ਸਦਨ ਦੀ ਕਾਰਗੁਜ਼ਾਰੀ: ਸਨੀ ਦਿਓਲ ਨੇ ਚੁੱਪ ਵੱਟ ਕੇ ਸਾਰਿਆ
ਚਰਨਜੀਤ ਭੁੱਲਰ
ਚੰਡੀਗੜ੍ਹ, 8 ਅਗਸਤ
ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਫ਼ਿਲਮੀ ਕਲਾਕਾਰ ਸਨੀ ਦਿਓਲ ਇਕੱਲੇ ਆਪਣੇ ਹਲਕੇ ਤੋਂ ਹੀ ਗ਼ੈਰਹਾਜ਼ਰ ਨਹੀਂ ਹਨ ਬਲਕਿ ਉਹ ਸੰਸਦ ਤੋਂ ਵੀ ਦੂਰ ਹਨ। ਪਿਛਲੇ ਦਿਨੀਂ ਸਨੀ ਦਿਓਲ ਅੰਮ੍ਰਿਤਸਰ ਵਿਖੇ ਆਪਣੀ ਨਵੀਂ ਫ਼ਿਲਮ ‘ਗ਼ਦਰ 2’ ਪ੍ਰਚਾਰ ਲਈ ਆਏ ਸਨ ਪ੍ਰੰਤੂ ਉਨ੍ਹਾਂ ਨੇ ਗੁਰਦਾਸਪੁਰ ਹਲਕੇ ਵੱਲ ਮੂੰਹ ਨਹੀਂ ਕੀਤਾ। ਇਕੱਲੇ ਗੁਰਦਾਸਪੁਰ ’ਚ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਵਿੱਚ ਸਨੀ ਦਿਓਲ ਦੀ ਇਸ ਗੱਲੋਂ ਆਲੋਚਨਾ ਹੋ ਰਹੀ ਹੈ ਅਤੇ ਸੋਸ਼ਲ ਮੀਡੀਆ ’ਤੇ ਸਨੀ ਦਿਓਲ ਦੀ ਨਵੀਂ ਫ਼ਿਲਮ ਦਾ ਬਾਈਕਾਟ ਕੀਤੇ ਜਾਣ ਦੀ ਚਰਚਾ ਚੱਲ ਰਹੀ ਹੈ।
ਵੇਰਵਿਆਂ ਅਨੁਸਾਰ ਸਨੀ ਦਿਓਲ ਦੀ ਪਾਰਲੀਮੈਂਟ ਸੈਸ਼ਨਾਂ ਵਿਚ ਪਹਿਲੀ ਜੂਨ 2019 ਤੋਂ ਲੈ ਕੇ ਪਹਿਲੀ ਅਗਸਤ 2023 ਤੱਕ ਸਿਰਫ਼ 19 ਫ਼ੀਸਦੀ ਹਾਜ਼ਰੀ ਰਹੀ ਹੈ ਜਦਕਿ ਹਾਜ਼ਰੀ ਦੀ ਕੌਮੀ ਔਸਤ 79 ਫ਼ੀਸਦੀ ਅਤੇ ਸੂਬਾਈ ਔਸਤ 73 ਫ਼ੀਸਦੀ ਬਣਦੀ ਹੈ। ਸਨੀ ਦਿਓਲ ਨੇ ਸੰਸਦ ਦੇ ਚਾਰ ਸੈਸ਼ਨਾਂ ਵਿਚ ਤਾਂ ਪੈਰ ਹੀ ਨਹੀਂ ਧਰਿਆ। ਇਸੇ ਤਰ੍ਹਾਂ ਸਨੀ ਦਿਓਲ ਨੇ ਇਸ ਅਰਸੇ ਦੌਰਾਨ ਸੰਸਦ ਵਿਚ ਸਿਰਫ਼ ਇੱਕ ਸੁਆਲ ਲਾਇਆ ਹੈ ਅਤੇ ਉਨ੍ਹਾਂ ਕਦੇ ਬਹਿਸ ਦੌਰਾਨ ਕਦੇ ਇਕ ਵੀ ਸ਼ਬਦ ਨਹੀਂ ਬੋਲਿਆ। ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨਾ ਤਾਂ ਦੂਰ ਦੀ ਗੱਲ।
ਗੁਰਦਾਸਪੁਰ ਹਲਕੇ ’ਚੋਂ ਉਹ ਕਰੀਬ ਤਿੰਨ ਸਾਲ ਤੋਂ ਗ਼ੈਰਹਾਜ਼ਰ ਦੱਸੇ ਜਾ ਰਹੇ ਹਨ। ਹਾਲਾਂਕਿ ਦਿਓਲ ਪਰਿਵਾਰ ਦੀਆਂ ਫ਼ਿਲਮਾਂ ਪ੍ਰਤੀ ਪੰਜਾਬ ਚੰਗਾ ਹੁੰਗਾਰਾ ਭਰਦਾ ਰਿਹਾ ਹੈ। ਬੈਸਟ ਵਿਧਾਨਕਾਰ ਰਹੇ ਕਾਮਰੇਡ ਹਰਦੇਵ ਅਰਸ਼ੀ ਦਾ ਕਹਿਣਾ ਹੈ ਕਿ ਅਸਲ ਵਿੱਚ ਲੋਕ ਚਮਕ-ਦਮਕ ਦੇਖ ਕੇ ਫ਼ਿਲਮੀ ਸਿਤਾਰਿਆਂ ਨੂੰ ਜਿਤਾ ਦਿੰਦੇ ਹਨ ਅਤੇ ਮਗਰੋਂ ਪਛਤਾਉਂਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਲੋਕ ਸ਼ਾਇਦ ਹੁਣ ਅਜਿਹਾ ਨਹੀਂ ਕਰਨਗੇ ਕਿਉਂਕਿ ਸਨੀ ਦਿਓਲ ਵਾਲਾ ਤਜਰਬਾ ਮਾੜਾ ਰਿਹਾ ਹੈ। ਦੱਸਣਯੋਗ ਹੈ ਕਿ ਭਾਜਪਾ ਤਰਫ਼ੋਂ ਜਦੋਂ ਧਰਮਿੰਦਰ ਬੀਕਾਨੇਰ ਹਲਕੇ ਤੋਂ ਚੁਣੇ ਗਏ ਸਨ ਤਾਂ ਉਨ੍ਹਾਂ ਨੇ ਵੀ ਹਲਕੇ ਦਾ ਮੂੰਹ ਨਹੀਂ ਦੇਖਿਆ ਸੀ। ਇਸੇ ਤਰ੍ਹਾਂ ਹੇਮਾ ਮਾਲਿਨੀ ਦੀ ਸੰਸਦ ਵਿਚ ਹਾਜ਼ਰੀ 47 ਫ਼ੀਸਦੀ ਹੀ ਹੈ। ਪੰਜਾਬ ਦਾ ਕਿਸਾਨੀ ਭਾਈਚਾਰਾ ਸਨੀ ਦਿਓਲ ਤੋਂ ਇਸ ਕਰਕੇ ਵੀ ਖਿਝ ਰਿਹਾ ਹੈ, ਕਿਉਂਕਿ ਖੇਤੀ ਬਿੱਲਾਂ ਦੇ ਵਿਰੋਧ ਵਿਚ ਸਨੀ ਦਿਓਲ ਨੇ ਆਪਣਾ ਮੂੰਹ ਬੰਦ ਰੱਖਿਆ ਸੀ। ਗੁਰਦਾਸਪੁਰ ਦੇ ਲੋਕ ਇਸ ਗੱਲੋਂ ਮਰਹੂਮ ਵਿਨੋਦ ਖੰਨਾ ਦੀ ਸਿਫ਼ਤ ਕਰ ਰਹੇ ਹਨ ਜੋ ਆਪਣੇ ਹਲਕੇ ’ਚ ਵਿਚਰਦੇ ਸਨ। ਪਤਾ ਲੱਗਾ ਹੈ ਕਿ ਸੰਸਦੀ ਕੋਟੇ ਦੇ ਫ਼ੰਡ ਵੀ ਸਮੇਂ ਸਿਰ ਸਨੀ ਦਿਓਲ ਵਰਤ ਨਹੀਂ ਰਹੇ ਹਨ। ਸੰਨੀ ਦਿਓਲ ਦੀ ਇਸ ਗ਼ੈਰਹਾਜ਼ਰੀ ਕਰਕੇ ਸਾਰੇ ਫ਼ਿਲਮੀ ਸਿਤਾਰਿਆਂ ਦੀ ਕਾਰਗੁਜ਼ਾਰੀ ਘੋਖੀ ਜਾਣ ਲੱਗੀ ਹੈ।
ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਦੀ ਸੰਸਦ ਵਿਚ ਹਾਜ਼ਰੀ 47 ਫ਼ੀਸਦੀ ਹੀ ਹੈ ਅਤੇ ਇਸੇ ਤਰ੍ਹਾਂ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਦੀ ਹਾਜ਼ਰੀ ਵੀ 38 ਫ਼ੀਸਦੀ ਹੀ ਹੈ। ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੰਸਦ ਵਿਚ ਹਾਜ਼ਰੀ 63 ਫ਼ੀਸਦੀ ਹੈ। ਖਿਡਾਰੀਆਂ ’ਤੇ ਨਜ਼ਰ ਮਾਰੀਏ ਤਾਂ ਪਹਿਲਵਾਨ ਦਾਰਾ ਸਿੰਘ ਪਹਿਲੇ ਖਿਡਾਰੀ ਸਨ ਜਿਨ੍ਹਾਂ ਨੂੰ ਰਾਜ ਸਭਾ ਵਿਚ ਭੇਜਿਆ ਗਿਆ ਸੀ। ਸਚਿਨ ਤੇਂਦੁਲਕਰ ਦੀ ਹਾਜ਼ਰੀ ਵੀ ਸੰਸਦ ਵਿਚ ਸਿਰਫ਼ 8 ਫ਼ੀਸਦੀ ਹੀ ਰਹੀ ਸੀ। ਫ਼ਿਲਮੀ ਅਦਾਕਾਰਾ ਰੇਖਾ ਦੀ ਹਾਜ਼ਰੀ ਸਿਰਫ਼ ਪੰਜ ਫ਼ੀਸਦੀ ਸੀ ਅਤੇ ਇਸੇ ਤਰ੍ਹਾਂ ਲੋਕ ਸਭਾ ਮੈਂਬਰ ਗੋਬਿੰਦਾ ਦੀ ਗ਼ੈਰਹਾਜ਼ਰੀ ਕਰਕੇ ਚਰਚਾ ਹੁੰਦੀ ਰਹੀ ਹੈ। ਪੰਜਾਬ ਤੋਂ ਸਾਲ 2009 ਤੋਂ 2014 ਤੱਕ ਐਮਪੀ ਰਹੇ ਨਵਜੋਤ ਸਿੱਧੂ ਦੀ ਵੀ ਸੰਸਦ ਵਿਚ ਹਾਜ਼ਰੀ 28 ਫ਼ੀਸਦੀ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਭਵਿੱਖ ਵਿਚ ਲੋਕ ਚੋਣਾਂ ਮੌਕੇ ਫ਼ਿਲਮੀ ਸਿਤਾਰਿਆਂ ਨੂੰ ਵੋਟ ਪਾਉਣ ਸਮੇਂ ਕਿਸ ਤਰ੍ਹਾਂ ਦਾ ਪੈਂਤੜਾ ਲੈਂਦੇ ਹਨ।