For the best experience, open
https://m.punjabitribuneonline.com
on your mobile browser.
Advertisement

ਮੈਂ ਲਿਖਣਾ ਕਿਵੇਂ ਸ਼ੁਰੂ ਕੀਤਾ ?

08:45 AM Oct 15, 2023 IST
ਮੈਂ ਲਿਖਣਾ ਕਿਵੇਂ ਸ਼ੁਰੂ ਕੀਤਾ
Advertisement

ਡਾ. ਸ.ਸ. ਛੀਨਾ

Advertisement

ਸੁਖ਼ਨ ਭੋਇੰ 31

Advertisement

ਸਿਲੇਬਸ ਤੋਂ ਬਾਹਰ ਦੀਆਂ ਕਹਾਣੀਆਂ, ਨਾਵਲ ਅਤੇ ਇਤਿਹਾਸ ਦੀਆਂ ਪੁਸਤਕਾਂ ਪੜ੍ਹਨ ਦਾ ਸ਼ੌਕ ਮੈਨੂੰ ਸਕੂਲ ਤੋਂ ਹੀ ਸ਼ੁਰੂ ਹੋ ਗਿਆ ਸੀ ਸਗੋਂ ਕਈ ਵਾਰ ਸਿਲੇਬਸ ਦੀਆਂ ਘੱਟ ਪਰ ਸਿਲੇਬਸ ਤੋਂ ਬਾਹਰ ਦੀਆਂ ਜ਼ਿਆਦਾ ਕਿਤਾਬਾਂ ਪੜ੍ਹਦਾ ਹੁੰਦਾ ਸੀ। 1968-69 ਵਿਚ ਮੈਂ ਖ਼ਾਲਸਾ ਕਾਲਜ ਅੰਮ੍ਰਿਤਸਰ ’ਚ ਐਮ.ਏ. (ਅਰਥਸ਼ਾਸਤਰ) ਦੇ ਦੂਸਰੇ ਸਾਲ ਵਿਚ ਪੜ੍ਹਦਾ ਸਾਂ। ਸਾਡਾ ਅਧਿਆਪਕ ਪ੍ਰੋਫੈਸਰ ਚਾਵਲਾ ਇਕ ਵਿਲੱਖਣ ਸ਼ਖ਼ਸੀਅਤ ਸੀ। ਜੇ ਕੋਈ ਲੜਕਾ ਦੋ ਤਿੰਨ ਦਿਨ ਗ਼ੈਰਹਾਜ਼ਰ ਰਹਿੰਦਾ ਤਾਂ ਉਸ ਬਾਰੇ ਜਾਣਕਾਰੀ ਲੈਂਦਾ। ਇਕ ਵਾਰ ਸਾਡਾ ਇਕ ਜਮਾਤੀ ਰਾਜਬਲਬੀਰ ਸਿੰਘ ਜਿਹੜਾ ਮਜੀਠਾ ਤੋਂ ਅੱਗੇ ਪਿੰਡ ਵੀਰਮ ਨਾਲ ਸਬੰਧਿਤ ਸੀ, ਕਾਫ਼ੀ ਦਿਨ ਕਾਲਜ ਨਾ ਆਇਆ। ਜਦੋਂ ਉਸ ਦੇ ਬਿਮਾਰ ਹੋਣ ਬਾਰੇ ਪਤਾ ਲੱਗਿਆ ਤਾਂ ਪ੍ਰੋਫੈਸਰ ਚਾਵਲਾ ਨੇ ਸਾਨੂੰ ਕੁਝ ਵਿਦਿਆਰਥੀਆਂ ਨੂੰ ਤਿਆਰ ਕਰ ਲਿਆ ਕਿ ਇਸ ਐਤਵਾਰ ਉਸ ਦੇ ਪਿੰਡ ਉਸ ਦੀ ਖ਼ਬਰ ਲੈਣ ਜਾਣਾ ਹੈ। ਅਸੀਂ ਮਜੀਠਾ ਤੱਕ ਬੱਸ ’ਤੇ, ਅੱਗੋਂ ਟਾਂਗੇ ’ਤੇ ਅਤੇ ਫਿਰ ਤੁਰ ਕੇ ਉਸ ਦੇ ਘਰ ਪਹੁੰਚੇ। ਉਹ ਲੇਟਿਆ ਹੋਇਆ ਸੀ। ਜਦੋਂ ਉਸ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਸ ਦੇ ਕੁਝ ਜਮਾਤੀ ਅਤੇ ਖ਼ਾਸ ਕਰਕੇ ਉਸ ਦੇ ਪ੍ਰੋਫੈਸਰ ਉਸ ਦੀ ਖ਼ਬਰ ਲੈਣ ਆਏ ਹਨ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਜਿਹੜਾ ਉਹ ਅੱਜ ਵੀ ਯਾਦ ਕਰਦਾ ਹੈ।
ਇਕ ਦਿਨ ਚਾਵਲਾ ਸਾਹਿਬ ਮੈਨੂੰ ਕਹਿਣ ਲੱਗੇ ਕਿ ਤੂੰ ਅੰਗਰੇਜ਼ੀ ਚੰਗੀ ਬੋਲ ਲੈਂਦਾ ਏਂ, ਤੂੰ ਅੰਗਰੇਜ਼ੀ ਵਿਚ ਛਪਣ ਵਾਲੇ ਆਰਥਿਕ ਵਿਕਾਸ ਦੇ ਰਸਾਲੇ ਯੋਜਨਾ ਲਈ ਲਿਖ ਕੇ ਭੇਜਿਆ ਕਰ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਵਿਸ਼ਾ ਚੁਣ ਕੇ ਉਸ ਦੇ ਸਬ-ਹੈਡਿੰਗ ਨੋਟ ਕਰ ਲਿਆ ਕਰ ਅਤੇ ਫਿਰ ਉਨ੍ਹਾਂ ਨੂੰ ਵਿਸਥਾਰ ਵਿਚ ਲਿਖਿਆ ਕਰ। ਐਮ.ਏ. ਵਿਚ ਪੜ੍ਹਦਿਆਂ ਮੈਂ ਯੋਜਨਾ ਨੂੰ ਇਸ ਤਰ੍ਹਾਂ ਹੀ ਲੇਖ ਭੇਜਣੇ ਅਤੇ ਉਹ ਛਪ ਜਾਣੇ। ਬੜੀ ਖ਼ੁਸ਼ੀ ਮਿਲਣੀ ਪਰ 1969 ਵਿਚ ਮੈਂ ਐਮ.ਏ. ਕਰਕੇ ਖ਼ਾਲਸਾ ਕਾਲਜ ਵਿਚ ਹੀ ਅਰਥਸ਼ਾਸਤਰ ਪੜ੍ਹਾਉਣ ਲੱਗ ਪਿਆ ਅਤੇ ਲਿਖਣ ਵੱਲ ਬਿਲਕੁਲ ਧਿਆਨ ਨਾ ਗਿਆ।
1965 ਤੋਂ ਪਹਿਲਾਂ ਮੈਂ ਸਰਕਾਰੀ ਕਾਲਜ, ਗੁਰਦਾਸਪੁਰ ਪੜ੍ਹਦਾ ਸਾਂ ਜਦੋਂਕਿ ਬਾਅਦ ਵਿਚ ਪੰਜਾਬੀ ਟ੍ਰਿਬਿਊਨ ਅਤੇ ਹੋਰ ਕਈ ਅਖ਼ਬਾਰਾਂ ਦਾ ਸੰਪਾਦਕ ਰਿਹਾ ਸ਼ੰਗਾਰਾ ਸਿੰਘ ਭੁੱਲਰ ਮੇਰੇ ਤੋਂ ਇਕ ਸਾਲ ਮਗਰ ਬੇਰਿੰਗ ਕਾਲਜ ਬਟਾਲੇ ਪੜ੍ਹਦਾ ਸੀ। ਸਾਡੇ ਸਾਂਝੇ ਦੋਸਤਾਂ ਕਰਕੇ ਉਹ ਮੇਰਾ ਵੀ ਚੰਗਾ ਦੋਸਤ ਸੀ ਅਤੇ ਐਮ.ਏ. ਪੰਜਾਬੀ ਕਰਕੇ ਪਹਿਲਾਂ ਦਿੱਲੀ ਤੇ ਫਿਰ ਚੰਡੀਗੜ੍ਹ ਵਿਚ ਟ੍ਰਿਬਿਊਨ ਵਿਚ ਆ ਕੇ ਉਪ ਸੰਪਾਦਕ ਲੱਗ ਗਿਆ। ਸ਼ਾਇਦ 1980 ਦੀ ਗੱਲ ਹੈ। ਅਚਾਨਕ ਉਹ ਮੈਨੂੰ ਬਟਾਲੇ ਮਿਲਿਆ ਅਤੇ ਕਹਿਣ ਲੱਗਾ, ‘‘ਤੂੰ ਅਰਥ ਸ਼ਾਸਤਰ ਪੜ੍ਹਾਉਂਦਾ ਏਂ, ਇਸ ਬਾਰੇ ਲੇਖ ਲਿਖਿਆ ਕਰ।’’ ਪਰ ਮੈਂ ਉਸ ਦੀ ਗੱਲ ’ਤੇ ਜ਼ਿਆਦਾ ਗ਼ੌਰ ਨਾ ਕੀਤਾ, ਪਰ ਉਸ ਨੇ ਚੰਡੀਗੜ੍ਹ ਜਾ ਕੇ ਫਿਰ ਮੈਨੂੰ ਖ਼ਤ ਲਿਖਿਆ ਕਿ ਤੂੰ ਲੇਖ ਲਿਖ ਕੇ ਮੈਨੂੰ ਭੇਜਿਆ ਕਰ। ਉਸ ਦੀ ਪ੍ਰੇਰਣਾ ਨਾਲ ਮੈਂ ਪਹਿਲਾ ਲੇਖ ਲਿਖਿਆ ਅਤੇ ਉਹ ਛਪ ਗਿਆ। ਲੇਖ ਦੇ ਥੱਲੇ ਮੇਰਾ ਪਤਾ ਦਿੱਤਾ ਹੋਇਆ ਸੀ, ਇਸ ਲਈ ਉਸ ਲੇਖ ਦੀ ਪ੍ਰਸ਼ੰਸਾ ਸਬੰਧੀ ਮੈਨੂੰ ਕਈ ਚਿੱਠੀਆਂ ਆਈਆਂ।
ਇਕ ਦਿਨ ਸਾਡੇ ਪਿੰਡ ਦੇ ਇਕ ਸਤਿਕਾਰਤ ਵਿਅਕਤੀ ਸ੍ਰੀ ਅਮਰਨਾਥ ਜੀ ਦੀ ਲੜਕੀ ਦੀ ਸ਼ਾਦੀ ਸੀ। ਮੈਂ ਉਨ੍ਹਾਂ ਦੇ ਘਰ ਨੂੰ ਜਾ ਰਿਹਾ ਸਾਂ ਤਾਂ ਅੱਗੋਂ ਪਿੰਡ ਦਾ ਡਾਕੀਆ ਸਾਈਕਲ ’ਤੇ ਆਉਂਦਿਆਂ ਮੇਰੇ ਕੋਲ ਖੜ੍ਹ ਗਿਆ ਅਤੇ ਕਹਿਣ ਲੱਗਾ ਕਿ ਮੈਂ ਤਾਂ ਤੁਹਾਡੇ ਵੱਲ ਹੀ ਜਾ ਰਿਹਾ ਸਾਂ। ਮੈਂ ਸੋਚਿਆ ਕਿ ਕੋਈ ਚਿੱਠੀ ਹੋਵੇਗੀ। ਉਨ੍ਹਾਂ ਦਿਨਾਂ ਵਿਚ ਚਿੱਠੀਆਂ ਹੀ ਮੇਲ-ਮਿਲਾਪ ਦਾ ਮੁੱਖ ਸਾਧਨ ਸਨ ਅਤੇ ਇਨ੍ਹਾਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਸੀ। ਉਸ ਨੇ ਮੇਰੇ ਸਾਹਮਣੇ ਇਕ ਮਨੀਆਰਡਰ ਫਾਰਮ ਰੱਖਿਆ ਅਤੇ ਦਸਤਖ਼ਤ ਕਰਨ ਲਈ ਕਿਹਾ। ਮੈਂ ਹੈਰਾਨ ਸਾਂ ਕਿ ਮਨੀਆਰਡਰ ਕਿੱਥੋਂ ਆ ਗਿਆ। ਪਰ ਮਨੀਆਰਡਰ ’ਤੇ ਸੁਨੇਹਾ ਸੀ ਕਿ ਤੁਹਾਡੀ ਫਲਾਣੀ ਤਰੀਕ ਦੀ ਰਚਨਾ ਲਈ ਤੁਹਾਨੂੰ ਸੇਵਾ ਫ਼ਲ ਭੇਜਿਆ ਜਾ ਰਿਹਾ ਹੈ। ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਇਨ੍ਹਾਂ ਰਚਨਾਵਾਂ ਲਈ ਸੇਵਾ ਫ਼ਲ ਵੀ ਮਿਲਦਾ ਹੈ। ਉਹ 25 ਰੁਪਏ ਸੀ ਜੋ ਉਸ ਨੇ ਇਕ ਲਿਫ਼ਾਫ਼ੇ ਵਿਚ ਪਾਏ ਹੋਏ ਸਨ। ਮੈਂ ਉਸ ਕੋਲੋਂ ਉਹ ਲਿਫ਼ਾਫ਼ਾ ਲੈ ਕੇ ਆਪਣੀ ਜੇਬ ਵਿਚ ਪਾ ਲਿਆ। ਲੜਕੀ ਦੇ ਵਿਆਹ ’ਤੇ ਉਸ ਤਰ੍ਹਾਂ ਤਾਂ ਕੁਝ ਸ਼ਗਨ ਦੇਣਾ ਹੀ ਸੀ ਪਰ ਹੁਣ ਤਾਂ ਮੇਰੇ ਕੋਲ ਲਿਫ਼ਾਫ਼ਾ ਵੀ ਆ ਗਿਆ ਸੀ। ਨਹੀਂ ਤਾਂ ਉਸ ਤਰ੍ਹਾਂ ਹੀ ਪੈਸੇ ਦੇਣੇ ਸਨ। ਮੈਂ ਉਹ ਲਿਫ਼ਾਫ਼ਾ ਉਸ ਲੜਕੀ ਨੂੰ ਦੇ ਦਿੱਤਾ।
ਉਸ ਤਰ੍ਹਾਂ ਤਾਂ ਬਾਅਦ ਵਿਚ ਮੈਂ ਬਹੁਤ ਲੋਕਾਂ ਦੇ ਸੰਪਰਕ ਵਿਚ ਆਇਆ ਜਨਿ੍ਹਾਂ ਵਿਚ ਪ੍ਰਸਿੱਧ ਲੇਖਕ ਸ. ਖੁਸ਼ਵੰਤ ਸਿੰਘ ਜਿਹੜੇ ਪਿੱਛੋਂ ਸਰਗੋਧੇ ਨਾਲ ਸਬੰਧਿਤ ਸਨ ਅਤੇ ਇਸ ਕਰਕੇ ਮੇਰੀ ਉਨ੍ਹਾਂ ਨਾਲ ਵਾਕਫ਼ੀ ਬਣੀ ਸੀ। ਸ. ਕਰਤਾਰ ਸਿੰਘ ਦੁੱਗਲ, ਸ੍ਰੀ ਕੁਲਦੀਪ ਨਈਅਰ, ਬਲਬੀਰ ਮਾਧੋਪੁਰੀ, ਸ. ਹਰਚਰਨ ਸਿੰਘ, ਸ. ਜਸਵੰਤ ਸਿੰਘ ਕੰਵਲ ਅਤੇ ਹੋਰ ਬਹੁਤ ਸਾਰੇ ਲੇਖਕਾਂ ਨਾਲ ਗੂੜ੍ਹੀ ਵਾਕਫ਼ੀ ਹੋਈ। ਪਰ ਮੈਨੂੰ ਲਿਖਣ ਦੇ ਰਾਹ ਤੋਰਨ ਲਈ ਨਾ ਮੈਂ ਪ੍ਰੋਫੈਸਰ ਜਸਵੰਤ ਸਿੰਘ ਚਾਵਲਾ ਅਤੇ ਨਾ ਸ. ਸ਼ੰਗਾਰਾ ਸਿੰਘ ਭੁੱਲਰ ਨੂੰ ਭੁੱਲ ਸਕਦਾ ਹਾਂ ਜਨਿ੍ਹਾਂ ਮੈਨੂੰ ਇਸ ਤਰਫ਼ ਤੋਰਿਆ ਸੀ।

Advertisement
Author Image

sukhwinder singh

View all posts

Advertisement