ਪ੍ਰਾਪਰਟੀ ਟੈਕਸ ਨਾ ਭਰਨ ਕਾਰਨ ਹੋਟਲ ਤੇ ਸ਼ਰਾਬ ਦਾ ਠੇਕਾ ਸੀਲ
ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਮਾਰਚ
ਇੱਥੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਦੀਆਂ ਹਦਾਇਤਾਂ ’ਤੇ ਨਗਰ ਨਿਗਮ ਵੱੱਲੋਂ ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਪ੍ਰਤੀ ਸਖਤ ਰੁਖ ਅਖਤਿਆਰ ਕੀਤਾ ਜਾ ਰਿਹਾ ਹੈ। ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਤੇ ਸਹਾਇਕ ਕਮਿਸ਼ਨਰ ਰਵਦੀਪ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਅੱਜ ਹੀਰਾ ਬਾਗ਼ ਸਥਿਤ ਇਕ ਹੋਟਲ ਅਤੇ ਇੱਕ ਜੋਗਿੰਦਰ ਨਗਰ ਸਥਿਤ ਸ਼ਰਾਬ ਦੇ ਠੇਕੇ ਨੂੰ ਪ੍ਰਾਪਰਟੀ ਟੈਕਸ ਨਾ ਭਰਨ ਕਾਰਨ ਸੀਲ ਕਰ ਦਿੱਤਾ। ਇਸ ਦੇ ਚੱਲਦਿਆਂ ਹੋਟਲ ਮਾਲਕਾਂ ਨੇ ਬਾਅਦ ਵਿੱਚ 2.70 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਜਿਸ ਕਰਕੇ ਹੋਟਲ ਦੀ ਸੀਲਿੰਗ ਸ਼ਾਮ ਵੇਲੇ ਖੋਲ੍ਹ ਦਿੱਤੀ ਗਈ। ਇਸ ਦੌਰਾਨ ਹੀ 3 ਹੋਰ ਯੂਨਿਟਾਂ ਨੇ ਵੀ ਮੌਕੇ ’ਤੇ ਹੀ ਪ੍ਰਾਪਰਟੀ ਟੈਕਸ ਵਜੋਂ 6 ਲੱੱਖ ਦੀ ਅਦਾਇਗੀ ਕੀਤੀ। ਇਸ ਤਰ੍ਹਾਂ ਅੱਜ ਪ੍ਰਾਪਟੀ ਟੈਕਸ ਦੇ 9 ਲੱਖ ਰੁਪਏ ਜਮ੍ਹਾਂ ਹੋਏ। ਇਸ ਦੀ ਪੁਸ਼ਟੀ ਕਰਦਿਆਂ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਨੇ ਦੱਸਿਆ ਕਿ ਅੱਗੋਂ ਵੀ ਇਹ ਸੀਲਿੰਗ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਸ਼ਹਿਰ ਵਾਸੀਆਂ ਤੇ ਖਾਸ ਕਰਕੇ ਡਿਫਾਲਟਰਾਂ ਨੂੰ ਅਪੀਲ ਕੀਤੀ ਕਿ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਆਪਣਾ ਪ੍ਰਾਪਰਟੀ ਟੈਕਸ ਭਰਵਾਉਣ ਅਤੇ ਬਾਅਦ ਵਿੱਚ ਲੱਗਣ ਵਾਲੇ ਵਾਧੂ ਜੁਰਮਾਨੇ ਅਤੇ ਵਿਆਜ ਤੋਂ ਬਚਣ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਟੈਕਸ ਨਾ ਭਰਨ ਵਾਲਿਆਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।