ਹਮ ਕਤ ਲੋਹੂ ਤੁਮ ਕਤ ਦੂਧ
ਹਰਪ੍ਰੀਤ ਸਿੰਘ
ਤਕਰੀਬਨ ਦੋ ਕੁ ਸਾਲਾਂ ਦੀ ਗੱਲ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ੍ਰੀ ਅਖੰਡ ਪਾਠ ਪ੍ਰਕਾਸ਼ ਕੀਤੇ ਗਏ ਸਨ। ਇਸ ਮੌਕੇ ਇਕ ਅਜੀਬ ਅਤੇ ਛੋਟੀ ਜਿਹੀ ਘਟਨਾ ਵਾਪਰੀ, ਕੀ ਸੱਚਮੁੱਚ ਛੋਟੀ ਜਿਹੀ?
ਵਿਚਕਾਰਲੇ ਦਿਨ ਦੇ ਸ਼ਾਮ ਦਾ ਸਮਾਂ ਸੀ, ਸ਼ਾਮ ਦਾ ਲੰਗਰ ਤਿਆਰ ਹੋਣ ਉਪਰੰਤ ਛਕਣ ਦੀ ਤਿਆਰੀ ਸੀ। ਮੈਨੂੰ ਇਕ ਬੰਦੇ ਨੇ ਆਵਾਜ਼ ਦਿੱਤੀ, ‘‘ਪੋਤਰਿਆ ਜਾ, ਜਿੱਥੇ ਮਾਈਆਂ ਲੰਗਰ ਤਿਆਰ ਕਰ ਰਹੀਆਂ ਨੇ ਉੱਥੇ ਪ੍ਰਸ਼ਾਦਿਆਂ ਵਾਲੀ ਟੋਕਰੀ ’ਚ ਅਖ਼ਬਾਰ ’ਚ ਲਪੇਟੇ ਪ੍ਰਸ਼ਾਦੇ ਹਨ। ਜਾ ਉਹ ਲੈ ਆ ਅਤੇ ਵਰਤਾ।’’ ਭਾਈ ਸਾਹਿਬ ਦੇ ਕਮਰੇ ਕੋਲ ਪੰਜ ਸੱਤ ਆਦਮੀ ਬੈਠ ਗਏ। ਮੈਂ ਪ੍ਰਸ਼ਾਦੇ ਵਰਤਾ ਦਿੱਤੇ।
ਮੈਂ ਮਨ ਹੀ ਮਨ ਸੋਚ ਰਿਹਾ ਸਾਂ ਅਤੇ ਵਾਰ ਵਾਰ ਇਹ ਸਵਾਲ ਮੇਰੇ ਦਿਮਾਗ਼ ’ਚ ਆਈ ਜਾਵੇ ਕਿ ਇਹ ਅਖ਼ਬਾਰ ਵਾਲੇ ਪ੍ਰਸ਼ਾਦਿਆਂ ਦਾ ਕੀ ਅਰਥ ਅਤੇ ਇਹ ਅਲੱਗ ਕਿਉਂ ਰੱਖੇ ਗਏ ਸਨ? ਲੰਗਰ ਛਕਣ ਤੋਂ ਬਾਅਦ ਮੇਰੇ ਪੁੱਛਣ ਤੋਂ ਪਹਿਲਾਂ ਹੀ ਮੈਨੂੰ ਜਵਾਬ ਮਿਲ ਗਿਆ। ਮੈਨੂੰ ਉਸ ਆਦਮੀ ਨੇ ਕਿਹਾ, ‘‘ਪੁੱਤ, ਮੈਨੂੰ ਪਤਾ ਤਾਂ ਹੈ ਕਿ ਤੂੰ ਮੇਰੇ ਤੋਂ ਪੁੱਛਣਾ ਹੈ। ਇਸ ਤੋਂ ਪਹਿਲਾਂ ਕਿ ਤੂੰ ਪੁੱਛੇਂ, ਮੈਂ ਆਪ ਹੀ ਦੱਸ ਦਿੰਨਾ। ਇਨ੍ਹੀਂ ਦਿਨੀਂ ਨਰਮੇ ਦੀ ਰੁੱਤ ਹੋਣ ਕਰਕੇ, ਨਰਮਾ ਚੁਗਣ ਲਈ ਬਾਹਰੋਂ ਆਦਮੀ ਆਉਂਦੇ ਹਨ। ਇਹ ਲੰਗਰ ਦੇ ਪ੍ਰਸ਼ਾਦੇ (ਜੋ ਅਖ਼ਬਾਰ ਵਿੱਚ ਸਨ) ਪਹਿਲਾਂ ਹੀ ਪਕਾ ਕੇ ਰੱਖੇ ਸਨ ਤਾਂ ਕਿ ਜਦੋਂ ਨਰਮਾ ਚੁਗਣ ਵਾਲੀਆਂ ਔਰਤਾਂ ਆਉਣ, ਸਾਨੂੰ ਉਨ੍ਹਾਂ ਦੇ ਹੱਥਾਂ ਦੇ ਪੱਕੇ ਪ੍ਰਸ਼ਾਦੇ ਨਾ ਖਾਣੇ ਪੈਣ।’’ ਮੈਂ ਇਹ ਸੁਣ ਕੇ ਹੈਰਾਨ ਕਿ ਲੰਗਰ ’ਚ ਵੀ ਜਾਤ ਪਾਤ ਦਾ ਵਿਤਕਰਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਜੀ ਉੱਚੀ ਜਾਤ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ ਕਿ ਮਾਤਾ ਦੇ ਗਰਭ ਵਿਚ ਮਨੁੱਖ ਦੀ ਕੋਈ ਜਾਤ ਨਹੀਂ ਹੁੰਦੀ, ਭਾਵ ਮਾਂ ਦੇ ਪੇਟ ਵਿਚ ਤਾਂ ਸਭ ਜੀਵ ਇੱਕੋ ਜਿਹੇ ਹੁੰਦੇ ਹਨ, ਬਾਹਰ ਆ ਕੇ ਤੁਸੀਂ ਕਦੋਂ ਦੇ ਬ੍ਰਾਹਮਣ ਬਣ ਗਏ ਹੋ? ਭਾਵ ਕਦੋਂ ਤੋਂ ਤੁਹਾਡੀ ਜਾਤ ਉੱਚੀ ਹੋ ਗਈ? ਭਗਤ ਜੀ ਹੋਰ ਤਰਕ ਦਿੰਦਿਆਂ ਇਹ ਵੀ ਕਹਿੰਦੇ ਹਨ ਕਿ ਜੇ (ਹੇ ਪੰਡਿਤ!) ਤੂੰ (ਸੱਚਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ਆਪਣੇ ਸਭ ਦੇ ਜਨਮ ਲੈਣ ਦਾ ਰਸਤਾ ਇੱਕ ਹੀ ਹੈ। ਫਿਰ (ਹੇ ਪੰਡਿਤ!) ਤੁਸੀਂ ਕਿਵੇਂ ਬ੍ਰਾਹਮਣ (ਬਣ ਗਏ)? ਅਸੀਂ ਕਿਵੇਂ ਸ਼ੂਦਰ (ਰਹਿ ਗਏ)? ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ਇੱਥੇ ਗੁਰਬਾਣੀ ਵਿਚ ਬ੍ਰਾਹਮਣ ਤੋਂ ਭਾਵ ਕਿਸੇ ਵਿਸ਼ੇਸ਼ ਜਾਤ ਤੋਂ ਨਹੀਂ ਸਗੋਂ ਇਸ ਦਾ ਮੰਤਵ ਹਰ ਧਰਮ ਵਿਚ ਅਖੌਤੀ ਉੱਚੀਆਂ ਅਤੇ ਨੀਵੀਂਆਂ ਜਾਤਾਂ ਦਰਮਿਆਨ ਪਾੜੇ ਨੂੰ ਨਕਾਰਨਾ ਹੈ।
ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ ਕਿ ਹੇ ਮੂਰਖ! ਹੇ ਗਵਾਰ! ਉੱਚੀ ਜਾਤ ਦਾ ਮਾਣ ਨਾਹ ਕਰ। ਇਸ ਮਾਣ-ਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ। ਗੁਰੂ ਸਾਹਿਬ ਜਾਤ ਦਾ ਮਾਣ ਕਰਨ ਵਾਲੇ ਨੂੰ ਮੂਰਖ ਵਿਸ਼ੇਸਣ ਨਾਲ ਸੰਬੋਧਨ ਕਰਦੇ ਹਨ।
ਅਜੋਕੇ ਸਮੇਂ ਵਿਚ ਸਾਨੂੰ ਚਾਹੀਦਾ ਹੈ ਕਿ ਅਸੀਂ ਜਾਤ ਪਾਤ ਤੋਂ ਉੱਚੇ ਉੱਠ ਕੇ ਜ਼ਿੰਦਗੀ ਦਾ ਆਨੰਦ ਲਈਏ। ਇਨਸਾਨ ਨੂੰ ਇਨਸਾਨ ਵਜੋਂ ਹੀ ਸਮਝਿਆ, ਵੇਖਿਆ ਜਾਵੇ। ਵਿਗਿਆਨ ਮੁਤਾਬਿਕ ਵੇਖਿਆ ਜਾਵੇ ਤਾਂ ਵੀ ਸਾਰੇ ਇਨਸਾਨ ਮਾਂ ਦੇ ਖ਼ੂਨ ਅਤੇ ਪਿਤਾ ਦੀ ਬਿੰਦ ਤੋਂ ਪੈਦਾ ਹੋਏ ਹਨ। ਜੇ ਧਾਰਮਿਕ ਪੱਖੋਂ ਵੇਖਿਆ ਜਾਵੇ ਤਾਂ ਸਾਰੇ ਧਰਮਾਂ ਵਿਚ ਹੀ ਜਾਤ ਪਾਤ ਦੀ ਨਿੰਦਾ ਕੀਤੀ ਗਈ ਹੈ। ਜੇ ਮਨੁੱਖ ਸੱਚਮੁੱਚ ਹੀ ਸਫ਼ਲ ਜੀਵਨ ਮਾਣਨਾ ਚਾਹੁੰਦਾ ਹੈ ਤਾਂ ਉਸ ਨੂੰ ਇਨ੍ਹਾਂ ਵਿਤਕਰਿਆਂ ਨੂੰ ਖ਼ਤਮ ਕਰਨਾ ਚਾਹੀਦਾ ਹੈ।
ਸੰਪਰਕ: 80531-64840