ਕਿਸਾਨਾਂ ਤੇ ਨੌਜਵਾਨਾਂ ਦੀ ਖੁਸ਼ਹਾਲੀ ਤੋਂ ਬਿਨਾਂ ਭਾਰਤ ਕਿਵੇਂ ਵਿਕਸਤ ਹੋ ਸਕਦੈ: ਅਖਿਲੇਸ਼
ਲਖਨਊ, 7 ਜਨਵਰੀ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਇੱਥੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਕਿਸਾਨਾਂ ਅਤੇ ਨੌਜਵਾਨਾਂ ਦੀ ਖੁਸ਼ਹਾਲੀ ਤੋਂ ਬਿਨਾਂ ਭਾਰਤ ਕਿਵੇਂ ਵਿਕਸਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ‘ਵਿਕਸਤ ਭਾਰਤ’ ਦਾ ਸੁਫ਼ਨਾ ਵੇਚ ਰਹੀ ਹੈ ਪਰ ਕਿਸਾਨਾਂ ਅਤੇ ਨੌਜਵਾਨਾਂ ਦੇ ਮੁੱਦਿਆਂ ’ਤੇ ਚੁੱਪ ਹੈ। ਸਮਾਜਵਾਦੀ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਖਿਲੇਸ਼ ਯਾਦਵ ਨੇ ਕਿਹਾ, ‘‘ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਕੀ ਕਿਸਾਨਾਂ ਦੀ ਖੁਸ਼ਹਾਲੀ ਤੋਂ ਬਿਨਾਂ ਭਾਰਤ ਵਿਕਸਤ ਹੋ ਸਕਦਾ ਹੈ? ਕੀ ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਬਾਰੇ ਗੱਲ ਕੀਤੀ ਹੈ? ਕੀ ਉਹ ‘ਵਿਕਸਤ ਭਾਰਤ’ ਦਾ ਹਿੱਸਾ ਹਨ?’’ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਨ੍ਹਾਂ ਸਵਾਲਾਂ ਤੋਂ ਬਚਣ ਲਈ ਧਰਮ ਦਾ ਸਹਾਰਾ ਲੈਣਾ ਪੈਂਦਾ ਹੈ। -ਪੀਟੀਆਈ
ਅਖਿਲੇਸ਼ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ: ਮਾਇਆਵਤੀ
ਲਖਨਊ: ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਇੱਥੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਉਸ ਬਿਆਨ ’ਤੇ ਮੋੜਵਾਂ ਜਵਾਬ ਦਿੱਤਾ, ਜਿਸ ਵਿੱਚ ਉਨ੍ਹਾਂ ਬਸਪਾ ਦੀ ਭਰੋਸੇਯੋਗਤਾ ’ਤੇ ਸਵਾਲ ਚੁੱਕੇ ਸੀ। ਮਾਇਆਵਤੀ ਨੇ ਕਿਹਾ ਕਿ ਬਸਪਾ ’ਤੇ ਬੇਬੁਨਿਆਦ ਦੋਸ਼ ਲਾਉਣ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਮੁਖੀ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਕਿ ਭਾਜਪਾ ਨੂੰ ਅੱਗੇ ਲਿਆਉਣ ਅਤੇ ਮੇਲ-ਜੋਲ ਕਰਨ ਵਿੱਚ ਉਨ੍ਹਾਂ ਦਾ ਕਿੰਨਾ ਹੱਥ ਹੈ। ਅਖਿਲੇਸ਼ ਨੇ ਸ਼ਨਿਚਰਵਾਰ ਨੂੰ ਮਾਇਆਵਤੀ ਦੇ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਹੋਣ ’ਤੇ ਗੱਠਜੋੜ ਦੇ ਮਜ਼ਬੂਤ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ‘ਮਾਇਆਵਤੀ ’ਤੇ ਭਰੋਸੇ ਦੇ ਸੰਕਟ’ ਬਾਰੇ ਗੱਲ ਕਹੀ ਸੀ। -ਪੀਟੀਆਈ