਨਮਕ ਅਤੇ ਜੀਰੇ ਨਾਲ ਖਾਣ ਵਰਗੇ ਰਵਾਇਤੀ ਉਪਚਾਰ ਹੀਟ ਸਟਰੋਕ ਤੋਂ ਬਚਾ ਸਕਦੇ ਹਨ।
ਹੋਰ ਕਿਹੜੀਆਂ ਸਾਵਧਾਨੀਆਂ ਰੱਖੀਏ
ਧੁੱਪ ਵਿੱਚ ਖਾਸ ਤੌਰ ’ਤੇ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਜਾਣ ਤੋਂ ਪਰਹੇਜ਼ ਕਰੋ। ਵਧ ਗਰਮੀ ਵਾਲੇ ਘੰਟਿਆਂ ਦੌਰਾਨ ਖਾਣਾ ਬਣਾਉਣ ਤੋਂ ਗੁਰੇਜ਼ ਕੀਤਾ ਜਾਵੇ, ਰਸੋਈ ਨੂੰ ਚੰਗੀ ਤਰ੍ਹਾਂ ਹਵਾਦਾਰ ਰੱਖਣ ਲਈ ਦਰਵਾਜ਼ੇ ਅਤੇ ਖਿੜਕੀਆਂ ਖੁੱਲ੍ਹੀਆਂ ਰੱਖੋ। ਅਲਕੋਹਲ, ਚਾਹ, ਕੌਫੀ ਤੇ ਕਾਰਬੋਨੇਟਿਡ ਅਤੇ ਵਾਧੂ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਅਸਲ ਵਿੱਚ ਬਾਡੀ ਫਲੂਡਜ਼ ਨੂੰ ਖਤਮ ਕਰਦੇ ਹਨ। ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ, ਬਾਸੀ ਭੋਜਨ ਨਾ ਖਾਓ। ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਤਾਲਾਬੰਦ ਵਾਹਨ ਵਿੱਚ ਨਾ ਛੱਡੋ।
ਲੂ ਲੱਗਣ ਦੇ ਲੱਛਣ
ਮਾਨਸਿਕ ਸੰਤੁਲਨ ਵਿੱਚ ਬਦਲਾਓ, ਬੇਚੈਨੀ, ਬੋਲਣ ਵਿੱਚ ਦਿੱਕਤ, ਚਿੜਚਿੜਾਪਨ, ਅਟੈਕਸੀਆ (ਬੋਲਣ ਵਿੱਚ ਦਿੱਕਤ), ਹਕਲਾ ਕੇ ਬੋਲਣਾ, ਦੌਰੇ ਆਦਿ ਨਾਲ ਗਰਮ, ਲਾਲ ਤੇ ਖੁਸ਼ਕ ਚਮੜੀ, ਜਦੋਂ ਸਰੀਰ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਵੱਧ ਜਾਂਦਾ ਹੈ| ਗੰਭੀਰ ਸਿਰ ਦਰਦ, ਚੱਕਰ ਆਉਣੇ, ਬੇਹੋਸ਼ੀ ਅਤੇ ਹਲਕਾ ਸਿਰ ਦਰਦ, ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਖਿਚਾਅ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਰਹਿੰਦੀ ਹੈ, ਉਲਟੀਆਂ (ਜੀਅ ਮਚਲਾਣਾ), ਦਿਲ ਦੀ ਧੜਕਣ ਤੇਜ਼ ਹੋਣਾ, ਸਾਹ ਲੈਣ ਵਿੱਚ ਤਕਲੀਫ਼ ਹੋਣਾ|
ਉਪਰ ਦਿੱਤੀਆਂ ਇਨ੍ਹਾਂ ਸਾਵਧਾਨੀਆਂ ਦੇ ਨਾਲ ਅਸੀਂ ਲੂ ਲੱਗਣ ਦੇ ਵੱਡੇ ਖ਼ਤਰੇ ਤੋਂ ਬਚ ਸਕਦੇ ਹਾਂ। ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਸਾਨੂੰ ਮੌਸਮ ਦੇ ਹਿਸਾਬ ਨਾਲ ਆਪਣੇ ਜੀਵਨ ਜਿਊਣ ਦੇ ਤਰੀਕੇ ਬਦਲਣੇ ਪੈਂਦੇ ਹਨ ਅਤੇ ਤੰਦਰੁਸਤ ਰਹਿਣ ਲਈ ਸਾਵਧਾਨੀਆਂ ਤੇ ਇਹ ਬਦਲਾਓ ਜ਼ਰੂਰੀ ਹੈ|
ਸੰਪਰਕ: 94644-42300

Advertisement
Author Image

joginder kumar

View all posts

Advertisement
Advertisement
×