ਆਪਣੇ-ਆਪ ’ਚ ਜਾਂਚ ਦਾ ਹਿੱਸਾ ਕਿਵੇਂ ਬਣ ਸਕਦੀ ਹੈ ਸਰਕਾਰ: ਕਾਂਗਰਸ
ਨਵੀਂ ਦਿੱਲੀ, 30 ਨਵੰਬਰ
ਕਾਂਗਰਸ ਨੇ ਅਡਾਨੀ ਸਮੂਹ ਬਾਰੇ ਵਿਦੇਸ਼ ਮੰਤਰਾਲੇ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਅੱਜ ਵਿਅੰਗ ਕੀਤਾ ਕਿ ਸਰਕਾਰ ਆਪਣੇ ਆਪ ਵਿੱਚ ਜਾਂਚ ਦਾ ਹਿੱਸਾ ਕਿਵੇਂ ਬਣ ਸਕਦੀ ਹੈ। ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ ਸੀ ਕਿ ਭਾਰਤ ਸਰਕਾਰ ਕਿਸੇ ਵੀ ਤਰ੍ਹਾਂ ਅਡਾਨੀ ਸਮੂਹ ਖ਼ਿਲਾਫ਼ ਅਮਰੀਕੀ ਜਾਂਚ ਦਾ ਹਿੱਸਾ ਨਹੀਂ ਹੈ। ਅਮਰੀਕਾ ਵਿੱਚ ਉਦਯੋਗਪਤੀ ਖ਼ਿਲਾਫ਼ ਸਰਕਾਰੀ ਵਕੀਲਾਂ ਵੱਲੋਂ ਧੋਖਾਧੜੀ ਦੇ ਦੋਸ਼ ਲਾਉਣ ਤੋਂ ਬਾਅਦ ਆਪਣੀ ਪਹਿਲੀ ਰਸਮੀ ਪ੍ਰਕਿਰਿਆ ਵਿੱਚ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਸਹਿਯੋਗ ਲਈ ਭਾਰਤ ਨੂੰ ਹਾਲੇ ਕੋਈ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਭਾਰਤ ਸਰਕਾਰ ਕਿਸੇ ਵੀ ਤਰ੍ਹਾਂ ਇਸ ਮਾਮਲੇ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ ਸੀ, ‘‘ਇਹ ਨਿੱਜੀ ਕੰਪਨੀਆਂ ਤੇ ਵਿਅਕਤੀਆਂ ਅਤੇ ਅਮਰੀਕੀ ਨਿਆਂ ਵਿਭਾਗ ਨਾਲ ਜੁੜਿਆ ਕਾਨੂੰਨੀ ਮਾਮਲਾ ਹੈ। ਅਜਿਹੇ ਮਾਮਲਿਆਂ ਵਿੱਚ ਸਥਾਪਤ ਪ੍ਰਕਿਰਿਆਵਾਂ ਅਤੇ ਕਾਨੂੰਨੀ ਤਰੀਕੇ ਹਨ, ਸਾਡਾ ਮੰਨਣਾ ਹੈ ਕਿ ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ।’’
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ‘ਐਕਸ’ ਉੱਤੇ ਪੋਸਟ ਵਿੱਚ ਕਿਹਾ, ‘‘ਵਿਦੇਸ਼ ਮੰਤਰਾਲੇ ਦੇ ਤਰਜਮਾਨ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਅਡਾਨੀ ਸਮੂਹ ਦੀ ਅਮਰੀਕੀ ਜਾਂਚ ਦਾ ਹਿੱਸਾ ਨਹੀਂ ਹੈ। ਉਨ੍ਹਾਂ ਨੇ ਤਾਂ ਬੱਸ ਸਪੱਸ਼ਟ ਗੱਲ ਕਹੀ ਹੈ।’’ -ਪੀਟੀਆਈ