For the best experience, open
https://m.punjabitribuneonline.com
on your mobile browser.
Advertisement

ਮੋਟੇ ਅਨਾਜ ਦੀ ਵਰਤੋਂ ਸਿਹਤ ਲਈ ਕਿੰਨੀ ਲਾਹੇਵੰਦ

08:29 AM Dec 18, 2023 IST
ਮੋਟੇ ਅਨਾਜ ਦੀ ਵਰਤੋਂ ਸਿਹਤ ਲਈ ਕਿੰਨੀ ਲਾਹੇਵੰਦ
Advertisement

ਡਾ. ਅਮਨਪ੍ਰੀਤ ਸਿੰਘ ਬਰਾੜ

ਮਿਲਟਸ ਨੂੰ ਭਾਰਤ ਵਿਚ ਮੋਟੇ ਅਨਾਜ ਵੀ ਕਿਹਾ ਜਾਂਦਾ ਹੈ। ਮੁੱਖ ਤੌਰ ’ਤੇ ਤਿੰਨ ਤਰ੍ਹਾਂ ਦੇ ਮੋਟੇ ਅਨਾਜ ਜ਼ਿਆਦਾ ਪ੍ਰਚੱਲਤ ਹਨ, ਉੱਤਰੀ ਭਾਰਤ ਵਿਚ ਬਾਜਰਾ ਅਤੇ ਦੱਖਣ ਵਿਚ ਜਵਾਰ ਅਤੇ ਰਾਗੀ। ਇਨ੍ਹਾਂ ਅਨਾਜਾਂ ਦਾ ਭਾਰਤੀਆਂ ਦੀ ਖ਼ੁਰਾਕ ਵਿਚ ਯੋਗਦਾਨ ਹਰੀਕ੍ਰਾਂਤੀ ਤੋਂ ਪਹਿਲਾਂ 20 ਫ਼ੀਸਦੀ ਸੀ। ਇਸ ਦਾ ਕਾਰਨ ਸੀ ਕਿ ਇਹ ਅਨਾਜ ਘੱਟ ਉਪਜਾਊ ਜ਼ਮੀਨ ਵਿਚ ਅਤੇ ਘੱਟ ਪਾਣੀ ਨਾਲ ਹੋ ਜਾਂਦੇ ਸਨ। ਉਸ ਵੇਲੇ ਕਣਕ ਤੇ ਚੌਲਾਂ ਦੀ ਪੈਦਾਵਾਰ ਘੱਟ ਸੀ ਅਤੇ ਇਹ ਦੋਵੇਂ ਅਨਾਜ ਮਹਿੰਗੇ ਸਨ। ਕੁਝ ਸਵਾਦ ਵਜੋਂ ਕੁਝ ਮਜਬੂਰੀਵੱਸ ਮੋਟੇ ਅਨਾਜਾਂ ਦੀ ਵਰਤੋਂ ਕਰਦੇ ਸਨ। ਮੋਟੇ ਅਨਾਜਾਂ ਦਾ ਖ਼ੁਰਾਕ ਵਿਚ ਯੋਗਦਾਨ ਹੁਣ ਸਿਰਫ਼ 6 ਫ਼ੀਸਦੀ ਰਹਿ ਗਿਆ ਹੈ। ਖ਼ੁਰਾਕ ਪੱਖੋਂ ਮੋਟੇ ਅਨਾਜ ਕਣਕ ਅਤੇ ਚੌਲਾਂ ਨਾਲੋਂ ਜ਼ਿਆਦਾ ਤਾਕਤਵਰ ਗਿਣੇ ਜਾਂਦੇ ਹਨ। ਇਸ ਕਰ ਕੇ 2018 ਵਿਚ ਭਾਰਤ ਸਰਕਾਰ ਨੇ ਇਨ੍ਹਾਂ ਨੂੰ ਮਿਲਟਸ ਦੀ ਬਜਾਇ ਨਿਊਟਰੀ ਮਿਲਟਸ ਕਹਿਣਾ ਸ਼ੁਰੂ ਕਰ ਦਿੱਤਾ।
ਭਾਰਤ ਨੇ ਸੰਯੁੁਕਤ ਰਾਸ਼ਟਰ ਜਨਰਲ ਅਸੈਂਬਲੀ ਵਿਚ ਸਾਲ 2023 ਨੂੰ ਮਿਲਟਸ ਦਾ ਕੌਮਾਂਤਰੀ ਸਾਲ ਮਨਾਉਣ ਲਈ ਮਤਾ ਰੱਖਿਆ ਸੀ। ਪਿਛਲੇ ਸਾਲ ਦਸੰਬਰ 2022 ਨੂੰ ਫੂਡ ਅਤੇ ਐਗਰੀਕਲਚਰ ਆਰਗੇਨਾਈਜੇਸ਼ਨ (ਐਫਏਓ) ਨੇ ਕੌਮਾਂਤਰੀ ਮਿਲਟ ਸਾਲ 2023 ਦਾ ਰੋਮ ਵਿਚ ਆਗਾਜ਼ ਕੀਤਾ।
ਪਿਛੋਕੜ: ਕੁਝ ਲੋਕਾਂ ਨੂੰ ਖ਼ਾਸਕਰ ਨਵੀਂ ਪੀੜ੍ਹੀ ਨੂੰ ਇਹ ਨਵਾਂ ਪਦਾਰਥ ਲਗਦਾ ਹੈ। ਭਾਰਤ ਵਿਚ ਮਿਲਟਸ ਦੀ ਸ਼ੁਰੂਆਤ 2500-2000 ਈਸ ਪੂਰਵ ਵਿਚ ਕੋਰੀਅਨ ਪੈਨੀਸੂਏਲਾ ਤੋਂ ਮੰਨੀ ਜਾਂਦੀ ਹੈ। ਭਾਰਤ ਦੇ ਯਜੁਰਵੇਦ ਗ੍ਰੰਥ ਵਿਚ ਵੀ ਇਸ ਦਾ ਜ਼ਿਕਰ ਮਿਲ ਜਾਂਦਾ ਹੈ ਪਰ ਹੌਲੀ ਹੌਲੀ ਜਿਵੇਂ ਲੋਕਾਂ ਨੇ ਕਣਕ ਤੇ ਚੌਲਾਂ ਦਾ ਸਵਾਦ ਵੇਖਿਆ ਜੋ ਉਹ ਖਾਣ ਵਿਚ ਇਨ੍ਹਾਂ ਤੋਂ ਸੌਖੇ ਸਨ। ਮਿਲਟਸ ਖਾਣ ਵਿਚ ਖਰਵੇਂ ਹਨ ਤਾਂ ਉਨ੍ਹਾਂ ਨੇ ਇਸ ਦਾ ਬਦਲ ਕੀਤਾ।
ਮਿਲਟਸ ਦੀ ਪੈਦਾਵਾਰ ਘਟਣ ਦੇ ਕਾਰਨ: ਦੇਸ਼ ਨੂੰ ਖ਼ੁਰਾਕੀ ਸੁਰੱਖਿਆ ਵੱਲ ਲਿਜਾਣ ਵਾਸਤੇ ਸਰਕਾਰ ਨੇ ਕਣਕ ਅਤੇ ਝੋਨੇ ਦੀਆਂ ਕਿਸਮਾਂ ’ਤੇ ਜ਼ੋਰ ਦਿੱਤਾ। ਉਧਰ ਮਿਲਟਸ ਭਾਵ ਬਾਜਰਾ ਜਾਂ ਜਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਝਾੜ ਕਾਫ਼ੀ ਘੱਟ ਸੀ। ਅੱਜ ਵੀ ਨਵੀਆਂ ਹਾਈਬ੍ਰਿਡ ਕਿਸਮਾਂ ਦਾ ਸੰਭਾਵਿਤ ਵੱਧ ਤੋਂ ਵੱਧ ਝਾੜ 16-17 ਕਇੰਟਲ ਪ੍ਰਤੀ ਏਕੜ ਹੈ। ਦੂਜੇ ਪਾਸੇ ਝੋਨੇ ਦਾ ਝਾੜ ਤਕਰੀਬਨ 32 ਕੁਇੰਟਲ ਦੇ ਨੇੜੇ ਹੈ। ਮੋਟੇ ਅਨਾਜ ਪੈਦਾ ਕਰਨ ’ਚ ਭਾਰਤ 19 ਫ਼ੀਸਦੀ ਨਾਲ ਪਹਿਲੇ ਨੰਬਰ ’ਤੇ ਆਉਂਦਾ ਹੈ। ਭਾਰਤ ’ਚ ਕੁੱਲ ਮੋਟੇ ਅਨਾਜ ’ਚ ਬਾਜਰਾ 60 ਫ਼ੀਸਦੀ, ਜਵਾਰ 27 ਤੇ ਰਾਗੀ 11 ਫ਼ੀਸਦੀ ਹੁੰਦਾ ਹੈ।
ਪੌਸ਼ਟਿਕਤਾ ਦੇ ਲਿਹਾਜ਼ ਤੋਂ: ਪੌਸ਼ਟਿਕਤਾ ਦੇ ਲਿਹਾਜ਼ ਤੋਂ ਦੇਖੀਏ ਤਾਂ ਕਿਸੇ ਵੀ ਅਨਾਜ ਦਾ ਸਾਰਾ ਹਿੱਸਾ ਖਾਓ, ਉਹ ਹਾਨੀਕਾਰਕ ਨਹੀਂ ਹੈ। ਜੇ ਉਸ ਨੂੰ ਪ੍ਰਾਸੈੱਸ ਕਰਦੇ ਜਾਓ ਤਾਂ ਗੁਣਵੱਤਾ ਵਿਚ ਫ਼ਰਕ ਪੈਂਦਾ ਹੈ।
ਮੋਟੇ ਤੌਰ ’ਤੇ ਦੇਖੀਏ ਤਾਂ ਸਾਰੇ ਅਨਾਜਾਂ ਵਿਚ ਤਾਕਤ (Energy) ਤਕਰੀਬਨ ਇਕੋ ਜਿਹੀ ਹੈ। (4 ਫ਼ੀਸਦੀ) ਪ੍ਰੋਟੀਨ ਅਤੇ ਫਾਈਬਰ ਦੇ ਲਿਹਾਜ਼ ਨਾਲ ਕਣਕ ਤੇ ਬਾਜਰਾ ਤਕਰੀਬਨ ਨੇੜੇ-ਤੇੜੇ ਹਨ। ਚੌਲਾਂ ਵਿਚ ਪ੍ਰੋਟੀਨ ਅਤੇ ਫਾਈਬਰ ਦੋਵੇਂ ਹੀ ਘੱਟ ਹਨ। ਖ਼ੁਰਾਕੀ ਤੱਤ ਕਣਕ ਨਾਲੋਂ ਮੱਕੀ ਵਿਚ ਵੀ ਘੱਟ ਹਨ ਪਰ ਬਾਜਰੇ ਵਿਚ ਜ਼ਿਆਦਾ ਹਨ। ਇਸੇ ਤਰ੍ਹਾਂ ਬਾਜਰੇ ਵਿਚ ਮਿਨਰਲ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਆਇਰਨ, ਜ਼ਿੰਕ, ਮੈਗਨੀਜ਼, ਕਾਪਰ ਵੀ ਜ਼ਿਆਦਾ ਹਨ ਪਰ ਦੂਜੇ ਪਾਸੇ ਬਾਜਰੇ ਵਿਚ ਫਾਈਟਿਕ ਐਸਿਡ, ਫੀਨੋਲਜ਼ ਅਤੇ ਕਰੂਡ ਫਾਈਬਰ ਜ਼ਿਆਦਾ ਹੋਣ ਕਰ ਕੇ ਉਪਰੋਕਤ ਮਿਨਰਲ ਖਾਣ ਵਾਲੇ ਦਾ ਸਰੀਰ ਇਨ੍ਹਾਂ ਮਿਨਰਲ ਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਕਰ ਸਕਦਾ। ਜਿਹੜਾ ਖਾਰੀ ਅੰਗ (pH) ਅੰਤੜੀਆਂ ਵਿਚ ਹੁੰਦਾ ਹੈ, ਇਹ ਉਸ pH ’ਤੇ ਘੁਲਦੇ ਨਹੀਂ ਅਤੇ ਬਿਨਾਂ ਹਜ਼ਮ ਹੋਏ ਬਾਹਰ ਨਿਕਲ ਜਾਂਦੇ ਹਨ। ਇਨ੍ਹਾਂ ਤੱਤਾਂ ਦੀ ਘੁਲਣਸ਼ੀਲਤਾ ਵਧਾਉਣ ਲਈ ਭਿਆਉਣ, ਭੁੰਗਰਾਉਣ ਅਤੇ ਖਮੀਰਨ ਤਰੀਕੇ ਵਰਤੇ ਜਾ ਸਕਦੇ ਹਨ। ਵਪਾਰਕ ਪੱਧਰ ’ਤੇ ਹੋਰ ਵੀ ਤਰੀਕੇ ਹਨ ਜਿਵੇਂ ਬਲੈਚਿੰਗ ਆਦਿ।
ਬਾਜਰੇ ਵਿਚ ਵਿਟਾਮਿਨ ‘ਏ’ ਬਾਕੀ ਦਾਣਿਆਂ ਨਾਲੋਂ ਜ਼ਿਆਦਾ ਹੁੰਦਾ ਹੈ ਪਰ ਵਿਟਾਮਿਨ ‘ਬੀ’ ਅਤੇ ‘ਸੀ’ ਘੱਟ ਹੁੰਦੇ ਹਨ। ਬਾਜਰੇ ਵਿਚ ਨਿਆਸਿਨ (ਨਿਕੋਟਿਨਕ ਐਸਿਡ) ਹੁੰਦੀ ਹੈ ਜੋ ਟਰਿਪਟੋਫੇਨ ਨਾਲ ਮਿਲ ਕੇ ਵਿਟਾਮਿਨ ‘ਬੀ3’ ਬਣਾਉਂਦਾ ਹੈ ਜਿਸ ਕਾਰਨ ਚਮੜੀ ਤੇ ਧੱਬੇ ਅਤੇ ਮੂੰਹ ਵਿਚ ਛਾਲੇ ਨਹੀਂ ਬਣਦੇ।
ਖ਼ੁਰਾਕੀ ਫਾਈਬਰ: ਫਾਈਬਰ ਮੁੱਖ ਤੌਰ ’ਤੇ ਕਾਰਬੋਹਾਈਡਰੇਟ ਦਾ ਹਿੱਸਾ ਹੀ ਹਨ ਪਰ ਇਹ ਪਚਦੇ ਨਹੀਂ ਭਾਵ ਇਹ ਟੁੱਟ ਕੇ ਗਲੂਕੋਜ਼ ਬਣ ਕੇ ਸਰੀਰ ਨੂੰ ਤਾਕਤ ਨਹੀਂ ਦਿੰਦੇ। ਹਰ ਬਾਲਗ ਇਨਸਾਨ ਲਈ ਰੋਜ਼ ਦਾ 25 ਤੋਂ 35 ਗ੍ਰਾਮ ਫਾਈਬਰ ਭੋਜਨ ਵਿਚ ਜ਼ਰੂਰੀ ਹੈ। ਫਾਈਬਰ ਅਨਾਜ ਤੋਂ ਇਲਾਵਾ ਫਲਾਂ ਅਤੇ ਹਰੀਆਂ ਸਬਜ਼ੀਆਂ ਵਿਚ ਵੀ ਹੁੰਦਾ ਹੈ। ਫਾਈਬਰ ਅੱਗੇ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਘੁਲਣਸ਼ੀਲ ਜਿਹੜਾ ਪਤਲੇ ਤੇਜ਼ਾਬ ਅਤੇ ਕਾਸਟਿਕ ਸੋਡੇ ਵਿਚ ਘੁਲ ਜਾਂਦਾ ਹੈ ਅਤੇ ਅਘੁਲਣਸ਼ੀਲ (ਕਰੂਡ ਫਾਈਬਰ), ਜਿਹੜਾ ਬਾਕੀ ਬਚ ਜਾਂਦਾ ਹੈ, ਘੁਲਦਾ ਨਹੀਂ। ਜਿਹੜਾ ਘੁਲਦਾ ਹੈ, ਉਸ ਦਾ ਖਾਣਾ ਹੌਲੀ ਹਜ਼ਮ ਹੋਣ ਵਿਚ ਯੋਗਦਾਨ ਹੈ ਅਤੇ ਇਹ ਖਾਣੇ ਤੋਂ ਬਾਅਦ ਇਕਦਮ ਸ਼ੂਗਰ ਵਧਣ ਤੋਂ ਰੋਕਦਾ ਹੈ।
ਮਿਲਟ ਬਰੈਡ: ਜੂਨ 2023 ਵਿਚ ਲੁਧਿਆਣੇ ਦੀ ਬਰੈਡ ਬਣਾਉਣ ਵਾਲੀ ਬੌਨ ਨੇ ਮਿਲਟ ਬਰੈਡ, ਪੀਜ਼ਾ ਬੇਸ ਅਤੇ ਕੁਲਚੇ ਕੱਢੇ। ਉਸ ਬਰੈਡ ਦੀ ਕੀਮਤ ਆਟਾ ਬਰੈਡ ਦੇ ਬਰਾਬਰ 50 ਰੁਪਏ ਰੱਖੀ ਗਈ। ਇਸ ਨੂੰ ਲੋਕਾਂ ਦਾ ਅਜੇ ਤੱਕ ਬਹੁਤਾ ਹੁੰਗਾਰਾ ਨਹੀਂ ਮਿਲਿਆ। ਇਸ ਵਿਚ ਸਮੱਗਰੀ ਦੀ ਪੜਚੋਲ ਕਰੋ ਤਾਂ ਪਤਾ ਲਗਦਾ ਹੈ ਕਿ ਇਸ ਵਿਚ 44 ਫ਼ੀਸਦੀ ਆਟਾ ਹੈ ਜਦੋਂਕਿ ਆਟਾ ਬਰੈਡ ਵਿਚ ਇਹ ਮਾਤਰਾ 54 ਫ਼ੀਸਦੀ ਦੀ ਹੈ। ਇਸ ਤੋਂ ਇਲਾਵਾ ਮਿਲਟ ਬਰੈਡ ਵਿਚ ਰਾਗੀ (ਫਿੰਗਰ ਮਿਲਟ) ਦਾ ਆਟਾ 8.8 ਫੀਸਦੀ, ਬਾਜਰਾ (ਪਰਲ ਮਿਲਟ) 3.9 ਫੀਸਦੀ ਅਤੇ ਜਵਾਰ ਦਾ ਆਟਾ (1 ਫ਼ੀਸਦੀ) ਹੈ। ਇਸ ਵਿਚ ਤਾਂ ਫਿਰ ਸਭ ਤੋਂ ਜ਼ਿਆਦਾ ਆਟਾ ਹੀ ਹੈ, ਇਸ ਦੇ ਨਾਲ ਆਟੇ ਦੀ ਗਲੂਟਨ ਤੋਂ ਇਲਾਵਾ ਵੀ ਗਲੂਟਨ ਪਾਈ ਗਈ ਹੈ। ਅਸਲ ਵਿਚ ਗਲੂਟਨ ਹੀ ਇਸ ਦੀ ਪਕੜ ਬਣਾਉਂਦੇ ਹਨ ਜਿਸ ਨਾਲ ਚੀਜ਼ਾਂ ਤਿਆਰ ਹੁੰਦੀਆਂ ਹਨ ਅਤੇ ਭੁਰਭੁਰੀ ਵੀ ਨਹੀਂ ਹੁੰਦੀ। ਕਹਿਣ ਦਾ ਭਾਵ ਕਿ ਨਾਮ ਮਿਲਟ ਕਰ ਕੇ ਸਿਹਤ ਠੀਕ ਨਹੀਂ ਕੀਤੀ ਜਾ ਸਕਦੀ, ਇਹ ਭੁਲੇਖਾ ਪਾਉਣ ਲਈ ਠੀਕ ਹੈ।
ਮੰਗ ਕਿਵੇਂ ਵਧਾਈ ਜਾਵੇ: ਮਿਲਟਸ ਦੀ ਮੰਗ ਵਧਾਉਣ ਲਈ ਵੱਡੀਆਂ ਕੰਪਨੀਆਂ, ਹੋਟਲਾਂ ਜਾਂ ਰੇਸਤਰਾਂ ਨਾਲ ਤਾਲਮੇਲ ਕਰ ਕੇ ਦੇਖੋ, ਉਹ ਕੀ ਕਹਿੰਦੇ ਹਨ। ਕੀ ਉਹ ਮਿਲਟ ਨੂੰ ਖ਼ਰੀਦਣ ਅਤੇ ਵਰਤ ਕੇ ਪਦਾਰਥ ਬਣਾਉਣ ਲਈ ਤਿਆਰ ਹੋਣਗੇ। ਇਸ ਵਿਚ ਤਕਰੀਬਨ ਅਜੇ ਕੋਈ ਬਹੁਤੀ ਉਮੀਦ 2018 ਤੋਂ ਸਾਨੂੰ ਦੇਖਣ ਨੂੰ ਨਹੀਂ ਮਿਲੀ। ਇਸ ਵੇਲੇ ITC (ਆਈਟੀਸੀ) ਕੰਪਨੀ ਨੇ ਪਹਿਲ ਕਰ ਕੇ ਇਸ ਦੇ ਪਦਾਰਥ ਯਾਨੀ ਬਿਸਕੁਟ, ਨਮਕੀਨ ਆਦਿ ਅਤੇ ਇਸ ਨੂੰ ਹੋਟਲਾਂ ਦੇ ਰੇਸਤਰਾਂ ਵਿਚ ਖਾਣੇ ਵਿਚ ਸ਼ਾਮਲ ਕਰਨ ਲਈ ਉਮੀਦ ਜ਼ਾਹਿਰ ਕੀਤੀ।
ਕੁੱਲ ਮਿਲਾ ਕਿ ਸਿੱਟਾ ਇਹ ਨਿਕਲਦਾ ਹੈ ਕਿ ਫ਼ਸਲ ਦੀ ਚੋਣ ਮੰਗ, ਪਾਣੀ ਦੇ ਸਾਧਨ ਅਤੇ ਆਮਦਨ ਦੇ ਆਧਾਰ ’ਤੇ ਕਰੋ। ਇਸ ਵੇਲੇ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਹੀ ਅਨਾਜ ਹਫ਼ਤੇ ਦੇ ਮੀਨੂੰ ਵਿਚ ਲਿਆਂਦੇ ਜਾਣ। ਦੂਜਾ ਅਨਾਜ ਕੋਈ ਵੀ ਖਾਓ ਸਾਰੇ ਦਾਣੇ ਦਾ ਆਟਾ ਖਿਚੜੀ, ਦਲੀਆ ਆਦਿ ਬਣਾਓ, ਭਾਵ ਛਿਲਕਾ ਨਾ ਲਾਓ।

Advertisement

ਸੰਪਰਕ: 96537-90000

Advertisement
Author Image

sukhwinder singh

View all posts

Advertisement
Advertisement
×