ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਗੁਆਂਢੀਆਂ ਤੋਂ ਕਿਵੇਂ ਟੁੱਟਿਆ?

07:55 AM Aug 25, 2024 IST

ਰਾਮਚੰਦਰ ਗੁਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੇ ਅਤੇ ਦੂਜੇ ਕਾਰਜਕਾਲ ਦੌਰਾਨ ਸਰਕਾਰ ਦਾ ਗੁੱਡਾ ਬੰਨ੍ਹਣ ਵਾਲੇ ਦਾਅਵਾ ਕਰਦੇ ਰਹਿੰਦੇ ਸਨ ਕਿ ਭਾਰਤ ‘ਵਿਸ਼ਵ ਗੁਰੂ’ ਬਣਨ ਲਈ ਤਿਆਰ ਹੈ। ਇਹ ਕਿਹਾ ਜਾਂਦਾ ਸੀ ਕਿ ਸਾਡੀ ਸੱਭਿਅਤਾ ਦੀ ਗਹਿਰਾਈ, ਸਾਡੀਆਂ ਅਮੀਰ ਦਾਰਸ਼ਨਿਕ ਪ੍ਰੰਪਰਾਵਾਂ ਅਤੇ ਸਾਡੀਆਂ ਨਿਰਾਲੀਆਂ ਅਧਿਆਤਮਕ ਵਿਧਾਵਾਂ ਸਦਕਾ ਸੱਭਿਆਚਾਰ ਦੇ ਖੇਤਰ ਵਿੱਚ ਅਸੀਂ ਪਹਿਲਾਂ ਹੀ ਮੋਹਰੀ ਥਾਂ ’ਤੇ ਖੜ੍ਹੇ ਸਾਂ। ਹੁਣ ਭਾਰਤ ਦੀ ਆਰਥਿਕ ਅਤੇ ਤਕਨੀਕੀ ਸਫ਼ਲਤਾ ਕਰ ਕੇ ਸਾਡੀ ਆਲਮੀ ਲੀਡਰਸ਼ਿਪ ਤੈਅ ਹੋ ਚੁੱਕੀ ਹੈ।
ਇਹ ਦਾਅਵਾ ਬਹੁਤ ਹੀ ਵਿਅਕਤੀਗਤ ਸੀ ਤਾਂ ਕਿ ਇਹ ਨਾ ਕੇਵਲ ਭਾਰਤ ਸਗੋਂ ਖ਼ੁਦ ਨਰਿੰਦਰ ਮੋਦੀ ਦੁਨੀਆ ਦੀ ਅਗਵਾਈ ਕਰਨਗੇ। ਇਸ ਕਰ ਕੇ ਵਿਦੇਸ਼ਾਂ ਵਿੱਚ ਜੀ20 ਦੀਆਂ ਮੀਟਿੰਗਾਂ ਦੀਆਂ ਫਰਜ਼ੀ ਤਸਵੀਰਾਂ ਵਿੱਚ ਸਾਡੇ ਪ੍ਰਧਾਨ ਮੰਤਰੀ ਨੂੰ ਮੋਹਰੀ ਕਤਾਰ ਵਿੱਚ, ਅਮਰੀਕੀ ਰਾਸ਼ਟਰਪਤੀ, ਫਰਾਂਸੀਸੀ ਰਾਸ਼ਟਰਪਤੀ, ਬਰਤਾਨਵੀ ਪ੍ਰਧਾਨ ਮੰਤਰੀ ਆਦਿ ਨਾਲ ਚੁੱਪਚਾਪ ਅਤੇ ਆਗਿਆਕਾਰੀ (ਜੇ ਪਿਛਲੱਗ ਨਾ ਵੀ ਸਹੀ) ਬਣ ਕੇ ਕਿਸੇ ਵੱਡੀ ਇਮਾਰਤ ਦੀਆਂ ਪੌੜੀਆਂ ਉਤਰਦਿਆਂ ਦਿਖਾਇਆ ਗਿਆ ਹੈ। ਮੇਰੇ ਇੱਕ ਮਿੱਤਰ ਨੇ ਦਿੱਲੀ ਮੈਟਰੋ ਵਿੱਚ ਕਿਸੇ ਨੂੰ ਇਹ ਕਹਿੰਦਿਆਂ ਸੁਣਿਆ: ‘ਆਪ ਕੋ ਪਤਾ ਹੈ ਕਿ ਮੋਦੀ ਜੀ ਸਿਰਫ਼ ਹਮਾਰੇ ਦੇਸ਼ ਕੇ ਨਹੀਂ, ਲੇਕਿਨ ਬੀਸ ਦੇਸ਼ ਕੇ ਪ੍ਰਧਾਨ ਮੰਤਰੀ ਹੈ’।
ਜਿਵੇਂ ਕਿ ਹੁੰਦਾ ਹੀ ਹੈ, ਇਸੇ ਸਮੇਂ ਸੱਤਾਧਾਰੀ ਪਾਰਟੀ ਦੇ ਪ੍ਰਾਪੇਗੰਡਾ ਵਿੱਚ ਨਾਮਕਰਨ ਨੂੰ ਲੈ ਕੇ ਇੱਕ ਸੂਖ਼ਮ ਤਬਦੀਲੀ ਆਉਣੀ ਸ਼ੁਰੂ ਹੋ ਗਈ। ਹੁਣ ਕਿਹਾ ਜਾਣ ਲੱਗ ਪਿਆ ਹੈ ਕਿ ਭਾਰਤ ਵਿਸ਼ਵ ਮਿੱਤਰ ਹੈ ਭਾਵ ਸਾਰਿਆਂ ਦਾ ਦੋਸਤ। ਇਹ ਮੋਦੀ ਸਰਕਾਰ ਦੀਆਂ ਖ਼ਾਹਿਸ਼ਾਂ ਵਿੱਚ ਆਈ ਪ੍ਰਤੱਖ ਗਿਰਾਵਟ ਸੀ। ਭਾਰਤ ਹਾਲੇ ਦੁਨੀਆ ਨੂੰ ਸਿਖਾਉਣ ਦੀ ਹੈਸੀਅਤ ਵਿੱਚ ਨਹੀਂ ਪਹੁੰਚ ਸਕਿਆ ਪਰ ਇਹ ਦੁਨੀਆ ਦੇ ਹਰੇਕ ਦੇਸ਼ ਨੂੰ ਮਿੱਤਰ ਬਣਾਉਣ ਦੀ ਖ਼ਾਸ ਸਥਿਤੀ ਵਿੱਚ ਹੈ। ਭਾਰਤ ਦੀ ਇਹ ਨਵੀਂ ਸਵੈ-ਪਛਾਣ ਸਿਆਸੀ ਬਿਰਤਾਂਤ ਵਿੱਚ ਕਿਉਂ ਦਾਖ਼ਲ ਹੋਈ ਹੈ, ਇਸ ਬਾਰੇ ਕਿਆਸ ਲਾਏ ਜਾ ਰਹੇ ਹਨ। ਕੀ ਇਹ ਇਸ ਲਈ ਹੈ ਕਿਉਂਕਿ ਦਿੱਲੀ ਮੈਟਰੋ ਵਿੱਚ ਸਫ਼ਰ ਕਰਦੇ ਕਿਸੇ ਸ਼ਰਧਾਲੂ ਭਗਤ ਤੋਂ ਉਲਟ ਸਰਕਾਰ ਦੇ ਗੜਵਈ ਜਾਣ ਗਏ ਹਨ ਕਿ ਭਾਰਤ ਦੀ ਜੀ20 ਪ੍ਰਧਾਨਗੀ ਬਹੁਤ ਹੀ ਵਕਤੀ ਗੱਲ ਸੀ ਅਤੇ ਇਹ ਜਲਦੀ ਛਾਈਂ ਮਾਈਂ ਹੋ ਜਾਵੇਗੀ? ਜਾਂ ਕੀ ਸਾਡਾ ਅਰਥਚਾਰਾ ਉਨ੍ਹਾਂ ਉਮੀਦਾਂ ’ਤੇ ਖ਼ਰਾ ਨਹੀਂ ਉੱਤਰ ਸਕਿਆ ਜੋ ਇਸ ’ਤੇ ਲਾਈਆਂ ਗਈਆਂ ਸਨ? ਜਾਂ ਕੀ ਸਾਡੀ ਸਰਹੱਦ ’ਤੇ ਚੀਨੀ ਘੁਸਪੈਠ ਅਤੇ ਪ੍ਰਧਾਨ ਮੰਤਰੀ ਵੱਲੋਂ ਇਸ ਬਾਰੇ ਕੁਝ ਕਹਿ ਨਾ ਸਕਣ ਦੀ ਮਜਬੂਰੀ ਕਰ ਕੇ ਆਲਮੀ ਅਗਵਾਈ ਦੇ ਸਾਡੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ?
ਕੁਝ ਵੀ ਹੋਵੇ, ਤੱਥ ਇਹ ਹੈ ਕਿ ਬਿਰਤਾਂਤ ਵਿੱਚ ਪ੍ਰਤੱਖ ਤਬਦੀਲੀ ਆ ਗਈ ਹੈ। ਸੰਭਵ ਹੈ ਕਿ ਭਗਤਾਂ ਦੀਆਂ ਬਾਹਰੀ ਸਫ਼ਾਂ, ਜਿੱਥੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪ੍ਰਾਚੀਨ ਹਿੰਦੂਆਂ ਨੇ ਹਵਾਈ ਜਹਾਜ਼ ਅਤੇ ਪਲਾਸਟਿਕ ਸਰਜਰੀ ਦੀ ਖੋਜ ਕਰ ਲਈ ਸੀ, ਵਿੱਚ ਇਹ ਵਿਚਾਰ ਹਾਲੇ ਵੀ ਭਾਰੂ ਹੈ ਕਿ ਭਾਰਤ ਪਹਿਲਾਂ ਤੋਂ ਹੀ ਵਿਸ਼ਵ ਗੁਰੂ ਸੀ ਤੇ ਛੇਤੀ ਹੀ ਬਣ ਜਾਵੇਗਾ। ਪਰ ਸੱਤਾਧਾਰੀ ਪਾਰਟੀ ਦੇ ਸੁਚੱਜੇ, ਵਧੇਰੇ ਯਥਾਰਥਵਾਦੀ ਅਤੇ ਸਿਆਸੀ ਤੌਰ ’ਤੇ ਉੱਭਰਵੇਂ ਤਬਕਿਆਂ ਵਿੱਚ ਵਿਸ਼ਵ ਮਿੱਤਰ ਦਾ ਜੁਮਲਾ ਕਾਫ਼ੀ ਵਰਤਿਆ ਜਾਣ ਲੱਗ ਪਿਆ ਹੈ। ਉਂਝ, ਬੰਗਲਾਦੇਸ਼ ਸੰਕਟ ਦੇ ਮੱਦੇਨਜ਼ਰ ਇਸ ਨੂੰ ਹੋਰ ਵੀ ਹਲਕਾ ਅਤੇ ਗੁੱਝਾ ਬਣਾ ਦਿੱਤਾ ਗਿਆ ਹੈ। ਸਾਡੇ ਨੇੜਲੇ ਆਂਢ-ਗੁਆਂਢ ਦੇ ਦੇਸ਼ਾਂ ਦੇ ਲੋਕਾਂ ਵਿੱਚ ਭਾਰਤ ਨੂੰ ਭਰੋਸੇਮੰਦ ਅਤੇ ਟਿਕਾਊ ਦੋਸਤ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਬਹੁਤ ਸਾਰੇ ਬੰਗਲਾਦੇਸ਼ੀ ਭਾਰਤ ਦੀਆਂ ਖ਼ਾਹਿਸ਼ਾਂ ’ਤੇ ਸ਼ੱਕ ਕਰਦੇ ਹਨ ਜਿਸ ਦਾ ਵੱਡਾ ਕਾਰਨ ਇਹ ਹੈ ਕਿ ਮੋਦੀ ਸਰਕਾਰ ਨੇ ਸ਼ੇਖ ਹਸੀਨਾ ਦੇ ਨਿਰੰਕੁਸ਼ ਤੌਰ ਤਰੀਕਿਆਂ ਦੀ ਤਾਈਦ ਕਰਨ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਸੀ। ਜਦੋਂ ਲੰਘੀ ਜਨਵਰੀ ਵਿੱਚ ਸ਼ੇਖ ਹਸੀਨਾ ਨੇ ਧਾਂਦਲੀ ਕਰ ਕੇ ਚੋਣ ਜਿੱਤੀ ਸਾਂ ਤਾਂ ਭਾਰਤ ਦੇ ਚੋਣ ਕਮਿਸ਼ਨ ਨੇ ਬੰਗਲਾਦੇਸ਼ ਦੇ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ਲਈ ਕੀਤੀ ਸੁਚੱਜੀ ਯੋਜਨਾਬੰਦੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਸੀ।
ਸ੍ਰੀਲੰਕਾ ਅਤੇ ਨੇਪਾਲ ਵਿੱਚ ਵੀ ਇਹ ਭਾਵਨਾ ਬਣੀ ਹੋਈ ਹੈ ਕਿ ਭਾਰਤ ਹੰਕਾਰ ਕਰਦਾ ਹੈ। ਇਨ੍ਹਾਂ ਤਿੰਨ ਦੇਸ਼ਾਂ ਦੇ ਕੁਝ ਨਾਗਰਿਕਾਂ ਵੱਲੋਂ ਹਾਲ ਹੀ ਵਿੱਚ ਸਾਂਝੇ ਤੌਰ ’ਤੇ ਜਾਰੀ ਕੀਤੇ ਗਏ ਇੱਕ ਬਿਆਨ ਉਪਰ ਗੌਰ ਕਰੋ ਜਿਸ ਵਿੱਚ ‘ਭਾਰਤ ਸਰਕਾਰ ਨੂੰ ਸਾਡੀਆਂ ਆਪੋ ਆਪਣੀਆਂ ਨੀਤੀਆਂ ਵਿੱਚ ਦਖ਼ਲਅੰਦਾਜ਼ੀ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।’ ਬਿਆਨ ਵਿੱਚ ਇਸ ਗੱਲ ’ਤੇ ਧਿਆਨ ਦਿਵਾਇਆ ਗਿਆ ਹੈ ਕਿ ‘ਪਿਛਲੇ ਕੁਝ ਦਹਾਕਿਆਂ ਦੌਰਾਨ ਕੋਲੰਬੋ, ਢਾਕਾ ਅਤੇ ਕਾਠਮੰਡੂ ਵਿੱਚ ਨਵੀਂ ਦਿੱਲੀ ਦੇ ਸਿਆਸੀ, ਨੌਕਰਸ਼ਾਹ ਅਤੇ ਸੂਹੀਆ ਕਾਰਜਕਾਰੀਆਂ ਦੀ ਦਖ਼ਲਅੰਦਾਜ਼ੀ ਕਰ ਕੇ ਸਾਡੇ ਦੇਸ਼ਾਂ ਅੰਦਰ ਸਿਆਸੀ ਅਸਥਿਰਤਾ ਵਧ ਰਹੀ ਹੈ ਅਤੇ ਨਿਰੰਕੁਸ਼ ਸਰਕਾਰਾਂ ਨੂੰ ਸ਼ਹਿ ਮਿਲ ਰਹੀ ਹੈ।’
ਇਨ੍ਹਾਂ ਦੋਸ਼ਾਂ ਵਿੱਚ ਕੁਝ ਖ਼ਾਸ ਕਾਰਨ ਵੀ ਗਿਣਾਏ ਗਏ ਹਨ। ਇਨ੍ਹਾਂ ਲੇਖਕਾਂ ਦੀ ਬੰਗਲਾਦੇਸ਼ ਮੁਤੱਲਕ ਟਿੱਪਣੀ ਸੀ: ‘ਨਵੀਂ ਦਿੱਲੀ ਨੇ ਪਿਛਲੇ ਦਹਾਕੇ ਤੋਂ ਸ਼ੇਖ ਹਸੀਨਾ ਦੇ ਨਿਰੰਕੁਸ਼ ਸ਼ਾਸਨ ਨੂੰ ਉਭਾਰਨ ਲਈ ਸਰਗਰਮ ਭੂਮਿਕਾ ਨਿਭਾਈ ਹੈ ਅਤੇ ਇਸ ਦੇ ਇਵਜ਼ ਵਿੱਚ ਸਿਆਸੀ ਅਤੇ ਆਰਥਿਕ ਰਿਆਇਤਾਂ ਹਾਸਲ ਕੀਤੀਆਂ ਸਨ।’ ਸ੍ਰੀਲੰਕਾ ਦੇ ਪ੍ਰਸੰਗ ਵਿੱਚ ਉਨ੍ਹਾਂ ਲਿਖਿਆ: ‘ਭਾਰਤੀ ਸ਼ਾਂਤੀ ਸੈਨਾ (ਆਈਪੀਕੇਐੱਫ) ਦੇ ਸਮੇਂ ਤੋਂ ਲੈ ਕੇ ਸ੍ਰੀਲੰਕਾ ਨੂੰ ਆਪਣੀ ਰਾਜਨੀਤੀ ’ਤੇ ਭਾਰਤ ਵੱਲੋਂ ਗਲਬਾ ਪਾਉਣ ਦੀਆਂ ਕੋਸ਼ਿਸ਼ਾਂ ਨਾਲ ਜੂਝਣਾ ਪੈ ਰਿਹਾ ਹੈ। ਇਸ ਤੋਂ ਇਲਾਵਾ, ਪਿਛਲੇ ਕੁਝ ਸਾਲਾਂ ਤੋਂ ਟਾਪੂ ਅੰਦਰ ਨਵੀਂ ਦਿੱਲੀ ਦੇ ਅਧਿਕਾਰੀ ਭਾਰਤੀ ਕਾਰੋਬਾਰੀ ਸਮੂਹਾਂ ਨੂੰ ਪ੍ਰਫੁੱਲਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ।’
ਨੇਪਾਲ ਦੇ ਸਬੰਧ ਵਿੱਚ ਉਹ ਲਿਖਦੇ ਹਨ: ‘ਹਾਲਾਂਕਿ ਭਾਰਤ ਨੇ ਇਕੇਰਾਂ ਸਰਗਰਮ ਸਿਆਸਤਦਾਨਾਂ ਅਤੇ ਕੂਟਨੀਤਕਾਂ ਜ਼ਰੀਏ ਨੇਪਾਲ ਦੀ ਰਾਜਨੀਤੀ ਵਿੱਚ ਦਖ਼ਲ ਦਿੱਤਾ ਸੀ ਪਰ ਹੁਣ ਇਹ ਕੰਮ ਖ਼ੁਫ਼ੀਆ ਏਜੰਸੀਆਂ, ਹਿੰਦੁਤਵੀ ਕਾਰਕੁਨਾਂ ਅਤੇ ਆਰਐੱਸਐੱਸ ਰਾਹੀਂ ਕੀਤਾ ਜਾਂਦਾ ਹੈ। 2015 ਵਿੱਚ ਨੇਪਾਲ ਦੀ ਘੇਰਾਬੰਦੀ ਦੇ ਰੂਪ ਵਿੱਚ ਇੱਕ ਅਹਿਮ ਦੰਡਕਾਰੀ ਕਾਰਵਾਈ ਸਾਹਮਣੇ ਆਈ ਸੀ ਹਾਲਾਂਕਿ ਉਦੋਂ ਮੁਲਕ ਭੂਚਾਲ ਦੀ ਮਾਰ ਸਹਿ ਰਿਹਾ ਸੀ ਅਤੇ ਇੱਕ ਅਜਿਹਾ ਸੰਵਿਧਾਨ ਅਪਣਾਇਆ ਸੀ ਜੋ ਕਿ ਨਵੀਂ ਦਿੱਲੀ ਨੂੰ ਪਸੰਦ ਨਹੀਂ ਸੀ।’
ਇਹ ਚਰਿੱਤਰਸਾਜ਼ੀ ਜ਼ਿਆਦਾਤਰ ਸਹੀ ਹੈ। ਮੈਂ ਨੇਪਾਲ, ਬੰਗਲਾਦੇਸ਼ ਤੇ ਸ੍ਰੀਲੰਕਾ ਵਿੱਚ ਸਮਾਂ ਗੁਜ਼ਾਰਿਆ ਹੈ ਤੇ ਹਰ ਥਾਂ ਮੇਰੇ ਮਿੱਤਰ ਤੇ ਪੇਸ਼ੇਵਰ ਸਾਥੀ ਰਹਿੰਦੇ ਹਨ। ਭਾਰਤ ਨੇ ਇੱਕ ਰੋਅਬਦਾਰ ‘ਵੱਡੇ ਭਰਾ’ ਦੀ ਭੂਮਿਕਾ ਨਿਭਾਈ ਹੈ, ਇਹ ਇੱਕ ਅਜਿਹਾ ਮਨੋਭਾਵ ਹੈ ਜਿਸ ਨੂੰ ਇਨ੍ਹਾਂ ਸਾਰੇ ਦੇਸ਼ਾਂ ਵਿੱਚ ਵਿਦਵਾਨਾਂ ਤੇ ਲੇਖਕਾਂ ਨੇ ਵਿਆਪਕ ਪੱਧਰ ’ਤੇ ਫੜਿਆ ਹੈ ਅਤੇ ਇਸ ਦਾ ਕਾਫ਼ੀ ਆਧਾਰ ਵੀ ਹੈ। ਮੈਨੂੰ ਇੱਥੇ 19ਵੀਂ ਸਦੀ ਦੇ ਮੈਕਸਿਕੋ ਦੇ ਰਾਸ਼ਟਰਪਤੀ ਦੇ ਕਥਨ ਯਾਦ ਆਉਂਦੇ ਹਨ: ‘ਬੇਚਾਰਾ ਮੈਕਸਿਕੋ, ਰੱਬ ਤੋਂ ਐਨਾ ਦੂਰ, ਅਮਰੀਕਾ ਦੇ ਐਨਾ ਨੇੜੇ।’ ਬੰਗਲਾਦੇਸ਼, ਸ੍ਰੀਲੰਕਾ ਤੇ ਨੇਪਾਲ, ਸਾਰੇ ਆਰਥਿਕ ਤੇ ਸਿਆਸੀ ਚੁਣੌਤੀਆਂ ਦੇ ਚੱਕਰਵਿਊ ’ਚ ਫਸੇ ਹੋਏ ਹਨ, ਜਿਨ੍ਹਾਂ ਨੂੰ ਭਾਰਤ ਨਾਲ ਨਜ਼ਦੀਕੀ ਕਰ ਕੇ ਸੁਲਝਾਉਣਾ ਹੋਰ ਮੁਸ਼ਕਲ ਹੋਇਆ ਹੈ।
ਭਾਰਤ ਦੇ ਇਰਾਦਿਆਂ ’ਤੇ ਸੰਦੇਹ ਸਾਡੀ ਵਰਤਮਾਨ ਸਰਕਾਰ ਤੋਂ ਪਹਿਲਾਂ ਵੀ ਰਿਹਾ ਹੈ। ਰਾਜੀਵ ਗਾਂਧੀ ਸਨ, ਜਿਨ੍ਹਾਂ ਸ਼ਾਂਤੀ ਸੈਨਾ ਸ੍ਰੀਲੰਕਾ ਭੇਜੀ ਸੀ ਤੇ ਦੁਬਾਰਾ ਰਾਜੀਵ ਗਾਂਧੀ ਹੀ ਸਨ, ਜਿਨ੍ਹਾਂ ਨਰਿੰਦਰ ਮੋਦੀ ਤੋਂ ਪਹਿਲਾਂ ਨੇਪਾਲ ਦੀ ਘੇਰਾਬੰਦੀ ਕੀਤੀ ਸੀ। ਅਸਲ ’ਚ, ਉਹ ਸ਼ਾਇਦ ਸਾਡੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ ਜੋ ਸਾਡੇ ਪਹਿਲੇ ਵਿਦੇਸ਼ ਮੰਤਰੀ ਵੀ ਸਨ, ਜਿਨ੍ਹਾਂ ਇਸ ਮਾਮਲੇ ’ਚ ਰੁਖ਼ ਤੈਅ ਕੀਤਾ। ਕੂਟਨੀਤਕ ਜਗਤ ਮਹਿਤਾ, ਜਿਨ੍ਹਾਂ ਜਵਾਹਰਲਾਲ ਨਹਿਰੂ ਨਾਲ ਕੰਮ ਕੀਤਾ, ਨੇ ਇਕ ਵਾਰ ਕਿਹਾ ਸੀ ਕਿ ‘ਨਹਿਰੂ ਪੂਰੀ ਤਰ੍ਹਾਂ ਪਛਾਣ ਨਹੀਂ ਸਕੇ, ਤੇ ਮੰਤਰਾਲਾ (ਵਿਦੇਸ਼) ਵੀ ਉਨ੍ਹਾਂ ਨੂੰ ਚੰਗੀ ਸਲਾਹ ਦੇਣ ਵਿੱਚ ਨਾਕਾਮ ਰਿਹਾ ਕਿ ਵੀਹਵੀਂ ਸਦੀ ਵਿੱਚ ਗ਼ੈਰਬਰਾਬਰ ਗੁਆਂਢੀਆਂ ਨਾਲ ਕੂਟਨੀਤੀ ਕਰਨ ਤੋਂ ਔਖਾ ਕੁਝ ਹੋਰ ਨਹੀਂ ਹੈ।’
ਇਤਿਹਾਸ ਤੇ ਭੂਗੋਲ ਦੀ ਦਲੀਲ ਲਗਭਗ ਇਹ ਪੱਕਾ ਕਰਦੀ ਹੈ ਕਿ ਭਾਰਤ ਦੇ ਚੀਨ ਤੇ ਪਾਕਿਸਤਾਨ ਨਾਲ ਰਿਸ਼ਤੇ ਮੁਸ਼ਕਿਲ ਹੀ ਰਹਿਣਗੇ। ਕਮਿਊਨਿਸਟ ਚੀਨ ਨੇ ਕਦੇ ਵੀ ਮੈੱਕਮੋਹਨ ਲਾਈਨ ਨੂੰ ਨਹੀਂ ਸਵੀਕਾਰਿਆ ਤੇ ਦਾਅਵਾ ਕਰਦਾ ਰਿਹਾ ਹੈ ਕਿ ਇਸ ’ਤੇ ਉਦੋਂ ਮਜਬੂਰਨ ਸਹੀ ਪਾਈ ਗਈ ਸੀ ਜਦ ਉਨ੍ਹਾਂ ਦਾ ਮੁਲਕ ਪੱਛਮੀ ਸਾਮਰਾਜ ਦੇ ਕਬਜ਼ੇ ’ਚ ਸੀ। ਸੰਨ 1962 ਦੇ ਚੀਨੀ ਹਮਲੇ, ਭਾਵੇਂ ਛੋਟਾ ਹੀ ਸੀ, ਨੇ ਭਾਰਤ ਦੀ ਰੂਹ ’ਤੇ ਗਹਿਰਾ ਜ਼ਖ਼ਮ ਛੱਡਿਆ। ਪਾਕਿਸਤਾਨ ਨੇ, ਦਹਾਕਿਆਂਬੱਧੀ, ਭਾਰਤ ਦੇ ਕਈ ਹਿੱਸਿਆਂ (ਸਿਰਫ਼ ਕਸ਼ਮੀਰ ਵਿੱਚ ਨਹੀਂ) ਵਿੱਚ ਦਹਿਸ਼ਤੀ ਗਤੀਵਿਧੀਆਂ ਨੂੰ ਸ਼ਹਿ ਦਿੱਤੀ ਹੈ ਤੇ ਇਸ ਮੁਲਕ ਵੱਲ ਦੋਸਤੀ ਦਾ ਹੱਥ ਵਧਾਉਣਾ ਬਹੁਤ ਮੁਸ਼ਕਿਲ ਹੋ ਚੁੱਕਾ ਹੈ।
ਹਾਲਾਂਕਿ, ਸਾਡੇ ਛੋਟੇ ਗੁਆਂਢੀਆਂ ਦੇ ਮਾਮਲੇ ਵਿੱਚ ਇਸ ਤਰ੍ਹਾਂ ਦੇ ਵਿਵਾਦਤ ਮੁੱਦਿਆਂ ਦੀ ਕੋਈ ਹੋਂਦ ਨਹੀਂ ਹੈ। ਇਸ ਤੋਂ ਉਲਟ ਕੁਝ ਅਜਿਹੇ ਕਾਰਕ ਹਨ ਜੋ ਦੋਸਤਾਨਾ ਰਿਸ਼ਤਿਆਂ ਦੇ ਪੱਖ ਵਿੱਚ ਕੰਮ ਕਰ ਰਹੇ ਹਨ। ਭਾਰਤ ਤੇ ਨੇਪਾਲ ਦਾ ਬਾਰਡਰ ਖੁੱਲ੍ਹਾ ਹੈ ਤੇ ਕਈ ਸੱਭਿਆਚਾਰਕ ਸਮਾਨਤਾਵਾਂ ਹਨ। ਪਾਕਿਸਤਾਨ ਤੋਂ ਆਜ਼ਾਦੀ ਲੈਣ ’ਚ ਬੰਗਲਾਦੇਸ਼ ਦੀ ਭਾਰਤ ਨੇ ਮਦਦ ਕੀਤੀ ਹੈ। ਭਾਰਤ ਤੇ ਸ੍ਰੀਲੰਕਾ ਦਰਮਿਆਨ ਬਸਤੀਵਾਦੀ ਸਮਿਆਂ ਦੀ ਸਾਂਝ ਹੈ ਤੇ ਇਸ ਤਰ੍ਹਾਂ ਦੋਵਾਂ ਮੁਲਕਾਂ ਦਾ ਸੰਵਿਧਾਨਕ ਤੇ ਵਿਦਿਅਕ ਸਫ਼ਰ ਇੱਕੋ ਜਿਹਾ ਰਿਹਾ ਹੈ। ਜੇ ਭਾਰਤ ਤੇ ਇਨ੍ਹਾਂ ਤਿੰਨ ਮੁਲਕਾਂ ਦੇ ਰਿਸ਼ਤੇ ਕਦੇ-ਕਦਾਈਂ ਹੀ ਸਹਿਜ ਰਹੇ ਹਨ ਤਾਂ ਪੱਕੇ ਤੌਰ ’ਤੇ ਵੱਡੇ ਤੇ ਜ਼ਿਆਦਾ ਤਾਕਤਵਰ ਮੁਲਕ ਨੂੰ ਆਪਣੇ ਪੱਧਰ ’ਤੇ ਮੰਥਨ ਕਰਨ ਦੀ ਲੋੜ ਹੈ। ਸਾਲ 2007-08 ਦੌਰਾਨ, ਜਦ ਸਾਡਾ ਅਰਥਚਾਰਾ ਬਹੁਤ ਚੰਗਾ ਚੱਲ ਰਿਹਾ ਸੀ, ਭਾਰਤ ਦੇ ‘ਮਹਾਸ਼ਕਤੀ’ ਬਣਨ ਬਾਰੇ ਕਾਫ਼ੀ ਗੱਲਾਂ ਹੋ ਰਹੀਆਂ ਸਨ। ਮੈਨੂੰ ਲੱਗਿਆ ਕਿ ਅਜਿਹੇ ਦਾਅਵੇ ਬੇਵਕਤ ਕੀਤੇ ਜਾ ਰਹੇ ਸਨ, ਅਤੇ ਸਮਝਦਾਰੀ ਇਹ ਸੀ ਕਿ ਇਸ ਸਮੇਂ ਪਹਿਲਾਂ ਆਪਣੇ ਅੰਦਰਲੀਆਂ ਸਮਾਜਿਕ ਤੇ ਸਿਆਸੀ ਤਰੇੜਾਂ ਨੂੰ ਭਰਿਆ ਜਾਂਦਾ, ਨਾ ਕਿ ਦੁਨੀਆ ਸਰ ਕਰਨ ਦੇ ਸੁਪਨੇ ਪਾਲੇ ਜਾਂਦੇ। ਮਨਮੋਹਨ ਸਿੰਘ ਦੇ ਦੂਜੇ ਕਾਰਜਕਾਲ ਵਿੱਚ ਆਲਮੀ ਮਹਾਨਤਾ ਵੱਲ ਭਾਰਤ ਦੇ ਉਭਾਰ ਦੀਆਂ ਗੱਲਾਂ ਕਾਫ਼ੀ ਘਟ ਗਈਆਂ। ਹਾਲਾਂਕਿ, ਨਰਿੰਦਰ ਮੋਦੀ ਦੇ ਪਹਿਲੇ ਕਾਰਜਕਾਲ ’ਚ ਇਹ ਮੁੜ ਉੱਭਰ ਆਈਆਂ ਜਿਨ੍ਹਾਂ ਨੂੰ ‘ਸਵਦੇਸ਼ੀ’ ਦਾ ਲੇਬਲ ਲਾ ਕੇ ਪੇਸ਼ ਕੀਤਾ ਗਿਆ। ਜਿੱਥੇ ਇੱਕ ਵਾਰ ਪਹਿਲਾਂ ਸਾਨੂੰ ਦੱਸਿਆ ਗਿਆ ਸੀ ਕਿ ਭਾਰਤ ਜਲਦੀ ‘ਸੁਪਰਪਾਵਰ’ ਬਣ ਰਿਹਾ ਹੈ, ਉੱਥੇ ਹੁਣ ਸਾਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਭਾਰਤ ਤਾਂ ‘ਵਿਸ਼ਵ-ਗੁਰੂ’ ਬਣ ਚੁੱਕਾ ਹੈ।
ਆਲਮੀ ਅਗਵਾਈ ਬਾਰੇ ਭਾਰਤ ਦੇ ਦਾਅਵੇ ਮੂਰਖਾਨਾ ਖ਼ੁਆਬ ਹਨ। ਮੁਲਕ ਅੱਗੇ ਖੜ੍ਹੀਆਂ ਮੁਸ਼ਕਲਾਂ, ਜਿਵੇਂ ਕਿ ਸੰਸਥਾਗਤ ਨਿਘਾਰ, ਵਧਦੀ ਨਾ-ਬਰਾਬਰੀ, ਭ੍ਰਿਸ਼ਟਾਚਾਰ ਤੇ ਸ਼ਾਸਨ ਤੰਤਰ ਵਿਚਲਾ ਭਾਈ-ਭਤੀਜਾਵਾਦ, ਵਾਤਾਵਰਨ ਦੀ ਵਿਆਪਕ ਗਿਰਾਵਟ ਕਠੋਰ ਅਸਲੀਅਤ ਦਿਖਾਉਂਦੇ ਹਨ। ਭਾਵੇਂ ਭਾਰਤ ਦੇ ‘ਵਿਸ਼ਵ-ਗੁਰੂ’ ਬਣਨ ਦਾ ਵਿਚਾਰ ਬੇਤੁਕਾ ਹੈ, ਪਰ ਭਾਰਤ ਦੇ ‘ਵਿਸ਼ਵ-ਮਿੱਤਰ’ ਬਣਨ ਦੇ ਸਿਧਾਂਤ ’ਚ ਸ਼ਾਇਦ ਕੁਝ ਚੰਗਿਆਈ ਜ਼ਰੂਰ ਹੈ। ਜੇ ਭਾਰਤ ਸਚਮੁੱਚ ਦੁਨੀਆ ਦੇ ਸਾਰੇ ਮੁਲਕਾਂ ਦਾ ਮਿੱਤਰ ਬਣਨ ਦੀ ਇੱਛਾ ਰੱਖਦਾ ਹੈ ਤਾਂ ਇਸ ਨੂੰ ਪਹਿਲਾਂ ਫੌਰੀ ਗੁਆਂਢੀਆਂ ਪ੍ਰਤੀ ਆਪਣੇ ਰਵੱਈਏ ਨੂੰ ਨਵੀਂ ਦਿਸ਼ਾ ਦੇਣੀ ਪਏਗੀ, ਖ਼ਾਸ ਤੌਰ ’ਤੇ ਬੰਗਲਾਦੇਸ਼, ਨੇਪਾਲ ਤੇ ਸ੍ਰੀਲੰਕਾ ਨਾਲ। ਇਨ੍ਹਾਂ ਮੁਲਕਾਂ ਨਾਲ ਚੰਗੇ ਰਿਸ਼ਤੇ ਕਾਇਮ ਕਰਨ ਲਈ ਸਾਨੂੰ ਮਹਿਜ਼ ਇਨ੍ਹਾਂ ਦੇ ਆਗੂਆਂ ਦੇ ਮਨਾਂ ਵਿੱਚ ਹੀ ਸਤਿਕਾਰ ਤੇ ਭਰੋਸਾ ਪੈਦਾ ਨਹੀਂ ਕਰਨਾ ਪਵੇਗਾ ਸਗੋਂ ਲੋਕਾਂ ਦੇ ਦਿਲਾਂ ਵਿੱਚ ਵੀ ਥਾਂ ਬਣਾਉਣੀ ਪਵੇਗੀ।

Advertisement

ਈ-ਮੇਲ: ramachandraguha@yahoo.in

Advertisement
Advertisement