ਦਿੱਲੀ ਦੇ ਪ੍ਰਦੂਸ਼ਣ ’ਤੇ ਕਾਬੂ ਕਿਵੇਂ ਪਾਇਆ ਜਾਵੇ
ਡਾ. ਗੁਰਿੰਦਰ ਕੌਰ
ਹਰ ਸਾਲ ਵਾਂਗ ਐਤਕੀਂ ਵੀ ਦਿੱਲੀ, ਸਰਦੀ ਦੀ ਸ਼ੁਰੂਆਤ ਵਿਚ ਹੀ ਹਵਾ ਪ੍ਰਦੂਸ਼ਣ ਦੀ ਮਾਰ ਵਿਚ ਆ ਗਈ। ਦਿੱਲੀ ਅਤੇ ਰਾਜਧਾਨੀ ਖੇਤਰ ਵਿਚ ਪੈਂਦੇ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਖ਼ਰਾਬ ਅਤੇ ਬਹੁਤ ਹੀ ਖ਼ਰਾਬ ਸ਼੍ਰੇਣੀ ਵਿਚ ਪਹੁੰਚ ਗਈ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਅਨੁਸਾਰ 29 ਅਕਤੂਬਰ 2023 ਨੂੰ ਦਿੱਲੀ, ਨੋਇਡਾ ਅਤੇ ਗੁਰੂਗ੍ਰਾਮ ਦੀ ਹਵਾ ਦੀ ਗੁਣਵੱਤਾ ਦਾ ਦਰਜਾ ਕ੍ਰਮਵਾਰ 322, 324 ਅਤੇ 314 ਹੈ। ਏਅਰ ਕੁਆਲਿਟੀ ਇੰਡੈਕਸ ਦੇ ਮਾਪਦੰਡ ਅਨੁਸਾਰ 0 ਤੋਂ 50 ਤੱਕ ਚੰਗਾ, 51-100 ਤੱਕ ਤਸੱਲੀਬਖ਼ਸ, 101-200 ਤੱਕ ਮੱਧਮ, 201-300 ਤੱਕ ਖ਼ਰਾਬ, 301-400 ਤੱਕ ਬਹੁਤ ਖ਼ਰਾਬ, 401 ਤੋਂ 500 ਤੱਕ ਨੂੰ ਬਹੁਤ ਜ਼ਿਆਦਾ ਖ਼ਰਾਬ ਮੰਨਿਆ ਜਾਂਦਾ ਹੈ।
28 ਅਕਤੂਬਰ ਨੂੰ ਦਿੱਲੀ ਦੀ ਹਵਾ ਦਾ ਗੁਣਵੱਤਾ ਸੂਚਕ 301 ਦਰਜ ਹੋਇਆ। ਹਵਾ ਦੀ ਖ਼ਰਾਬ ਗੁਣਵੱਤਾ ਨੂੰ ਦੇਖਦਿਆਂ ਦਿੱਲੀ ਨਗਰ ਕੌਂਸਲ ਦੇ ਵਾਈਸ ਚੇਅਰਪਰਸਨ ਨੇ 2023-24 ਲਈ ਵਿਸਤ੍ਰਤਿ ਯੋਜਨਾ ਦਾ ਐਲਾਨ ਕਰ ਦਿੱਤਾ ਹੈ। ਇਸ ਯੋਜਨਾ ਅਨੁਸਾਰ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ 7 ਮਕੈਨੀਕਲ ਸਵੀਪਰ ਅਤੇ ਅੱਠ-ਸਮੋਗ ਗੰਨਾਂ ਦਾ ਪ੍ਰਬੰਧ ਕੀਤਾ ਜਾਵੇਗਾ। ਦਿੱਲੀ ਦੇ ਵਾਤਾਵਰਨ ਮੰਤਰੀ ਨੇ ਕੇਂਦਰ ਸਰਕਾਰ ਤੋਂ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੌਮੀ ਰਾਜਧਾਨੀ ਖੇਤਰ ਵਿਚ ਪੈਂਦੇ ਸ਼ਹਿਰਾਂ ਵਿਚ ਘਟੀਆ ਗੁਣਵੱਤਾ ਵਾਲੀਆਂ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ ਉੱਤੇ ਪਾਬੰਦੀ ਦੀ ਮੰਗ ਵੀ ਕੀਤੀ ਹੈ। ਅਜਿਹੇ ਉਪਰਾਲੇ ਕਰਨ ਦੀ ਮੰਗ ਹਰ ਸਾਲ ਦਿੱਲੀ ਸਰਕਾਰ ਅਤੇ ਵਾਤਾਵਰਨ ਨਾਲ ਜੁੜੇ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਆਉਂਦੀ ਹੈ ਕਿਉਂਕਿ ਸਰਦੀਆਂ ਦੀ ਸ਼ੁਰੂਆਤ ਵਿਚ ਜਦੋਂ ਰਾਤ ਦਾ ਤਾਪਮਾਨ ਇਕਦਮ ਘਟਣਾ ਸ਼ੁਰੂ ਹੋ ਜਾਂਦਾ ਹੈ ਤਾਂ ਹਵਾ ਵਿਚਲੇ ਧੂੰਏਂ, ਧੂੜ ਅਤੇ ਹੋਰ ਪ੍ਰਦੂਸ਼ਕਾਂ ਦੇ ਹਵਾ ਵਿਚਲੇ ਪਾਣੀ ਦੇ ਕਣਾਂ ਉੱਤੇ ਜੰਮਣ ਨਾਲ ਧੁੰਦ ਦਾ ਵਿਗੜਿਆ ਹੋਇਆ ਰੂਪ ਧੂੰਆਂਖੀ ਧੁੰਦ ਹੋਂਦ ਵਿਚ ਆ ਜਾਂਦੀ ਹੈ ਜਿਸ ਕਾਰਨ ਦਿੱਲੀ ਹਵਾ ਦੇ ਖ਼ਤਰਨਾਕ ਪ੍ਰਦੂਸ਼ਣ ਦੀ ਲਪੇਟ ਵਿਚ ਆ ਜਾਂਦਾ ਹੈ।
ਕਈ ਸਾਲਾਂ ਤੋਂ ਦਿੱਲੀ ਜਦੋਂ ਵੀ ਇਸ ਭਿਆਨਕ ਪ੍ਰਦੂਸ਼ਣ ਦੀ ਲਪੇਟ ਵਿਚ ਆਉਂਦੀ ਹੈ, ਕੇਂਦਰ ਅਤੇ ਦਿੱਲੀ ਸਰਕਾਰਾਂ ਇਸ ਸਮੱਸਿਆ ਦਾ ਹੱਲ ਕਰਨ ਦੀ ਥਾਂ ਗੁਆਂਢੀ ਰਾਜਾਂ ਨੂੰ ਦੋਸ਼ੀ ਠਹਿਰਾਉਣ ਲੱਗ ਪੈਂਦੀਆਂ ਸਨ ਕਿ ਗੁਆਂਢੀ ਰਾਜਾਂ ਦੇ ਕਿਸਾਨ ਝੋਨੇ ਦੀ ਰਹਿੰਦ-ਖੂੰਹਦ (ਪਰਾਲੀ) ਨੂੰ ਅੱਗ ਲਾ ਕੇ ਦਿੱਲੀ ਵਿਚ ਪ੍ਰਦੂਸ਼ਣ ਫੈਲਾਉਂਦੇ ਹਨ।
ਦਿੱਲੀ ਵਿਚ ਹਵਾ ਦਾ ਭਿਆਨਕ ਪ੍ਰਦੂਸ਼ਣ ਮੁੱਖ ਤੌਰ ਉੱਤੇ ਭੂਗੋਲਿਕ ਅਤੇ ਸਥਾਨਕ ਕਾਰਨਾਂ ਕਰ ਕੇ ਹੁੰਦਾ ਹੈ। ਮੌਸਮ ਵਿਭਾਗ ਅਨੁਸਾਰ ਹਵਾਵਾਂ ਦੇ ਅਸਥਾਈ ਤੌਰ ’ਤੇ ਸ਼ਾਂਤ ਰਹਿਣ ਕਾਰਨ ਦਿੱਲੀ ਦੇ ਸਥਾਨਕ ਵਾਤਾਵਰਨ ਵਿਚ ਫੈਲੀਆਂ ਪ੍ਰਦੂਸ਼ਤਿ ਗੈਸਾਂ, ਧੂੰਏਂ ਅਤੇ ਧੂੜ ਦੇ ਕਣ ਦੂਰ-ਦੁਰਾਡੀਆਂ ਥਾਵਾਂ ਉੱਤੇ ਨਾ ਫੈਲ ਕੇ ਉੱਥੋਂ ਥੱਲੇ ਧਰਤੀ ਵੱਲ ਖਿਸਕ ਕੇ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਤਿ ਕਰ ਰਹੇ ਹਨ। ਦਿੱਲੀ ਦੀ ਸਥਾਨਕ ਹਵਾ ਨੂੰ ਪ੍ਰਦੂਸ਼ਤਿ ਕਰਨ ਵਾਲੇ ਮੁੱਖ ਸਰੋਤ ਇਹ ਹਨ: ਵਾਨ੍ਹਾਂ ਦੀ ਵਧਦੀ ਗਿਣਤੀ, ਉਦਯੋਗਕ ਇਕਾਈਆਂ, ਨਿਰਮਾਣ ਕਾਰਜ, ਕੂੜੇ ਦੇ 24 ਘੰਟੇ ਬਲਦੇ ਢੇਰ, ਡੀਜ਼ਲ ਨਾਲ ਚੱਲਦੇ ਇੰਜਨ, ਏਅਰ ਕੰਡੀਸ਼ਨਰ, ਥਰਮਲ ਪਲਾਂਟ। ਦਿੱਲੀ ਵਿਚ 2000 ਵਿਚ ਰਜਿਸਟਰਡ ਵਾਨ੍ਹਾਂ ਦੀ ਗਿਣਤੀ 34 ਲੱਖ ਸੀ ਜਿਹੜੀ 2021-2022 ਵਿਚ 122.53 ਲੱਖ ਹੋ ਗਈ। 15 ਸਾਲਾਂ ਤੋਂ ਉੱਪਰ ਚੱਲ ਚੁੱਕੇ ਵਾਨ੍ਹਾਂ ਉੱਤੇ ਰੋਕ ਲਗਾਉਣ ਤੋਂ ਬਾਅਦ ਵੀ ਲਗਭਗ 80 ਲੱਖ ਵਾਹਨ ਹਰ ਰੋਜ਼ ਦਿੱਲੀ ਦੀਆਂ ਸੜਕਾਂ ਉੱਤੇ ਦੌੜਦੇ ਹਨ ਅਤੇ ਵਾਤਾਵਰਨ ਵਿਚ ਕਾਰਬਨ ਡਾਇਆਕਸਾਈਡ, ਸਲਫਰ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਓਜ਼ੋਨ ਆਦਿ ਵਰਗੀਆਂ ਗੈਸਾਂ ਛੱਡਦੇ ਹਨ। ਵਿਗਿਆਨ ਅਤੇ ਵਾਤਾਵਰਨ ਸੰਸਥਾ ਦੀ ਖੋਜ ਅਨੁਸਾਰ ਦਿੱਲੀ ਵਿਚ 70 ਫ਼ੀਸਦ ਹਵਾ ਦਾ ਪ੍ਰਦੂਸ਼ਣ ਸਿਰਫ਼ ਵਾਨ੍ਹਾਂ ਕਰ ਕੇ ਹੁੰਦਾ ਹੈ। ਉਦਯੋਗਕ ਇਕਾਈਆਂ ਵੀ ਦਿੱਲੀ ਦੀ ਹਵਾ ਵਿਚ ਭਾਰੀ ਮਾਤਰਾ ਵਿਚ ਪ੍ਰਦੂਸ਼ਤਿ ਗੈਸਾਂ ਛੱਡਦੀਆਂ ਹਨ। ਦਿੱਲੀ ਦੀ ਮਿਊਂਸਿਪਲ ਕਾਰਪੋਰੇਸ਼ਨ ਵਿਚਲੇ ਖੇਤਰ ਹਰ ਰੋਜ਼ 11000 ਟਨ ਕੂੜਾ ਪੈਦਾ ਕਰਦੇ ਹਨ। ਮਿਊਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਅਨੁਸਾਰ ਗਾਜ਼ੀਪੁਰ ਲੈਂਡਫਿਲ ਦੇ 3 ਮਿਲੀਅਨ ਟਨ ਅਤੇ ਓਖਲਾ ਦੇ 20 ਲੱਖ ਟਨ ਕੂੜੇ ਦੀ ਸਫਾਈ ਲਈ ਬਾਈਉ ਮਾਈਨਿੰਗ ਪ੍ਰਾਜੈਕਟਾਂ ਲਈ ਪ੍ਰਸ਼ਾਸਨ ਤੋਂ ਅਜੇ ਮਨਜ਼ੂਰੀ ਲੈਣੀ ਹੈ। ਇੱਕ ਰਿਪੋਰਟ ਅਨੁਸਾਰ ਕੌਮੀ ਰਾਜਧਾਨੀ ਖੇਤਰ ਵਿਚ ਉਦਯੋਗਕ ਇਕਾਈਆਂ ਵਿਚ ਹਰ ਸਾਲ 1.7 ਮਿਲੀਅਨ ਟਨ ਕੋਲਾ ਵਰਤਿਆ ਜਾਂਦਾ ਹੈ। ਕੋਲਾ ਵਾਤਾਵਰਨ ਵਿਚ ਬਾਕੀ ਬਾਲਣਾਂ ਨਾਲੋਂ ਵੱਧ ਮਾਤਰਾ ਵਿਚ ਪ੍ਰਦੂਸ਼ਤਿ ਗੈਸਾਂ ਛੱਡਦਾ ਹੈ।
ਦਿੱਲੀ ਵਿਚ ਉਸਾਰੀ ਦੇ ਕੰਮ ਅਤੇ ਥਰਮਲ ਪਲਾਂਟ ਵੀ ਵਧ ਰਹੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ। ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ ਅਨੁਸਾਰ ਇਸ ਸਾਲ ਪੰਜਾਬ ਅਤੇ ਹਰਿਆਣਾ ਵਿਚ ਝੋਨੇ ਦੀ ਰਹਿੰਦ-ਖੂੰਹਦ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਥਾਵਾਂ ਉੱਤੇ ਅੱਗ ਲਗਾਉਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਭਾਰਤ ਮੌਸਮ ਵਿਭਾਗ ਅਨੁਸਾਰ ਇਸ ਸਾਲ ਦਿੱਲੀ ਵੱਲ ਹਵਾ ਉੱਤਰ-ਪੱਛਮ ਦਿਸ਼ਾ (ਪੰਜਾਬ ਵੱਲੋਂ) ਤੋਂ ਆਉਣ ਦੀ ਬਜਾਇ ਦੱਖਣ-ਪੂਰਬ (ਉੱਤਰ ਪ੍ਰਦੇਸ਼ ਵੱਲੋਂ) ਤੋਂ ਆਈ ਹੈ।
ਇਹ ਗੱਲ ਵੀ ਧਿਆਨ ਰੱਖਣ ਯੋਗ ਹੈ ਕਿ ਲੌਕਡਾਊਨ ਵੇਲੇ ਦਿੱਲੀ ਦੀ ਹਵਾ ਬਿਲਕੁਲ ਸਾਫ਼ ਹੋ ਗਈ ਸੀ ਕਿਉਂਕਿ ਦਿੱਲੀ ਵਿਚਲੀ ਹਰ ਤਰ੍ਹਾਂ ਦੀ ਗਤੀਵਿਧੀ ਬੰਦ ਹੋ ਗਈ ਸੀ। ਜ਼ਾਹਿਰ ਹੈ ਕਿ ਦਿੱਲੀ ਵਿਚਲਾ ਹਵਾ ਪ੍ਰਦੂਸ਼ਣ ਦਿੱਲੀ ਦੀਆਂ ਸਥਾਨਕ ਗਤੀਵਿਧੀਆਂ ਕਾਰਨ ਹੈ। ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਉਪਰਾਲੇ ਸਥਾਨਕ ਪੱਧਰ ਤੋਂ ਕਰਨੇ ਚਾਹੀਦੇ ਹਨ।
ਹਵਾ ਪ੍ਰਦੂਸ਼ਣ ਇਕੱਲੇ ਵਾਤਾਵਰਨ ਨੂੰ ਪ੍ਰਦੂਸ਼ਤਿ ਨਹੀਂ ਕਰਦਾ, ਇਹ ਹਰ ਤਰ੍ਹਾਂ ਦੇ ਜੈਵਿਕਾਂ (ਬਨਸਪਤੀ, ਜੀਵ ਜੰਤੂਆਂ ਤੇ ਮਨੁੱਖਾਂ) ਦੀ ਸਿਹਤ ’ਤੇ ਪ੍ਰਭਾਵ ਪਾਉਂਦਾ ਹੈ। ਗਰੀਨਪੀਸ ਦੀ ਸਾਊਥ-ਈਸਟ ਏਸ਼ੀਆ ਦੀ ਰਿਪੋਰਟ ਅਨੁਸਾਰ ਦਿੱਲੀ ਦੇ 54000 ਵਿਅਕਤੀ 2020 ’ਚ ਹਵਾ ਦੇ ਪ੍ਰਦੂਸ਼ਣ ਕਾਰਨ ਮਰ ਗਏ। ਡਾ. ਅਰਵਿੰਦ ਕੁਮਾਰ ਤੇ ਡਾ. ਸੰਦੀਪ ਸਾਲਵੀ ਦੇ 2021 ਦੇ ਅਧਿਐਨ ਅਨੁਸਾਰ ਦਿੱਲੀ ਦੇ ਸਕੂਲ ਜਾਣ ਵਾਲੇ ਤਿੰਨ ਬੱਚਿਆਂ ’ਚੋਂ ਇੱਕ ਦਮੇ ਨਾਲ ਪੀੜਤ ਹੈ; ਦਿੱਲੀ ਦੇ ਬੱਚਿਆਂ ’ਤੇ ਹਵਾ ਦੇ ਪ੍ਰਦੂਸ਼ਣ ਦਾ ਮੈਸੂਰ ਤੇ ਕੋਟਿਅਮ ਦੇ ਬੱਚਿਆਂ ਨਾਲੋਂ ਜ਼ਿਆਦਾ ਮਾੜਾ ਪ੍ਰਭਾਵ ਪੈ ਰਿਹਾ ਹੈ।
ਹਵਾ ਪ੍ਰਦੂਸ਼ਣ ਸਾਹ ਨਾਲ ਸਬੰਧਤਿ ਬਿਮਾਰੀਆਂ ਦੇ ਨਾਲ ਨਾਲ ਚਮੜੀ ਅਤੇ ਦਿਲ ਦੀਆਂ ਬਿਮਾਰੀਆਂ ਵਿਚ ਵੀ ਵਾਧਾ ਕਰਦਾ ਹੈ। ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਦੇ ਏਅਰ ਕੁਆਲਿਟੀ ਇੰਡੈਕਸ-2023 ਅਨੁਸਾਰ ਦਿੱਲੀ ਵਿਚ ਹਵਾ ਪ੍ਰਦੂਸ਼ਣ ਕਾਰਨ ਦਿੱਲੀ ਵਾਸੀਆਂ ਦੀ ਔਸਤ ਉਮਰ 11.9 ਸਾਲ ਘਟ ਰਹੀ ਹੈ। ਸੰਸਥਾ ਦੀ 2020 ਵਾਲੀ ਰਿਪੋਰਟ ਅਨੁਸਾਰ ਇਹ ਅੰਕੜਾ 10.1 ਸਾਲ ਸੀ।
ਦਿੱਲੀ ਦੇ ਵਾਤਾਵਰਨ ਤੇ ਦਿੱਲੀ ਵਾਸੀਆਂ ਦੀ ਸਿਹਤ ਬਚਾਉਣ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਸੰਜੀਦਗੀ ਨਾਲ ਉਪਰਾਲੇ ਕਰਨ ਦੀ ਲੋੜ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜਨਤਕ ਆਵਾਜਾਈ ਦੇ ਸਾਧਨ ਇੰਨੇ ਸਹੂਲਤ ਭਰਪੂਰ ਹੋਣ ਕਿ ਲੋਕ ਪ੍ਰਾਈਵੇਟ ਸਾਧਨਾਂ ਦੀ ਥਾਂ ਜਨਤਕ ਆਵਾਜਾਈ ਵਾਲੇ ਸਾਧਨਾਂ ਨੂੰ ਤਰਜੀਹ ਦੇਣ। ਇਹ ਸਾਧਨ ਆਬਾਦੀ ਦੇ ਅਨੁਪਾਤ ਵਿਚ ਵਧਾਉਣ ਲਈ ਯੋਜਨਾਬੰਦ ਤਰੀਕੇ ਨਾਲ ਉਪਰਾਲੇ ਕਰਨ ਦੀ ਲੋੜ ਹੈ। ਦਿੱਲੀ ਵਿਚ ਪਹਿਲਾਂ ਹੀ ਮੈਟਰੋ ਰੇਲ ਦਾ 400 ਕਿਲੋਮੀਟਰ ਨੈੱਟਵਰਕ ਹੈ; ਇਸ ਨੂੰ ਸ਼ਹਿਰ ਦੇ ਹਰ ਕੋਨੇ ਤੱਕ ਜੋੜਨ ਲਈ ਯੋਜਨਾ ਬਣਾਉਣੀ ਚਾਹੀਦੀ ਹੈ। ਮੈਟਰੋ ਰੇਲ ਦੇ ਨਾਲ ਨਾਲ ਜਨਤਕ ਬੱਸ ਸਰਵਿਸ ਵਿਚ ਵੀ ਸੁਧਾਰ ਕਰਨਾ ਚਾਹੀਦਾ ਹੈ। ਆਵਾਜਾਈ ਦੇ ਜਨਤਕ ਸਾਧਨਾਂ ਨੂੰ ਚੁਸਤ-ਦਰੁਸਤ ਕਰਨ ਨਾਲ ਹਵਾ ਪ੍ਰਦੂਸ਼ਣ ਘਟੇਗਾ, ਪ੍ਰਾਈਵੇਟ ਵਾਹਨਾਂ ਦੀ ਥਾਂ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਸਹੂਲਤਾਂ ਭਰਪੂਰ ਬਣਾਉਣ ਨਾਲ ਪ੍ਰਾਈਵੇਟ ਵਾਹਨਾਂ ਦੀ ਗਿਣਤੀ ਆਪਣੇ-ਆਪ ਘਟ ਜਾਵੇਗੀ ਜਿਸ ਦੇ ਨਤੀਜੇ ਵਜੋਂ ਸੜਕਾਂ ਚੌੜੀਆਂ ਕਰਨ ਅਤੇ ਨਵੀਆਂ ਪਾਰਕਿੰਗ ਥਾਵਾਂ ਬਣਾਉਣ ਦਾ ਝੰਜਟ ਵੀ ਖ਼ਤਮ ਹੋ ਜਾਵੇਗਾ। ਖਾਲੀ ਹੋਈਆਂ ਪਾਰਕਿੰਗ ਵਾਲੀਆਂ ਥਾਵਾਂ ਨੂੰ ਗਰੀਨ ਬੈਲਟ ਖੇਤਰਾਂ ਵਿਚ ਬਦਲ ਕੇ ਹਵਾ ਵਿਚਲੇ ਪ੍ਰਦੂਸ਼ਕਾਂ ਦੀ ਮਾਤਰਾ ਘਟਾਈ ਜਾ ਸਕਦੀ ਹੈ। ਸੜਕਾਂ, ਅੰਡਰ ਅਤੇ ਓਵਰਬਰਜਿਾਂ ਦੀ ਉਸਾਰੀ ਦਾ ਕੰਮ ਵੀ ਘਟ ਜਾਵੇਗਾ ਜਿਸ ਨਾਲ ਉਸਾਰੀ ਕਾਰਜਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਵਿਚ ਕਮੀ ਆ ਜਾਵੇਗੀ।
ਦਿੱਲੀ ਦੇ ਆਲੇ-ਦੁਆਲੇ ਦੇ ਖੇਤਰਾਂ ਅਤੇ ਦਿੱਲੀ ਦੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਊਰਜਾ ਲਈ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟ ਬੰਦ ਕਰ ਕੇ ਨਵਿਆਉਣਯੋਗ ਸਰੋਤਾਂ ਤੋਂ ਬਜਿਲੀ ਪੈਦਾ ਕਰਨ, ਉਦਯੋਗਕ ਇਕਾਈਆਂ ਵਿਚ ਸ਼ੁੱਧਤਾ ਯੰਤਰ ਯਕੀਨੀ ਬਣਾਏ ਜਾਣ। ਕੂੜੇ-ਕਰਕਟ ਦੇ ਨਬਿੇੜੇ ਲਈ ਵਿਗਿਆਨਕ ਤਕਨੀਕਾਂ ਦੀ ਵਰਤੋਂ ਵੀ ਯਕੀਨੀ ਬਣਾਉਣੀ ਚਾਹੀਦੀ ਹੈ। ਦਿੱਲੀ ਵਿਚ ਕੌਮਾਂਤਰੀ ਹਵਾਈ ਅੱਡਾ ਹੋਣ ਕਰ ਕੇ ਨਾਲ ਵਾਲੇ ਰਾਜਾਂ ਤੋਂ ਹਰ ਰੋਜ਼ ਹਜ਼ਾਰਾਂ ਵਾਹਨ ਯਾਤਰੀਆਂ ਨੂੰ ਛੱਡਣ ਅਤੇ ਲੈਣ ਆਉਂਦੇ ਹਨ ਜੋ ਦਿੱਲੀ ਦੇ ਵਾਤਾਵਰਨ ਵਿਚ ਪ੍ਰਦੂਸ਼ਤਿ ਗੈਸਾਂ ਛੱਡਦੇ ਹਨ, ਇਸ ਲਈ ਕੇਂਦਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਰਾਜਾਂ ਵਿਚ ਹਵਾਈ ਅੱਡੇ ਹਨ, ਉੱਥੋਂ ਘਰੇਲੂ ਉਡਾਣਾਂ ਦੇ ਨਾਲ ਨਾਲ ਕੌਮਾਂਤਰੀ ਉਡਾਣਾਂ ਦਾ ਵੀ ਪ੍ਰਬੰਧ ਕਰੇ। ਆਮ ਨਾਗਰਿਕ ਵੀ ਛੋਟੇ-ਵੱਡੇ ਸਮਾਗਮਾਂ ਉੱਤੇ ਪਟਾਕੇ ਚਲਾਉਣੇ ਬੰਦ ਕਰ ਕੇ, ਥੋੜ੍ਹੀ ਦੂਰ ਜਾਣ ਲਈ ਵਾਹਨ ਦੀ ਵਰਤੋਂ ਨਾ ਕਰ ਕੇ ਪੈਦਲ ਜਾ ਕੇ ਅਤੇ ਕਾਰ ਪੂਲਿੰਗ ਕਰ ਕੇ ਹਵਾ ਦਾ ਪ੍ਰਦੂਸ਼ਣ ਘਟਾ ਸਕਦੇ ਹਨ। ਇਨ੍ਹਾਂ ਉਪਾਵਾਂ ਤੋਂ ਬਿਨਾਂ ਆਮ ਲੋਕ ਆਪਣੇ ਘਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਰਕਾਰੀ ਦਫ਼ਤਰਾਂ ਵਿਚ ਏਅਰ ਕੰਡੀਸ਼ਨਰਾਂ ਦੀ ਵਰਤੋਂ ਘਟਾ ਕੇ ਹਵਾ ਵਿਚਲੇ ਪ੍ਰਦੂਸ਼ਣ ਨੂੰ ਕਾਬੂ ਕਰਨ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
*ਸਾਬਕਾ ਪ੍ਰੋਫੈਸਰ, ਜਿਓਗਰਾਫੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।