For the best experience, open
https://m.punjabitribuneonline.com
on your mobile browser.
Advertisement

ਪਰਾਲੀ ਦੀ ਅੱਗ ਕਿੰਝ ਬੁਝੇ?

06:20 AM Nov 14, 2023 IST
ਪਰਾਲੀ ਦੀ ਅੱਗ ਕਿੰਝ ਬੁਝੇ
Advertisement

ਟੀ ਕੇ ਅਰੁਣ

ਸੀਨੀਅਰ ਸਰਕਾਰੀ ਅਫਸਰ ਯਕੀਨਨ ਕੁਆਂਟਮ ਕਣਾਂ ਤੋਂ ਬਹੁਤ ਵੱਖਰੀ ਤਰ੍ਹਾਂ ਦੇ ਹੁੰਦੇ ਹਨ। ਇਸ ਦੇ ਬਾਵਜੂਦ ਦੋਵਾਂ ਵਿਚ ਸਾਂਝਾ ਗੁਣ ਹੁੰਦਾ ਹੈ: ਜਦੋਂ ਉਨ੍ਹਾਂ ਨੂੰ ਘੋਖਿਆ ਜਾਂਦਾ ਹੈ ਤਾਂ ਉਨ੍ਹਾਂ ਦੀ ਸਥਿਤੀ ਬਦਲ ਜਾਂਦੀ ਹੈ, ਘੋਖਣ ਦਾ ਕਾਰਜ ਹੀ ਤਬਦੀਲੀ ਨੂੰ ਪ੍ਰੇਰਿਤ ਕਰਦਾ ਹੈ। ਹੁਣ ਜਦੋਂ ਸੁਪਰੀਮ ਕੋਰਟ ਨੇ ਉੱਤਰੀ ਭਾਰਤੀ ਸੂਬਿਆਂ ਦੇ ਅਧਿਕਾਰੀਆਂ ਨੂੰ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਰੋਕਣ ਦੀ ਹਦਾਇਤ ਦਿੱਤੀ ਹੈ ਤੇ ਅਜਿਹਾ ਕਿਵੇਂ ਕਰਨਾ ਹੈ, ਇਹ ਉਨ੍ਹਾਂ ਉਤੇ ਹੀ ਛੱਡ ਦਿੱਤਾ ਹੈ ਤਾਂ ਅਸੀਂ ਕੁਝ ਕਾਰਵਾਈ ਹੁੰਦੀ ਦੇਖਣ ਦੀ ਉਮੀਦ ਕਰ ਸਕਦੇ ਹਾਂ। ਇਸ ਮਾਮਲੇ ਵਿਚ ਕਿਸਾਨਾਂ ਨਾਲ ਕੋਈ ਟਕਰਾਅ ਪੈਦਾ ਕੀਤੇ ਬਿਨਾਂ ਅਦਾਲਤੀ ਹੁਕਮ ਲਾਗੂ ਕਰਨ ਲਈ ਕਿਵੇਂ ਕਾਰਵਾਈ ਕੀਤੀ ਜਾ ਸਕਦੀ ਹੈ, ਇਸ ਬਾਰੇ ਕੁਝ ਸੁਝਾਅ ਦਿੱਤੇ ਜਾ ਰਹੇ ਹਨ। ਅਗਲੀ ਫ਼ਸਲ ਬੀਜਣ ਲਈ ਖੇਤ ਵਿਚੋਂ ਵੱਢੀ ਪਹਿਲੀ ਫ਼ਸਲ ਦੀ ਰਹਿੰਦ-ਖੂਹੰਦ ਸਾਫ਼ ਕਰਨੀ ਜ਼ਰੂਰੀ ਹੁੰਦੀ ਹੈ।
ਸੰਸਾਰ ਦੇ ਪੰਜ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚ ਚਾਰ ਸ਼ਹਿਰ ਲਾਹੌਰ, ਦਿੱਲੀ, ਮੁੰਬਈ ਅਤੇ ਢਾਕਾ ਦੱਖਣੀ ਏਸ਼ੀਆ ਵਿਚ ਹਨ। ਖੇਤਾਂ ਵਿਚ ਅਨਾਜ ਦੇ ਬੂਟਿਆਂ ਤੋਂ ਅਨਾਜ ਵਾਲੇ ਸਿੱਟੇ ਵੱਢਣ ਤੋਂ ਬਾਅਦ ਬਚਿਆ ਨਾੜ/ਪਰਾਲੀ ਸਾੜਨ ਦੀ ਪ੍ਰਥਾ ਜੋ ਭਾਰਤ-ਪਾਕਿਸਤਾਨ ਸਰਹੱਦ ਦੇ ਦੋਹੀਂ ਪਾਸੀਂ ਪ੍ਰਚਲਿਤ ਹੈ, ਨੂੰ ਆਮ ਕਰ ਕੇ ਇਸ ਪ੍ਰਦੂਸ਼ਣ ਲਈ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਪਰ ਹਕੀਕਤ ਇਹ ਹੈ ਕਿ ਹਵਾ ਵਿਚ ਮਹੀਨ ਸੰਘਣੀ ਕਾਲਖ ਪੈਦਾ ਕਰਨ ਪੱਖੋਂ ਇਸ ਦਾ ਹਿੱਸਾ ਵੱਧ ਤੋਂ ਵੱਧ 40 ਫ਼ੀਸਦੀ ਹੈ। ਮੌਸਮ ਦੀ ਖ਼ਾਸ ਬਣਤਰ ਹਵਾ ਦੀ ਗੁਣਵੱਤਾ ਵਿਚ ਬਹੁਤ ਜ਼ਿਆਦਾ ਗਿਰਾਵਟ ਅਤੇ ਪ੍ਰਦੂਸ਼ਣ ਵਿਚ ਇਜ਼ਾਫ਼ੇ ਦਾ ਕਾਰਨ ਬਣਦੀ ਹੈ ਜਿਹੜੀ ਲੰਮਾ ਚਿਰ ਹਵਾ ਦੀ ਰਫ਼ਤਾਰ ਨੂੰ ਬਿਲਕੁਲ ਰੋਕ ਦਿੰਦੀ ਹੈ ਤੇ ਭਾਰੀ ਮੀਂਹ ਵੀ ਨਹੀਂ ਪੈਣ ਦਿੰਦੀ।
ਪ੍ਰਦੂਸ਼ਣ ਦਾ ਬਹੁਤਾ ਹਿੱਸਾ ਵਾਹਨਾਂ ਦੀ ਆਵਾਜਾਈ ਅਤੇ ਨਾਲ ਹੀ ਉਸਾਰੀ ਕਾਰਜਾਂ ਕਰ ਕੇ ਉੱਠਣ ਵਾਲੀ ਧੂੜ ਕਾਰਨ ਪੈਦਾ ਹੁੰਦਾ ਹੈ ਪਰ ਪ੍ਰਦੂਸ਼ਣ ਦੇ ਇਨ੍ਹਾਂ ਸਰੋਤਾਂ ਨੂੰ ਰੋਕਣਾ ਬਹੁਤ ਔਖਾ ਹੈ। ਵਾਹਨਾਂ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਖ਼ਤਮ ਕਰਨ ਲਈ ਖਣਜਿ ਤੇਲਾਂ ਦੇ ਬਾਲਣ ਨਾਲ ਚੱਲਣ ਵਾਲੇ ਅੰਦਰੂਨੀ ਕੰਬਸ਼ਚਨ ਇੰਜਣਾਂ ਦੀ ਥਾਂ ਬਜਿਲੀ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਕਰਨੀ ਪਵੇਗੀ। ਜਦੋਂ ਤੱਕ ਅਜਿਹਾ ਨਹੀਂ ਹੋ ਜਾਂਦਾ, ਉਦੋਂ ਤੱਕ ਵਧੇਰੇ ਸਾਫ਼ ਬਾਲਣ ਅਤੇ ਬਿਹਤਰ ਇੰਜਣਾਂ ਦਾ ਇਸਤੇਮਾਲ ਮਦਦਗਾਰ ਹੋ ਸਕਦਾ ਹੈ। ਪ੍ਰਦੂਸ਼ਣ ਕਰਨ ਵਾਲੇ ਵਾਹਨਾਂ ਦੀ ਸਫ਼ਾਈ ਅਤੇ ਉਨ੍ਹਾਂ ਨੂੰ ਬਦਲਣ ਦੀ ਪ੍ਰਕਿਰਿਆ ਜਾਰੀ ਹੈ ਪਰ ਇਸ ਨੂੰ ਕਾਫ਼ੀ ਸਮਾਂ ਲੱਗੇਗਾ। ਵਾਹਨਾਂ ਵੱਲੋਂ ਸੜਕਾਂ ਤੋਂ ਪੈਦਾ ਕੀਤੀ ਜਾਣ ਵਾਲੀ ਧੂੜ ਸਾਰੀਆਂ ਸੜਕਾਂ ਪੱਕੀਆਂ ਕਰ ਕੇ ਘਟਾਈ ਜਾ ਸਕਦੀ ਹੈ। ਇਸੇ ਤਰ੍ਹਾਂ ਮਿੱਟੀ ਵਾਲੀਆਂ ਖੁੱਲ੍ਹੀਆਂ ਥਾਵਾਂ ਉਤੇ ਘਾਹ ਲਾਉਣਾ ਅਤੇ ਇਸ ਕਿਸਮ ਦੇ ਰੁੱਖ-ਬੂਟੇ ਲਾਉਣਾ ਵੀ ਮਦਦਗਾਰ ਹੋ ਸਕਦਾ ਹੈ ਜਿਹੜੇ ਆਪਣੇ ਉਤੇ ਪੈਣ ਵਾਲੀ ਧੂੜ ਨੂੰ ਥੋੜ੍ਹੀ ਜਿਹੀ ਹਵਾ ਨਾਲ ਹੀ ਖਿਲਾਰਨ ਦੀ ਥਾਂ ਆਪਣੇ ਉਤੇ ਹੀ ਬਣਾਈ ਰੱਖਣ ਪਰ ਉਸ ਧੂੜ ਦਾ ਬਹੁਤਾ ਕੁਝ ਨਹੀਂ ਕੀਤਾ ਜਾ ਸਕਦਾ ਜਿਸ ਨੂੰ ਰੇਗਿਸਤਾਨ ਤੋਂ ਆਉਣ ਵਾਲੀਆਂ ਹਵਾਵਾਂ ਨਾਲ ਲਿਆਉਂਦੀਆਂ ਹਨ। ਉਸਾਰੀ ਕਾਰਜਾਂ ਕਾਰਨ ਪੈਦਾ ਧੂੜ ਨੂੰ ਸ਼ਹਿਰਾਂ ਵਿਚ ਸਮਿੰਟ ਨੂੰ ਬਰੀਕ ਪਾਊਡਰ ਰੂਪ ਵਿਚ ਵਰਤਣ ਦੀ ਥਾਂ ਅਗਾਊਂ ਤੌਰ ’ਤੇ ਮਿਲਾ ਕੇ ਤਿਆਰ ਕੀਤੀ ਕੰਕਰੀਟ ਦੇ ਇਸਤੇਮਾਲ ਉਤੇ ਜ਼ੋਰ ਦੇ ਕੇ ਘਟਾਇਆ ਜਾ ਸਕਦਾ ਹੈ। ਕੰਕਰੀਟ ਮਿਲਾ ਕੇ ਤਿਆਰ ਕਰਨ ਦੀ ਕਾਰਵਾਈ ਵੀ ਖੁੱਲ੍ਹੇ ਵਿਚ ਕਰਨ ਦੀ ਥਾਂ ਬੰਦ ਥਾਵਾਂ ’ਚ ਕਰਨੀ ਚਾਹੀਦੀ ਹੈ।
ਜਿੱਥੇ ਇਹ ਕਦਮ ਲਾਜ਼ਮੀ ਅਤੇ ਪੂਰੀ ਤਰ੍ਹਾਂ ਵਿਹਾਰਕ ਵੀ ਹਨ, ਤਾਂ ਵੀ ਇਸ ਦਾ ਇਹ ਮਤਲਬ ਨਹੀਂ ਕਿ ਪਰਾਲੀ ਸਾੜਨ ਦੀ ਪ੍ਰੰਪਰਾ ਜਾਰੀ ਰਹਿਣ ਦਿੱਤਾ ਜਾਵੇ। ਇਸ ਨੂੰ ਹੁਣ ਬੰਦ ਕਰਨਾ ਚਾਹੀਦਾ ਹੈ ਪਰ ਕਿਵੇਂ?
ਫ਼ਸਲਾਂ ਦੀ ਪਰਾਲੀ, ਨਾੜ, ਮੁੱਢ ਆਦਿ ਹਰ ਤਰ੍ਹਾਂ ਦੀ ਖੇਤੀ ਰਹਿੰਦ-ਖੂਹੰਦ ਕੁਦਰਤੀ ਤੌਰ ’ਤੇ ਗਲ਼-ਸੜ ਜਾਣੀ ਹੀ ਚੰਗੀ ਹੁੰਦੀ ਹੈ ਤਾਂ ਕਿ ਇਸ ਅੰਦਰਲੀ ਊਰਜਾ ਨਿਕਲ ਸਕੇ ਅਤੇ ਖਾਦ ਪੈਦਾ ਹੋ ਸਕੇ। ਬੂਟੇ ਦੇ ਬਚੇ ਹੋਏ ਹਿੱਸੇ ਪਾਣੀ ਦੀ ਭਾਫ਼, ਕਾਰਬਨ ਡਾਈਆਕਸਾਈਡ, ਹਾਈਡਰੋਜਨ ਸਲਫਾਈਡ, ਗਾਰੇ ਆਦਿ ਨਾਲ ਮਿਲ ਕੇ ਗਲ਼ਣ ਸਦਕਾ ਮੀਥੇਨ ਵਿਚ ਬਦਲ ਜਾਂਦੇ ਹਨ ਜਿਸ ਵਿਚੋਂ ਜ਼ਰੂਰੀ ਹੋਵੇ ਤਾਂ ਠੋਸ ਖਾਦ ਕੱਢੀ ਜਾ ਸਕਦੀ ਹੈ ਪਰ ਇਹ ਆਪਣੇ ਆਪ ਵਿਚ ਵੀ ਵਰਤੋਂ ਲਈ ਤਿਆਰ ਜੈਵਿਕ ਖਾਦ ਹੁੰਦੀ ਹੈ। ਆਮ ਕਰ ਕੇ ਮੀਥੇਨ ਵਰਤਣ ਲਈ ਪਾਈਪ ਵਿਚ ਪਾਉਣ ਤੋਂ ਪਹਿਲਾਂ ਹੋਰ ਗੈਸਾਂ ਤੋਂ ਮੁਕਤ ਕਰ ਦਿੱਤਾ ਜਾਂਦਾ ਹੈ। ਬਾਇਓਗੈਸ ਦੇ ਪਲਾਂਟ ਬਣਾਉਣਾ ਅਤੇ ਉਨ੍ਹਾਂ ਨੂੰ ਚਲਾਉਣਾ ਖੇਤੀ ਤੋਂ ਵੱਖਰੀਆਂ ਸਰਗਰਮੀਆਂ ਹਨ। ਲੋੜ ਇਸ ਗੱਲ ਦੀ ਹੈ ਕਿ ਕਿਸਾਨਾਂ ਨੂੰ ਪਰਾਲੀ/ਨਾੜ ਆਦਿ ਖੇਤ ਵਿਚੋਂ ਇਕੱਠਾ ਕਰ ਕੇ ਗੰਢਾਂ ਬੰਨ੍ਹ ਕੇ ਸਾਂਭਣ ਲਈ ਪ੍ਰੇਰਿਆ ਜਾਵੇ ਤਾਂ ਕਿ ਉਨ੍ਹਾਂ ਨੂੰ ਬਾਇਓ-ਗੈਸ ਪਲਾਂਟ ਚਲਾਉਣ ਵਾਲੇ ਖ਼ਰੀਦ ਕੇ ਉਸ ਦੀ ਖਾਦ ਬਣਾ ਸਕਣ।
ਪਰਾਲੀ ਤੋਂ ਨਜਿਾਤ ਪਾਉਣ ਦਾ ਇਕ ਤਰੀਕਾ ਹੈਪੀ ਸੀਡਰ ਦਾ ਇਸਤੇਮਾਲ ਹੈ। ਇਹ ਮਸ਼ੀਨ ਇਕੋ ਸਮੇਂ ਖੇਤ ਵਿਚੋਂ ਪਰਾਲੀ/ਨਾੜ ਵੀ ਕੱਢ ਲੈਂਦੀ ਹੈ, ਅਗਲੀ ਫ਼ਸਲ ਦੇ ਬੀਜ ਵੀ ਬੀਜ ਦਿੰਦੀ ਹੈ ਅਤੇ ਪਰਾਲੀ ਨੂੰ ਖੇਤ ਵਿਚ ਗਲ਼ਣ ਲਈ ਛੱਡ ਦਿੰਦੀ ਹੈ। ਇਸ ਨੂੰ ਵੱਡੇ ਪੱਧਰ ਉਤੇ ਖ਼ਰੀਦੇ ਜਾਂ ਕਿਰਾਏ ਉਤੇ ਵਰਤੇ ਜਾਣ ਦੀ ਗੱਲ ਸਾਹਮਣੇ ਨਹੀਂ ਆਈ। ਇਕ ਫ਼ਸਲ ਦੀ ਵਾਢੀ ਤੋਂ ਬਾਅਦ ਅਗਲੀ ਫ਼ਸਲ ਬੀਜਣ ਦਰਮਿਆਨ ਬਚਦਾ ਸਮਾਂ ਬਹੁਤ ਘੱਟ ਹੁੰਦਾ ਹੈ। ਕਿਸਾਨਾਂ ਲਈ ਉਸੇ ਸਮੇਂ ਦੌਰਾਨ ਇਕੋ ਵੇਲੇ ਬਜਿਾਈ ਦਾ ਕੰਮ ਕਰਨ ਲਈ ਲੋੜੀਂਦੀ ਗਿਣਤੀ ਵਿਚ ਹੈਪੀ ਸੀਡਰ ਉਪਲਬਧ ਨਹੀਂ। ਇਸ ਲਈ ਪਰਾਲੀ ਦੇ ਕੱਚੇ ਮਾਲ ਵਜੋਂ ਨਬਿੇੜੇ ਲਈ ਬਾਇਓ-ਗੈਸ ਪੈਦਾ ਕਰਨ ਵਾਲੀ ਨਵੀਂ ਸਨਅਤ ਵਾਲਾ ਬਦਲ ਬਚਦਾ ਹੈ। ਇਸ ਨਾਲ ਕਿਸਾਨਾਂ ਨੂੰ ਵੀ ਆਪਣੀ ਫ਼ਸਲ ਦੀ ਰਹਿੰਦ-ਖੂਹੰਦ ਵੇਚ ਕੇ ਕੁਝ ਵਾਧੂ ਆਮਦਨ ਹੋ ਸਕਦੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਰਸਾਇਣਕ ਖਾਦਾਂ ਵਾਲੀ ਹੀ ਕੀਮਤ ਉਤੇ ਆਰਗੈਨਿਕ ਖਾਦ ਵੀ ਮਿਲ ਸਕਦੀ ਹੈ।
ਇਹ ਸੱਚ ਹੈ ਕਿ ਪਰਾਲੀ ਨੂੰ ਵੱਡੇ ਪ੍ਰਦੂਸ਼ਣ ਕਾਰਕ ਤੋਂ ਕਿਸਾਨਾਂ ਲਈ ਵਾਧੂ ਆਮਦਨ ਵਾਲੀ ਲਾਹੇਵੰਦ ਧਾਰਾ ਵਿਚ ਬਦਲਣ ਦਾ ਕੰਮ ਆਪਣੇ ਆਪ ਨਹੀਂ ਹੋਵੇਗਾ। ਇਸ ਲਈ ਕਦਮ ਸਰਕਾਰ ਨੂੰ ਚੁੱਕਣੇ ਪੈਣਗੇ। ਬਾਇਓ-ਡਾਈਜੈਸਟਰ ਉਨ੍ਹਾਂ ਵਿਚ ਕੱਚੇ ਮਾਲ ਵਜੋਂ ਵਰਤੀ ਜਾਣ ਵਾਲੀ ਆਰਗੈਨਿਕ ਸਮੱਗਰੀ ਦੇ ਹਿਸਾਬ ਨਾਲ ਤਕਨੀਕੀ ਵਿਸ਼ੇਸ਼ਤਾ ਦੇ ਵੱਖੋ-ਵੱਖ ਪੱਧਰਾਂ ਵਾਲੇ ਹੋ ਸਕਦੇ ਹਨ। ਇਕ ਭਾਰਤੀ ਬਹੁਕੌਮੀ ਕੰਪਨੀ ਦੀਆਂ ਬਾਇਓ-ਗੈਸ ਸਬੰਧੀ ਵੱਡੀਆਂ ਯੋਜਨਾਵਾਂ ਹਨ ਅਤੇ ਸੰਭਵ ਤੌਰ ’ਤੇ ਇਹ ਵਧੀਆ ਬਾਇਓ-ਗੈਸ ਪਲਾਂਟ ਬਣਾਉਣ ਤੇ ਸਪਲਾਈ ਕਰਨ ਦਾ ਕੰਮ ਕਰੇਗੀ। ਇਹ ਕੰਪਨੀ ਉੱਤਰ ਪ੍ਰਦੇਸ਼ ਵਿਚ ਗੰਨੇ ਦੀ ਰਹਿੰਦ-ਖੂਹੰਦ ਉਤੇ ਆਧਾਰਿਤ ਅਜਿਹਾ ਪਲਾਂਟ ਪਹਿਲਾਂ ਹੀ ਚਲਾ ਰਹੀ ਹੈ।
ਜੇ ਸਰਕਾਰ ਹਰ ਇਲਾਕੇ ਵਿਚ ਪੈਦਾ ਹੋਣ ਵਾਲੀ ਫ਼ਸਲਾਂ ਦੀ ਰਹਿੰਦ-ਖੂਹੰਦ ਅਤੇ ਅਜਿਹੀ ਹੋਰ ਸਮੱਗਰੀ ਦੀ ਮਾਤਰਾ ਦਾ ਭਰੋਸੇਯੋਗ ਢੰਗ ਨਾਲ ਪਤਾ ਲਾ ਲੈਂਦੀ ਹੈ ਤਾਂ ਉਦਮੀ ਉਸ ਹਿਸਾਬ ਨਾਲ ਲੋੜੀਂਦੇ ਆਕਾਰ ਵਾਲੇ ਬਾਇਓ-ਡਾਈਜੈਸਟਰ ਲਾ ਸਕਦੇ ਹਨ। ਪਲਾਂਟ ਦੀ ਉਸਾਰੀ, ਪਾਈਪ ਲਾਈਨਾਂ ਦਾ ਨੈਟਵਰਕ ਕਾਇਮ ਕਰਨ ਅਤੇ ਇਹ ਫ਼ੈਸਲਾ ਕਰਨ ਵਿਚ ਸਮਾਂ ਲੱਗੇਗਾ ਕਿ ਇਸ ਗੈਸ ਦਾ ਇਸਤੇਮਾਲ ਕਿਵੇਂ ਕਰਨਾ ਹੈ, ਭਾਵੇਂ ਇਸ ਪ੍ਰਕਿਰਿਆ ਨੂੰ ਕੇਂਦਰ ਤੇ ਸੂਬਾਈ ਸਰਕਾਰਾਂ ਵੱਲੋਂ ਸਬਸਿਡੀਆਂ ਦੇ ਰੂਪ ਵਿਚ ਕੋਈ ਹੱਲਾਸ਼ੇਰੀ ਵੀ ਦਿੱਤੀ ਗਈ ਹੋਵੇ।
ਦੂਜੇ ਪਾਸੇ ਅਦਾਲਤ ਦੇ ਹੁਕਮ ਹਨ ਕਿ ਪਰਾਲੀ ਸਾੜਨ ਉਤੇ ਫੌਰੀ ਰੋਕ ਲਾਈ ਜਾਵੇ। ਇਸ ਮਕਸਦ ਲਈ ਪੁਲੀਸ ਦੀ ਵਰਤੋਂ ਦਾ ਰਸਤਾ ਅਖ਼ਤਿਆਰ ਕਰਨ ਦਾ ਲੋਭ ਹੋ ਸਕਦਾ ਹੈ ਪਰ ਇਸ ਨਾਲ ਕਿਸਾਨਾਂ ਜੋ ਵੋਟਰ ਵੀ ਹਨ, ਵਿਚ ਵੱਖਰੀ ਤਰ੍ਹਾਂ ਦੀ ਅੱਗ ਦੇ ਭਾਂਬੜ ਮੱਚਣਗੇ। ਸਿਆਣਪ ਵਾਲਾ ਹੱਲ ਇਹੋ ਹੈ ਕਿ ਕਿਸਾਨਾਂ ਤੋਂ ਪਰਾਲੀ ਖਰੀਦ ਕੇ ਸਾਂਭ ਲਈ ਜਾਵੇ ਅਤੇ ਖ਼ਰੀਦ ਏਜੰਸੀ ਵੱਲੋਂ ਕਿਸਾਨਾਂ ਨੂੰ ਪਰਾਲੀ ਇਕੱਠੀ ਕਰ ਕੇ ਖੇਤ ਤੋਂ ਬਾਹਰ ਕੱਢਣ ਅਤੇ ਉਸ ਦੀਆਂ ਗੰਢਾਂ ਬਣਾ ਕੇ ਢੋਆ-ਢੁਆਈ ਕਰਨ ਦੀ ਲਾਗਤ ਪੂਰੀ ਕਰਨ ਜੋਗੀ ਢੁਕਵੀਂ ਅਦਾਇਗੀ ਕੀਤੀ ਜਾਵੇ।
ਜਦੋਂ ਭਾਖੜਾ-ਨੰਗਲ ਡੈਮ ਦੀ ਉਸਾਰੀ ਚੱਲ ਰਹੀ ਸੀ ਤਾਂ ਕਿਸਾਨਾਂ ਨੇ ਇਸ ਦੀ ਉਸਾਰੀ ਲਈ ਉਨ੍ਹਾਂ ਉਤੇ ਲਾਏ ਸੈੱਸ ਦਾ ਵਿਰੋਧ ਕੀਤਾ। ਇਸ ’ਤੇ ਸਿਆਸੀ ਆਗੂ ਤੇ ਅਫਸਰ ਖ਼ੁਦ ਕਿਸਾਨਾਂ ਕੋਲ ਪੁੱਜੇ ਅਤੇ ਉਨ੍ਹਾਂ ਨੇ ਕਿਸਾਨਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਸੈੱਸ ਦੀ ਲੋੜ ਬਾਰੇ ਸਮਝਾਇਆ। ਕਿਸਾਨਾਂ ਨੂੰ ਡੈਮ ਦੀ ਉਸਾਰੀ ਵਾਲੀ ਥਾਂ ਲਜਿਾ ਕੇ ਇਸ ਪੈਦਾ ਹੋ ਰਹੇ ਆਧੁਨਿਕ ਚਮਤਕਾਰ ਨੂੰ ਆਪਣੀ ਅੱਖੀਂ ਦੇਖਣ ਦਾ ਮੌਕਾ ਦਿੱਤਾ ਗਿਆ। ਇਸੇ ਤਰ੍ਹਾਂ ਪੰਜਾਬ ਦੇ ਮੌਕੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ, ਖੇਤੀਬਾੜੀ ਸਕੱਤਰ ਆਰਐੱਸ ਰੰਧਾਵਾ ਅਤੇ ਖੇਤੀਬਾੜੀ ਡਾਇਰੈਕਟਰ ਡਾ. ਅਰਜਨ ਸਿੰਘ ਖ਼ੁਦ ਪਿੰਡਾਂ ਵਿਚ ਗਏ ਤੇ ਉਨ੍ਹਾਂ ਕਿਸਾਨਾਂ ਨੂੰ ਵਧੇਰੇ ਅਨਾਜ ਉਗਾ ਕੇ ਤਬਦੀਲੀ ਦੇ ਵਾਹਕ ਬਣਨ ਦੀ ਅਪੀਲ ਕੀਤੀ। ਅੱਜ ਪੰਜਾਬ ਦੇ ਸਿਆਸੀ ਅਤੇ ਪ੍ਰਸ਼ਾਸਕੀ ਆਗੂਆਂ ਕੋਲ ਤਬਦੀਲੀ ਦੇ ਵਾਹਕ ਬਣਨ ਦਾ ਮੌਕਾ ਹੈ ਪਰ ਸਵਾਲ ਹੈ: ਕੀ ਉਹ ਮੌਕੇ ਦਾ ਫ਼ਾਇਦਾ ਉਠਾਉਣ ਲਈ ਅੱਗੇ ਵਧ ਸਕਦੇ ਹਨ?
*ਲੇਖਕ ਸੀਨੀਅਰ ਪੱਤਰਕਾਰ ਹੈ।

Advertisement

Advertisement
Advertisement
Author Image

joginder kumar

View all posts

Advertisement