ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਰ ਦੀ ਨੁਹਾਰ

08:04 AM Nov 20, 2023 IST

ਸੁਪਿੰਦਰ ਸਿੰਘ ਰਾਣਾ
ਜਦੋਂ ਕਦੇ ਛੁੱਟੀ ਹੋਣੀ, ਪਿੰਡ ਮਿੱਤਰਾਂ ਨੂੰ ਮਿਲਣ ਤੁਰ ਪੈਣਾ। ਇੱਕ ਦਿਨ ਸੋਚਿਆ, ਇਨ੍ਹਾਂ ਮਿੱਤਰਾਂ ਕੋਲ ਬੈਠ ਕੇ ਮੁੜ ਆਉਨਾ ਏਂ, ਕਦੇ ਪਿੰਡ ਦਾ ਗੇੜਾ ਮਾਰ ਕੇ ਵੀ ਦੇਖ! ਸੋ, ਮਿੱਤਰਾਂ ਨੂੰ ਨਾਲ ਲਿਆ, ਅਸੀਂ ਚਾਰੇ ਜਣੇ ਪਿੰਡ ਦੀਆਂ ਗਲੀਆਂ ਵਿਚ ਗੇੜਾ ਦੇਣ ਲੱਗ ਪਏ। ਕਾਫ਼ੀ ਬਦਲ ਗਿਆ ਪਿੰਡ। ਕਰੀਬ ਚਾਰ ਦਹਾਕੇ ਪਹਿਲਾਂ ਦੀਆਂ ਗੱਲਾਂ ਸਨ- ਕੋਈ ਟਾਵਾਂ-ਟੱਲਾ ਚੁਬਾਰਾ ਹੁੰਦਾ ਸੀ। ਵਾੜੇ ਬਹੁਤ ਖੁੱਲ੍ਹੇ ਹੁੰਦੇ ਸੀ। ਡੰਗਰ ਵੱਛਿਆਂ ਨਾਲ ਲਾਣੇ ਦੀ ਪਛਾਣ ਹੋ ਜਾਂਦੀ ਸੀ। ਹੁਣ ਚੁਬਾਰਾ ਤਾਂ ਕੀ, ਲੋਕਾਂ ਨੇ ਤਿੰਨ ਤਿੰਨ, ਚਾਰ ਚਾਰ ਮੰਜ਼ਿਲੇ ਮਕਾਨ ਪਾ ਲਏ ਨੇ। ਕਾਰਾਂ, ਮੋਟਰਸਾਈਕਲਾਂ ਦਾ ਕੋਈ ਅੰਤ ਨਹੀਂ ਰਿਹਾ। ਜ਼ਮੀਨ ਪ੍ਰਸ਼ਾਸਨ ਨੇ ਐਕੁਆਇਰ ਕਰ ਲਈ। ਕਈ ਘਰਾਂ ਨੇ ਪੇਸੇ ਦੀ ਯੋਗ ਵਰਤੋਂ ਕਰ ਕੇ ਦੂਰ ਕਿਤੇ ਹੋਰ ਥਾਂ ਪੈਲੀ ਬਣਾ ਲਈ। ਕਈਆਂ ਨੇ ਵਾੜਿਆਂ ਵਿਚ ਕਮਰੇ ਜਾਂ ਦੁਕਾਨਾਂ ਬਣਾ ਕੇ ਆਮਦਨ ਦਾ ਵਧੀਆ ਤਰੀਕਾ ਲੱਭ ਲਿਆ। ਕੁਝ ਘਰ ਉਸ ਸਮੇਂ ਵਧੀਆ ਰੋਟੀ ਖਾਂਦੇ ਸਨ ਪਰ ਅੱਜ ਫਾਕੇ ਕੱਟਣ ਲਈ ਮਜਬੂਰ ਹੋ ਗਏ। ਇਉਂ ਪਿੰਡ ਦੇ ਗੇੜੇ ਦੌਰਾਨ ਪਿਛਲੀਆਂ ਯਾਦਾਂ ਚੇਤੇ ਆ ਗਈਆਂ। ਕਿਸੇ ਵੀ ਘਰ ਨੇੜੇ ਕੋਈ ਦਰੱਖਤ ਨਜ਼ਰ ਨਾ ਆਇਆ। ਪਹਿਲਾਂ ਵਾੜਿਆਂ ਵਿਚ ਛਾਂ ਵਾਲੇ ਰੁੱਖਾਂ ਹੇਠਾਂ ਮੰਜੇ ਪਏ ਹੁੰਦੇ। ਕਈ ਥਾਈਂ ਪਸ਼ੂਆਂ ਦੇ ਕੀਲੇ ਗੱਡੇ ਹੁੰਦੇ। ਤਿੰਨ-ਚਾਰ ਦਹਾਕਿਆਂ ਤੱਕ ਕੀ ਦਾ ਕੀ ਬਣ ਗਿਆ ਸੀ! ਜਿਹੜੇ ਘਰਾਂ ਦੇ ਨਿਆਣੇ ਨੌਕਰੀਆਂ ਕਰਨ ਲੱਗ ਪਏ ਸਨ, ਉਨ੍ਹਾਂ ਦੀ ਰਹਿਣੀ-ਬਹਿਣੀ ਵਿਚ ਕਾਫ਼ੀ ਫਰਕ ਆ ਗਿਆ। ਉਨ੍ਹਾਂ ਦੀਆਂ ਸੋਹਣੀਆਂ ਬਣਾਈਆਂ ਕੋਠੀਆਂ ਹਰ ਕਿਸੇ ਦਾ ਧਿਆਨ ਖਿੱਚ ਰਹੀਆਂ ਸਨ। ਪਹਿਲਾਂ ਵੀ ਕਈ ਪਰਿਵਾਰ ਪੜ੍ਹੇ ਲਿਖੇ ਸਨ ਪਰ ਉਦੋਂ ਰਹਿਣ ਸਹਿਣ ਅਜਿਹਾ ਨਹੀਂ ਸੀ।
ਦੋਸਤ ਤੋਂ ਆਪਣੇ ਨੇੜਲੇ ਇੱਕ ਘਰ ਬਾਰੇ ਪੁੱਛਿਆ। ਇਸ ਘਰ ਦੀ ਅੱਲ ‘ਅਮਲੀ’ ਪਈ ਹੋਈ ਸੀ। ਉਹ ਦੱਸਣ ਲੱਗਿਆ, “ਚੱਲ ਤੇਰਾ ਉਧਰ ਨੂੰ ਗੇੜਾ ਹੀ ਕਢਵਾ ਲਿਆਉਂਦੇ ਹਾਂ। ਤੂੰ ਆਪ ਹੀ ਦੇਖ ਲਈ ਉਨ੍ਹਾਂ ਦਾ ਰਹਿਣ ਸਹਿਣ।” ਅਸਲ ਵਿਚ ਮੇਰੀ ਉਤਸੁਕਤਾ ਸੀ ਕਿ ਅਮਲੀਆਂ ਦਾ ਘਰ ਦੇਖਿਆ ਜਾਵੇ। ਉਹ ਦੋ ਭਰਾ ਸਨ। ਇੱਕ ਵਿਆਹਿਆ ਹੋਇਆ ਸੀ। ਉਸ ਦੀ ਘਰਵਾਲੀ ਦਾ ਸਾਡੀ ਮਾਂ ਨਾਲ ਕਾਫ਼ੀ ਪਿਆਰ ਸੀ। ਕਈ ਵਾਰ ਮਾਂ ਨਾਲ ਦੁੱਖ-ਸੁੱਖ ਸਾਂਝਾ ਕਰ ਲੈਂਦੀ। ਉਸ ਦੇ ਤਿੰਨ ਨਿਆਣੇ ਸਨ- ਦੋ ਕੁੜੀਆਂ, ਇੱਕ ਮੁੰਡਾ। ਨਸ਼ਿਆਂ ਦੀ ਅਲਾਮਤ ਕਾਰਨ ਘਰ ਦੇ ਜੀਆਂ ਦੀ ਪਿੰਡ ਵਿਚ ਬਹੁਤੀ ਵੁੱਕਤ ਨਹੀਂ ਸੀ। ਕਈ ਵਾਰ ਉਨ੍ਹਾਂ ਦਾ ਨਲਕਾ ਖਰਾਬ ਹੋ ਜਾਣਾ। ਕਈ ਕਈ ਦਿਨ ਠੀਕ ਹੀ ਨਾ ਕਰਾਉਣਾ। ਉਨ੍ਹੀਂ ਦਿਨੀਂ ਉਹ ਸਾਡੇ ਘਰੋਂ ਪਾਣੀ ਭਰ ਕੇ ਲਿਜਾਂਦੇ। ਪਿੰਡ ਵਿਚ ਸਭ ਨਾਲੋਂ ਵੱਡਾ ਵਾੜਾ ਉਨ੍ਹਾਂ ਦਾ ਸੀ। ਜ਼ਮੀਨ ਵਿਚ ਵੀ ਉਹ ਸਭ ਤੋਂ ਮੋਹਰੀ ਸਨ। ਇਸ ਦੇ ਬਾਵਜੂਦ ਘਰ ਵਿਚ ਕੋਈ ਬਾਹਰਲਾ ਬੰਦਾ ਆ ਕੇ ਚਾਹ ਪੀ ਕੇ ਰਾਜ਼ੀ ਨਹੀਂ ਸੀ। ਘਰ ਦੇ ਜੀਆਂ ਬਾਰੇ ਮਸ਼ਹੂਰ ਸੀ ਕਿ ਉਹ ਕਈ ਕਈ ਦਿਨ ਨਹਾਉਂਦੇ ਨਹੀਂ। ਸਾਡੇ ਨਾਲ ਦਾ ਉਸ ਸਮੇਂ ਦਾ ਹਰ ਸਾਥੀ ਇਹੀ ਸੋਚਦਾ ਹੁੰਦਾ ਸੀ ਕਿ ਜੇ ਐਨੀ ਜ਼ਮੀਨ ਸਾਡੇ ਕੋਲ ਹੁੰਦੀ ਤਾਂ ਅਸੀਂ ਆਹ ਕਰ ਦਿੰਦੇ, ਅਸੀਂ ਅਹੁ ਕਰ ਦਿੰਦੇ...। ਉਸ ਸਮੇਂ ਜੇ ਨੇੜਲੇ ਘਰਾਂ ਨੇ ਕੋਈ ਕਾਰਜ ਕਰਨਾ ਹੁੰਦਾ ਤਾਂ ਟੈਂਟ ਉਨ੍ਹਾਂ ਦੇ ਵਾੜੇ ਵਿਚ ਲੱਗਦਾ। ਉਨ੍ਹਾਂ ਕਦੇ ਕਿਸੇ ਨੂੰ ਨਾਂਹ-ਨੁੱਕਰ ਨਹੀਂ ਕੀਤੀ। ਹਰ ਸਮੇਂ ਦਰੱਖਤਾਂ ਹੇਠ ਮੰਜੇ ਅਤੇ ਗੱਡਾ ਖੜ੍ਹਾ ਹੀ ਰਹਿੰਦਾ ਸੀ। ਪਿੰਡ ਦੇ ਬਲਦਾਂ ਦੇ ਖੁਰੀਆਂ ਲਵਾਉਣ ਵੇਲੇ ਵੀ ਉਨ੍ਹਾਂ ਦਾ ਵਾੜਾ ਹੀ ਰੌਣਕ ਵਧਾਉਂਦਾ। ਘਰੇਲੂ ਹਾਲਤ ਅਜਿਹੇ ਹੋਣ ਕਾਰਨ ਬੱਚੇ ਬਹੁਤਾ ਪੜ੍ਹ ਲਿਖ ਨਾ ਸਕੇ। ਕੁੜੀਆਂ ਦੇ ਵਿਆਹ ਹੋ ਗਏ। ਉਹ ਪਿੰਡ ਕਦੇ ਕਦਾਈਂ ਗੇੜਾ ਮਾਰ ਜਾਂਦੀਆਂ। ਮੁੰਡੇ ਦਾ ਵੀ ਵਿਆਹ ਹੋ ਗਿਆ। ਥੋੜ੍ਹੀ ਦੇਰ ਬਾਅਦ ਮੁੰਡੇ ਦੀ ਮਾਂ ਗੁਜ਼ਰ ਗਈ। ਮਗਰੋਂ ਮੁੰਡੇ ਦਾ ਚਾਚਾ ਤੇ ਪਿਤਾ ਵੀ ਗੁਜ਼ਰ ਗਏ ਪਰ ਉਨ੍ਹਾਂ ਦੇ ਤੁਰ ਜਾਣ ਤੱਕ ਮੁੰਡਾ ਵੀ ਅਮਲ ‘ਤੇ ਲੱਗ ਗਿਆ। ਬਹੂ ਨੂੰ ਥੋੜ੍ਹੀ ਦੇਰ ਬਾਅਦ ਪਤਾ ਲੱਗਿਆ ਕਿ ਉਸ ਦਾ ਸਹੁਰਾ ਪਰਿਵਾਰ ‘ਅਮਲੀਆਂ ਦਾ ਘਰ’ ਕਰ ਕੇ ਵੱਜਦਾ ਹੈ।
ਉਹਨੇ ਆਪਣੇ ਘਰਵਾਲੇ ਦਾ ਨਸ਼ਾ ਛੁਡਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਲਗਾਤਾਰ। ਉਹ ਭਾਵੇਂ ਦਸ ਕੁ ਜਮਾਤਾਂ ਪੜ੍ਹੀ ਸੀ ਪਰ ਪਿੰਡ ਦੇ ਗਿਣਵੇਂ ਚੁਣਵੇਂ ਘਰਾਂ ਵਾਂਗ ਉਹਨੇ ਘਰੇ ਅਖ਼ਬਾਰ ਲਵਾਇਆ ਹੋਇਆ ਸੀ। ਕਈ ਵਾਰ ਦੇਖਣਾ, ਉਹ ਕਿਤਾਬਾਂ ਰਸਾਲੇ ਵੀ ਲੈ ਆਉਂਦੀ ਹੈ। ਉਨ੍ਹਾਂ ਦੇ ਘਰ ਪਹਿਲਾਂ ਮੁੰਡੇ ਅਤੇ ਫਿਰ ਦੋ ਕੁ ਸਾਲਾਂ ਬਾਅਦ ਕੁੜੀ ਦਾ ਜਨਮ ਹੋਇਆ। ਇੱਕ ਵਾਰ ਫਿਰ ਮੁਸੀਬਤਾਂ ਦਾ ਘੇਰਾ ਪੈ ਗਿਆ, ਘਰਵਾਲਾ ਮੁੜ ਜ਼ਿਆਦਾ ਨਸ਼ੇ ਕਰਨ ਲੱਗ ਪਿਆ ਸੀ। ਜੇ ਉਸ ਨੇ ਸਖ਼ਤੀ ਕਰਨੀ ਤਾਂ ਉਹ ਲੋਕਾਂ ਤੋਂ ਉਧਾਰੇ ਪੈਸੇ ਲੈ ਲੈਂਦਾ। ਦੋ ਕੁ ਸਾਲ ਮਗਰੋਂ ਉਸ ਦੇ ਪਤੀ ਦਾ ਦੇਹਾਂਤ ਹੋ ਗਿਆ। ਘਰ ਵਿਚ ਮਾਂ, ਪੁੱਤ ਅਤੇ ਧੀ, ਤਿੰਨ ਜੀਅ ਰਹਿ ਗਏ ਪਰ ਉਸ ਨੇ ਹਿੰਮਤ ਨਾ ਹਾਰੀ। ਮੁੰਡੇ ਅਤੇ ਕੁੜੀ ਨੂੰ ਵਧੀਆ ਤਾਲੀਮ ਦਿਵਾਈ।
ਦੋਸਤ ਨੇ ਦੱਸਿਆ ਕਿ ਉਸ ਪਰਿਵਾਰ ਦੀ ਜ਼ਮੀਨ ਐਕੁਆਇਰ ਹੋ ਗਈ। ਬਾਹਰ ਕਿਤੇ ਜ਼ਮੀਨ ਦਾ ਵਧੀਆ ਟੱਕ ਲੈ ਲਿਆ। ਜ਼ਮੀਨ ਤੋਂ ਠੇਕਾ ਆਉਣ ਲੱਗ ਪਿਆ। ਮਾਂ ਨੇ ਪੁੱਤ ਤੇ ਧੀ ਨੂੰ ਸਹੀ ਲੀਹੇ ਪਾਇਆ। ਉਹ ਹਰ ਪਲ ਉਨ੍ਹਾਂ ਦਾ ਧਿਆਨ ਰੱਖਦੀ। ਖ਼ੈਰ! ਸਮਾਂ ਬੀਤਦਾ ਗਿਆ। ਮੁੰਡਾ ਜਵਾਨ ਹੋ ਗਿਆ। ਪੜ੍ਹਾਈ ਮਗਰੋਂ ਉਸ ਨੇ ਪਹਿਲਾਂ ਘਰ ਦੀ ਦਸ਼ਾ ਸੁਧਾਰਨ ਦਾ ਬੀੜਾ ਚੁੱਕਿਆ। ਆਰਕੀਟੈਕਟ ਤੋਂ ਨਕਸ਼ਾ ਬਣਵਾ ਕੇ ਘਰ ਬਣਾਇਆ। ਖਾਲੀ ਥਾਂ ਦੀ ਸੁਚੱਜੀ ਵਰਤੋਂ ਕਰ ਕੇ ਆਮਦਨ ਦਾ ਸਾਧਨ ਬਣਾਇਆ। ਮਾਂ ਹਮੇਸ਼ਾ ਆਪਣੇ ਪੁੱਤ ਅਤੇ ਧੀ ਨਾਲ ਮੋਢੇ ਨਾਲ ਮੋਢੇ ਲਾ ਕੇ ਖੜ੍ਹੀ। ਹੁਣ ਉਨ੍ਹਾਂ ਦਾ ਘਰ ਪਿੰਡ ਦੇ ਗਿਣਵੇਂ ਚੁਣਵੇਂ ਘਰਾਂ ਵਿਚ ਗਿਣਿਆ ਜਾਣ ਲੱਗ ਪਿਆ ਸੀ। ਜ਼ਮੀਨ ਜਾਇਦਾਦ ਕਾਰਨ ਮੁੰਡੇ ਨੂੰ ਕਈ ਵੱਡੇ ਘਰਾਂ ਦੇ ਰਿਸ਼ਤੇ ਆਉਣ ਲੱਗ ਪਏ। ਵਿਆਹ ਸਾਦਾ ਕੀਤਾ। ਸਿਰਫ਼ ਨੂੰਹ ਦੀ ਪੜ੍ਹਾਈ ਨੂੰ ਅਹਿਮੀਅਤ ਦਿੱਤੀ। ਕੁੜੀ ਵੀ ਪੜ੍ਹੇ ਲਿਖੇ ਪਰਿਵਾਰ ਵਿਚ ਵਿਆਹ ਦਿੱਤੀ। ਜਿਹੜੇ ਘਰ ਨੂੰ ਚਾਰ ਦਹਾਕੇ ਪਹਿਲਾਂ ਲੋਕ ਅਮਲੀਆਂ ਦਾ ਘਰ ਕਹਿੰਦੇ ਸਨ, ਅੱਜ ਉਹ ਘਰ ਪੜ੍ਹੇ-ਲਿਖਿਆਂ ਦਾ ਘਰ ਹੈ। ਪਿੰਡ ਦੇ ਹੋਰਾਂ ਘਰਾਂ ਨਾਲੋਂ ਆਮਦਨ ਵੀ ਚੋਖੀ ਹੈ।
ਦੋਸਤ ਦੀ ਗੱਲ ਸੁਣ ਕੇ ਮੈਥੋਂ ਰਿਹਾ ਨਾ ਗਿਆ। ਮੈਂ ਕਿਹਾ, “ਵਾਕਿਆ ਹੀ ਉਹ ਔਰਤ ਧੰਨ ਹੈ ਜਿਸ ਨੇ ਆਪਣੀ ਹਿੰਮਤ ਸਦਕਾ ਘਰ ਲੀਹ ’ਤੇ ਲੈ ਆਂਦਾ। ਚਾਰ ਦਹਾਕੇ ਪਹਿਲਾਂ ਜਿਸ ਘਰ ਵਿਚ ਕੋਈ ਚਾਹ ਪੀਣ ਲਈ ਰਾਜ਼ੀ ਨਹੀਂ ਸੀ, ਅੱਜ ਉਸ ਘਰ ਵਿਚ ਪੈਰ ਰੱਖਣ ਲਈ ਲੋਕ ਤਰਸਦੇ ਨੇ।” ਕਈ ਦਿਨ ਇਸ ਸਿਆਣੀ ਨੂੰਹ ਬਾਰੇ ਸੋਚਦਾ ਰਿਹਾ। ਉਹਨੇ ਆਪਣੇ ਸਿਰੜ ਨਾਲ ਸਹੁਰੇ ਘਰ ਦੀ ਨੁਹਾਰ ਤਾਂ ਬਦਲੀ ਹੀ ਸੀ, ਅੱਲ ਵੀ ਬਦਲ ਦਿੱਤੀ ਸੀ।
ਸੰਪਰਕ: 98152-33232

Advertisement

Advertisement