For the best experience, open
https://m.punjabitribuneonline.com
on your mobile browser.
Advertisement

ਕਿੰਨੀ ਉਦਾਸੀ ਹੈ ਤੇਰੇ ਜਾਣ ਦੀ

07:51 AM Apr 28, 2024 IST
ਕਿੰਨੀ ਉਦਾਸੀ ਹੈ ਤੇਰੇ ਜਾਣ ਦੀ
Advertisement

ਅਤੈ ਸਿੰਘ

Advertisement

ਪੱਟੀ; ਉਦੋਂ ਜ਼ਿਲ੍ਹਾ ਅੰਮ੍ਰਿਤਸਰ, ਪਹਿਲਾਂ ਲਾਹੌਰ ਤੇ ਹੁਣ ਤਰਨ ਤਾਰਨ ਦਾ ਹਿੱਸਾ। ‘ਜੁੱਤੀ ਕਸੂਰੀ’ ਤੋਂ ਥੋੜ੍ਹਾ ਕੁ ਉਰ੍ਹਾਂ, ਜਿਸ ਦੀ ਪੰਜਾਬੀ ਜੁੱਤੀ ’ਚ ਅਜੇ ਵੀ ਝੰਡੀ ਏ। ਮੁੰਡਿਆਂ ਦਾ ਗੌਰਮਿੰਟ ਸਕੂਲ। ਵੱਡਾ ਬਾਹਰਲਾ ਸਕੂਲ ਆਂਹਦੇ ਉਹਨੂੰ ਉਦੋਂ। ਯਾਰਵੀਂ ਜਮਾਤ। ਸਤ੍ਵਾਰਵਾਂ ਵਰ੍ਹਾ- ਪਿੰਡ ਦੇ ਆਮ ਜਿਹੇ ਮੁੰਡੇ ਦਾ। ਕਵਿਤਾ ਜੋੜਨ ਦਾ ‘ਵੈਲ’। ਤੁਕਬੰਦੀ ਕਰਨ ਦਾ ਝੱਲ। ਸਿਲੇਬਸ ਦੀ ਕਿਤਾਬ ਦੀ ਜਿਲਦ ’ਚ ਨਾਨਕ ਸਿੰਘ ਦਾ ਨਾਵਲ ਰੱਖ ਕੇ; ਮਿੱਟੀ ਦੇ ਤੇਲ ਵਾਲਾ ਲੈਂਪ ਜਗਾ ਕੇ ਪੜ੍ਹਨ ਦਾ ਝੱਸ। ਅੱਧੀ ਛੁੱਟੀਓਂ ਪਹਿਲਾਂ ਅੰਗਰੇਜ਼ੀ ਦਾ ਪੀਰੀਅਡ ਲਾ ਕੇ, ਬਾਹਰ ਵਰਾਂਡੇ ’ਚ ਖਲੋਤਾ; ਘਰੋਂ ਲਿਆਂਦੀ ਰੋਟੀ ਪਿੰਡ ਵਾਲੇ ਆੜੀਆਂ ਨਾਲ ਖਾਣ ਲਈ ਉਨ੍ਹਾਂ ਨੂੰ ਉਡੀਕਦਾ ਏ। ਅਚਾਨਕ ਇੱਕ ਸੁਬਕ ਜਿਹਾ, ਕੂਲਾ ਹੱਥ, ਬੜੇ ਪਿਆਰ ਨਾਲ; ਪੋਲੇ ਜਿਹੇ ਉਸ ਦੇ ਮੋਢੇ ’ਤੇ ਆਣ ਟਿਕਦਾ ਏ। ਨਾਲ ਈ ਟੱਲੀ ਵਾਂਗ ਟੁਣਕਦੀ, ਮਿਸ਼ਰੀ ਵਾਂਗ ਰਸ ਘੋਲਦੀ; ਮਿੱਠੀ-ਭਰਵੀਂ-ਗਹਿਰੀ ਆਵਾਜ਼ ਕੰਨੀ ਪੈਂਦੀ ਏ: “...ਯੂ ਆਰ ਏ ਗਰੇਟ ਪੋਇਟ!” ਕੀਹਨੇ, ਕੀਹਨੂੰ ਕੀ ਆਖਿਆ- ਸਮਝ ਜਿਹੀ ਨਾ ਲੱਗੀ! ਜਾਂ ਰਤਾ ਕੁ ਭਉਂ ਕੇ ਵੇਖਿਆ ਤਾਂ ਮਾਇਆ ਲੱਗੀ ਤਿੱਖੀ ਉਨਾਭੀ ਪੱਗ ਨਾਲ, ਪੁੱਠੀ ਬੱਧੀ ਕਾਲੀ ਛਾਹ ਦਾੜ੍ਹੀ, ਡੂੰਘੀਆਂ ਅੱਖਾਂ ਤੇ ਤਿੱਖੇ ਨਕਸ਼ਾਂ ਵਾਲਾ ਭਲਾ-ਦਾਨਾ-ਦਿਆਲੂ ਚਿਹਰਾ ਚਮਕਿਆ। ਉਸ ਮੁੰਡੇ ਲਈ ਖ਼ੁਸ਼ੀ ਲੁਕਾਉਣੀ ਔਖੀ ਹੋ ਗਈ। ਕੁਝ ਬੋਲਿਆ ਨਾ ਗਿਆ। ਕੁਝ ਸੁੱਝਿਆ ਨਾ। ਉਹ ਅੰਗਰੇਜ਼ੀ ਵਾਲਾ ਮੋਹਨਜੀਤ!...
ਕੋਈ ਹੋਰ ਮਾਸਟਰ ਹੁੰਦਾ ਤਾਂ ਦਬਕਾ ਮਾਰਦਾ। ਬਿਨ ਪੁੱਛਿਆਂ ਦੋ ਜੜ ਦੇਂਦਾ ਭਾਵੇਂ। ਉਹ ਤਾਂ ਮੋਹਨਜੀਤ ਏ। ਦਬਕਾ ਮਾਰਨਾ ਉਹਨੂੰ ਆਉਂਦਾ ਈ ਨਹੀਂ ਜਿਵੇਂ। ਉਹ ਤਾਂ ਅੱਖ ਨਾਲ ਸਮਝਾਉਣ ਦਾ ਗੁਰ ਜਾਣਦਾ ਏ। ਆਪਣੀ ਜਮਾਤ ਦੇ ਮੁੰਡਿਆਂ ਦਾ ਭਾਅ ਏ, ਭਰਾ ਏ; ਭਾਜੀ ਏ ਓਹ। ਕੋਈ ਮਾਸਟਰ ਕੁਝ ਆਂਹਦਾ ਤਾਂ ਉਹਨੂੰ ਪੁੱਛਦਾ: ਜੀ ਮੇਰਾ ਕਸੂਰ ਕੀ ਏ? ਹੁਣ ਕੀ ਪੁੱਛਾਂ-ਕੀ ਦੱਸਾਂ? ਗੱਲ ਤਾਂ ਵਿੱਚੋਂ ਸਾਰੀ ਏਨੀ ਏ, ਅੱਜ ਮੈਂ ਵੀ ਜਮਾਤ ਵਿੱਚ ਥੋੜ੍ਹੀ ਕੁ ਹਿੰਮਤ ਕਰਕੇ ਕਾਪੀ ਦੇ ਮਗਰਲੇ ਵਰਕੇ ’ਤੇ ਲੁਕਾ ਕੇ ਲਿਖੀਆਂ ਦੋ ਸਤਰਾਂ ਸੁਣਾ ਈ ਦਿੱਤੀਆਂ- ਜਦੋਂ ਭਾਜੀ ਸਣੇ ਵਾਹਵਾ ਜਣਿਆਂ ਕੁਝ ਨਾ ਕੁਝ ਸੁਣਾਇਆ: “ਲਿਖ ਤਾਂ ਬੇਸ਼ੱਕ ਸਭ ਸਕਦੇ ਨੇ/ ਬੁੱਝ ਸਕਦਾ ਨਹੀਂ ਕੋਈ, ਗੱਲ ਜੋ ਕਿਸੇ ਦੇ ਦਿਲ ਦੀ ਆ...” ਸੱਚੀਂ, ਓਦੋਂ ਨਹੀਂ ਸੀ ਪਤਾ; ਹੁਣ ਲੱਗਦਾ, ਜਿਵੇਂ ਦਿਲ ਦੀ ਈ ਬੁੱਝੀ ਨਹੀਂ ਜਾਂਦੀ- ਦਿਲ ਦੀ ਈ ਨਹੀਂ ਆਖੀ ਜਾਂਦੀ- ਦਿਲ ਦੀ ਈ ਨਹੀਂ ਹੁੰਦੀ! ਮੋਹਨਜੀਤ ਉਦੋਂ ਜਮਾਤ ਵਿੱਚ ਆਉਂਦੇ ਤਾਂ ਚਾਹ ਦੀ ਗਲਾਸੀ ਨਾਲ ਲਈ ਆਉਂਦੇ। ਪਤਾ ਨਾ ਲੱਗਦਾ, ਉਹ ਪੰਜਾਬੀ ਬੋਲਦੇ ਨੇ ਜਾਂ ਅੰਗਰੇਜ਼ੀ! ਸਭ ਜਿਵੇਂ ਘੋਲ ਕੇ ਮਨਾਂ ’ਚ ਪਾਈ ਜਾਂਦੇ ਹੋਣ। ਬਾਅਦ ’ਚ ਪਤਾ ਲੱਗਾ, ਉਹ ਦੋਵਾਂ ਵਿਸ਼ਿਆਂ ਦੀ ਐਮ.ਏ. ਨੇ- ਅੱਵਲ ਆਏ ਨੇ। ਹਫ਼ਤੇ ’ਚ ਇੱਕ ਵਾਰ ਜ਼ਰੂਰ ਜਮਾਤ ’ਚ ਮਜਲਸ ਲਾਉਂਦੇ ਆਪ ਵੀ ਸੁਣਾਉਂਦੇ- ਅਕਸਰ ਇਹ: “ਕਿੰਨੀ ਖ਼ੁਸ਼ੀ ਸੀ ਤੇਰੇ ਮਿਲਣ ਦੀ, ਕਿੰਨੀ ਉਦਾਸੀ ਹੈ ਜਾਣ ਲੱਗਿਆਂ- ਮੇਰਾ ਤਾਂ ਦਿਲ ਸੀ ਕੱਖਾਂ ਤੋਂ ਹੌਲਾ, ਤੁਸੀਂ ਵੀ ਰੋ ਪਏ ਹਸਾਣ ਲੱਗਿਆਂ...”। ਉਦੋਂ ਤਾਂ ਅਸੀਂ ਸਾਰੇ ਉਨ੍ਹਾਂ ਦੇ ਚਿਹਰੇ ਵੱਲ ਈ ਵੇਖੀ ਜਾਂਦੇ- ਹੁਣ ਪਤਾ ਲੱਗਾ, ਉਸ ਦਿਨ ਵਾਲੀ ਮਿਲਣ ਦੀ ਖੁਸ਼ੀ ਤੇ ਅੱਜ ਵਾਲੀ ਜਾਣ ਵੇਲੇ ਦੀ ਉਦਾਸੀ ਦਾ!...
ਫਿਰ ਲੰਮੀ ਆਵਾਰਗੀ। ਆਪਣੇ ਪਿੰਡ ਬੁਰਜ ਨੱਥੂ ਕੇ ‘ਯੁਵਕ ਮਿੱਤਰ ਮੰਡਲ’ ਬਣਾਇਆ। ਦਸਵੀਂ, ਯਾਰ੍ਹਵੀਂ, ਬਾਰ੍ਹਵੀਂ ਵਾਲੇ ਪਾੜ੍ਹੇ, ਉਦੋਂ ਸੱਤਰਵਿਆਂ ਕੁ ਦੇ ਨੇੜੇ ਤੇੜੇ; ਆਪਣੇ ਆਪ ਨੂੰ ਵਾਹਵਾ ਸਿਆਣੇ ਸਮਝਦੇ।
ਲੋਕ ਵੀ ਪਾੜ੍ਹੇ ਆਖ ਕੇ ਵਡਿਆਉਂਦੇ। ਪਿੰਡ ਈ ਲਾਇਬ੍ਰੇਰੀ, ਅਖ਼ਬਾਰ; ਨਾਟਕ। ਕਵਿਤਾ, ਕਹਾਣੀ-, ਵਲ ਤੱਕ ਦੀ ਗੱਲ ਹੁੰਦੀ। ਬਹਿਸਾਂ ਹੁੰਦੀਆਂ। ਨਿਬੇੜਾ ਕੌਣ ਕਰੇ। ਪਤਾ ਲੱਗਾ ਕੋਈ ਗੁਰੂ-ਸ਼ਿਸ਼ ਪਰੰਪਰਾ ਹੁੰਦੀ ਆ। ਉਸਤਾਦ ਚੰਗੇ ਹੋਣ- ਸਭ ਸਿਖਾ ਦੇਂਦੇ ਨੇ। ਚੰਗੇ ਤੋਂ ਮੋਹਨਜੀਤ ਦਾ ਚੇਤਾ ਆਇਆ। ਐਡਾ ਵੱਡਾ ਕਵੀ! ਕਿਵੇਂ ਸੁਆਲ ਪਾਇਆ ਜਾਵੇ? ਔਖਾ ਆ! ਡਾਇਰੀ ਫਰੋਲੀ। ਉਸ ਦਿਨ ਵਾਲੀ ਸ਼ਾਬਾਸ਼ੀ ਲਿਖੀ ਲੱਭੀ। ਤਸੱਲੀ ਹੋਈ। ਪੰਦਰਾਂ ਪੈਸਿਆਂ ਵਾਲਾ ਨੀਲਾ ਲਿਫ਼ਾਫ਼ਾ ਲੈ ਕੇ ਖ਼ਤ ਲਿਖ‘ਤਾ ਜੀ। ਜੁਆਬ ਸੱਚੀਂ ਆ ਗਿਆ: “ਗੁਰੂ-ਸ਼ਾਗਿਰਦ ਨਹੀਂ- ਤੂੰ ਮੈਨੂੰ ਵੱਡਾ ਵੀਰ ਆਖ- ਜੋ ਮਰਜ਼ੀ ਨਿਸ਼ੰਗ ਪੁੱਛ।” ਉਦੋਂ ਉਹ ਲੋਪੋਕੇ ਪੜ੍ਹਾਉਂਦੇ ਸਨ। ਫਿਰ ਸਰਹਾਲੀਓਂ ਪੰਦਰਾਂ ਕੁ ਮੀਲ ਡੇਰਾ ਸਾਹਬ ਆ ਗਏ। ਸਰਹਾਲੀ ਕਾਲਜ ਪੜ੍ਹਦਿਆਂ ਕਵਿਤਾ ਦਾ ਜਨੂਨ ਪੂਰਾ। ਦਸੀਂ-ਪੰਦਰੀਂ ਦਿਨੀਂ ਸਾਈਕਲ ’ਤੇ ਜਾਣਾ। ਪੰਜ-ਸੱਤ ਕਵਿਤਾਵਾਂ ਅੱਗੇ ਰੱਖਣੀਆਂ। ਇੱਕ-ਦੋ ਮਸਾਂ ਅੱਧ-ਪਚੱਧ ਜਿਹੀਆਂ ਗੁਰੂ ਨੂੰ ਕਬੂਲ ਹੋਣੀਆਂ। ਫਿਰ ਹੌਲੀ ਹੌਲੀ ਵਧਦੀਆਂ ਗਈਆਂ। ‘ਆਰਸੀ’ ਤੱਕ ਵੀ ਛਪਣ ਲੱਗੀਆਂ। ਰੇਡੀਓ ’ਤੇ ਪੜ੍ਹੀਆਂ ਗਈਆਂ। ਕਾਵਿ-ਉਚਾਰਣ ਮੁਕਾਬਲਿਆਂ ’ਚ ਅੱਵਲ-ਦੋਇਮ ਆਉਣ ਲੱਗੀਆਂ। ਏਸੇ ਬਹਾਨੇ ਟੀ.ਵੀ. (ਦਿੱਲੀ) ਦੇ ਦਰਸ਼ਨ ਵੀ ਕੀਤੇ। ਪ੍ਰਿੰਸੀਪਲ ਦਰਸ਼ਨ ਸਿੰਘ ਜੀ, ਪ੍ਰੋ. ਜੋਗਿੰਦਰ ਸਿੰਘ ਜੋਗੀ ਤੇ ਪ੍ਰੋ. ਗੁਰਸ਼ਰਨ ਸਿੰਘ ਹੋਰੀਂ ਵੀ ਹੱਲਾਸ਼ੇਰੀ ਦੇਣ ਲੱਗੇ। ਸਾਰਾ ਪੰਜਾਬ ਗਾਹ ਮਾਰਿਆ- ਸਾਸਰੀ ਕਾਲ ਬੁਲਾਉਣੋਂ, ਨਾਂ ਦੱਸਣੋਂ ਤੇ ਕਿਸੇ ਨੂੰ ਮਿਲਣੋਂ ਸ਼ਰਮਾਉਣ ਵਾਲੇ- ਬੁਰਜਾਂ ਵਾਲੇ ਮੁੰਡੇ ਨੇ। ਇਹ ਗੁਰੂ ਜੀ ਮੋਹਨਜੀਤ ਦੇ ਉਨ੍ਹਾਂ ਢਾਈ ਕੁ ਅੱਖਰਾਂ ਦਾ ਪ੍ਰਤਾਪ ਈ ਆ ਜੀ!
ਮੋਹਨਜੀਤ ਓਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ’ਚ ਅਨੁਵਾਦਕ ਵਜੋਂ ਆ ਗਏ ਸਨ, ਜਦੋਂ ਮੈਂ ਏਥੇ ਪੰਜਾਬੀ ਦੀ ਐਮ.ਏ. ਕਰਨ ਆਇਆ- 1975-76 ’ਚ। ਦਾਖਲੇ ਦੇ ਟੈਸਟ ਵੇਲੇ ਅਚਾਨਕ ਮੇਲ ਹੋਇਆ। ਆਂਹਦੇ ਮੈਂ ਪਤਾ ਕਰਦਾਂ ਅੰਦਰੋਂ ਨਤੀਜੇ ਦਾ। ਸਬੰਧਿਤ ਪ੍ਰਾਧਿਆਪਕ ਨੇ ਪੁੱਛਿਆ: “ਮੋਹਨਜੀਤ ਸਿਫ਼ਾਰਸ਼ ਕਰਨੀ ਆ ਮੁੰਡੇ ਦੀ?” ਅੱਗੋਂ ਆਂਹਦੇ: “ਮੁੰਡਾ ਆਪਣੀ ਸਿਫ਼ਾਰਸ਼ ਆਪ ਈ ਆ- ਵੇਖ ਲਿਓ ਭਾਵੇਂ।” ਦਾਖਲਾ ਹੋ ਗਿਆ। ਲੱਗਾ, ਜਿਵੇਂ ਹੁਣ ਖੂਹ ਪਿਆਸੇ ਦੇ ਕੋਲ ਈ ਹੋਵੇ। ਕਿਰਪਾਲੂ ਖੂਹ ਨੇ ਜਗਿਆਸੂ ਦੇ ਗਿਆਨ ਦੀ ਤੇਹ ਪੂਰਨ ਲਈ ਬੁੱਕਾਂ ਭਰ ਭਰ ਵਰਤਾਈਆਂ! ਉਨ੍ਹੀਂ ਦਿਨੀਂ ‘ਇਕੱਤੀ ਫਰਵਰੀ’ ਦਾ ਇੱਕ ਅੰਕ ਨਵੇਂ ਕਵੀਆਂ ਦੀਆਂ ਕਵਿਤਾਵਾਂ ਦਾ ਛਪਿਆ- ਰਚਨ ਪ੍ਰਕਿਰਿਆ ਸਮੇਤ। ਮੋਹਨਜੀਤ ਨੇ ਮੈਨੂੰ ਵੀ ਕਵਿਤਾ ਭੇਜਣ ਦਾ ਆਦੇਸ਼ ਦਿੱਤਾ। ਕਵਿਤਾ ਛਪੀ। ਪਤਾ ਲੱਗਾ, ਉਹ ਅੰਕ ਉਦੋਂ ਦਿੱਲੀ ਯੂਨੀਵਰਸਿਟੀ ਵਿੱਚ ਐਮ.ਏ. ਪੰਜਾਬੀ ਦੇ ਸਿਲੇਬਸ ਵਿੱਚ ਲੱਗਾ। ‘ਨਾਗਮਣੀ’ ਵਿੱਚ ਛਪੀ ਨਿੱਕੀ ਜਿਹੀ ਕਵਿਤਾ ਨੇ ਤਾਂ ਜਿਵੇਂ ਮਹਾਂ-ਕਾਵਿ ਈ ਸਿਰਜ ਦਿੱਤਾ ਹੋਵੇ; ਜ਼ਿੰਦਗੀ ਦਾ! ਗੁਰੂ ਦਾ ਇੱਕ ਇਸ਼ਾਰਾ, ਕਿੰਨਾ ਕੁਝ ਕਰਵਾ ਦੇਂਦਾ ਏ ਸ਼ਾਗਿਰਦ ਤੋਂ! ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਫਿਲ. ਦਾ ਡਿਸਰਟੇਸ਼ਨ ਡਾ. ਅਤਰ ਸਿੰਘ ਜੀ ਦੀ ਨਿਗਰਾਨੀ ਹੇਠ ਕਰਦਿਆਂ ਵੀ ਅੰਮ੍ਰਿਤਸਰ ਮੋਹਨਜੀਤ ਹੁਰਾਂ ਦੀ ਨਿਗਾਹਬਾਨੀ ਅੰਗ-ਸੰਗ ਰਹੀ। ਇੱਕ ਵਾਰ ਉੱਥੋਂ ਵਾਪਸ ਅੰਮ੍ਰਿਤਸਰ ਆਉਣੋਂ ਵੀ ਮੋਹਨਜੀਤ ਦੀ ਦੂਰਅੰਦੇਸ਼ੀ ਨੇ ਤਰੀਕੇ ਨਾਲ ਵਰਜਿਆ। ਸ਼ਾਇਦ ਏਹੋ ਵਜ੍ਹਾ ਏ ਕਿ ਗੁਰਦਿਆਲ ਸਿੰਘ ਬਾਰੇ ਪਹਿਲੀ ਕਿਤਾਬ ‘ਗੁਰਦਿਆਲ ਸਿੰਘ ਦੇ ਅਣਹੋਏ ਪਾਤਰ’ ਖੋਜਾਰਥੀਆਂ ਵੱਲੋਂ ਪੜ੍ਹੀ ਤੇ ਸਲਾਹੀ ਗਈ।
ਲੈਕਚਰਰ ਲੱਗਣ ਮਗਰੋਂ ਵੀ ਭਾ’ਜੀ ਮੋਹਨਜੀਤ ਹੋਰਾਂ ਨਾਲ ਰਾਬਤਾ ਬਣਿਆ ਰਿਹਾ। ਫਿਰ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ‘ਕੱਚ ਦੀਆਂ ਮੁੰਦਰਾਂ’ ਲਈ ਕੰਪੀਅਰ ਵਜੋਂ ਹੋਈ ਅਪਰੂਵਲ ਨਾਲ ਹੋਰ ਕਈ ਪ੍ਰੋਗਰਾਮ ਵੀ ਕੀਤੇ। ਨਾਟਕੀ ਰੂਪਾਂਤਰਣ, ਫਿਲਮ-ਸਕ੍ਰਿਪਟ ਤੇ ਰੰਗਮੰਚ ਦੇ ਰੁਝੇਵਿਆਂ ਕਰਕੇ ਤੇ ਭਾ’ਜੀ ਦੇ ਗੁਰੂ ਤੇਗ ਬਹਾਦਰ ਕਾਲਜ, ਦਿੱਲੀ ਚਲੇ ਜਾਣ ਕਰਕੇ ਕੁਝ ਦੇਰ ਮੇਲ ਮਿਲਾਪ ਨਾ ਹੋਇਆ। ਇੱਕ ਦਿਨ ਬੜਾ ਪਿਆਰਾ ਖ਼ੁਸ਼ਖ਼ਤੀ ਖ਼ਤ ਆਇਆ: “ਮੈਂ ਆਖਿਆ, ਮੈਂ ਈ ਖ਼ਤ ਲਿਖਾਂ; ਉਹ ਤਾਂ ਲਿਖਦਾ ਨਹੀਂ।’’ ਉਨ੍ਹਾਂ ਦੇ ਖ਼ਤ ਹਾਲੇ ਵੀ ਸਾਂਭੇ ਪਏ ਨੇ। ਉਦੋਂ ਉਸ ਖ਼ਤ ਨਾਲ ਉਨ੍ਹਾਂ ਦਿੱਲੀ ਬੁਲਾਇਆ- ਆਪਣੇ ਕਾਲਜ ਸੈਮੀਨਾਰ ਵਿੱਚ- ਨਾਨਕ ਸਿੰਘ ਨਾਵਲਕਾਰ ਬਾਰੇ ਪੇਪਰ ਪੜ੍ਹਨ ਲਈ। ‘ਪੰਜਾਬੀ ਨਾਵਲ ਦਾ ਨਾਂ: ਨਾਨਕ ਸਿੰਘ’ ਪੇਪਰ ਪੜਿ੍ਹਆ ਤਾਂ ਨਿਵੇਕਲੀ ਕਾਵਿਕ ਸ਼ੈਲੀ ਲਈ ਥਾਪੜਾ ਦਿੱਤਾ। ਉਹੋ ਸ਼ੈਲੀ ਹੁਣ ਪੱਕ ਗਈ ਏ- ਕਾਵਿ-ਵਾਰਤਾ-ਬਿਰਤਾਂਤ ਦੀ ਸਾਂਝੀ-ਮੀਂਝੀ। ਸ਼ਾਮੀਂ ਸੈਰ ਕਰਦਿਆਂ, ਬੁੱਲ੍ਹੇ ਸ਼ਾਹ ਦੀ ਕਾਫੀ ਗੁਣਗੁਣਾਉਂਦਿਆਂ; ਕਾਵਿ-ਸੱਚ ਦੀ ਚਰਚਾ ਕੀਤੀ- ਏਹੋ ਈ ਕਾਵਿ-ਨਿਆਂ ਲੱਗਦਾ ਏ ਮੈਨੂੰ। ਉਸ ਤੋਂ ਪਹਿਲਾਂ ਦੀ ਗੱਲ ਚੇਤੇ ਆਈ। ਉਦੋਂ ਮੇਰੀ ਪਹਿਲੀ ਤੇ ਹੁਣ ਤੱਕ ਇਕਲੌਤੀ ਕਾਵਿ-ਕਿਤਾਬ ‘ਉੱਨੀ-ਇੱਕੀ’ ’ਤੇ ਗੋਸ਼ਟੀ ਸੀ ਦਿੱਲੀ ਯੂਨੀਵਰਸਿਟੀ। ਡਾ. ਦਵਿੰਦਰ ਕੌਰ ਨੇ ਪੇਪਰ ਪੜ੍ਹਿਆ। ਆਤਮਜੀਤ ਨਾਟਕਕਾਰ, ਕਵੀ ਪ੍ਰਮਿੰਦਰਜੀਤ ਤੇ ਡਾ. ਮਨਦੀਪ ਹੋਰੀਂ ਵੀ ਸ਼ਾਮਲ ਸਨ। ਰਾਤ ਭਾ’ਜੀ ਦੇ ਘਰ ਤਰਲੋਕ ਕੰਵਰ ਹੋਰਾਂ ਨੂੰ ਨੇੜਿਓਂ ਮਿਲਣ ਤੇ ਸੁਣਨ ਦਾ ਸਬੱਬ ਬਣਿਆ- ਕਾਵਿ ਤੇ ਗਿਆਨ ਦਾ ਉੱਛਲਦਾ ਸਾਗਰ! ਭਾਬੀ ਜੀ ਨੇ ਜਦੋਂ ਮੈਨੂੰ ‘ਚੁੱਪ ਦਾ ਸ਼ਾਇਰ’ ਆਖਿਆ ਤਾਂ ਸਾਰੇ ਇਕੇਰਾਂ ਤਾਂ ਚੁੱਪ ਵਰਤ ਗਈ। ਫਿਰ ਰਾਜ਼ ਖੁੱਲ੍ਹਿਆ- ਇਹ ਮੋਹਨਜੀਤ ਹੋਰਾਂ ਦੇ ‘ਉੱਨੀ-ਇੱਕੀ’ ਬਾਰੇ ‘ਅਕਸ’ ਵਿੱਚ ਛਪੇ ਆਰਟੀਕਲ ਦਾ ਨਾਂ ਏ।
ਚੰਡੀਗੜ੍ਹ ਆਣਕੇ ਦੋ-ਤਿੰਨ ਵਾਰ ਈ ਮੁਲਾਕਾਤ ਹੋਈ। ਐਤਕਾਂ ਪੰਜਾਬ ਗੌਰਵ ਪੁਰਸਕਾਰ ਲੈਣ ਆਏ ਤਾਂ ਬੰਬਈਓਂ ਫੋਨ ਆਇਆ। ਆਵਾਜ਼ ਮੱਧਮ। ਕਹਿੰਦੇ, ਉੱਚੀ ਬੋਲ- ਤੇਰੇ ਕੋਲ ਰਹਿਣਾ ਆਣਕੇ। ਫਿਰ ਅਚਾਨਕ ਸਵਰਾਜਬੀਰ ਹੋਰਾਂ ਕੋਲ ਰਹਿ ਪਏ। ਇੱਕ ਰਾਤ ਉੱਥੇ ਡਾ. ਸਰਬਜੀਤ, ਡਾ. ਸੁਖਦੇਵ ਤੇ ਕਰਮਜੀਤ ਸਣੇ ਕੁਝ ਸਮਾਂ ਭਾਜੀ ਨਾਲ ਗੁਜ਼ਾਰਿਆ। ਮੁਹੱਬਤੀ ਨਿੱਘ ਮਾਣਿਆ। ਸੁਣਿਆ-ਸੁਣਾਇਆ ਚੇਤਿਆਂ ’ਚ ਵੱਸਿਆ ਏ। ਵਾਪਸ ਦਿੱਲੀ ਗਏ ਤਾਂ ਫਿਰ ਫੋਨ ’ਤੇ ਮਾਰਚ ਵਿੱਚ ਆਉਣ ਦਾ ਪ੍ਰੋਗਰਾਮ ਦੱਸਦਿਆਂ ਕਿੰਨੀਆਂ ਗੱਲਾਂ ਹੋਈਆਂ। ਬੜਾ ਕੁਝ ਉਨ੍ਹਾਂ ਨੂੰ ਵਿਸਰ ਗਿਆ ਤਾਂ ਵੀ ਆਪਣੀਆਂ ਮਾਵਾਂ ਦੀਆਂ ਰੱਜਵੀਆਂ ਗੱਲਾਂ ਹੋਈਆਂ। ਉਹ ਵੀ ਆਪਣੀ ਮਾਂ ਨਾਲ ਬਹੁਤ ਜੁੜੇ ਨੇ! ਉਨ੍ਹਾਂ ਦੇ ਪਿਤਾ ਤੇ ਮੇਰੇ ਪਿਤਾ ਦੀਆਂ ਕੁਝ ਆਦਤਾਂ ਵੀ ਰਲਦੀਆਂ ਨੇ। ਸੁਪਨੇ ’ਚ ਬਹਾਦਰ ਨਗਰ ਦੇ ਮਾਲਕ ਦਾ ਬੱਘੀ ’ਤੇ ਆਉਣਾ, ਆਪਣੀ ਜੀਵਨੀ ਦੇ ਕੁਝ ਅੰਸ਼ ਸਾਂਝੇ ਕਰਨਾ ਤੇ ਗੁਰਬਖਸ਼ ਸਿੰਘ ਦੇ ਕਾਵਿ-ਚਿੱਤਰ ਦਾ ਨਾਂ ‘ਬੁੱਧਗੜ੍ਹ’ ਸੁੱਝਣ ਤੋਂ ਲੱਗਾ, ਜਿਵੇਂ ਉਹ ਹੁਣ ‘ਬੁੱਧ’ ਈ ਹੋ ਗਏ ਹੋਣ! ਇਹਦਾ ਕਾਵਿ-ਪ੍ਰਗਟਾ ਵੱਟਸਐਪ ’ਤੇ ਕੀਤਾ: “ਬੁੱਧਗੜ੍ਹ ਦਾ ਸੁਪਨਾ/ ਬੁੱਧ ਦਾ ਬੁੱਧਤਵ ਲੱਗਦਾ ਏ/ ਮੈਨੂੰ ਤੁਹਾਡੇ ’ਚੋਂ, ਬੁੱਧ ਦੀ ਝਲਕ ਪੈਂਦੀ ਏ; ਗੁਰੂਦੇਵ!- ਮੈਂ ਸ਼ਾਂਤੀ ਨਿਕੇਤਨੋਂ ਹੋ ਆਇਆਂ! ...” ਅੱਗੋਂ ਸਿਰਫ ਏਨਾ ਲਿਖਿਆ:... “ਖੂ”...। ਸਮਝ ਤਾਂ ਗਿਆ ਪਰ...! ਪਰ ਕੀ? ਪਰ ਇਹ ਨਹੀਂ ਸੀ ਪਤਾ, ਇਹ ਗੁਰੂ ਜੀ ਮੋਹਨਜੀਤ ਦੀ ਆਖ਼ਰੀ ਅਸੀਸ ਏ!... ਖ਼ੈਰ! ਉਸ ਮਹਾਂਕਵੀ ਦੀ ਕਵਿਤਾ ਚੇਤੇ ਏ, ਉਸ ਦੇ ਲਿਖੇ ਖ਼ਤ ਕੋਲ ਨੇ ਤੇ ਉਸ ਦੇ ਬੋਲ ਜ਼ਿਹਨ ’ਚ ਸਦਾ ਲਈ ਵੱਸੇ ਨੇ:
* ਮੈਂ ਤਾਂ ਮਿੱਟੀ ’ਚੋਂ ਮੋਤੀ ਚੁਣਦਾ ਰਹਿੰਦਾਂ। (ਖ਼ਤ ’ਚੋਂ)
* ਦੁਬਿਧਾ ਇੱਕ ਰੈਲਿਟਿਵ ਟਰਮ ਹੈ, ਜਿਸ ਵਿੱਚੋਂ
ਮਹਾਨ ਸਾਹਿਤ ਉਪਜਦਾ ਹੈ।” (ਮੁਖਤਾਰ ਗਿੱਲ ਦੇ ਮਿੰਨੀ ਪਰਚੇ ’ਚੋਂ)
* ਨਦੀ ਦਾ ਮੂਲ ਤੇ ਜੋਗੀ ਦਾ ਪਤਾ ਨਹੀਂ ਪੁੱਛੀਦਾ... (ਜ਼ਬਾਨੀ ਚੇਤੇ ਕਾਵਿ-ਸਤਰਾਂ ’ਚੋਂ ਇੱਕ ਸਤਰ)
ਸੰਪਰਕ: 98151-77577

Advertisement

Advertisement
Author Image

joginder kumar

View all posts

Advertisement