ਫ਼ਲਦਾਰ ਬੂਟੇ ਲਗਾਉਣ ਦਾ ਤਰੀਕਾ
ਸਰਵਪ੍ਰਿਆ ਸਿੰਘ/ਨਵਜੋਤ ਗੁਪਤਾ*
ਫ਼ਲਾਂ ਦੀ ਰੋਜ਼ਾਨਾ ਖ਼ੁਰਾਕ ਵਿੱਚ ਅਹਿਮ ਭੂਮਿਕਾ ਹੈ ਕਿਉਂਕਿ ਇਨ੍ਹਾਂ ਵਿੱਚ ਬਹੁਤ ਸਾਰੇ ਵਿਟਾਮਿਨ (ਏ,ਬੀ,ਸੀ ਅਤੇ ਈ) ਮਿਨਰਲ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਇਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦੇ ਹਨ। ਇੰਡੀਅਨ ਕੌਂਸਲ ਮੈਡੀਕਲ ਰਿਸਰਚ ਮੁਤਾਬਕ ਫਲਾਂ ਦੀ ਰੋਜ਼ਾਨਾ ਪੂਰਤੀ ਲਈ 120 ਗ੍ਰਾਮ ਪ੍ਰਤੀ ਦਿਨ ਪ੍ਰਤੀ ਵਿਅਕਤੀ ਲੋੜ ਹੈ ਪਰ ਇਨ੍ਹਾਂ ਵਿੱਚੋਂ 83 ਗ੍ਰਾਮ ਪ੍ਰਤੀ ਦਿਨ ਪ੍ਰਤੀ ਵਿਅਕਤੀ ਪੈਦਾਵਾਰ ਹੋ ਰਹੀ ਹੈ। ਇਹ ਆਮ ਫ਼ਸਲਾਂ ਦੇ ਮੁਕਾਬਲੇ ਵਿੱਚ ਬਹੁਤ ਘੱਟ ਹੈ। ਆਮ ਹੀ ਦੇਖਿਆ ਜਾਂਦਾ ਹੈ ਕਿ ਪਿੰਡਾਂ ਵਿੱਚ ਸ਼ਹਿਰਾਂ ਨਾਲੋਂ ਘਰ ਖੁੱਲ੍ਹੇ ਹੁੰਦੇ ਹਨ। ਇਨ੍ਹਾਂ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਫ਼ਲਦਾਰ ਬੂਟੇ ਲਾ ਕੇ ਤਾਜ਼ੇ ਫ਼ਲ ਖਾ ਸਕਦੇ ਹਾਂ। ਪਰ ਇਸ ਦੀ ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਬਾਗ਼਼ਬਾਨੀ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਜ਼ਰੂਰੀ ਹੈ ਕਿ ਬਾਗ਼਼/ਫ਼ਲਦਾਰ ਬੂਟੇ ਲਗਾਉਣ ਤੋਂ ਪਹਿਲਾਂ ਵਿਉਂਤਬੰਦੀ ਕਰੀ ਜਾਵੇ। ਇਸ ਤਹਿਤ ਬਾਗ਼ ਲਈ ਸਹੀ ਜਗ੍ਹਾ ਦੀ ਚੋਣ, ਮਿੱਟੀ ਅਤੇ ਪਾਣੀ ਪਰਖ, ਸਿੰਜਾਈ ਦਾ ਪ੍ਰਬੰਧ, ਬਾਗ਼਼ ਵਿਚਲੇ ਰਸਤੇ, ਇਮਾਰਤ, ਬੂਟਿਆਂ ਵਿਚਕਾਰ ਸਹੀ ਫ਼ਾਸਲਾ ਆਦਿ ਬਾਰੇ ਧਿਆਨ ਰੱਖਿਆ ਜਾਵੇ। ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਨਿੰਬੂ ਜਾਤੀ ਦੇ ਬੂਟੇ, ਅੰਬ, ਅਮਰੂਦ, ਜਾਮਣ, ਚੀਕੂ ਆਦਿ ਸਾਲ ਵਿੱਚ ਦੋ ਵਾਰ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਵਿੱਚ ਲਗਾਏ ਜਾ ਸਕਦੇ ਹਨ। ਬਾਗ਼਼ ਲਾਉਣ ਤੋਂ ਪਹਿਲਾਂ ਬਣਾਇਆ ਗਿਆ ਖਾਕਾ ਬੂਟਿਆਂ ਦੀ ਬਾਗ਼਼ ਵਿੱਚ ਸਹੀ ਵੰਡ, ਸੌਖੀ ਸੰਭਾਲ ਅਤੇ ਬੂਟਿਆਂ ਦੇ ਵਿਕਾਸ ਲਈ ਲੋੜੀਂਦੀ ਜਗ੍ਹਾ ਰੱਖਣ ਵਿੱਚ ਮਦਦ ਕਰਦਾ ਹੈ। ਉਸੇ ਤਰ੍ਹਾਂ ਬਾਗ਼਼ ਨਾਲ ਸਬੰਧਤ ਕੰਮ ਜਿਵੇਂ ਨਦੀਨਾਂ ਦੀ ਰੋਕਥਾਮ, ਸਿੰਜਾਈ, ਸਪਰੇਅ, ਰੂੜੀ ਅਤੇ ਖਾਦਾਂ, ਅੰਤਰ-ਫ਼ਸਲਾਂ ਅਤੇ ਤੁੜਾਈ ਆਸਾਨੀ ਨਾਲ ਹੋ ਸਕਦੀ ਹੈ।
ਨਰਸਰੀ ਵਿੱਚੋਂ ਬੂਟਿਆਂ ਦੀ ਚੋਣ ਤੇ ਢੋਆ-ਢੁਆਈ: ਬਾਗ਼ ਵਿੱਚ ਫਲਦਾਰ ਬੂਟੇ ਲਗਾਉਣ ਲਈ ਅਜਿਹੇ ਪੌਦਿਆਂ ਦੀ ਚੋਣ ਕਰੋ ਜਿਹੜੇ ਕੀੜੇ ਅਤੇ ਬਿਮਾਰੀਆਂ ਤੋਂ ਰਹਿਤ ਹੋਣ। ਪੌਦੇ ਕਿਸੇ ਭਰੋਸੇਯੋਗ ਚੰਗੀ ਨਰਸਰੀ ਤੋਂ ਪ੍ਰਾਪਤ ਕੀਤੇ ਜਾਣ। ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ ਕਿ ਬੂਟੇ ਨਰੋਏ ਅਤੇ ਦਰਮਿਆਨੀ ਉਚਾਈ ਦੇ ਹੋਣ। ਸਦਾਬਹਾਰ ਬੂਟਿਆਂ ਨੂੰ ਇਸ ਤਰ੍ਹਾਂ ਪੁੱਟੋ ਕਿ ਉਨ੍ਹਾਂ ਨਾਲ ਕਾਫ਼ੀ ਜੜ੍ਹਾਂ ਹੋਣ। ਨਰਸਰੀ ਤੋਂ ਢੋਆ-ਢੁਆਈ ਸਮੇਂ ਧਿਆਨ ਰੱਖੋ ਕਿ ਬੂਟੇ ਦੀ ਗਾਚੀ ਨਾ ਟੁੱਟੇ। ਆਵਾਜਾਈ ਲਈ ਬੂਟਿਆਂ ਨੂੰ ਬਹੁਤ ਹੀ ਧਿਆਨ ਨਾਲ ਲੱਦੋ। ਬੂਟੇ ਲੱਦਣ ਤੋਂ ਪਹਿਲਾਂ ਟਰਾਲੀ ਜਾਂ ਜਿਸ ਵੀ ਵਾਹਨ ਵਿੱਚ ਬੂਟੇ ਲੈ ਕੇ ਜਾਣੇ ਹੋਣ ਤਾਂ ਉਸ ਵਿੱਚ ਪਰਾਲੀ, ਸੁੱਕਾ ਘਾਹ ਜਾਂ ਥੋੜ੍ਹੀ ਰੇਤ ਵਿਛਾ ਲਵੋ। ਜੇ ਬੂਟੇ ਦੂਰ ਲਿਜਾਣੇ ਹੋਣ ਤਾਂ ਇਨ੍ਹਾਂ ਨੂੰ ਟਹਿਕਦੇ ਰੱਖਣ ਲਈ ਪਾਣੀ ਛਿੜਕਦੇ ਰਹੋ ਤਾਂ ਜੋ ਅਵਾਜਾਈ ਦੌਰਾਨ ਜੜ੍ਹਾਂ ਖੁਸ਼ਕ ਨਾ ਹੋ ਜਾਣ। ਬੂਟੇ ਖ਼ਰੀਦਣ ਸਮੇਂ 10 ਤੋਂ 15 ਪ੍ਰਤੀਸ਼ਤ ਬੂਟੇ ਲੋੜ ਨਾਲੋਂ ਵੱਧ ਖ਼ਰੀਦੋ ਤਾਂ ਜੋ ਇਨ੍ਹਾਂ ਨੂੰ ਮਰਨ ਵਾਲੇ ਬੂਟਿਆਂ ਦੀ ਥਾਂ ’ਤੇ ਲਗਾਇਆ ਜਾ ਸਕੇ। ਬੂਟਿਆਂ ਨੂੰ ਲੋੜ ਪੈਣ ਤੱਕ ਨਰਸਰੀ ਵਿੱਚ ਹੀ ਰੱਖੋ। ਸਦਾਬਹਾਰ ਬੂਟੇ ਜ਼ਿਆਦਾਤਰ ਬਰਸਾਤ ਦੇ ਮੌਸਮ ਵਿੱਚ ਲਗਾਏ ਜਾਂਦੇ ਹਨ ਤਾਂ ਜੋ ਬੂਟੇ ਛੇਤੀ ਚੱਲ ਪੈਣ।
ਫਲਦਾਰ ਬੂਟਿਆਂ ਦੀ ਕਿਸਮਾਂ ਦੀ ਚੋਣ: ਫਲਦਾਰ ਬੂਟਿਆਂ ਦੀ ਸਹੀ ਕਿਸਮ ਦੀ ਸਹੀ ਚੋਣ ਅਤੇ ਜਾਣਕਾਰੀ ਹੋਣਾ ਜ਼ਰੂਰੀ ਹੈ। ਜੇ ਕਿਸਮ ਦੀ ਚੋਣ ਸਹੀ ਨਹੀਂ ਕੀਤੀ ਜਾਂਦੀ ਤਾਂ ਫਲਦਾਰ ਬੂਟੇ ਸਹੀ ਮਿਕਦਾਰ ਨਹੀਂ ਆਉਦੀਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਸੰਤਰਾ: ਪੀਏਯੂ ਕਿੰਨੂ 1, ਡੇਜੀ, ਡਬਲਿਯੂ ਮਰਕਟ, ਕਿਨੂੰ।
ਮਾਲਟਾ: ਵਲੈਨਸ਼ੀਆ ਸੈਨਗੁਆਨੋ, ਅਰਲੀ ਗੋਲਡ, ਵਲੈਨਸ਼ੀਆ, ਮੁਸੰਮੀ, ਜਾਂਫਾ, ਬਲੱਡ ਰੈੱਡ।
ਗਰੇਪਫਰੂਟ: ਸ਼ਟਾਰ ਰੂਬੀ, ਰੈਡਬਲਸ਼, ਮਾਰਸ਼ ਸੀਡਲੈੱਸ, ਡੰਕਨ, ਫੋਸਟਰ।
ਨਿੰਬੂ: ਪੰਜਾਬ ਬਾਰਾਮਾਸੀ ਨਿੰਬੂ, ਪੰਜਾਬ ਗਲਗਲ, ਪੀਏਯੂ. ਬਾਰਾਮਾਸੀ ਨਿੰਬੂ, ਯੂਰੇਕਾ।
ਅਮਰੂਦ: ਪੰਜਾਬ ਐਪਲ ਗੁਆਵਾ, ਪੰਜਾਬ ਕਿਰਨ, ਪੰਜਾਬ ਸਫ਼ੈਦਾ, ਸ਼ਵੇਤਾ, ਪੰਜਾਬ ਪਿੰਕ, ਅਰਨਾਂ ਅਮੁਲਿਆ, ਸਰਦਾਰ, ਅਲਾਹਾਬਾਦ ਸਫੈਦਾ।
ਅੰਬ: ਅਲਫੈਂਜੋ, ਦਸਹਿਰੀ, ਲੰਗੜਾ, ਗੰਗੀਆਂ ਸੰਧੂਰੀ (ਜੀ ਐਨ,19,1,2,3,4,5,6,7)।
ਬੇਰ: ਵਲੈਤੀ, ਉਮਰਾਨ, ਸਨੌਰ-2।
ਲੀਚੀ: ਦੇਹਰਾਦੂਨ, ਕਲਕੱਤੀਆ, ਸੀਡਲੈਸ ਲੇਟ।
ਕੇਲਾ: ਗਰੈਂਡ ਨੈਨ।
ਚੀਕੂ: ਕਾਲੀ ਪੱਤੀ, ਕ੍ਰਿਕਟਬਾਲ।
ਪਪੀਤਾ: ਰੈਡ ਲੇਡੀ 786, ਪੰਜਾਬ ਸਵੀਟ, ਪੂਸਾ ਡਲੀਸੀਅਸ਼, ਪੂਸ਼ਾ ਡਵਾਰਫ, ਹਨੀਡਿਊ।
ਲੁਕਾਠ: ਕੈਲੀਫੋਰਨੀਆ ਐਡਵਾਂਸ, ਗੋਲਡਨ ਯੈਲੋ, ਪੇਲ ਯੈਲੋ।
ਸਦਾਬਹਾਰ ਫ਼ਲਦਾਰ ਬੂਟੇ/ਬਾਗ਼ ਲਗਾਉਣ ਦੇ ਢੰਗ: ਨਵੇਂ ਬਾਗ਼ਾਂ ਨੂੰ ਵਰਗਾਕਾਰ ਜਾਂ ਆਇਤਾਕਾਰ ਢੰਗ ਨਾਲ ਲਾਇਆ ਜਾ ਸਕਦਾ ਹੈ।
ਟੋਏ ਪੁੱਟਣਾ ਤੇ ਭਰਨਾ: ਹਰ ਬੂਟੇ ਲਈ ਇੱਕ ਮੀਟਰ ਡੂੰਘੇ ਅਤੇ ਇੱਕ ਮੀਟਰ ਘੇਰੇ ਵਾਲੇ ਟੋਏ ਪੁੱਟ ਲਉ। ਟੋਏ ਬੂਟੇ ਖ਼ਰੀਦ ਕੇ ਲਿਆਉਣ ਤੋਂ ਪਹਿਲਾਂ ਪੁੱਟੋ। ਬੂਟੇ ਲਾਉਣ ਸਮੇਂ ਟੋਇਆਂ ਵਿੱਚ ਉੱਪਰਲੀ ਮਿੱਟੀ ਅਤੇ ਰੂੜੀ ਦੀ ਬਰਾਬਰ ਮਾਤਰਾ ਜ਼ਮੀਨ ਤੋਂ ਉੱਚੀ ਭਰ ਦਿਉ। ਇਨ੍ਹਾਂ ਟੋਇਆਂ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਪਾਣੀ ਦਿਉ ਤੇ ਹਰ ਟੋਏ ਵਿੱਚ 15 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. 2 ਕਿਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾਉਣ ਲਈ ਜ਼ਰੂਰ ਪਾਉ।
ਬੂਟਿਆਂ ਦੀ ਮੁੱਢਲੀ ਦੇਖ-ਭਾਲ: ਬੂਟੇ ਨੂੰ ਟੋਏ ਦੇ ਵਿਚਕਾਰ ਪਲਾਂਟਿੰਗ ਬੋਰਡ ਦੀ ਮਦਦ ਨਾਲ ਲਗਾਉ। ਇਸ ਗੱਲ ਦਾ ਧਿਆਨ ਰੱਖੋ ਕਿ ਬੂਟੇ ਦੀ ਪਿਉਂਦ ਜ਼ਮੀਨ ਨਾਲੋਂ 9 ਇੰਚ ਉੱਚੀ ਹੋਵੇ। ਬੂਟੇ ਦੇ ਦੁਆਲੇ ਮਿੱਟੀ ਨੂੰ ਚੰਗੀ ਤਰ੍ਹਾਂ ਦਬਾਉਣ ਤੋਂ ਬਾਅਦ ਉਸੇ ਵੇਲੇ ਪਾਣੀ ਲਗਾਉ। ਵੈਸੇ ਤਾਂ ਹਰ ਉਮਰ ਦੇ ਫਲਦਾਰ ਬੂਟਿਆਂ ਦੀ ਦੇਖ-ਭਾਲ ਜ਼ਰੂਰੀ ਹੈ ਪਰ ਨਵੇਂ ਲਾਏ ਬੂਟੇ ਉਚੇਚਾ ਧਿਆਨ ਮੰਗਦੇ ਹਨ ਕਿਉਂਕਿ ਬੂਟੇ ਬਹੁਤ ਨਾਜ਼ੁਕ ਹੋਣ ਕਾਰਨ ਮੁੱਢਲੇ ਦਿਨਾਂ ਵਿੱਚ ਜ਼ਿਆਦਾ ਵਾਧਾ ਨਹੀਂ ਕਰਦੇ ਅਤੇ ਕਈ ਵਾਰੀ ਬੂਟੇ ਅਣਗਹਿਲੀ ਕਾਰਨ ਮਰ ਵੀ ਜਾਂਦੇ ਹਨ। ਨਵੇਂ ਬੂਟੇ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਸੋਟੀ ਨਾਲ ਸਹਾਰਾ ਦਿਉ। ਸਹਾਰਾ ਦੇਣ ਵਾਲੀਆਂ ਸੋਟੀਆਂ ਨੂੰ ਬੂਟੇ ਦੇ ਕੋਲ ਜ਼ਮੀਨ ਵਿੱਚ ਚੰਗੀ ਤਰ੍ਹਾਂ ਗੱਡ ਕੇ ਰੱਸੀ ਨਾਲ ਬੰਨ੍ਹ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਰਸਾਤਾਂ ਦਾ ਵਾਧੂ ਪਾਣੀ ਬਾਗ਼ ਵਿੱਚ ਨਹੀਂ ਰਹਿਣਾ ਚਾਹੀਦਾ। ਇਸ ਲਈ ਬਾਗ਼ ਦਾ ਨਿਕਾਸੀ ਪ੍ਰਬੰਧ ਬਹੁਤ ਸੁਚੱਝਾ ਹੋਣਾ ਚਾਹੀਦਾ ਹੈ। ਖੜ੍ਹਾ ਪਾਣੀ ਬੂਟੇ ਦਾ ਸਾਹ ਘੁੱਟ ਦਿੰਦਾ ਹੈ। ਪਪੀਤਾ ਇਸ ਖੜ੍ਹੇ ਪਾਣੀ ਦਾ ਸਾਰਿਆਂ ਤੋਂ ਜ਼ਿਆਦਾ ਅਸਰ ਲੈਂਦਾ ਹੈ। ਬੂਟੇ ਬਾਗ਼ ਵਿੱਚ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਦੇਖਭਾਲ ਦੀ ਲੋੜ ਹੁੰਦੀ ਹੈ। ਬਿਮਾਰ ਅਤੇ ਸੁੱਕੇ ਹੋਏ ਹਿੱਸੇ ਦੀ ਧਿਆਨ ਨਾਲ ਕਾਂਟ-ਛਾਂਟ ਕਰੋ। ਨਵੇਂ ਬੂਟਿਆਂ ਦਾ ਧਿਆਨ ਰੱਖੋ ਅਤੇ ਮੁੱਢੋਂ ਫੁੱਟਣ ਵਾਲੀਆਂ ਸ਼ਾਖਾਵਾਂ ਕੱਟਦੇ ਰਹੋ। ਬਾਗ਼ ਦੇ ਨਿਰੀਖਣ ਦੌਰਾਨ ਦੇਖਣਾ ਚਾਹੀਦਾ ਹੈ ਕਿ ਬੂਟੇ ਦੇ ਜੜ੍ਹ ਮੁੱਢ ਤੋਂ ਕੋਈ ਫੁਟਾਰਾ ਤਾਂ ਨਹੀਂ ਨਿਕਲ ਰਿਹਾ। ਇੱਥੋਂ ਨਿਕਲਣ ਵਾਲੇ ਫੁਟਾਰੇ ਨੂੰ ਹਰ 10-15 ਦਿਨਾਂ ਬਾਅਦ ਬੜੀ ਸਾਵਧਾਨੀ ਨਾਲ ਕੈਂਚੀ ਦੀ ਮਦਦ ਨਾਲ ਕੱਟਦੇ ਰਹੋ। ਫਲਦਾਰ ਬੂਟਿਆਂ ਨੂੰ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੀਆਂ ਖਾਦਾਂ ਸਮੇਂ ਸਿਰ ਪਾਉ। ਨਾਲ ਹੀ ਸਮੇਂ ਸਿਰ ਪਾਣੀ ਲਗਾਉ ਅਤੇ ਕੀੜੇ-ਮਕੌੜਿਆਂ ਤੇ ਬਿਮਾਰੀਆਂ ਤੋਂ ਬਚਾ ਕੇ ਇਨ੍ਹਾਂ ਨੂੰ ਸਿਹਤਮੰਦ ਰੱਖੋ।
*ਕ੍ਰਿਸ਼ੀ ਵਿfਗਆਨ ਕੇਂਦਰ ਤੇ ਖੇਤਰੀ ਖੋਜ ਕੇਂਦਰ ਬਠਿੰਡਾ।