ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੁਪਕਾ ਸਿੰਜਾਈ ਪ੍ਰਣਾਲੀ ਦੀ ਸਾਂਭ-ਸੰਭਾਲ ਕਿਵੇਂ ਕਰੀਏ?

11:41 AM Aug 24, 2024 IST

ਡਾ. ਜੁਗਰਾਜ ਸਿੰਘ/ਡਾ. ਦੇਨੇਸ਼ਵਰ ਮਦਨੇ/ ਡਾ. ਰਾਕੇਸ਼ ਸ਼ਾਰਦਾ
ਫ਼ਸਲ ਦੀ ਉਤਪਾਦਕਤਾ ਵਧਾਉਣ ਵਿੱਚ ਤੁਪਕਾ ਸਿੰਜਾਈ ਦਾ ਅਹਿਮ ਰੋਲ ਹੈ। ਤੁਪਕਾ ਸਿੰਜਾਈ ਪ੍ਰਣਾਲੀ ਤੋਂ ਸਹੀ ਕੰਮ ਲੈਣ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਰੱਖ ਰਖਾਅ ਚੰਗੇ ਤਰੀਕੇ ਨਾਲ ਕੀਤਾ ਜਾਵੇ। ਕਿਸੇ ਵੀ ਜਗ੍ਹਾ ਉੱਪਰ ਤੁਪਕਾ ਸਿੰਜਾਈ ਪ੍ਰਣਾਲੀ ਲਗਾਉਣ ਤੋਂ ਪਹਿਲਾਂ ਕੁਝ ਬੁਨਿਆਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸ ਜਾਣਕਾਰੀ ਵਿੱਚ ਮਿੱਟੀ ਦੀ ਕਿਸਮ, ਪਾਣੀ ਦੀ ਗੁਣਵੱਤਾ (ਪੀਐੱਚ ਅਤੇ ਈਸੀ), ਫ਼ਸਲ ਦੀ ਕਿਸਮ, ਫ਼ਸਲ ਦੀਆਂ ਕਤਾਰਾਂ ਵਿੱਚ ਵਿੱਥ, ਖੇਤ ਦਾ ਆਕਾਰ ਅਤੇ ਖੇਤਰਫਲ ਅਤੇ ਖੇਤ ਵਿੱਚ ਉਚਾਣ ਅਤੇ ਨਿਵਾਣ ਸ਼ਾਮਲ ਹਨ। ਸਿੰਜਾਈ ਪ੍ਰਣਾਲੀ ਵਿਚਲੇ ਪੰਪ ਦੀ ਚੋਣ ਕਿੰਨਾ ਹੈੱਡ ਰੱਖਿਆ ਜਾਣਾ ਹੈ, ਡਿਸਚਾਰਜ ਕਿੰਨਾ ਹੈ ਅਤੇ ਪੰਪ ਦੀ ਹਾਰਸ ਪਾਵਰ ਕਿੰਨੀ ਚਾਹੀਦੀ ਹੈ, ਉੱਪਰ ਨਿਰਭਰ ਕਰਦਾ ਹੈ। ਇਸ ਤੋਂ ਬਾਅਦ ਮੇਨ ਲਾਈਨ, ਸਬ-ਮੇਨ ਲਾਈਨ ਅਤੇ ਲੇਟਰਲ ਪਾਈਪਾਂ ਦੀ ਚੋਣ ਪਾਣੀ ਦੇ ਵਹਾਅ ਦਰ ਨੂੰ ਦੇਖ ਕੇ ਕੀਤੀ ਜਾਂਦੀ ਹੈ। ਬਾਗ਼ਬਾਨੀ ਫ਼ਸਲਾਂ ਵਿੱਚ ਜੇ ਬੂਟੇ ਤੋਂ ਬੂਟੇ ਦੀ ਦੂਰੀ ਜ਼ਿਆਦਾ ਹੋਣ ਕਰ ਕੇ ਆਨਲਾਈਨ ਲੇਟਰਲ ਪਾਈਪਾਂ ਤੇ ਡਰਿਪਰ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਖੇਤਰ ਆਵਾਰਾ ਪਸ਼ੂਆਂ ਤੋਂ ਸੁਰੱਖਿਅਤ ਹੈ ਅਤੇ ਫ਼ਸਲ ਵਿੱਚ ਬੂਟੇ ਤੋਂ ਬੂਟੇ ਦੀ ਦੂਰੀ ਨਿਸ਼ਚਿਤ ਹੈ ਤਾਂ ਇਨਲਾਈਨ ਲੇਟਰਲ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਖੇਤਰ ਦੀ ਭੂਗੋਲਿਕ ਸਥਿਤੀ ਉੱਚੀ-ਨੀਵੀ ਹੈ ਤਾਂ ਆਨਲਾਈਨ ਜਾਂ ਇਨਲਾਈਨ ਲੇਟਰਲ ਵਿੱਚ ਪ੍ਰੈਸ਼ਰ ਕੰਪਨਸੈਟਿੰਗ ਡਰਿਪਰ ਦੀ ਵਰਤੋਂ ਕੀਤੀ ਜਾਂਦੀ ਹੈ।
ਡਰਿਪ ਲਗਾਉਣ ਉਪਰੰਤ ਡਰਿਪ ਸੈੱਟ ਦੀ ਸਾਂਭ-ਸੰਭਾਲ ਤੇ ਰੱਖ-ਰਖਾਅ: ਡਰਿਪ ਲਗਾਉਣ ਉਪਰੰਤ ਲੇਟਰਲ ਦੇ ਅਖ਼ੀਰ ਵਿਚਲੇ ਐਂਡ ਕੈਪ ਨੂੰ ਖੋਲ੍ਹ ਕੇ ਪਾਣੀ 5 ਤੋਂ 10 ਮਿੰਟ ਲਈ ਖੁੱਲ੍ਹਾ ਚਲਾ ਕੇ ਦੇਖਣਾ ਚਾਹੀਦਾ ਹੈ ਤਾਂ ਜੋ ਲੇਟਰਲ ਵਿੱਚ ਮੌਜੂਦ ਕੋਈ ਗੰਦਗੀ ਖੁੱਲ੍ਹੇ ਪਾਣੀ ਨਾਲ ਬਾਹਰ ਨਿਕਲ ਜਾਵੇ। ਜੇ ਚਲਾਉਣ ਸਮੇਂ ਡਰਿਪਰ ਜਾ ਕਿਸੇ ਜੋੜ ਤੋਂ ਪਾਣੀ ਦੀ ਲੀਕੇਜ ਮਹਿਸੂਸ ਹੋਵੇ ਤਾਂ ਉਸ ਹਿੱਸੇ ਦੀ ਤੁਰੰਤ ਬਦਲੀ ਕਰ ਦਿੱਤੀ ਜਾਣੀ ਚਾਹੀਦੀ ਹੈ। ਹਰ ਡਰਿਪਰ ਜਾਂ ਇਮੀਟਰ ਤੋਂ ਇਹ ਨੋਟ ਕਰੋ ਕਿ ਪਾਣੀ ਬਾਕੀ ਡਰਿਪਰ ਜਾਂ ਇਮੀਟਰ ਦੇ ਬਰਾਬਰ ਨਿਕਲੇ। ਇਸ ਲਈ ਅਲੱਗ-ਅਲੱਗ ਡਰਿਪਰ ਥੱਲੇ ਖੁੱਲ੍ਹੇ ਭਾਂਡੇ ਰੱਖ ਕੇ ਪ੍ਰਣਾਲੀ ਨੂੰ 5 ਮਿੰਟ ਚਲਾ ਕੇ ਇਨ੍ਹਾਂ ਭਾਂਡਿਆਂ ਵਿੱਚ ਇਕੱਠੇ ਹੋਏ ਪਾਣੀ ਨੂੰ ਦੇਖ ਕੇ ਅੰਦਾਜ਼ਾ ਲਗਾਓ ਕਿ ਹਰ ਭਾਂਡੇ ਵਿੱਚ ਪਾਣੀ ਇੱਕੋ ਜਿੰਨਾ ਹੀ ਹੋਵੇ। ਜੇ ਫ਼ਰਕ ਦਿਸੇ ਤਾਂ ਸਬੰਧਤ ਡਰਿਪਰ ਨੂੰ ਬਦਲ ਦਿਉ। ਇਸ ਤਰ੍ਹਾਂ ਕਰਨ ਨਾਲ ਸਾਰੇ ਖੇਤ ਵਿੱਚ ਇਕਸਾਰ ਪਾਣੀ ਲੱਗੇਗਾ।
ਡਰਿਪ ਸਿਸਟਮ ਵਿੱਚ ਫਿਲਟਰਾਂ ਦਾ ਰੱਖ-ਰਖਾਅ: ਫਿਲਟਰ ਤੁਪਕਾ ਸਿੰਜਾਈ ਪ੍ਰਣਾਲੀ ਦਾ ਇੱਕ ਅਹਿਮ ਅੰਗ ਹੈ। ਫਿਲਟਰ ਦੀ ਚੋਣ ਪਾਣੀ ਦੇ ਸੋਮੇ ਅਤੇ ਉਸ ਦੀ ਗੁਣਵੱਤਾ ਉੱਪਰ ਨਿਰਭਰ ਕਰਦੀ ਹੈ। ਸਿੰਜਾਈ ਵਿੱਚ ਨਹਿਰੀ, ਦਰਿਆ, ਖੂਹ ਅਤੇ ਟਿਊਬਵੈੱਲ ਦੇ ਪਾਣੀ ਦੀ ਵਰਤੋਂ ਹੁੰਦੀ ਹੈ। ਰੇਤੇ ਵਾਲੇ ਸਕਰੀਨ ਫਿਲਟਰ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਪਾਣੀ ਦਾ ਸੋਮਾ ਟੋਭਾ/ਡਿੱਗੀ ਹੋਵੇ। ਰੇਤੇ ਵਾਲੇ ਅਤੇ ਸਕਰੀਨ ਫਿਲਟਰ ਜੈਵਿਕ ਸਮੱਗਰੀ ਜਿਵੇਂ ਕਿ ਕਾਈ ਜਾਂ ਫ਼ਸਲੀ ਰਹਿੰਦ-ਖੂਹਿੰਦ ਨੂੰ ਫਿਲਟਰ ਕਰਨ ਲਈ ਵਰਤੇ ਜਾਂਦੇ ਹਨ। ਹਾਈਡ੍ਰੋਸਾਈਕਲੋਨ ਅਤੇ ਡਿਸਕ ਫਿਲਟਰ ਦੀ ਵਰਤੋਂ ਟਿਊਬਵੈੱਲ ਦੇ ਪਾਣੀ ਵਿਚਲੀ ਘੁਲੀ ਹੋਈ ਰੇਤ ਨੂੰ ਸਾਫ਼ ਕਰਨ ਲਈ ਸੈਕੰਡਰੀ ਫਿਲਟਰ ਦੇ ਤੌਰ ਉੱਪਰ ਵਰਤੇ ਜਾਂਦੇ ਹਨ। ਪਾਣੀ ਵਿਚਲੀ ਗੰਦਗੀ ਨੂੰ ਸਾਫ਼ ਕਰਨ ਲਈ ਬੈਕਵਾਸ਼ਿੰਗ ਦੀ ਵਿਵਸਥਾ ਵੀ ਪ੍ਰਣਾਲੀ ਵਿੱਚ ਕੀਤੀ ਜਾਂਦੀ ਹੈ। ਫਿਲਟਰਾਂ ਦੇ ਪ੍ਰਵੇਸ਼ ਅਤੇ ਨਿਕਾਸੀ ਦੁਆਰ ਉੱਪਰ ਦਬਾਅ ਰੋਜ਼ਾਨਾ ਚੈੱਕ ਕਰਦੇ ਰਹੋ। ਰੇਤੇ ਵਾਲੇ ਫਿਲਟਰ ਦੀ ਬੈਕਵਾਸ਼ਿੰਗ ਰੋਜ਼ਾਨਾ ਕਰੋ। ਸੈਂਡ ਫਿਲਟਰ ਦੇ ਪ੍ਰਵੇਸ਼ ਅਤੇ ਨਿਕਾਸੀ ਦੁਆਰਾ ਉੱਪਰ ਦਬਾਅ ਦਾ ਫ਼ਰਕ 0.3 ਕਿਲੋਗ੍ਰਾਮ ਪ੍ਰਤੀ ਵਰਗ ਸੈਂਟੀਮੀਟਰ ਅਤੇ ਸਕਰੀਨ ਫਿਲਟਰ ਉੱਪਰ ਫ਼ਰਕ 0.2 ਕਿਲੋਗ੍ਰਾਮ ਪ੍ਰਤੀ ਵਰਗ ਸੈਂਟੀਮੀਟਰ ਤੋਂ ਵੱਧ ਨਾ ਹੋਵੇ।
ਡਰਿਪਰ ਜਾਂ ਇਮੀਟਰ ਦਾ ਬੰਦ ਹੋਣਾ: ਡਰਿਪਰ ਜਾਂ ਇਮੀਟਰ ਦਾ ਬੰਦ ਜਾਂ ਚੋਕ ਹੋਣਾ ਆਮ ਸਮੱਸਿਆ ਹੈ। ਡਰਿਪਰ ਚੋਕ ਹੋਣ ਨਾਲ ਪਾਣੀ ਇਕਸਾਰ ਨਹੀਂ ਲੱਗੇਗਾ ਅਤੇ ਉਤਪਾਦਨ ਪ੍ਰਭਾਵਿਤ ਹੋਵੇਗਾ। ਇਹ ਦੇਖਿਆ ਗਿਆ ਹੈ ਕਿ ਡਰਿਪਰ ਆਮ ਤੌਰ ’ਤੇ ਮੀਂਹ ਦੇ ਸਮੇਂ ਦੌਰਾਨ ਬੰਦ ਜਾਂ ਚੋਕ ਹੋ ਜਾਂਦੇ ਹਨ ਜਦੋਂ ਖੇਤਾਂ ਵਿੱਚ ਮੀਂਹ ਪੈਣ ਸਮੇਂ ਪਾਣੀ ਖੜ੍ਹ ਜਾਂਦਾ ਹੈ। ਮੈਲਾ ਪਾਣੀ ਡਰਿਪਰ ਦੇ ਵਿੱਚ ਵੜ ਜਾਂਦਾ ਹੈ ਅਤੇ ਡਰਿਪਰ ਚੋਕ ਹੋ ਜਾਂਦੇ ਹਨ। ਕਈ ਵਾਰ ਫਿਲਟਰ ਸਿਸਟਮ ਵਿੱਚ ਨੁਕਸ ਪੈਣ ਨਾਲ ਵੀ ਇਮੀਟਰ ਚੋਕ ਹੋ ਜਾਂਦੇ ਹਨ। ਚੋਕਿੰਗ ਤੋਂ ਨਿਜ਼ਾਤ ਪਾਉਣ ਲਈ ਤੇਜ਼ਾਬ ਅਤੇ ਕੋਲਰੀਨ ਦੀ ਵਰਤੋਂ ਕੀਤੀ ਜਾਂਦੀ ਹੈ। ਸਮੇਂ-ਸਮੇਂ ਉੱਪਰ ਪ੍ਰਣਾਲੀ ਦੀ ਫਲੱਸ਼ਿੰਗ ਕਰਦੇ ਰਹਿਣ ਨਾਲ ਵੀ ਚੋਕਿੰਗ ਤੋਂ ਰਾਹਤ ਮਿਲਦੀ ਹੈ। ਡਰਿਪ ਪ੍ਰਣਾਲੀ ਦੇ ਸਹੀ ਚੱਲਣ ਲਈ ਸਮੇਂ-ਸਮੇਂ ਉੱਤੇ ਚੋਕਿੰਗ ਦਾ ਨਿਰੀਖਣ ਕਰਦੇ ਰਹੋ।
ਕਾਈ ਦੀ ਸਮੱਸਿਆ: ਕਾਈ ਦੀ ਸਮੱਸਿਆ ਆਮ ਤੌਰ ਉੱਤੇ ਟੈਂਕ ਵਿੱਚ ਸਥਿਰ ਪਾਣੀ ਵਿੱਚ ਆ ਜਾਂਦੀ ਹੈ। ਡਰਿਪ ਸਿਸਟਮ ਵਿੱਚ ਕਾਈ ਦੀ ਸਮੱਸਿਆ ਉਦੋਂ ਆਉਂਦੀ ਹੈ, ਜਦੋਂ ਅਸੀਂ ਪਾਣੀ ਨੂੰ ਟੋਭਿਆਂ ਜਾਂ ਸਟੋਰੇਜ ਟੈਂਕ ਵਿੱਚੋਂ ਚੁੱਕ ਕੇ ਵਰਤਦੇ ਹਾਂ ਅਤੇ ਪਾਰਦਰਸ਼ੀ ਪਾਈਪਾਂ ਦੀ ਵਰਤੋਂ ਕਰਦੇ ਹਾਂ। ਇਸ ਲਈ ਤੁਪਕਾ ਸਿੰਜਾਈ ਪ੍ਰਣਾਲੀ ਵਿੱਚ ਪਾਈਪਾਂ ਨੂੰ ਮਿੱਟੀ ਦੇ ਹੇਠਾਂ ਦਬਾ ਕੇ ਰੱਖਿਆ ਜਾਂਦਾ ਹੈ ਅਤੇ ਕਾਲੇ ਰੰਗ ਦੀਆਂ ਲੇਟਰਲ ਪਾਈਪਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਦੀ ਵਰਤੋਂ ਕਰਨ ਨਾਲ ਸੂਰਜੀ ਰੋਸ਼ਨੀ ਪਾਈਪਾਂ ਵਿੱਚ ਦੀ ਨਹੀਂ ਲੰਘਦੀ ਜਿਸ ਕਰ ਕੇ ਇਨ੍ਹਾਂ ਵਿੱਚ ਕਾਈ ਨਹੀਂ ਜੰਮ੍ਹਦੀ। ਜੇ ਫਿਰ ਵੀ ਕਾਈ ਪਾਈਪਾਂ ਵਿੱਚ ਜੰਮ੍ਹ ਜਾਵੇ ਤਾਂ ਕਲੋਰੀਨੇਸ਼ਨ ਵਿਧੀ ਨਾਲ ਇਸ ਨੂੰ ਹਟਾਇਆ ਜਾ ਸਕਦਾ ਹੈ।
ਕਈ ਵਾਰ ਘੁਲਣਸ਼ੀਲ ਖਾਦਾਂ ਦੀ ਵਰਤੋਂ ਨਾਲ ਵੀ ਡਰਿਪਰ ਕਲੋਗਿੰਗ ਦੀ ਸਮੱਸਿਆ ਆ ਜਾਂਦੀ ਹੈ। ਫਾਸਫੋਰਸ ਤੱਤ ਵਾਲੀ ਖਾਦ ਖ਼ਾਸ ਕਰ ਕੇ ਪਾਣੀ ਵਿਚਲੇ ਮਾਦੇ ਨਾਲ ਪ੍ਰਤੀਕਰਮ ਕਰ ਕੇ ਡਰਿਪਰ ਕਲੋਗ ਕਰ ਸਕਦੀ ਹੈ। ਕਲੋਰੀਨੇਸ਼ਨ ਨਾਲ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਇੱਥੇ ਇਹ ਗੱਲ ਯਾਦ ਰੱਖੋ ਕਿ ਕਲੋਰੀਨੇਸ਼ਨ ਅਤੇ ਫਰਟੀਗੇਸ਼ਨ (ਘੁਲਣਸ਼ੀਲ ਖਾਦਾਂ ਪਾਣੀ ਵਿੱਚ ਪਾਉਣ ਸਮੇਂ) ਇੱਕੋ ਸਮੇਂ ਨਹੀਂ ਕਰਨੀਆਂ ਚਾਹੀਦੀਆਂ।
ਰਸਾਇਣਕ ਸੋਧ ਦਾ ਢੰਗ: ਡਰਿਪਰ ਦੇ ਬੰਦ ਹੋਣ ਦਾ ਕਾਰਨ, ਕੁਝ ਘੁਲਣਸ਼ੀਲ ਨਮਕੀਨ ਪਦਾਰਥ ਜਿਵੇਂ ਕਾਰਬੋਨੇਟ, ਲੋਹਾ, ਕੈਲਸ਼ੀਅਮ ਅਤੇ ਮੈਗਨੀਂਜ ਆਦਿ ਟੈਂਕ ਵਿੱਚ ਜੰਮ ਜਾਂਦੇ ਹਨ। ਡਰਿਪਰ ਬੰਦ ਹੋਣ ਦਾ ਕਾਰਨ ਕੁਝ ਸੂਖਮਜੀਵ ਵੀ ਹੋ ਸਕਦੇ ਹਨ ਜਿਵੇਂ ਕਿ ਬੈਕਟੀਰੀਆ ਅਤੇ ਕਾਈ ਦੇ ਨਾਲ ਲੋਹੇ ਅਤੇ ਸਲਫਰ ਤੱਤਾਂ ਕਰ ਕੇ ਬਾਰੀਕ ਮਿੱਟੀ ਦੇ ਕਿਣਕੇ ਆਦਿ ਡਰਿਪਰ ਬੰਦ ਕਰਦੇ ਹਨ। ਇਸ ਤਰੀਕੇ ਨਾਲ ਬੰਦ ਹੋਏ ਡਰਿਪਰ ਰਸਾਇਣਕ ਸੋਧ ਰਾਹੀਂ ਸਾਫ਼ ਕੀਤੇ ਜਾ ਸਕਦੇ ਹਨ।
ਤੁਪਕਾ ਸਿੰਜਾਈ ਪ੍ਰਣਾਲੀ ਵਿੱਚ ਡਰਿਪਰ ਸਾਫ਼ ਕਰਨ ਲਈ ਪਾਣੀ ਨਾਲ ਕਲੋਰਾਈਡ ਦਾ ਘੋਲ ਜਾਂ ਤੇਜ਼ਾਬ ਦੀ ਵਰਤੋਂ ਕੀਤੀ ਜਾਂਦੀ ਹੈ। ਵਪਾਰਕ ਸ਼੍ਰੇਣੀ ਦੇ ਤੇਜ਼ਾਬ ਦੀ ਵਰਤੋਂ ਸੋਧ ਕਰਨ ਲਈ ਕੀਤੀ ਜਾ ਸਕਦੀ ਹੈ।
* ਹਾਈਡ੍ਰੋਕਲੋਰਿਕ ਐਸਿਡ (HCL)-35%
* ਨਾਈਟ੍ਰਿਕ ਐਸਿਡ (HNO3)-33%
* ਗੰਧਕ ਦਾ ਤੇਜ਼ਾਬ (H2SO4)-65%
* ਅੋਰਥੋਫਾਸਫੋਰਿਕ ਦਾ (H3PO4)-85%
ਜ਼ਿਆਦਾਤਰ ਹਾਲਤਾਂ ਵਿੱਚ ਹਾਈਡ੍ਰੋਕਲੋਰਿਕ ਐਸਿਡ ਦੀ ਵਰਤੋਂ ਕਾਰਗਰ ਸਾਬਤ ਹੁੰਦੀ ਹੈ ਅਤੇ ਇਹ ਬਾਕੀ ਦੇ ਤੇਜ਼ਾਬਾਂ ਤੋਂ ਸਸਤਾ ਹੈ। ਪਰ ਇਸ ਦੀ ਵਰਤੋਂ ਅਜਿਹੀਆਂ ਫ਼ਸਲਾਂ ਵਿੱਚ ਨਹੀਂ ਕੀਤੀ ਜਾ ਸਕਦੀ ਜੋ ਕਲੋਰਾਈਡ ਤੱਤ ਲਈ ਸਹਿਣਸ਼ੀਲ ਨਹੀਂ ਹਨ। ਅਜਿਹੀ ਸਥਿਤੀ ਵਿੱਚ ਨਾਈਟ੍ਰਿਕ ਐਸਿਡ ਜਾਂ ਗੰਧਕ ਦੇ ਤੇਜ਼ਾਬ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਨ੍ਹਾਂ ਹਾਲਤਾਂ ਵਿੱਚ ਪਾਣੀ ਵਿੱਚ ਘੁਲਿਆ ਕੈਲਸ਼ੀਅਮ ਜਾਂ ਮੈਗਨੀਸ਼ੀਅਮ ਦੀ ਸੰਘਣਤਾ 500ਪੀਪੀਐੱਮ ਤੋਂ ਜ਼ਿਆਦਾ ਹੋਵੇ, ਉੱਥੇ ਗੰਧਕ ਦਾ ਤੇਜ਼ਾਬ ਨਾ ਵਰਤੋ।
ਤੁਪਕਾ ਸਿੰਜਾਈ ਪ੍ਰਣਾਲੀ ਦੀ ਤੇਜ਼ਾਬ ਰਾਹੀਂ ਸੋਧ ਕਲੋਰੀਨੇਸ਼ਨ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਕਿਉਂਕਿ ਕਲੋਰੀਨੇਸ਼ਨ ਦੇ ਚੰਗੇ ਪ੍ਰਭਾਵ ਲਈ 6.5 ਤੋਂ 8.5 ਤੱਕ ਦਾ ਖਾਰੀ ਅੰਗ ਲੋੜੀਂਦਾ ਹੈ। ਜੇ ਪਾਣੀ ਵਿੱਚ ਲੋਹੇ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਅਜਿਹੀ ਹਾਲਤ ਵਿੱਚ ਆਰਥੋਫਾਸਫੋਰਿਕ ਐਸਿਡ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਲੋਹਾ ਫਾਸਫੋਰਿਕ ਐਸਿਡ ਨਾਲ ਕਿਰਿਆ ਕਰ ਕੇ ਪ੍ਰੈਸੀਪੀਟੇਟ ਬਣਾ ਦਿੰਦਾ ਹੈ। ਤੇਜ਼ਾਬ ਰਾਹੀਂ ਸੋਧ ਕਰਨ ਤੋਂ ਪਹਿਲਾਂ ਅੱਖਾਂ ’ਤੇ ਐਨਕਾਂ ਅਤੇ ਹੱਥਾਂ ’ਤੇ ਰਬੜ ਦੇ ਦਸਤਾਨੇ ਪਹਿਨ ਲਵੋ। ਕਦੇ ਵੀ ਪਾਣੀ ਨੂੰ ਤੇਜ਼ਾਬ ਵਿੱਚ ਨਾ ਪਾਓ, ਸਗੋਂ ਤੇਜ਼ਾਬ ਨੂੰ ਪਾਣੀ ਵਿੱਚ ਪਾਓ। ਤੇਜ਼ਾਬ ਦੇ ਘੋਲ ਬਣਾਉਣ ਲਈ ਪਲਾਸਟਿਕ ਦੇ ਭਾਂਡੇ ਦੀ ਵਰਤੋਂ ਕਰੋ। ਸਥਿਤੀ ਮੁਤਾਬਕ ਸਭ ਤੋਂ ਉਪਯੋਗੀ ਤੇਜ਼ਾਬ ਲੱਭ ਕੇ ਹੇਠਾਂ ਦਿੱਤੇ ਅਨੁਸਾਰ ਵਰਤੋ।
ਤੇਜ਼ਾਬ ਦੀ ਪਾਣੀ ਵਿੱਚ ਜਾਣ ਵਾਲੀ ਮਾਤਰਾ ਨਿਰਧਾਰਤ ਕਰਨਾ: ਇੱਕ ਪਲਾਸਟਿਕ ਦੀ ਬਾਲਟੀ ਵਿੱਚ 10 ਲਿਟਰ ਪਾਣੀ ਲਓ ਅਤੇ ਹੌਲੀ-ਹੌਲੀ ਥੋੜ੍ਹੀ ਮਾਤਰਾ ਵਿੱਚ ਤੇਜ਼ਾਬ ਪਾਉਂਦੇ ਜਾਓ, ਨਾਲ ਹੀ ਖਾਰੀ ਅੰਗ (ਪੀਐਚ) ਦੀ ਗਿਣਤੀ ਕਰੋ। ਜਦੋਂ ਪਾਣੀ ਦਾ ਲੋਂੜੀਂਦਾ ਖਾਰੀ ਅੰਗ (ਪੀਐਚ) 2.0 ’ਤੇ ਪਹੁੰਚ ਜਾਵੇ ਤਾਂ ਪਾਈ ਗਈ ਤੇਜ਼ਾਬ ਦੀ ਮਾਤਰਾ ਨੋਟ ਕਰੋ। ਹੁਣ ਤੁਪਕਾ ਸਿੰਜਾਈ ਸਿਸਟਮ ਵਿੱਚ ਇਹ ਖਾਰੀ ਅੰਗ ਪ੍ਰਾਪਤ ਕਰਨ ਲਈ ਪਹਿਲਾਂ ਵਰਤੀ ਗਈ ਤੇਜ਼ਾਬ ਦੀ ਮਾਤਰਾ ਨੂੰ 100 ਨਾਲ ਗੁਣਾ ਕਰੋ ਅਤੇ ਇਸ ਨੂੰ ਤੁਪਕਾ ਸਿੰਜਾਈ ਰਾਹੀਂ ਪ੍ਰਵਾਹਿਤ ਹੋਣ ਵਾਲੇ 1 ਮੀਟਰ 3 (1000 ਲਿਟਰ) ਪਾਣੀ ਵਿੱਚ ਪਾਓ।
ਉਦਾਹਰਨ ਦੇ ਤੌਰ ’ਤੇ:
• 10 ਲਿਟਰ ਪਾਣੀ ਦੀ ਬਾਲਟੀ ਵਿੱਚ ਖਾਰੀ ਅੰਗ (2.0) ਕਰਨ ਲਈ ਲੋੜੀਂਦੀ ਤੇਜ਼ਾਬ ਦੀ ਮਾਤਰਾ= 12 ਸੀਸੀ
• 12 ਸੀਸੀ × 100= 1200 ਕਿਉਬਿਕ ਸੈਂਟੀਮੀਟਰ= 1.2 ਲਿਟਰ
• ਤੁਪਕਾ ਸਿੰਜਾਈ ਪ੍ਰਣਾਲੀ ਰਾਹੀਂ ਪ੍ਰਵਾਹਿਤ ਹੋਣ ਵਾਲੇ ਇਕ ਘਣਮੀਟਰ (1 ਮੀਟਰ 3) ਪਾਣੀ ਲਈ 1.2 ਲਿਟਰ ਤੇਜ਼ਾਬ ਪਾਓ
• ਤੁਪਕਾ ਸਿੰਜਾਈ ਸਿਸਟਮ ’ਚੋਂ ਪਾਣੀ ਦਾ ਵਹਾਅ (ਸੋਧਿਤ ਹਿੱਸੇ)= 10 ਘਣਮੀਟਰ/ਪ੍ਰਤੀ ਘੰਟਾ ਜਾਂ 10 ਮੀਟਰ 3/ ਪ੍ਰਤੀ ਘੰਟਾ
• ਤੁਪਕਾ ਸਿੰਜਾਈ ਰਾਹੀਂ 15 ਮਿੰਟ ਸੋਧ ਸਮੇਂ ਵਗਣ ਵਾਲੇ ਪਾਣੀ ਦੀ ਮਾਤਰਾ= 2.5 ਮੀਟਰ 3
• ਲੋੜੀਂਦੀ ਤੇਜ਼ਾਬ ਦੀ ਮਾਤਰਾ= 1.2 ਲਿਟਰ × 2.5= 3.0 ਲਿਟਰ
• ਇੰਜੈਕਟਰ ਦਾ ਵੱਧ ਤੋਂ ਵੱਧ ਡਿਸਚਾਰਜ= 80 ਲਿਟਰ ਪ੍ਰਤੀ ਘੰਟਾ
• 20 ਲਿਟਰ ਤੇਜ਼ਾਬੀ ਘੋਲ ਲਈ 3 ਲਿਟਰ ਤੇਜ਼ਾਬ 17 ਲਿਟਰ ਪਾਣੀ
• ਤੇਜ਼ਾਬੀ ਘੋਲ ਨੂੰ ਪਾਉਣ ਦਾ ਸਮਾਂ= 15 ਮਿੰਟ (20 ਲਿਟਰ ਘੋਲ, 80 ਲਿਟਰ ਪ੍ਰਤੀ ਘੰਟੇ ਦੇ ਇੰਜੈਕਟਰ ਰਾਹੀਂ ਪਾਉਣਾ ਹੈ।
* ਤੇਜ਼ਾਬ ਪਾਉਣ ਉਪਰੰਤ, ਤੇਜ਼ਾਬੀ ਘੋਲ ਵਾਲੇ ਪਾਣੀ ਨੂੰ ਪਾਈਪ ਵਿੱਚ ਜੰਮ੍ਹੇ ਹੋਏ ਲੂਣਾਂ ਨਾਲ ਘੱਟੋ-ਘੱਟ 4 ਤੋਂ 6 ਘੰਟੇ ਲਈ ਕਿਰਿਆ ਕਰਨ ਦਿਓ। ਚੰਗੇ ਨਤੀਜੇ ਲੈਣ ਲਈ ਇਸ ਘੋਲ ਨੂੰ 24 ਘੰਟੇ ਤੱਕ ਪਾਈਪਾਂ ਵਿੱਚ ਰੱਖਣ ਨੂੰ ਤਰਜੀਹ ਦਿਓ। ਇਸ ਤੋਂ ਉਪਰੰਤ ਲੇਟਰਲ ਦੇ ਸਿਰੇ ਖੋਲ੍ਹ ਦਿਓ ਅਤੇ ਸਬਮੇਨ ਵਾਲਵ ਵੀ ਫਲੱਸ਼ ਕਰੋ। ਹੁਣ ਤੁਪਕਾ ਸਿੰਜਾਈ ਵਾਲੇ ਪੰਪ ਨੂੰ ਚਲਾ ਕੇ ਪਾਣੀ ਨੂੰ ਵਗਣ ਦਿਓ। ਹੁਣ ਨਿਰਧਾਰਤ ਕੀਤੇ ਜਾਂ ਨਿਸ਼ਾਨਦੇਹੀ ਵਾਲੇ ਡਰਿਪਰ ਵਿੱਚੋਂ ਰਿਸਣ ਵਾਲੇ ਪਾਣੀ ਦੀ ਮਿਣਤੀ ਕਰੋ। ਮੇਨ, ਸਬ-ਮੇਨ ਅਤੇ ਲੇਟਰਲ ਪਾਈਪਾਂ ਨੂੰ ਸਾਫ਼ ਪਾਣੀ ਨਾਲ ਫਲੱਸ਼/ਸਾਫ਼ ਕਰੋ। ਜੇ ਅਜਿਹਾ ਕਰਨ ਨਾਲ ਡਰਿਪਰ ’ਚੋਂ ਹੋਣ ਵਾਲੇ ਪਾਣੀ ਦੇ ਰਿਸਾਅ ਵਿੱਚ ਫ਼ਰਕ ਨਹੀਂ ਆ ਰਿਹਾ ਤਾਂ ਫਿਰ ਤੋਂ ਦੁਹਰਾਓ।
* ਤੇਜ਼ਾਬ ਰਾਹੀਂ ਸੋਧ ਕਰਨ ਦਾ ਕੰਮ ਖ਼ਤਮ ਹੋਣ ’ਤੇ ਸਾਰੇ ਸੰਦ ਅਤੇ ਬਰਤਨਾਂ ਨੂੰ ਸਾਫ਼ ਪਾਣੀ ਨਾਲ ਧੋ ਲਵੋ। ਇਸ ਉਪਰੰਤ ਸਾਫ਼ ਕੱਪੜੇ ਨਾਲ ਤੇਜ਼ਾਬ ਦੇ ਬਚੇ-ਖੁਚੇ ਹਿੱਸੇ ਨੂੰ ਉਤਾਰ ਦਿਓ। ਜੇ ਦੇਖਣ ਵਿੱਚ ਇਹ ਆਉਂਦਾ ਹੈ ਕਿ ਡਰਿਪਰ ਦੇ ਬੰਦ ਹੋਣ ਦਾ ਕਾਰਨ ਕਾਈ ਜਾਂ ਕੋਈ ਹੋਰ ਕਾਰਨ ਹੋਵੇ ਤਾਂ ਕਲੋਰੀਨੇਸ਼ਨ ਵਿਧੀ ਰਾਹੀਂ ਪਾਣੀ ਦੀ ਸੋਧ ਕਰੋ।
* ਸੋਧ ਕਰਨ ਤੋਂ ਬਾਅਦ ਪਹਿਲਾ ਪਾਣੀ ਦਿੰਦੇ ਸਮੇਂ ਤੁਪਕਾ ਸਿੰਜਾਈ ਪ੍ਰਣਾਲੀ ਨੂੰ ਆਮ ਪਾਣੀ ਦੇਣ ਦੇ ਸਮੇਂ ਤੋਂ ਅੱਧਾ ਘੰਟਾ ਵੱਧ ਸਮੇਂ ਤੱਕ ਚਲਾਓ ਤਾਂ ਜੋ ਫਾਲਤੂ ਤੇਜ਼ਾਬ ਦੀ ਮਾਤਰਾ ਫ਼ਸਲ ਦੀਆਂ ਜੜ੍ਹਾਂ ਦੇ ਘੇਰੇ ਤੋਂ ਦੂਰ ਹੋ ਜਾਵੇ।
ਜੇ ਪਾਣੀ ਵਿੱਚ ਲੋਹਾ ਜਾਂ ਮੈਂਗਨੀਜ਼ ਜ਼ਿਆਦਾ ਮਾਤਰਾ ਵਿੱਚ ਹੋਣ ਤਾਂ ਪਾਣੀ ਦੇ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਔਕਸੀਡੇਸ਼ਨ ਤੇਜ਼ ਹੋਣ ਕਾਰਨ ਪ੍ਰਸਪੀਟੈਂਟ ਜਲਦੀ ਬਣਦੇ ਹਨ। ਅਜਿਹੀ ਸਥਿਤੀ ਵਿੱਚ ਸੈਟਲਮੈਂਟ ਟੈਂਕ ਦੀ ਵਰਤੋਂ ਕਰੋ ਤਾਂ ਜੋ ਪਾਣੀ ਸੈਟਲਮੈਂਟ ਟੈਂਕ ਵਿੱਚ ਭਰਨ ਸਮੇਂ ਹਵਾ ਦੇ ਸੰਪਰਕ ਵਿੱਚ ਆਵੇ। ਹੁਣ ਪੰਪ ਲਈ ਲੋੜੀਂਦਾ ਪਾਣੀ ਸੈਟਲਮੈਂਟ ਟੈਂਕ ਤੋਂ ਲਓ। ਕਲੋਰੀਨੇਸ਼ਨ ਵਿਧੀ ਹਵਾ ਦੇ ਨਾਲ ਕਰਨ ਨਾਲ ਔਕਸੀਡੇਸ਼ਨ ਕਿਰਿਆ ਦੀ ਗਤੀ ਵੱਧ ਹੁੰਦੀ ਹੈ। ਇੱਥੇ ਇਹ ਗੱਲ ਨੋਟ ਕਰਨ ਯੋਗ ਹੈ ਕਿ ਮੈਗਨੀਂਜ ਦੀਆਂ ਅਸ਼ੁੱਧੀਆਂ ਕਲੋਰੀਨ ਨਾਲ ਹੌਲੀ ਕਿਰਿਆ ਕਰਦੀਆਂ ਹਨ ਅਤੇ ਅਜਿਹਾ ਹੋਣ ਨਾਲ ਮੇਨ ਫਿਲਟਰ ਦੇ ਬੰਦ ਹੋਣ ਦਾ ਖਦਸ਼ਾ ਰਹਿੰਦਾ ਹੈ।
ਅਜਿਹੇ ਹਾਲਾਤ ਵਿੱਚ ਕਿਰਿਆ ਪੂਰੀ ਕਰਨ ਲਈ ਕੁਝ ਵੱਧ ਸਮਾਂ ਦਿੱਤਾ ਜਾ ਸਕਦਾ ਹੈ ਤਾਂ ਜੋ ਪ੍ਰੋਸੀਪੀਟੇਸ਼ਨ ਪੂਰੀ ਹੋ ਸਕੇ ਜਾਂ ਹਰੇਕ ਪਲਾਂਟ ਤੇ ਸੈਕੰਡਰੀ ਫਿਲਟਰ ਲਾਇਆ ਜਾ ਸਕਦਾ ਹੈ ਤਾਂ ਜੋ ਡਰਿਪਰ ਬੰਦ ਨਾ ਹੋ ਸਕੇ। ਇਸ ਤਰ੍ਹਾਂ ਬੰਦ ਹੋਏ ਡਰਿਪਰ ਨੂੰ ਕਿਸੇ ਰਸਾਇਣਕ ਵਿਧੀ ਦੀ ਵਰਤੋਂ ਰਾਹੀਂ ਨਹੀਂ ਖੋਲ੍ਹਿਆ ਜਾ ਸਕਦਾ।
ਕਲੋਰੀਨੇਸ਼ਨ ਸੋਧ ਦੀ ਵਿਧੀ: ਕਲੋਰੀਨ ਦੀ ਵਰਤੋਂ ਨਾਲ ਬੈਕਟੀਰੀਆ ਅਤੇ ਕਾਈ ਜਿਹੇ ਛੋਟੇ ਜੀਵਾਂ ਨੂੰ ਮਾਰਿਆ ਜਾਂਦਾ ਹੈ। ਕਲੋਰੀਨ ਪਾਉਣ ਨਾਲ ਲਾਈਨਾਂ ਦਾ ਬੰਦ ਹੋਣਾ ਘੱਟ ਹੋਵੇਗਾ ਅਤੇ ਲੇਟਰਲ ਪਾਈਪਾਂ ਵਿੱਚ ਸਾਫ਼ ਪਾਣੀ ਦਾ ਵਹਾਅ ਹੋਵੇਗਾ। ਇਸ ਸੋਧ ਵਿਧੀ ਦੀ ਵਰਤੋਂ ਵਿੱਚੋਂ-ਵਿੱਚੋਂ ਕਰਦੇ ਰਹਿਣਾ ਚਾਹੀਦਾ ਹੈ ਜਾਂ ਅਜਿਹੇ ਪਾਣੀ ਜਿਨ੍ਹਾਂ ਵਿੱਚ ਜੈਵਿਕ ਮਾਦੇ ਦੀ ਬਹੁਤਾਤ ਹੁੰਦੀ ਹੈ, ਉੱਥੇ ਇਸ ਦੀ ਵਰਤੋਂ ਪ੍ਰਹੇਜ਼ ਦੇ ਤੌਰ ’ਤੇ ਕੀਤੀ ਜਾ ਸਕਦੀ ਹੈ। ਕਲੋਰੀਨੇਸ਼ਨ ਇੰਜੈਕਸ਼ਨ ਕਲੋਗਿੰਗ ਨੂੰ ਘਟਾਉਂਦਾ ਹੈ ਅਤੇ ਪਾਣੀ ਵਾਲੀਆਂ ਨਾਲੀਆਂ ਸਾਫ਼ ਰੱਖਣ ਵਿੱਚ ਸਹਾਇਤਾ ਕਰਦਾ ਹੈ। ਕਲੋਰੀਨੇਸ਼ਨ ਲਈ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਪਦਾਰਥ ਸੋਡੀਅਮ ਹਾਈਪੋਕਲੋਰਾਈਟ ਹੈ ਜਿਸ ਵਿੱਚ 10 ਤੋਂ 12 ਪ੍ਰਤੀਸ਼ਤ ਕਲੋਰੀਨ ਹੁੰਦੀ ਹੈ।

Advertisement

Advertisement
Advertisement