For the best experience, open
https://m.punjabitribuneonline.com
on your mobile browser.
Advertisement

ਮੰਡੀ ਤੱਕ ਨਰਮੇ ਦੀ ਗੁਣਵੱਤਾ ਕਿਵੇਂ ਬਰਕਰਾਰ ਰੱਖੀਏ

08:46 AM Oct 16, 2023 IST
ਮੰਡੀ ਤੱਕ ਨਰਮੇ ਦੀ ਗੁਣਵੱਤਾ ਕਿਵੇਂ ਬਰਕਰਾਰ ਰੱਖੀਏ
Advertisement

ਗੁਰਜਿੰਦਰ ਸਿੰਘ ਰੋਮਾਣਾ/ਰਾਜ ਕੁਮਾਰ*

Advertisement

ਪੰਜਾਬ ਦੇ ਦੱਖਣੀ-ਪੱਛਮੀ ਹਿੱਸੇ ਦੀ ਕਿਸੇ ਸਮੇਂ ਸਰਦਾਰ ਰਹੀ ਨਰਮੇ ਦੀ ਫ਼ਸਲ ਹਮੇਸ਼ਾਂ ਮੁਸ਼ਕਿਲਾਂ ਨਾਲ ਲੜਦੀ ਰਹੀ ਹੈ। ਕਦੇ ਸੋਕਾ, ਕਦੇ ਡੋਬਾ, ਕਦੇ ਕੀੜੇ, ਕਦੇ ਬਿਮਾਰੀਆਂ ਨੇ ਇਸ ਫ਼ਸਲ ਨੂੰ ਹਮੇਸ਼ਾ ਘੁੰਮਣ-ਘੇਰੀਆਂ ਵਿਚ ਪਾਈ ਰੱਖਿਆ ਹੈ। ਨਰਮੇ ਦੀ ਫ਼ਸਲ ਲਈ ਸਾਲ 2021 ਅਤੇ 2022 ਦਾ ਸਮਾਂ ਭਾਰੀ ਕਹਿਰ ਵਾਲਾ ਸੀ ਜਦੋਂ ਇਹ ਫ਼ਸਲ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਮਾਰ ਹੇਠਾਂ ਆ ਗਈ। ਜਿੱਥੇ ਇਸ ਆਫ਼ਤ ਨੇ ਨਰਮਾ ਪੱਟੀ ਦੇ ਕਿਸਾਨਾਂ ਨੂੰ ਆਰਥਿਕ ਪੱਖੋਂ ਸੱਟ ਮਾਰੀ ਹੈ, ਉੱਥੇ ਇਸ ਅਲਾਮਤ ਨੇ ਚਿੱਟੇ ਸੋਨੇ ਦੀ ਖੇਤੀ ਹੋਰ ਵੀ ਜੋਖ਼ਮ ਵਾਲੀ ਕਰ ਦਿੱਤਾ ਹੈ। ਨਤੀਜੇ ਵਜੋਂ ਇਸ ਫ਼ਸਲ ਹੇਠਲੇ ਰਕਬੇ ਨੂੰ ਕਾਫ਼ੀ ਧੱਕਾ ਲੱਗਿਆ ਹੈ। ਪੰਜਾਬ ਵਿਚ ਝੋਨੇ ਦੀ ਫ਼ਸਲ ਦਾ ਸਭ ਤੋਂ ਵਧੀਆ ਬਦਲ ਨਰਮਾ ਹੀ ਰਿਹਾ ਹੈ ਕਿਉਂਕਿ ਇਸ ਫ਼ਸਲ ਦੀ ਕਾਸ਼ਤ ਦੇ ਢੰਗਾਂ ਬਾਰੇ ਕਿਸਾਨ ਭਲੀ-ਭਾਂਤ ਜਾਣੂ ਹਨ। ਇਸ ਫ਼ਸਲ ਦੀ ਕਾਸ਼ਤ ਲਈ ਲੋੜੀਂਦਾ ਸਾਜ਼ੋ-ਸਾਮਾਨ ਤੇ ਮਸ਼ੀਨਰੀ ਵੀ ਉਨ੍ਹਾਂ ਕੋਲ ਉਪਲੱਬਧ ਹੈੈ। ਪੰਜਾਬ ਵਿੱਚ ਸਾਲ 1988-89 ਵਿੱਚ ਨਰਮੇ/ਕਪਾਹ ਹੇਠ 7.58 ਲੱਖ ਹੈਕਟੇਅਰ ਰਕਬਾ ਸੀ ਜੋ ਸਾਲ 2023 ਵਿਚ ਸਿਰਫ਼ 2.49 ਲੱਖ ਹੈਕਟੇਅਰ ਹੀ ਰਹਿ ਗਿਆ। ਸਾਡੀਆਂ ਨਰਮਾ ਮਿੱਲਾਂ ਦੀ ਮੰਗ ਅਨੁਸਾਰ ਪੰਜਾਬ ਵਿਚ ਨਰਮੇ ਦੀ ਫ਼ਸਲ ਨੂੰ 7 ਤੋਂ 8 ਲੱਖ ਹੈਕਟੇਅਰ ਤੱਕ ਬੀਜਿਆ ਜਾ ਸਕਦਾ ਹੈ। ਬੇਸ਼ੱਕ ਦੋਗਲੀਆਂ ਬੀਟੀ ਕਿਸਮਾਂ ਆਉਣ ਨਾਲ ਨਰਮੇ ਦੀ ਗੁਣਵੱਤਾ ਵਿਚ ਕਾਫ਼ੀ ਸੁਧਾਰ ਹੋਇਆ ਹੈ ਪਰ ਭਾਰਤੀ ਨਰਮੇ ਵਿੱਚ ਮਿਲਾਵਟ ਹੋਣ ਕਰ ਕੇ ਇਸ ਤੋਂ ਤਿਆਰ ਧਾਗੇ ਦਾ ਕੌਮਾਂਤਰੀ ਮੰਡੀ ਵਿਚ ਸਹੀ ਮੁੱਲ ਨਹੀਂ ਮਿਲਦਾ। ਧਾਗੇ ਦਾ ਸਹੀ ਮੁੱਲ ਨਾ ਮਿਲਣ ਕਾਰਨ ਰੂੰ ਦਾ ਭਾਅ ਵੀ ਸਹੀ ਨਹੀਂ ਮਿਲਦਾ ਅਤੇ ਅਖੀਰ ਨਰਮੇ ਦੀ ਫ਼ਸਲ ਦੇ ਭਾਅ ’ਤੇ ਵੀ ਅਸਰ ਪੈਂਦਾ ਹੈ। ਇਸ ਦਾ ਕਿਸਾਨਾਂ ਨੂੰ ਸਿੱਧਾ ਨੁਕਸਾਨ ਹੁੰਦਾ ਹੈ। ਨਰਮੇ ਵਿਚ ਮਿਲਾਵਟ ਬਾਹਰਲੇ ਤੱਤਾਂ ਜਿਵੇਂ ਰੰਗਦਾਰ ਧਾਗੇ, ਵਾਲ, ਪਲਾਸਟਿਕ ਦਾ ਸਾਮਾਨ, ਬੋਰੀ ਦੇ ਧਾਗੇ, ਸੂਤਲੀਆਂ, ਟੌਫੀਆਂ ਦੇ ਕਾਗਜ਼, ਰੱਦੀ ਕਾਗਜ਼, ਕੂੜਾ ਕਰਕਟ, ਆਦਿ ਦੇ ਰਲਣ ਕਾਰਨ ਹੁੰਦੀ ਹੈ। ਇਹ ਵਸਤਾਂ ਬਣ ਰਹੇ ਧਾਗੇ ਵਿਚ ਰਲ ਜਾਂਦੀਆਂ ਹਨ ਅਤੇ ਰੰਗਾਈ ਵੇਲੇ ਮਿਲਾਵਟੀ ਥਾਂ ਉੱਪਰ ਰੰਗ ਨਹੀਂ ਚੜ੍ਹਦਾ ਜਿਸ ਕਾਰਨ ਧਾਗੇ ਵਿਚ ਉਸ ਥਾਂ ਉੱਤੇ ਧੱਬੇ ਪੈ ਜਾਂਦੇ ਹਨ। ਨਰਮੇ ਵਿਚ ਇਹ ਵਸਤਾਂ ਫ਼ਸਲ ਨੂੰ ਚੁਗਣ ਸਮੇਂ, ਘਰ ਲਿਜਾਂਦੇ ਸਮੇਂ, ਸਾਂਭ-ਸੰਭਾਲ ਕਰਨ ਸਮੇਂ, ਮੰਡੀ ਵਿਚ ਲੈ ਕੇ ਜਾਂਦੇ ਸਮੇਂ, ਮੰਡੀ ਵਿਚ ਰੱਖਣ ਸਮੇਂ ਅਤੇ ਵਿਕਰੀ ਸਮੇਂ ਅਕਸਰ ਰਲ ਜਾਂਦੀਆਂ ਹਨ। ਹਾਲੇ ਤੱਕ ਇਨ੍ਹਾਂ ਮਿਲਾਵਟੀ ਚੀਜ਼ਾਂ ਨੂੰ ਰੂੰ ਵਿਚੋਂ ਵੱਖ ਕਰਨ ਦੀ ਕੋਈ ਤਕਨੀਕ ਨਹੀਂ ਹੈ ਜਿਹੜੀ ਇਸ ਕੰਮ ਨੂੰ ਸੌਖਿਆਂ ਕਰ ਸਕੇ। ਇਨ੍ਹਾਂ ਮਿਲਾਵਟੀ ਵਸਤਾਂ ਨੂੰ ਰੂੰ ਵਿਚੋਂ ਹੱਥਾਂ ਨਾਲ ਹੀ ਵੱਖ ਕੀਤਾ ਜਾਂਦਾ ਹੈ ਜਿਸ ਕਰ ਕੇ ਬਹੁਤ ਸਾਰਾ ਸਮਾਂ ਅਤੇ ਧਨ ਨਸ਼ਟ ਹੁੰਦਾ ਹੈ। ਸੋ ਲੋੜ ਹੈ ਵੱਖ-ਵੱਖ ਕਿਰਿਆਵਾਂ ਸਮੇਂ ਨਰਮੇ ਨੂੰ ਧਿਆਨ ਨਾਲ ਸੰਭਾਲਣ ਦੀ ਤਾਂ ਜੋ ਵਧੀਆ ਗੁਣਵੱਤਾ ਵਾਲਾ ਨਰਮਾ ਤਿਆਰ ਕਰ ਕੇ ਮੰਡੀ ਵਿਚ ਇਸ ਦਾ ਚੰਗਾ ਮੁੱਲ ਲਿਆ ਜਾ ਸਕੇ। ਨਰਮੇ ਦੀ ਫ਼ਸਲ ਦੀ ਵੱਖ ਵੱਖ ਪੜਾਵਾਂ ’ਤੇ ਗੁਣਵੱਤਾ ਬਰਕਰਾਰ ਰੱਖਣ ਲਈ ਕੁਝ ਸੁਝਾਅ ਅੱਗੇ ਦਿੱਤੇ ਗਏ ਹਨ।

Advertisement

ਨਰਮੇ ਦੀ ਚੁਗਾਈ ਕਰਦੇ ਸਮੇਂ

• ਨਰਮੇ ਦੀ ਚੁਗਾਈ ਤ੍ਰੇਲ ਸੁੱਕਣ ’ਤੇ ਕਰੋ, ਭਿੱਜਿਆ ਨਰਮਾ ਗਰਮ ਹੋ ਕੇ ਲਾਲ ਹੋ ਜਾਂਦਾ ਹੈ।
• ਚੁਗਾਈ 50 ਫ਼ੀਸਦੀ ਟੀਂਡੇ ਖਿੜਨ ’ਤੇ ਹੀ ਕਰੋ।
• ਛੋਟੇ ਬੱਚਿਆਂ ਅਤੇ ਅਨਜਾਣ ਮਜ਼ਦੂਰਾਂ ਨੂੰ ਨਰਮਾ ਚੁਗਣ ਲਈ ਨਾ ਲਾਓ ਕਿਉਂਕਿ ਇਹ ਫ਼ਸਲ ਦਾ ਨੁਕਸਾਨ ਜ਼ਿਆਦਾ ਕਰਦੇ ਹਨ।
• ਚੁਗਾਈ ਹਮੇਸ਼ਾ ਬੂਟੇ ਦੇ ਥੱਲੇ ਪਾਸੇ ਤੋਂ ਸ਼ੁਰੂ ਕਰ ਕੇ ਉੱਪਰ ਵੱਲ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਉੱਪਰਲੇ ਟੀਂਡਿਆਂ ਦੀ ਪੱਤੀ/ਸ਼ਿੱਕਰੀ ਹੇਠਲੇ ਖਿੜੇ ਟੀਂਡਿਆਂ ’ਤੇ ਨਾ ਡਿੱਗ ਪਵੇ।
• ਚੁਗਾਈ ਕਰਦੇ ਸਮੇਂ ਹਮੇਸ਼ਾ ਸਿਰ ਢੱਕ ਕੇ ਰੱਖੋ ਤਾਂ ਜੋ ਸਿਰ ਦੇ ਵਾਲ ਨਰਮੇ ਵਿਚ ਨਾ ਰਲਣ।
• ਕਾਣੀ ਕੌਢੀ, ਖ਼ਰਾਬ ਫੁੱਟੀ ਅਤੇ ਕੱਚੇ ਟੀਂਡਿਆਂ ਆਦਿ ਨੂੰ ਨਰਮੇ ਨਾਲ ਨਾ ਚੁਗੋ।
• ਚੁਗੀ ਹੋਈ ਨਰਮੇ ਦੀ ਫ਼ਸਲ ਨੂੰ ਸਾਫ਼ ਸੁਥਰੀ ਅਤੇ ਸੁੱਕੀ ਥਾਂ ’ਤੇ ਰੱਖੋ ਅਤੇ ਉੱਪਰੋਂ ਵੀ ਕੱਪੜੇ ਨਾਲ ਢਕੋ।
• ਮਜ਼ਦੂਰਾਂ ਨੂੰ ਸਾਫ਼ ਸੁਥਰੀ ਚੁਗਾਈ ਦੇ ਆਧਾਰ ’ਤੇ ਪੈਸੇ ਦਿਓ।
• ਚੁਗੇ ਹੋਏ ਨਰਮੇ ਨੂੰ ਬਿਨਾ ਨੱਪੇ ਉੱਪਰੋਂ ਢਕ ਕੇ ਰੱਖੋ ਤਾਂ ਜੋ ਇਸ ਦਾ ਰੇਸ਼ਾ ਖ਼ਰਾਬ ਨਾ ਹੋਵੇ।
• ਟਰਾਲੀ ਜਾਂ ਗੱਡੇ ਵਿਚ ਨਰਮਾ ਭਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ ਅਤੇ ਇਸ ਦੇ ਉੱਪਰ ਬੈਠ ਕੇ ਨਾ ਜਾਓ।
ਨਰਮੇ ਦੀ ਸਾਂਭ-ਸੰਭਾਲ ਤੇ ਭੰਡਾਰਨ
• ਕਮਰਾ ਸਾਫ਼ ਸੁਥਰਾ ਅਤੇ ਸਲ੍ਹਾਬ ਰਹਿਤ ਹੋਣਾ ਚਾਹੀਦਾ ਹੈ। ਨਵੇਂ ਬਣੇ ਕਮਰੇ ਵਿਚ ਨਰਮੇ ਨੂੰ ਸਟੋਰ ਨਾ ਕਰੋ। ਫ਼ਸਲ ਗਿੱਲੀ ਹੈ ਤਾਂ ਇਸ ਨੂੰ ਸੁਕਾ ਕੇ ਸਟੋਰ ਕਰੋ।
• ਫ਼ਸਲ ਨੂੰ ਸਟੋਰ ਕਰਨ ਸਮੇਂ ਇਸ ਵਿਚੋਂ ਕੱਚੇ ਜਾਂ ਹਰੇ ਟੀਂਡੇ, ਕਾਣੀ ਕੌਢੀ, ਖ਼ਰਾਬ ਫੁੱਟੀ ਅਤੇ ਹੋਰ ਕਿਸੇ ਕਿਸਮ ਦੀ ਮਿਲਾਵਟ ਨੂੰ ਕੱਢ ਦਿਓ।
• ਸਟੋਰ ਦਾ ਦਰਵਾਜ਼ਾ ਬੰਦ ਰੱਖੋ ਤਾਂ ਜੋ ਕੂੜਾ ਕਰਕਟ ਜਿਵੇਂ ਰੰਗਦਾਰ ਧਾਗੇ, ਸਿਰ ਦੇ ਵਾਲ, ਪਲਾਸਟਿਕ ਅਤੇ ਬੋਰੀ ਦੇ ਧਾਗੇ, ਸੂਤਲੀਆਂ, ਟੌਫੀਆਂ ਦੇ ਕਾਗਜ਼, ਪੌਲੀਥੀਨ ਦੇ ਲਿਫਾਫੇ, ਪੱਤੀ, ਕੱਪੜੇ ਦੇ ਟੁਕੜੇ, ਬੀੜੀਆਂ ਦੇ ਟੋਟੇ, ਰੱਦੀ ਕਾਗਜ਼ ਆਦਿ ਨਰਮੇ ਵਿੱਚ ਨਾ ਰਲ ਸਕਣ।
• ਵੱਖ ਵੱਖ ਕਿਸਮਾਂ ਅਤੇ ਵੱਖ ਵੱਖ ਚੁਗਾਈਆਂ ਦਾ ਨਰਮਾ ਅਲੱਗ-ਅਲੱਗ ਹੀ ਰੱਖੋ।

ਮੰਡੀ ਵਿਚ ਨਰਮੇ ਦੀ ਵਿਕਰੀ

• ਫ਼ਸਲ ਨੂੰ ਟਰਾਲੀ ਵਿਚ ਭਰਦੇ ਸਮੇਂ ਇਸ ਵਿਚੋਂ ਕੱਚੇ ਜਾਂ ਗਲ਼ੇ ਸੜੇ ਟੀਂਡੇ, ਕਾਣੀਆਂ ਤੇ ਪੀਲੀਆਂ ਕੌਢੀਆਂ ਅਤੇ ਹੋਰ ਕੂੜਾ ਕਰਕਟ ਕੱਢ ਦਿਓ ਤਾਂ ਜੋ ਫ਼ਸਲ ਦਾ ਮਿਆਰ ਖ਼ਰਾਬ ਨਾ ਹੋਵੇ।
• ਨਰਮੇ ਦੀ ਟਰਾਲੀ ਭਰਦੇ ਸਮੇਂ ਇਸ ਨੂੰ ਜ਼ਿਆਦਾ ਨਾ ਲਤਾੜੋ ਤਾਂ ਜੋ ਨਰਮੇ ਦੇ ਰੇਸ਼ੇ ਗੁਣਵੱਤਾ ਬਰਕਰਾਰ ਰਹਿ ਸਕੇ।
• ਹਰ ਚੁਗਾਈ ਦੀ ਵਿਕਰੀ ਵੱਖਰੀ-ਵੱਖਰੀ ਕਰੋ। ਪਹਿਲੀ ਤੇ ਆਖ਼ਰੀ ਚੁਗਾਈ ਨੂੰ ਬਾਕੀ ਨਰਮੇ ਨਾਲੋਂ ਵੱਖ ਰੱਖੋ।
• ਬੇਸ਼ੱਕ ਅੱਜ-ਕੱਲ੍ਹ ਮੰਡੀ ਵਿਚ ਨਰਮੇ ਦੀ ਬੋਲੀ ਖੜ੍ਹੀ ਟਰਾਲੀ ਵਿਚ ਹੀ ਲੱਗ ਜਾਂਦੀ ਹੈ ਫਿਰ ਵੀ ਜੇ ਫ਼ਸਲ ਮੰਡੀ ਵਿਚ ਉਤਾਰਨੀ ਪਵੇ ਤਾਂ ਢੇਰ ਕਿਸੇ ਸਾਫ਼ ਸੁਥਰੀ ਥਾਂ ’ਤੇ ਲਗਾਓ।
• ਫ਼ਸਲ ਨੂੰ ਆਵਾਰਾ ਜਾਨਵਰਾਂ ਬਚਾਅ ਕੇ ਰੱਖੋ।
• ਫ਼ਸਲ ਵੇਚਣ ਉਪਰੰਤ ਆੜ੍ਹਤੀਏ ਕੋਲੋ ‘ਫਾਰਮ ਜੇ’ ਜ਼ਰੂਰ ਲਵੋ।
• ਕਿਸਾਨਾਂ ਨੇ ਮੰਡੀ ਵਿਚ ਨਰਮੇ ਦੀ 40 ਕਿਲੋਗ੍ਰਾਮ ਵਾਲੀ ਪੱਲੀ ਦੀ ਲੁਹਾਈ ਲਈ 3.05 ਰੁਪਏ ਅਤੇ ਬਨ੍ਹਾਈ ਲਈ 2.50 ਰੁਪਏ ਪ੍ਰਤੀ ਪੱਲੀ ਦਾ ਖ਼ਰਚ ਹੀ ਦੇਣਾ ਹੈ। ਬਾਕੀ ਸਾਰੇ ਖ਼ਰਚੇ ਖ਼ਰੀਦਦਾਰ ਏਜੰਸੀ ਵੱਲੋਂ ਦਿੱਤੇ ਜਾਣੇ ਹਨ। ਆਉਣ ਵਾਲੇ ਮੰਡੀਕਰਨ ਸੀਜ਼ਨ ਦੌਰਾਨ ਇਨ੍ਹਾਂ ਖ਼ਰਚਿਆਂ ਵਿੱਚ ਮਾਮੂਲੀ ਵਾਧਾ ਹੋਣ ਦੀ ਸੰਭਾਵਨਾ ਹੈ।
• ਸਾਲ 2023-24 ਲਈ ਸਰਕਾਰ ਵੱਲੋਂ ਦਰਮਿਆਨੇ ਰੇਸ਼ੇ ਵਾਲੇ ਨਰਮੇ ਦਾ ਘੱਟੋ-ਘੱਟ ਸਮੱਰਥਨ ਮੁੱਲ 6620 ਰੁਪਏ ਪ੍ਰਤੀ ਕੁਇੰਟਲ ਅਤੇ ਲੰਮੇ ਰੇਸ਼ੇ ਵਾਲੇ ਨਰਮੇ ਦਾ ਸਮੱਰਥਨ ਮੁੱਲ 7020 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ।
• ਵਰਨਣਯੋਗ ਹੈ ਕਿ ਨਰਮੇ ਦੇ ਭਾਅ ਵਿਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ। ਇਸ ਲਈ ਮੰਡੀ ਵਿਚ ਲਿਜਾਣ ਤੋਂ ਪਹਿਲਾਂ ਵੱਖ ਵੱਖ ਮਾਧਿਅਮਾਂ (ਅਖਬਾਰ, ਟੀਵੀ, ਰੇਡੀਓ, ਇੰਟਰਨੈੱਟ ਆਦਿ) ਤੋਂ ਨਰਮੇ ਦੇ ਭਾਅ ਬਾਰੇ ਤਾਜ਼ਾ ਜਾਣਕਾਰੀ ਲਵੋ।
*ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ,
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

Advertisement
Author Image

sukhwinder singh

View all posts

Advertisement