ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਤਪਾਦ ਦਾ ਮੁੱਲ ਵਾਧਾ ਕਿਵੇਂ ਕਰੀਏ

07:48 AM Dec 16, 2023 IST

ਗੁਰਪ੍ਰੀਤ ਕੌਰ ਅਤੇ ਰਾਜ ਕੁਮਾਰ*

ਉਤਪਾਦ ਦੇ ਮੁੱਲ ਵਾਧੇ ਦਾ ਭਾਵ ਹੈ ਕਿ ਖ਼ਪਤਕਾਰਾਂ ਦੀ ਮੰਗ ਅਨੁਸਾਰ ਆਪਣੀ ਉਪਜ ਤੋਂ ਢੁਕਵੇਂ ਪਦਾਰਥ ਤਿਆਰ ਕਰ ਕੇ ਵੇਚਣਾ। ਜ਼ਿਆਦਾਤਰ ਖੇਤੀ ਉਪਜ ਸਰਕਾਰ ਜਾਂ ਵਪਾਰੀਆਂ ਰਾਹੀਂ ਖ਼ਰੀਦੀ ਜਾਂਦੀ ਹੈ ਜਿਸ ਤੋਂ ਵੱਖੋ-ਵੱਖਰੇ ਉਤਪਾਦ ਤਿਆਰ ਕਰ ਕੇ ਵੱਡੇ ਵਪਾਰੀ ਵਿਚੋਲਿਆਂ ਜਿਵੇਂ ਕਿ ਆੜ੍ਹਤੀਏ, ਥੋਕ ਵਿਕਰੇਤਾ, ਡੀਲਰ, ਪਰਚੂਨ ਦੁਕਾਨਦਾਰ ਆਦਿ ਰਾਹੀਂ ਖ਼ਪਤਕਾਰਾਂ ਨੂੰ ਬਹੁਤ ਮਹਿੰਗੇ ਭਾਅ ’ਤੇ ਮੁਹੱਈਆ ਕਰਦੇੇ ਹਨ। ਖ਼ਪਤਕਾਰ ਵੱਲੋਂ ਅਦਾ ਕੀਤੀ ਗਈ ਰਕਮ ਵਿੱਚ ਕਿਸਾਨ ਦਾ ਹਿੱਸਾ ਬਹੁਤ ਘੱਟ ਰਹਿ ਜਾਂਦਾ ਹੈ ਜਿਸ ਕਰ ਕੇ ਉਤਪਾਦਕ ਅਤੇ ਉਪਭੋਗਤਾ ਦੋਵੇਂ ਹੀ ਨੁਕਸਾਨ ਵਿੱਚ ਰਹਿੰਦੇ ਹਨ। ਫ਼ਸਲੀ ਉਤਪਾਦ ਨੂੰ ਸਿੱਧਾ ਵੇਚਣ ਦੀ ਬਜਾਇ ਇਸ ਦਾ ਮੁੱਲ ਵਾਧਾ ਅਤੇ ਡੱਬਾਬੰਦੀ ਕਰ ਕੇ ਵੇਚਣਾ ਕਾਫ਼ੀ ਲਾਹੇਵੰਦ ਸਾਬਿਤ ਹੋ ਸਕਦਾ ਹੈ। ਇੱਕ ਅਧਿਐਨ ਅਨੁਸਾਰ ਸਬਜ਼ੀਆਂ ਵਿੱਚ 4.87-11.61 ਪ੍ਰਤੀਸ਼ਤ, ਫਲਾਂ ਵਿੱਚ 6-15 ਪ੍ਰਤੀਸ਼ਤ, ਅਨਾਜ ਵਿੱਚ 3.9-5.9 ਪ੍ਰਤੀਸ਼ਤ, ਦਾਲਾਂ ਵਿੱਚ 5.6-6.7 ਪ੍ਰਤੀਸ਼ਤ ਅਤੇ ਤੇਲ ਬੀਜਾਂ ਵਿੱਚ 2.9-7.5 ਪ੍ਰਤੀਸ਼ਤ ਤੱਕ ਦਾ ਉਤਪਾਦ ਫ਼ਸਲ ਦੀ ਵਾਢੀ ਤੋਂ ਬਾਅਦ ਸਾਂਭ-ਸੰਭਾਲ ਦੌਰਾਨ ਖ਼ਰਾਬ ਹੋ ਜਾਂਦਾ ਹੈ। ਇਸ ਲਈ ਪੇਂਡੂ ਸਨਅਤਕਾਰੀ ਲਈ ਐਗਰੋ ਪ੍ਰਾਸੈਸਿੰਗ ਕੰਪਲੈਕਸ ਅਪਣਾ ਕੇ ਇਸ ਨੁਕਸਾਨ ਨੂੰ ਘਟਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇੇ ਆਮਦਨ ਵਧਾਈ ਜਾ ਸਕਦੀ ਹੈ। ਉਤਪਾਦ ਵਿੱਚ ਮੁੱਲ ਵਾਧੇ ਦਾ ਕੰਮ ਸਭ ਤੋਂ ਪਹਿਲਾਂ ਘਰੇਲੂ ਪੱਧਰ ’ਤੇ ਸ਼ੁਰੂ ਕਰਨਾ ਚਾਹੀਦਾ ਹੈ। ਸ਼ੁਰੂ ਵਿੱਚ ਖੇਤੀ ਉਤਪਾਦ ਨੂੰ ਪੂਰੀ ਤਰ੍ਹਾਂ ਸਾਫ਼ ਅਤੇ ਪੈਕ ਕਰ ਕੇ ਖ਼ਪਤਕਾਰਾਂ ਨੂੰ ਸਿੱਧਾ ਵੇਚਣ ਨਾਲ 15-20 ਪ੍ਰਤੀਸ਼ਤ ਵਧੇਰੇ ਕਮਾਈ ਹੋ ਸਕਦੀ ਹੈ ਜਿਵੇਂ ਕਿ ਮੂੰਗੀ, ਮਾਂਹ, ਮਸਰ, ਛੋਲਿਆਂ ਆਦਿ ਦੀ ਸਾਫ਼-ਸਫ਼ਾਈ ਅਤੇ ਪੈਕਿੰਗ ਕਰਨਾ।
ਅੱਜ-ਕੱਲ੍ਹ ਖ਼ਪਤਕਾਰ ਚੰਗੀ ਗੁਣਵੱਤਾ ਵਾਲੇ ਉਤਪਾਦ ਦੀ ਢੁੱਕਵੀਂ ਕੀਮਤ ਦੇਣ ਲਈ ਤਿਆਰ ਹੈ। ਇਸ ਲਈ ਖਾਸ ਗੁਣਾਂ ਨਾਲ ਭਰਪੂਰ ਕਈ ਫ਼ਸਲਾਂ ਤੋਂ ਵਧੀਆ ਕਮਾਈ ਹੋ ਸਕਦੀ ਹੈ ਜਿਵੇਂ ਕਿ ਕਨੋਲਾ ਸਰ੍ਹੋਂ ਦੀ ਕਿਸਮ ਜੀ.ਐਸ.ਸੀ.-7 ਦਾ ਤੇਲ ਆਮ ਸਰ੍ਹੋਂ ਦੇ ਤੇਲ ਨਾਲੋਂ ਦੁੱਗਣੀ ਕੀਮਤ ’ਤੇ ਵੇਚਿਆ ਜਾ ਸਕਦਾ ਹੈ। ਕਣਕ ਤੋਂ ਆਟਾ, ਛੋਲਿਆਂ ਤੋਂ ਵੇਸਣ, ਮੂੰਗੀ ਦੀ ਨਮਕੀਨ ਦਾਲ, ਸੋਇਆਬੀਨ ਦਾ ਦੁੱਧ/ਪਨੀਰ, ਗੰਨੇ ਤੋਂ ਗੁੜ/ ਸ਼ੱਕਰ/ ਗੱਚਕ ਬਣਾ ਕੇ ਵੇਚਣ ਨਾਲ ਜ਼ਿਆਦਾ ਮੁਨਾਫ਼ਾ ਹੋ ਸਕਦਾ ਹੈ। ਇਸੇ ਤਰ੍ਹਾਂ ਹਲਦੀ ਦੀਆਂ ਗੰਢੀਆਂ ਵੇਚਣ ਦੀ ਬਜਾਇ ਇਸ ਦਾ ਪਾਊਡਰ 150-200 ਰੁਪਏ ਪ੍ਰਤੀ ਕਿਲੋ ਤੱਕ ਵਿਕ ਸਕਦਾ ਹੈ। ਹਲਦੀ ਦੀ ਪ੍ਰਾਸੈਸਿੰਗ ਲਈ ਹਲਦੀ ਧੋਣ ਅਤੇ ਪਾਲਿਸ਼ ਕਰਨ ਦੀ ਮਸ਼ੀਨ ਦੀ ਕੀਮਤ ਤਕਰੀਬਨ ਇੱਕ ਲੱਖ ਰੁਪਏ ਹੈ ਜੋ ਕਿ ਇੱਕ ਹਾਰਸ ਪਾਵਰ ਦੀ ਮੋਟਰ ਨਾਲ ਚਲਦੀ ਹੈ। ਹਲਦੀ ਉਬਾਲਣ ਵਾਲੀ ਮਸ਼ੀਨ ਦੀ ਕੀਮਤ ਤਕਰੀਬਨ ਤਿੰਨ ਲੱਖ ਰੁਪਏ ਹੈ ਜਿਸ ਦੀ ਸਮਰੱਥਾ 10-12 ਕੁਇੰਟਲ ਪ੍ਰਤੀ ਘੰਟਾ ਹੈ ਅਤੇ ਇਹ ਫ਼ਸਲੀ ਰਹਿੰਦ-ਖੂੂੰਹਦ ਨਾਲ ਚੱਲ ਸਕਦੀ ਹੈ। ਇਹ ਮਸ਼ੀਨ ਕਿਰਾਏ ’ਤੇ ਵੀ ਲਈ ਜਾ ਸਕਦੀ ਹੈ। ਹਲਦੀ ਸੁਕਾਉਣ ਲਈ ਸੋਲਰ ਡਰਾਇਰ ਅਤੇ ਹਲਦੀ ਪੀਸਣ ਵਾਲੀਆਂ ਮਸ਼ੀਨਾਂ ਵੀ ਉਪਲਬਧ ਹਨ। ਇਸੇ ਤਰ੍ਹਾਂ ਟਮਾਟਰ ਦੀ ਚਟਨੀ ਜਾਂ ਪਿਊਰੀ ਬਣਾ ਕੇ, ਹਰੇ ਮਟਰਾਂ ਨੂੰ ਬਹੁਤਾਤ ਦੇ ਸਮੇਂ ਘੱਟ ਤਾਪਮਾਨ ’ਤੇ ਸਟੋਰ ਕਰ ਕੇ ਬਾਅਦ ਵਿਚ ਵੱਧ ਭਾਅ ’ਤੇ ਵੇਚ ਕੇ ਅਤੇ ਖੁੰਬਾਂ ਦਾ ਆਚਾਰ ਜਾਂ ਪਾਊਡਰ ਬਣਾ ਕੇ ਵੀ ਕਾਫ਼ੀ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਸ਼ਹਿਦ ਨੂੰ ਟੀਨਾਂ ਵਿੱਚ ਭਰ ਕੇ ਥੋਕ ਵਿੱਚ ਵੇਚਣ ਦੀ ਬਜਾਇ ਇਸ ਦੀ ਪੈਕਿੰਗ ਛੋਟੀਆਂ ਬੋਤਲਾਂ ਵਿੱਚ ਕਰਨਾ ਵੱਧ ਲਾਹੇਵੰਦ ਹੋ ਸਕਦਾ ਹੈ। ਇਸ ਦੀ ਸਿਖਲਾਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਜਾਂ ਪੀਏਯੂ, ਲੁਧਿਆਣਾ ਦੇ ਪ੍ਰਾਸੈਸਿੰਗ ਐਂਡ ਫੂਡ ਇੰਜਨੀਅਰਿੰਗ ਵਿਭਾਗ ਤੋਂ ਲਈ ਜਾ ਸਕਦੀ ਹੈ।
ਕੋਈ ਵੀ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਆਪਣੀ ਸੁਵਿਧਾ ਅਤੇ ਆਪਣੇ ਇਲਾਕੇ ਵਿੱਚ ਹੋਣ ਵਾਲੀਆਂ ਫ਼ਸਲਾਂ ਅਨੁਸਾਰ ਮਸ਼ੀਨਰੀ ਦੀ ਚੋਣ ਕਰ ਕੇ ਐਗਰੋ ਪ੍ਰਾਸੈਸਿੰਗ ਕੰਪਲੈਕਸ ਸਥਾਪਿਤ ਕਰ ਸਕਦਾ ਹੈ। ਸਰਕਾਰੀ ਵਿੱਤੀ ਏਜੰਸੀਆਂ, ਬੈਂਕਾਂ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ, ਆਦਿ ਅਜਿਹੇ ਕਾਰੋਬਾਰ ਲਈ ਕਿਸਾਨਾਂ ਨੂੰ 25% ਅਤੇ ਕਿਸਾਨ ਬੀਬੀਆਂ ਨੂੰ 30% ਸਬਸਿਡੀ ਵੀ ਦਿੰਦੇ ਹਨ। ਸਰਹੱਦੀ ਜਾਂ ਪਿਛੜੇ ਇਲਾਕਿਆਂ ਵਿੱਚ ਹੋਰ ਕਈ ਸਹੂਲਤਾਂ ਜਿਵੇਂ ਕਿ ਬਿਜਲੀ ਦਾ ਪਹਿਲ ਦੇ ਆਧਾਰ ’ਤੇ ਕੁਨੈਕਸ਼ਨ, ਟੈਕਸਾਂ ਵਿੱਚ ਛੋਟ ਅਤੇ ਕਰਜ਼ੇ ਉੱਪਰ ਵਿਆਜ ਦਰਾਂ ਵਿਚ ਕਮੀ ਆਦਿ ਵੀ ਦਿੱਤੀਆਂ ਜਾਂਦੀਆਂ ਹਨ। ਘਰੇਲੂ ਪੱਧਰ ’ਤੇ ਇਕ ਆਟਾ ਚੱਕੀ, ਆਇਲ ਐਕਸਪੈਲਰ ਤੇ ਗਰਾਈਂਡਰ ਆਦਿ ਮਸ਼ੀਨਾਂ ਲਗਾ ਕੇ ਕੇਵਲ ਇੱਕ ਸਹਾਇਕ ਵਿਅਕਤੀ ਦੀ ਮਦਦ ਨਾਲ ਵਧੀਆ ਕੰਮ ਚਲਾਇਆ ਜਾ ਸਕਦਾ ਹੈ। ਇਸ ਤੋਂ 30-40 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਨਿਰੋਲ ਆਮਦਨ ਹੋ ਸਕਦੀ ਹੈ। ਪੂਰੇ ਐਗਰੋ-ਪ੍ਰਾਸੈਸਿੰਗ ਕੰਪਲੈਕਸ ਵਿੱਚੋਂ 50,000 ਤੋਂ 1,25,000 ਪ੍ਰਤੀ ਮਹੀਨਾ ਤੱਕ ਮੁਨਾਫ਼ਾ ਹੋ ਸਕਦਾ ਹੈ। ਐਗਰੋ ਪ੍ਰਾਸੈਸਿੰਗ ਕੰਪਲੈਕਸ ਸਥਾਪਿਤ ਕਰਨ ਲਈ ਮਸ਼ੀਨਰੀ ਦੀ ਕੁੱਲ ਲਾਗਤ ਅੰਦਾਜ਼ਨ 22.50 ਲੱਖ ਰੁਪਏ ਤੱਕ ਆ ਸਕਦੀ ਹੈ ਅਤੇ ਲੋੜੀਂਦੀ ਮਸ਼ੀਨਰੀ ਦੀਆਂ ਅੰਦਾਜ਼ਨ ਲਾਗਤਾਂ ਇਸ ਤਰ੍ਹਾਂ ਹਨ; ਮਿਨੀ ਰਾਈਸ ਮਿੱਲ (3.70 ਲੱਖ ਰੁਪਏ), ਬੇਬੀ ਆਇਲ ਐਕਸਪੈਲਰ (5 ਲੱਖ ਰੁਪਏ), ਆਟਾ ਚੱਕੀ ਸਕੋਰਰ ਨਾਲ (7 ਲੱਖ ਰੁਪਏ), ਆਟਾ ਚੱਕੀ ਰਾਜਸਥਾਨੀ (50 ਹਜ਼ਾਰ ਰੁਪਏ), ਗਰਾਇੰਡਰ (70 ਹਜ਼ਾਰ ਰੁਪਏ), ਦਾਲ ਕਲੀਨਰ ਅਤੇ ਗਰੇਡਰ (60 ਹਜ਼ਾਰ ਰੁਪਏ) ਅਤੇ ਪਸ਼ੂ ਫੀਡ ਮਿੱਲ ਗਰਾਂਈਡਰ ਅਤੇ ਮਿਕਸਚਰ ਨਾਲ (3.50 ਲੱਖ ਰੁਪਏ)। ਇਨ੍ਹਾਂ ਮਸ਼ੀਨਾਂ ਦੀ ਕ੍ਰਮਵਾਰ ਸਮਰੱਥਾ 2.5, 1.0, 5.0, 1.5, 0.5, 1.0 ਅਤੇ 9.0 ਕੁਇੰਟਲ ਪ੍ਰਤੀ ਘੰਟਾ ਹੈ। ਇਸ ਪੂਰੇ ਕੰਪਲੈਕਸ ਲਈ ਲਗਪਗ ਵੱਖੋ-ਵੱਖਰੀ ਸਮਰੱਥਾ ਵਾਲੀਆਂ ਪਾਣੀ ਦੀਆਂ ਚਾਰ ਇਲੈਕਟ੍ਰਿਕ ਮੋਟਰਾਂ ਫਿਟਿੰਗ ਸਣੇ (ਤਕਰੀਬਨ 1.50 ਲੱਖ ਰੁਪਏ) ਦੀ ਵੀ ਲੋੜ ਪਵੇਗੀ। ਇਸ ਤੋਂ ਇਲਾਵਾ ਲਗਪਗ 3000 ਵਰਗ ਮੀਟਰ ਦੀ ਜਗ੍ਹਾ ਉੱਪਰ ਸ਼ੈੱਡ ਦੀ ਉਸਾਰੀ ਲਈ 20-25 ਲੱਖ ਰੁਪਏ ਦੀ ਲਾਗਤ ਵੀ ਆਵੇਗੀ। ਸਾਰੀਆਂ ਮਸ਼ੀਨਾਂ ਇਕੱਲੇ ਖ਼ਰੀਦਣ ਦੀ ਬਜਾਇ ਕੁੱਝ ਵਿਅਕਤੀ ਮਿਲ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹਨ। ਇਸ ਨਾਲ ਜਿੱਥੇ ਕੰਮ ਕਰਨ ਵਾਲੇ ਬੰਦਿਆਂ ਦੀ ਗਿਣਤੀ ਵਧੇਗੀ, ਉੱਥੇ ਹੀ ਖ਼ਰਚਾ ਵੀ ਵੰਡਿਆ ਜਾਵੇਗਾ ਅਤੇ ਮੰਡੀਕਰਨ ਵਿਚ ਆਸਾਨੀ ਹੋਵੇਗੀ। ਆਪਣੇ ਉਤਪਾਦ ਦੀ ਐਗਮਾਰਕ/ ਐਫਏਐਸਐਸਆਈ (FASSI) ਤੋਂ ਪ੍ਰਮਾਣੀਕਰਨ ਕਰਵਾ ਕੇ ਖ਼ਪਤਕਾਰਾਂ ਵਿਚ ਭਰੋਸਾ ਪੈਦਾ ਕੀਤਾ ਜਾ ਸਕਦਾ ਹੈ। ਆਪਣੀ ਪੈਦਾਵਾਰ ਨੂੰ ਕਿਸਾਨ ਮੇਲਿਆਂ, ਕਿਸਾਨ ਸਿਖਲਾਈ ਕੈਪਾਂ ਜਾਂ ‘ਆਪਣੀ ਮੰਡੀ’ ਵੀ ਵੇਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰ ਜ਼ਿਲ੍ਹੇ ਵਿੱਚ ਖੇਤੀਬਾੜੀ ਮਹਿਕਮੇ ਵਲੋਂ ਕਿਸਾਨਾਂ ਦੀ ਪੈਦਾਵਾਰ ਵੇਚਣ ਲਈ ‘ਆਤਮਾ ਹੱਟ’ ਵੀ ਬਣਾਏ ਗਏ ਹਨ। ਹੁਣ ਸਮਾਂ ਆ ਗਿਆ ਹੈ ਕਿ ਕਿਸਾਨ ਆਪਣੀ ਫ਼ਸਲ ਪੈਦਾ ਕਰਨ ਦੇ ਨਾਲ-ਨਾਲ ਆਪਣੇ ਉਤਪਾਦ ਵਿੱਚ ਮੁੱਲ ਵਾਧਾ ਕਰਨ ਦਾ ਹੁਨਰ ਵੀ ਸਿੱਖਣ।
*ਇਕਨੋਮਿਕਸ ਅਤੇ ਸ਼ੋਸ਼ਿਆਲੋਜ਼ੀ ਵਿਭਾਗ, ਪੀਏਯੂ, ਲੁਧਿਆਣਾ।

Advertisement

Advertisement