For the best experience, open
https://m.punjabitribuneonline.com
on your mobile browser.
Advertisement

ਸੂਰਜ ਦੇ ਕਿੰਨਾ ਕੁ ਨੇੜੇ ਪੁੱਜ ਸਕੇਗਾ ਭਾਰਤ ਦਾ ਪਹਿਲਾ ਮਿਸ਼ਨ?

07:46 AM Sep 07, 2023 IST
ਸੂਰਜ ਦੇ ਕਿੰਨਾ ਕੁ ਨੇੜੇ ਪੁੱਜ ਸਕੇਗਾ ਭਾਰਤ ਦਾ ਪਹਿਲਾ ਮਿਸ਼ਨ
Advertisement

ਡਾ. ਸੁਰਿੰਦਰ ਕੁਮਾਰ ਜਿੰਦਲ

Advertisement

ਚੰਦਰਯਾਨ-3 ਦੀ ਸਫਲਤਾ ਤੋਂ ਛੇਤੀ ਹੀ ਬਾਅਦ (2 ਹਫ਼ਤੇ ਤੋਂ ਵੀ ਘੱਟ ਸਮੇਂ ਦੇ ਅੰਦਰ-ਅੰਦਰ) ਭਾਰਤ ਨੇ ‘ਅਦਿੱਤਯ-ਐੱਲ 1’ ਨੂੰ ਪੁਲਾੜ ਵਿੱਚ ਭੇਜਣ ਲਈ 2 ਸਤੰਬਰ (2023) ਨੂੰ ਪੀਐੱਸਐੱਲਵੀ-ਸੀ57 ਨਾਮਕ ਰਾਕੇਟ ਦਾਗ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਆਦਿੱਤਯ-ਐੱਲ1 ਸੂਰਜ ਦਾ ਅਧਿਐਨ ਕਰਨ ਵਾਲਾ ਭਾਰਤ ਦਾ ਪਹਿਲਾ ਪੁਲਾੜ-ਸਟੇਸ਼ਨ ਹੋਵੇਗਾ। ਇਹ ਪੁਲਾੜ-ਸਟੇਸ਼ਨ ਉਸੇ ਦਿਨ ਸ਼ਾਮ ਨੂੰ ਪੀਐੱਸਐੱਲਵੀ-ਸੀ57 ਰਾਕਟ ਤੋਂ ਸਫਲਤਾਪੂਰਵਕ ਵੱਖ ਹੋ ਗਿਆ।
ਕੁਝ ਲੋਕ ਸੋਚਦੇ ਹਨ ਕਿ ਇਹ ਸੂਰਜ ਦੇ ਤਲ ਉੱਪਰ ਜਾ ਕੇ ਉਤਰੇਗਾ - ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਚੰਦਰਯਾਨ-3 ਚੰਨ ’ਤੇ ਉਤਰਿਆ ਸੀ। ਤਾਂ ਦੱਸ ਦੇਈਏ ਕਿ ਜਦੋਂ ਇਸ ਪੁਲਾੜ-ਸਟੇਸ਼ਨ ਨੂੰ ਅੰਤਿਮ ਤੌਰ ’ਤੇ ਤਾਇਨਾਤ ਕਰ ਦਿੱਤਾ ਜਾਵੇਗਾ ਤਾਂ ਵੀ ਇਸ ਦੀ ਸੂਰਜ ਤੋਂ ਦੂਰੀ ਲਗਪਗ 14 ਕਰੋੜ 85 ਲੱਖ ਕਿਲੋਮੀਟਰ ਹੋਵੇਗੀ। ਇਹ ਸੂਰਜ ਦੇ ਹੋਰ ਨੇੜੇ ਨਹੀਂ ਜਾਵੇਗਾ। ਇਹ ਦੂਰੀ ਧਰਤੀ ਅਤੇ ਸੂਰਜ ਵਿਚਲੀ ਦੂਰੀ ਦਾ 99 % ਹੋਵੇਗੀ ਭਾਵ ਇਹ ਸੂਰਜ ਤੋਂ ਬਹੁਤ ਦੂਰ ਰਹੇਗਾ।
ਕੋਈ ਵੀ ਯੰਤਰ ਜਾਂ ਕੋਈ ਵੀ ਅਕਾਸ਼ੀ ਪਿੰਡ ਸੂਰਜ ਦੇ ਜ਼ਿਆਦਾ ਨੇੜੇ ਨਹੀਂ ਜਾ ਸਕਦਾ। ਸੂਰਜ ਉੱਤੇ ਉਤਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਸੂਰਜ ਬਲਦੀ ਹੋਈ ਅੱਗ ਦਾ ਗੋਲਾ ਹੈ। ਅਜੇ ਤੱਕ ਮਨੁੱਖ ਅਜਿਹਾ ਕੋਈ ਵੀ ਯੰਤਰ, ਪੁਲਾੜ ਵਾਹਨ ਜਾਂ ਉਪਗ੍ਰਹਿ ਆਦਿ ਨਹੀਂ ਬਣਾ ਸਕਿਆ ਜੋ ਸੂਰਜ ’ਤੇ ਉਤਰ ਸਕੇ। ਸੂਰਜ ਉਪਰ ਉਤਰਨਾ ਅਜੇ ਬਹੁਤ ਦੂਰ ਦੀ ਗੱਲ ਹੈ (ਉਂਜ ਵਿਗਿਆਨ ’ਚ ਕੁਝ ਵੀ ਅਸੰਭਵ ਨਹੀਂ ਮੰਨਿਆ ਜਾਂਦਾ)।
ਸੂਰਜ ਦਾ ਉਹ ਤਲ ਜੋ ਅਸੀਂ ਦੇਖਦੇ ਹਾਂ ਉਸ ਨੂੰ ਫੋਟੋਸਫੀਅਰ ਕਹਿੰਦੇ ਹਨ। ਵਿਗਿਆਨ ਦੀ ਭਾਸ਼ਾ ਵਿੱਚ ਗੱਲ ਕੀਤੀ ਜਾਵੇ ਤਾਂ ਇਹ ਤਲ ਸੂਰਜ ਦੀਆਂ ਬਾਕੀ ਪਰਤਾਂ ਨਾਲੋਂ ਕਾਫ਼ੀ ਠੰਢਾ ਹੈ। ਫਿਰ ਵੀ ਇਸ ਦਾ ਤਾਪਮਾਨ ਸਾਢੇ ਪੰਜ ਹਜ਼ਾਰ ਡਿਗਰੀ ਸੈਲਸੀਅਸ ਹੁੰਦਾ ਹੈ। ਸੂਰਜ ਦੇ ਕੇਂਦਰੀ ਭਾਗ, ਜਿਸ ਨੂੰ ‘ਕੋਰ’ ਕਹਿੰਦੇ ਹਨ, ਦਾ ਤਾਪਮਾਨ ਡੇਢ ਕਰੋੜ ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਇੰਨੇ ਜ਼ਿਆਦਾ ਤਾਪਮਾਨ ਕਾਰਨ ਹੀ ਸੂਰਜ ਵਿੱਚ ਭਿਆਨਕ ਵਿਸਫੋਟਾਂ ਰੂਪੀ ਨਾਭਿਕੀ ਸੰਯੋਜਨ ਕਿਰਿਆਵਾਂ ਹੁੰਦੀਆਂ ਹਨ ਅਤੇ ਇਨ੍ਹਾਂ ਲਗਾਤਾਰ ਹੋ ਰਹੇ ਵਿਸਫੋਟਾਂ ਕਾਰਨ ਹੀ ਸੂਰਜ ਅੱਗ ਦੇ ਇੱਕ ਗੋਲੇ ਦੇ ਰੂਪ ਵਿੱਚ ਚਮਕਦਾ ਹੈ।
ਅਗਲੀ ਗੱਲ ਆਉਂਦੀ ਹੈ ਕਿ ਵਿਗਿਆਨੀਆਂ ਨੂੰ ਸੂਰਜ ਦਾ ਅਧਿਐਨ ਕਰਨ ਲਈ ਇੰਨਾ ਵੱਡਾ ਅਤੇ ਮਹਿੰਗਾ ਉਪਰਾਲਾ ਕਰਨ ਦੀ ਕੀ ਲੋੜ ਸੀ?
ਅਕਾਸ਼ ਵਿੱਚ ਰਾਤ ਵੇਲੇ ਅਸੀਂ ਅਣਗਿਣਤ ਤਾਰਿਆਂ ਨੂੰ ਝਿਲਮਿਲ ਕਰਦੇ ਦੇਖਦੇ ਹਾਂ। ਸੂਰਜ ਵੀ ਬਸ ਅਜਿਹਾ ਹੀ ਇੱਕ ਤਾਰਾ ਹੈ ਪਰ ਇਹ ਰਾਤ ਨੂੰ ਨਹੀਂ ਸਗੋਂ ਦਿਨ ਵੇਲੇ ਦਿਸਦਾ ਹੈ (ਇਸ ਦੇ ਕਾਰਨ ਬਾਰੇ ਚਰਚਾ ਐਥੇ ਨਹੀਂ ਕਰਾਂਗੇ)। ਮੋਟੀ ਜਿਹੀ ਗੱਲ ਇਹ ਹੈ ਕਿ ਸੂਰਜ ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਹੈ (ਹਾਲਾਂਕਿ ਸਾਡੀ ਧਰਤੀ ਸੂਰਜ ਤੋਂ ਪੰਦਰਾਂ ਕਰੋੜ ਕਿਲੋਮੀਟਰ ਦੂਰ ਹੈ)। ਇਸ ਕਾਰਨ ਇਸ ਦਾ ਅਧਿਐਨ ਹੋਰ ਤਾਰਿਆਂ ਨਾਲੋਂ ਵਧੇਰੇ ਸੌਖਿਆਂ ਕੀਤਾ ਜਾ ਸਕਦਾ ਹੈ।
ਸੂਰਜ ਦਾ ਅਧਿਐਨ ਕਰਨ ਨਾਲ ਸਾਨੂੰ ਬ੍ਰਹਿਮੰਡ ਵਿਚਲੇ ਵਰਤਾਰਿਆਂ ਅਤੇ ਹੋਰ ਤਾਰਿਆਂ ਦਾ ਅਧਿਐਨ ਕਰਨ ਵਿੱਚ ਵੀ ਚੋਖੀ ਮਦਦ ਮਿਲੇਗੀ। ਇੰਨਾ ਹੀ ਨਹੀਂ, ਸੂਰਜ ਇੱਕ ਗਤੀਸ਼ੀਲ ਤਾਰਾ ਵੀ ਹੈ। ਸੂਰਜ ਵਿੱਚ ਅਸੀਂ ਜੋ ਕੁਝ ਦੇਖਦੇ ਹਾਂ, ਇਸ ਵਿੱਚ ਅਸਲ ’ਚ ਇਸ ਤੋਂ ਵੀ ਬਹੁਤ ਜ਼ਿਆਦਾ ਕੁਝ ਹੁੰਦਾ ਹੈ। ਸੂਰਜ ਵਿੱਚ ਹੋਣ ਵਾਲੇ ਲਗਾਤਾਰ ਵਿਸਫੋਟਾਂ ਕਾਰਨ ਅੰਤਾਂ ਦੀ ਊਰਜਾ ਇਸ ਵਿੱਚੋਂ ਨਿਕਲ ਕੇ ਪੂਰੇ ਸੂਰਜ ਮੰਡਲ (ਸੂਰਜੀ ਪਰਿਵਾਰ) ਵਿੱਚ ਸਮਾਉਂਦੀ ਰਹਿੰਦੀ ਹੈ।
ਜੇਕਰ ਅਜਿਹੀ ਵਿਸਫੋਟਕ ਸੂਰਜੀ ਕਿਰਿਆ ਕਿਸੇ ਵੀ ਕਾਰਨ ਕਰਕੇ ਧਰਤੀ ਵੱਲ ਸੇਧਿਤ ਹੋ ਜਾਵੇ ਤਾਂ ਇਹ ਧਰਤੀ ਦੇ ਨੇੜਲੇ ਵਾਤਾਵਰਨ ਵਿੱਚ ਬਹੁਤ ਭਿਆਨਕ ਖਲਬਲੀ ਮਚਾ ਸਕਦੀ ਹੈ। ਸਾਡੀਆਂ ਸੰਚਾਰ ਪ੍ਰਣਾਲੀਆਂ ਅਤੇ ਹੋਰ ਪੁਲਾੜੀ ਵਾਹਨ ਇਸ ਕਿਰਿਆ ਨਾਲ ਪ੍ਰਭਾਵਿਤ ਹੋ ਕੇ ਕੁਰਾਹੇ ਪੈ ਸਕਦੇ ਹਨ ਜਿਸ ਕਾਰਨ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਲੀਹੋਂ ਲੱਥ ਸਕਦੀ ਹੈ।
ਇਸ ਲਈ ਅਜਿਹੀ ਸਥਿਤੀ ਦੇ ਵਾਪਰਨ ਦੀ ਹਾਲਤ ਵਿੱਚ ਢੁਕਵੇਂ ਬਚਾਅ ਕਰਨ ਲਈ ਅਜਿਹੀਆਂ ਸਥਿਤੀਆਂ ਦੀ ਭਵਿੱਖਵਾਣੀ ਕਰਨਾ ਬਹੁਤ ਜ਼ਰੂਰੀ ਹੈ ਤੇ ਅਜਿਹਾ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਅਸੀਂ ਸੂਰਜ ਦਾ ਅਧਿਐਨ ਲਗਾਤਾਰ ਜਾਰੀ ਰੱਖੀਏ।
ਇੰਨਾ ਹੀ ਨਹੀਂ, ਜੇਕਰ ਕੋਈ ਪੁਲਾੜ ਯਾਤਰੀ ਕਿਸੇ ਹੋਰ ਮਿਸ਼ਨ ’ਤੇ ਜਾਂਦੇ ਸਮੇਂ ਸੂਰਜ ਦੀਆਂ ਗਾਮਾ ਕਿਰਨਾਂ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਸਕਦੀ ਹੈ। ਇਹ ਕਿਰਨਾਂ ਬੰਦ ਅੱਖਾਂ ਰਾਹੀਂ ਵੀ ਅੰਦਰ ਜਾ ਕੇ ਉਸ ਦੀ ਅੱਖ ਦੇ ਪਰਦੇ ਨੂੰ ਸਾੜ ਕੇ ਉਸ ਨੂੰ ਉਮਰ ਭਰ ਲਈ ਅੰਨ੍ਹਾ ਕਰ ਸਕਦੀਆਂ ਹਨ।
ਅੱਜ ਅਸੀਂ ਆਧੁਨਿਕ ਤਕਨਾਲੋਜੀ ਨੂੰ ਵਰਤਦਿਆਂ ਸੂਰਜ ਦੇ ਬਹੁਤ ਸਾਰੇ ਪ੍ਰਭਾਵਾਂ ਨੂੰ ਵਰਤ ਰਹੇ ਹਾਂ। ਸੈਂਕੜਿਆਂ ਦੀ ਗਿਣਤੀ ਵਿੱਚ ਬਣਾਉਟੀ ਉਪਗ੍ਰਹਿ ਧਰਤੀ ਦੇ ਦੁਆਲੇ ਚੱਕਰ ਲਗਾ ਰਹੇ ਹਨ ਜਿਨ੍ਹਾਂ ਤੋਂ ਵਿਗਿਆਨਕ ਅਤੇ ਵਪਾਰਕ ਬਹੁਤ ਕਿਸਮਾਂ ਦੇ ਲਾਭ ਲਏ ਜਾਂਦੇ ਹਨ।
ਸੂਰਜ ਦੀ ਸਭ ਤੋਂ ਬਾਹਰਲੀ, ਕੋਰੋਨਾ ਨਾਮਕ, ਪਰਤ ਦੇ ਵਿੱਚੋਂ ਨਿਕਲਣ ਵਾਲੀਆਂ ਪੁੰਜ ਦੀਆਂ ਲਪਟਾਂ (ਜੋ ਕਿ ਸੂਰਜ ਲਈ ਓਦਾਂ ਹੀ ਹੁੰਦੀਆਂ ਹਨ ਜਿਵੇਂ ਕਿ ਧਰਤੀ ਲਈ ਭੁਚਾਲ) ਇਨ੍ਹਾਂ ਉਪਕਰਣਾਂ ਦੀ ਕਾਰਜ ਸ਼ੈਲੀ ਉੱਪਰ ਪ੍ਰਭਾਵ ਪਾਉਂਦੀਆਂ ਹਨ। ਕੁਝ ਸੂਰਜੀ ਕਿਰਨਾਂ ਪੁਲਾੜ ਵਿੱਚ ਜਾਣ ਵਾਲੇ ਉਪਗ੍ਰਹਿਆਂ ਦੇ ਅੰਦਰ ਦਾਖਲ ਹੋ ਕੇ ਉਨ੍ਹਾਂ ਅੰਦਰਲੇ ਉਪਕਰਨਾਂ ਨੂੰ ਖਰਾਬ ਕਰ ਸਕਦੀਆਂ ਹਨ। ਇਨ੍ਹਾਂ ਉਪਗ੍ਰਹਿਆਂ ਦੇ ਨੁਕਸਾਨੇ ਜਾਣ ਨਾਲ ਰੇਡੀਓ, ਟੀ.ਵੀ., ਮੋਬਾਈਲ ਫੋਨ, ਇੰਟਰਨੈੱਟ ਆਦਿ ਦੀਆਂ ਸੰਚਾਰ ਪ੍ਰਣਾਲੀਆਂ ਰੁਕ ਜਾਣਗੀਆਂ ਅਤੇ ਅਜਿਹਾ ਹੋਣ ਦੀ ਹਾਲਤ ਵਿੱਚ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ, ਅਸੀਂ ਸਾਰੇ ਭਲੀ-ਭਾਂਤ ਅੰਦਾਜ਼ਾ ਲਗਾ ਸਕਦੇ ਹਾਂ। ਇਨ੍ਹਾਂ ਸਭ ਕਾਰਨਾਂ ਕਰਕੇ ਅੱਜ ਦੇ ਤਕਨਾਲੋਜੀ ਭਰਪੂਰ ਸੰਸਾਰ ਵਿੱਚ ਰਹਿਣ ਖਾਤਰ ਮਨੁੱਖ ਲਈ ਸੂਰਜ ਨਾਲ ਨੇੜਿਓਂ ਸਾਂਝ ਪਾਉਣੀ ਬਹੁਤ ਜ਼ਰੂਰੀ ਹੈ।
ਅਗਲੀ ਗੱਲ ਜੋ ਹਰ ਪਾਠਕ/ਦਰਸ਼ਕ ਦੇ ਮਨ ਵਿੱਚ ਉੱਠਦੀ ਹੈ, ਉਹ ਇਹ ਹੈ ਕਿ ਇਹ ਮਿਸ਼ਨ ਆਪਣੇ ਨਿਸ਼ਾਨੇ ’ਤੇ ਕਦੋਂ ਪੁੱਜੇਗਾ ਅਤੇ ਜੇਕਰ ਇਹ ਮਿਸ਼ਨ ਸੂਰਜ ਦੇ ਤਲ ’ਤੇ ਨਹੀਂ ਉਤਰੇਗਾ ਤਾਂ ਆਖ਼ਰ ਜਾਵੇਗਾ ਜਾਂ ਪੁੱਜੇਗਾ ਕਿੱਥੇ?
ਇਹ ਪੁਲਾੜ-ਸਟੇਸ਼ਨ ਲਾਂਚ ਕਰਨ ਤੋਂ ਬਾਅਦ ਉਸੇ ਦਿਨ ਸ਼ਾਮ ਨੂੰ ਪੀਐੱਸਐੱਲਵੀ-ਸੀ57 ਰਾਕੇਟ ਤੋਂ ਸਫਲਤਾਪੂਰਵਕ ਵੱਖ ਹੋ ਗਿਆ। ਇਸ ਪੁਲਾੜੀ ਵਾਹਨ ਨੂੰ ਆਪਣੇ ਨਿਸ਼ਾਨੇ ’ਤੇ ਪੁੱਜਣ ਲਈ ਤਕਰੀਬਨ 4 ਮਹੀਨੇ ਦਾ ਸਫ਼ਰ ਕਰਨਾ ਪਵੇਗਾ। ਉਸ ਉਪਰੰਤ ਇਸ ਨੂੰ ਧਰਤੀ ਅਤੇ ਸੂਰਜ ਦੇ ਵਿਚਾਲੜੇ ‘ਲਗਰੇਂਜ ਪੁਆਇੰਟ 1’ ਭਾਵ ‘ਐੱਲ ਇੱਕ’ ਨੇੜੇ ਸਥਾਪਤ ਕੀਤਾ ਜਾਵੇਗਾ। ਫਿਰ ਇਹ ਇਸ ‘ਲਗਰੇਂਜ ਪੁਆਇੰਟ 1’ ਭਾਵ ‘ਐੱਲ ਇੱਕ’ ਦੁਆਲੇ ਇੱਕ ਵਿਸ਼ੇਸ਼ ਚੱਕਰ, ਜਿਸ ਨੂੰ ‘ਹੈਲੋ ਆਰਬਿਟ’ ਕਹਿੰਦੇ ਹਨ, ਵਿੱਚ ਘੁੰਮਣਾ ਸ਼ੁਰੂ ਕਰ ਦੇਵੇਗਾ।
ਇਸ ਪੁਲਾੜ-ਸਟੇਸ਼ਨ ਦੀ ਇਸੇ ਮੰਜ਼ਿਲ ਅਤੇ ਉਦੇਸ਼ ਕਾਰਨ ਇਸ ਦਾ ਨਾਮ ‘ਅਦਿੱਤਯ-ਐੱਲ ਇੱਕ’ ਰੱਖਿਆ ਗਿਆ ਹੈ। ਅਦਿੱਤਯ ਹਿੰਦੀ ਭਾਸ਼ਾ ਦਾ ਇੱਕ ਸ਼ਬਦ ਹੈ ਜਿਸ ਦਾ ਅਰਥ ਹੈ ਸੂਰਜ। ‘ਐੱਲ ਇੱਕ’ ਇਸ ਦੀ ਮੰਜ਼ਿਲ ਹੈ ਜਿੱਥੇ ਰਹਿ ਕੇ ਇਹ ਸੂਰਜ ਬਾਰੇ ਅੰਕੜੇ ਇਕੱਠੇ ਕਰਕੇ ਨਾਲੋ-ਨਾਲ ਉਨ੍ਹਾਂ ਅੰਕੜਿਆਂ ਦਾ ਅਧਿਐਨ ਕਰੇਗਾ।
ਹੁਣ ਗੱਲ ਕਰਦੇ ਹਾਂ ‘ਲਗਰੇਂਜ ਪੁਆਇੰਟ ’ ਦੀ। ਜੇਕਰ ਕੋਈ ਵੀ ਦੋ ਅਕਾਸ਼ੀ ਪਿੰਡ, ਜਿਸ ਤਰ੍ਹਾਂ ਕਿ ਸੂਰਜ ਅਤੇ ਧਰਤੀ ਜਾਂ ਚੰਦਰਮਾ ਅਤੇ ਧਰਤੀ, ਲੈ ਲਈਏ ਤਾਂ ਉਨ੍ਹਾਂ ਦੇ ਵਿਚਕਾਰ ਅਜਿਹੇ ਕੁਝ ਬਿੰਦੂ ਹੁੰਦੇ ਹਨ ਜਿੱਥੇ ਦੋਵੇਂ ਪੁਲਾੜੀ ਪਿੰਡਾਂ ਦੀ ਗੁਰੂਤਾ ਖਿੱਚ ਇਕਸਾਰ ਹੁੰਦੀ ਹੈ ਅਤੇ ਉਹ ਇੱਕ ਦੂਜੇ ਨੂੰ ਖ਼ਤਮ ਕਰ ਦਿੰਦੀ ਹੈ। ਇਸ ਕਾਰਨ ਦੋਵੇਂ ਅਕਾਸ਼ੀ ਪਿੰਡਾਂ ਵਿੱਚੋਂ ਕਿਸੇ ਦੀ ਵੀ ਖਿੱਚ ਉੱਥੇ ਸਥਿਤ ਉਪਗ੍ਰਹਿ ਆਦਿ ਉੱਪਰ ਕੰਮ ਨਹੀਂ ਕਰਦੀ। ਕਿਸੇ ਵੀ ਦੋ ਅਕਾਸ਼ੀ ਪਿੰਡਾਂ ਵਿਚਕਾਰ ਅਜਿਹੇ ਪੰਜ ‘ਲਗਰੇਂਜ’ ਬਿੰਦੂ ਹੁੰਦੇ ਹਨ ਜਿਨ੍ਹਾਂ ਨੂੰ ਐੱਲ 1, ਐੱਲ 2, ਐੱਲ 3, ਐੱਲ 4, ਅਤੇ ਐੱਲ 5 ਕਹਿੰਦੇ ਹਨ।
‘ਲਗਰੇਂਜ’ ਬਿੰਦੂ ਐੱਲ 1 ਸੂਰਜ ਅਤੇ ਧਰਤੀ ਵਿਚਲੀ ਰੇਖਾ ’ਤੇ ਹੁੰਦਾ ਹੈ। ਅਜਿਹੀ ਥਾਂ ਉੱਤੇ ਇਸ ਪੁਲਾੜ-ਸਟੇਸ਼ਨ ਨੂੰ ਰੱਖਣ ਦਾ ਫ਼ਾਇਦਾ ਇਹ ਹੋਵੇਗਾ ਕਿ ਉਹ ਬਿਨਾਂ ਕਿਸੇ ਰੁਕਾਵਟ ਦੇ ਸੂਰਜ ਦਾ ਅਧਿਐਨ ਲਗਾਤਾਰ ਕਰਦਾ ਰਹੇਗਾ - ਗ੍ਰਹਿਣਾਂ ਆਦਿ ਦੇ ਸਮੇਂ ਵੀ। ਇਸ ਪੁਲਾੜ ਯਾਨ ਵਿਚ ਸੱਤ ‘ਪੇਅਲੋਡ’ ਹਨ ਜੋ ਕਿ ਸੂਰਜ ਦੇ ਫੋਟੋਸਫੀਅਰ, ਕਰੋਮੋਸੋਮ ਤੇ ਸਭ ਤੋਂ ਬਾਹਰਲੀ ਪਰਤ, ਜਿਸ ਨੂੰ ਕਰੋਨਾ ਕਹਿੰਦੇ ਹਨ, ਉੱਤੇ ਨਜ਼ਰ ਰੱਖਣਗੇ। ਇਸ ਕੰਮ ਲਈ ਸੂਰਜ ਤੋਂ ਨਿਕਲਣ ਵਾਲੀਆਂ ਬਿਜਲ-ਚੁੰਬਕੀ ਤਰੰਗਾਂ ਅਤੇ ਕਣਾਂ ਦੀ ਸੂਹ ਲਗਾਉਣ ਵਾਲੇ ਡਿਟੈਕਟਰਾਂ ਦੀ ਮਦਦ ਲਈ ਜਾਵੇਗੀ।
ਇਸ ਪੁਲਾੜਯਾਨ ਦੇ ਸੱਤਾਂ ’ਚੋਂ 4 ‘ਪੇਅਲੋਡ’ ਸਿੱਧੇ-ਸਿੱਧੇ ਸੂਰਜ ਉੱਤੇ ਨਜ਼ਰ ਰੱਖਣਗੇ ਜਦੋਂਕਿ ਬਾਕੀ ਦੇ ਤਿੰਨ ‘ਪੇਅਲੋਡ’ ਆਪਣੇ ਚਾਰ ‘ਭਰਾਵਾਂ’ ਤੋਂ ਪ੍ਰਾਪਤ ਹੋਏ ਅੰਕੜਿਆਂ ਨੂੰ ਵਰਤ ਕੇ ਬਿਜਲ-ਚੁੰਬਕੀ ਤਰੰਗਾਂ ਅਤੇ ਉਪਲਬਧ ਕਣਾਂ ਦਾ ਅਧਿਐਨ ਉੱਥੇ ਹੀ ਕਰਨਗੇ। ਇਸ ਪੁਲਾੜੀ ਵਾਹਨ ਦੇ ਮੁੱਖ ਉਦੇਸ਼ ਇਸ ਤਰ੍ਹਾਂ ਹੋਣਗੇ:
* ਸੂਰਜੀ ਵਾਤਾਵਰਨ ਦੇ ਉਪਰਲੇ ਭਾਗ, ਭਾਵ ਕ੍ਰੋਮੋਸਫੀਅਰ ਅਤੇ ਕੋਰੋਨਾ, ਵਿੱਚ ਆਉਣ ਵਾਲੀਆਂ ਤਬਦੀਲੀਆਂ ਦਾ ਅਧਿਐਨ ਕਰਨਾ।
* ਸੂਰਜੀ ਵਾਤਾਵਰਨ ਦੇ ਉਪਰਲੇ ਭਾਗ ਦੇ ਗਰਮ ਹੋਣ ਦਾ ਅਧਿਐਨ ਕਰਨਾ ਤੇ ਅੰਸ਼ਕ ਰੂਪ ਨਾਲ ਆਇਨੀਕ੍ਰਿਤ ਪਲਾਜ਼ਮਾ ਦਾ ਅਧਿਐਨ ਕਰਨਾ।
* ਉਨ੍ਹਾਂ ਕਿਰਿਆਵਾਂ ਦਾ ਪਤਾ ਲਾਉਣਾ ਜੋ ਕਿ ਇੱਕ ਤੋਂ ਵੱਧ ਪਰਤਾਂ ਦੇ ਵਿੱਚ ਹੁੰਦੀਆਂ ਹਨ ਅਤੇ ਜਿਨ੍ਹਾਂ ਨਾਲ ਆਖ਼ਰਕਾਰ ਸੂਰਜ ਵਿੱਚੋਂ ਨਿਕਲਣ ਵਾਲੀਆਂ ਹਵਾਵਾਂ ਯਾਨੀ ਕਿ ਅੱਗ ਦੀਆਂ ਲਪਟਾਂ ਬਣਦੀਆਂ ਹਨ।
* ਸੂਰਜ ਦੀ ਬਾਹਰਲੀ ਪਰਤ ਦੇ ਵਿਚਲੇ ਚੁੰਬਕੀ ਖੇਤਰ ਦਾ ਅਧਿਐਨ ਕਰਨਾ।
ਆਓ, ਆਪਾਂ ਸਾਰੇ ਰਲ-ਮਿਲ ਕੇ ਉਮੀਦ ਕਰੀਏ ਕਿ ਇਸ ਪੁਲਾੜੀ ਵਾਹਨ ਦਾ ਚਾਰ ਮਹੀਨਿਆਂ ਦਾ ਇਹ ਲੰਬਾ ਸਫ਼ਰ ਕਾਮਯਾਬ ਰਹੇ ਅਤੇ ਉਸ ਉਪਰੰਤ ਇਹ ਐੱਲ 1 ਬਿੰਦੂ ਉੱਤੇ ਸੂਰਜ ਦੇ ਨਾਲ ਘੁੰਮਦਾ ਹੋਇਆ ਸਫ਼ਲ ਗਣਨਾਵਾਂ ਕਰੇ ਤਾਂ ਜੋ ਮਨੁੱਖਤਾ ਨੂੰ ਹੋਰ ਅਗਾਂਹ ਲੈ ਕੇ ਜਾਣ ਦਾ ਰਾਹ ਪੱਧਰਾ ਹੋ ਸਕੇ।
ਸੰਪਰਕ: 98761-35823

Advertisement

Advertisement
Author Image

sukhwinder singh

View all posts

Advertisement