ਹੋਸਟਲ ਨੰਬਰ ਚਾਰ
ਰੂਪ ਸਤਵੰਤ
“ਬਾਈ ਜੀ… ਨੈੱਟ ਦਾ ਰਿਜ਼ਲਟ ਆ ਗਿਆ ਭਲਾ…? ਵੀਰੇ… ਕਦੋਂ ਕੁ ਆਊ? ਹੈ ਕੋਈ ਅੰਦਾਜ਼ਾ?” ਪਿੰਡੋਂ ਯੂਨੀਵਰਸਿਟੀ ਪੜ੍ਹਨ ਆਏ ਵਿੱਕੀ ਨੇ ਗੋਲ ਮਾਰਕੀਟ ਦੀ ਸਟਾਲ ‘ਤੇ ਚਾਹ ਪੀਂਦੇ ਐੱਮਫਿਲ ਦੇ ਸਭ ਤੋਂ ਪੜ੍ਹਾਕੂ ਮੁੰਡੇ ਕਿੰਦਰ ਤੋਂ ਪੁੱਛਿਆ।
“ਉਹ ਕਾਕਾ ਬੱਲੀ ਕਿੱਥੇ ਤੁਰਿਆ ਫਿਰਦੈਂ… ਲੋਹੇ ਦੇ ਚਣੇ ਆ ਲੋਹੇ ਦੇ। ਦੋ ਤਿੰਨ ਵਾਰੀਆਂ ‘ਚ ਤਾਂ ਫਾਰਮੈਟ ਹੀ ਪਤਾ ਲਗਦੈ ਪੇਪਰ ਦਾ। ਬਾਕੀ ਜਿੱਦਣੇ ਸਾਰੇ ਤੋਰੀ ਆਂਗੂੰ ਮੂੰਹ ਲਮਕਾਈ ਫਿਰਨ… ਸਮਝ ਲੀਂ ਆ ਗਿਆ ਰਿਜ਼ਲਟ।” ਦੂਜੀ ਵਾਰ ਕਿਸਮਤ ਅਜ਼ਮਾ ਰਹੇ ਕਿੰਦਰ ਨੇ ਖਚਰਾ ਹਾਸਾ ਹੱਸਿਆ।
“ਲੈ ਬਾਈ, ਮਿਹਨਤ ਕਰਾਂਗੇ, ਫੇਰ ਤਾਂ ਨਿੱਕਲ ਹੀ ਜਾਊ।”
“ਕੋਈ ਨਾ ਦੇਖਲਾਂਗੇ, ਆਉਣ ਵਾਲਾ ਈ ਐ ‘ਐਂਪਲਾਇਮੈਂਟ ਨਿਊਜ਼’ ਲੱਗ ਜੂ ਪਤਾ।” ਸਾਲ 2005 ਵਿਚ ਕਿਹੜਾ ਹੁਣ ਵਾਂਗ ਇੰਟਰਨੈੱਟ ‘ਤੇ ਰਿਜ਼ਲਟ ਦੇਖਣ ਦੀ ਸਹੂਲਤ ਸੀ, ਉਦੋਂ ਤਾਂ ‘ਇੰਪਲਾਇਮੈਂਟ ਨਿਊਜ਼’ ਹੀ ਵੱਡਾ ਏਲਚੀ ਹੁੰਦਾ ਸੀ।
ਵਿੱਕੀ ਉਥੋਂ ਤੁਰ ਤਾਂ ਪਿਆ ਪਰ ਚੌਕ ਟੱਪਦਿਆਂ ਹੀ ਫਿਕਰਾਂ ਦੀ ਜੁੰਡਲੀ ਜਿਵੇਂ ਉਹਦੇ ਮੂਹਰੇ ਆਣ ਖਲੋਤੀ- ‘ਮੈਂ ਪਾਸ ਹੋ ਵੀ ਜਾਊਂ… ਘਰ ਦਿਆਂ ਨੂੰ ਕੀ ਕਹੂੰ?’ ਤੇ ਹੋਰ ਪਤਾ ਨਹੀਂ ਕੀ ਕੁਝ ਸੋਚਦਾ ਉਹ ਹੋਸਟਲ ਨੰਬਰ ਚਾਰ ਦੇ ਆਪਣੇ ਕਮਰੇ ਵਿਚ ਜਾ ਵੜਿਆ। ਗੁਫ਼ਾਨੁਮਾ ਛੋਟਾ ਜਿਹਾ ਕਮਰਾ ਵਿੱਕੀ ਨੂੰ ਜਿਵੇਂ ਦੰਦੀਆਂ ਚਿੜਾ ਰਿਹਾ ਸੀ। ਖ਼ੈਰ! ਫ਼ਿਕਰਾਂ ਦੇ ਕਈ ਦਿਨ ਅਤੇ ਉੱਸਲਵੱਟੇ ਲੈਂਦੀਆਂ ਰਾਤਾਂ ਲੰਘਾਉਣ ਪਿੱਛੋਂ ਉਹ ਦਿਨ ਵੀ ਆ ਗਿਆ। ਵਿੱਕੀ ਤਾਂ ਜਿਵੇਂ ਕਮਰੇ ‘ਚ ਕੈਦ ਹੀ ਹੋ ਗਿਆ ਸੀ ਓਦਣ। ਨਾ ਸਵੇਰੇ ਗਰਾਊਂਡ ਪਹੁੰਚਿਆ ਤੇ ਨਾ ਹੀ ਚੱਜ ਨਾਲ ਕੁਝ ਖਾਧਾ-ਪੀਤਾ। ਹੋਰ ਤਾਂ ਹੋਰ, ਅਮਨ ਵੀ ਦੋ ਘੰਟੇ ਰੈਫਰੈਂਸ ਲਾਇਬ੍ਰੇਰੀ ‘ਚ ਉਡੀਕ ਕੇ ਮੁੜ ਗਈ ਸੀ ਪਰ ਵਿੱਕੀ ਕਿਤੇ ਨਾ ਦਿਸਿਆ। ਬਸ ਸਾਰਾ ਦਿਨ ਕਮਰੇ ‘ਚ ਪਿਆ ਛੱਤ ਨਾਲ ਗੱਲਾਂ ਕਰਦਾ ਰਿਹਾ। ਇੱਕ ਪਾਸੇ ਰਿਜ਼ਲਟ ਦੀ ਘਬਰਾਹਟ, ਦੂਜੇ ਪਾਸੇ ਆਪਣੀਆਂ ਰੀਝਾਂ ਗਹਿਣੇ ਧਰ ਕੇ ਫੀਸ ਭਰਨ ਵਾਲੀ ਮਜਬੂਰ ਮਾਂ ਦੇ ਦਿਲ ਟੁੱਟਣ ਦਾ ਤੌਖਲਾ! ਮਨ ਕਾਹਲਾ ਪਈ ਜਾਵੇ, ਚਿੱਤ ਕਿਤੇ ਨਾ ਟਿਕੇ।
ਫਿਰ ਉਹਨੇ ਖਿੱਲਰਿਆ ਹੌਸਲਾ ਇਕੱਠਾ ਕੀਤਾ ਤੇ ਯੂਨੀਵਰਸਿਟੀ ਦੇ ਬਾਹਰ ਕਿਤਾਬਾਂ ਆਲੀ ਦੁਕਾਨ ‘ਤੇ ਜਾ ਪਹੁੰਚਿਆ। “ਵੀਰੇ ਨੈੱਟ ਦਾ ਰਿਜ਼ਲਟ ਪਤਾ ਕਰਨਾ ਸੀ।” ਵਿੱਕੀ ਨੇ ਜੇਬ ‘ਚੋਂ ਰੋਲ ਨੰਬਰ ਵਾਲੀ ਘਸਮੈਲੀ ਜਿਹੀ ਪਰਚੀ ਕੱਢ ਕੇ ਕਾਰਿੰਦੇ ਨੂੰ ਦਿੱਤੀ। ਕਾਰਿੰਦਾ ਨਾਲੋ-ਨਾਲ ਗਾਹਕਾਂ ਨੂੰ ਭੁਗਤਾਈ ਜਾਵੇ, ਨਾਲੇ ‘ਐਂਪਲਾਇਮੈਂਟ ਨਿਊਜ਼’ ਦੇਖੀ ਜਾਵੇ ਤੇ ਮੂਹਰੇ ਖੜ੍ਹਾ ਵਿੱਕੀ ਵਿਆਕੁਲਤਾ ਟਿਕਾਉਣ ਲਈ ਕਦੇ ਕੋਈ ਕਿਤਾਬ ਚੁੱਕ ਲਵੇ, ਕਦੇ ਕੋਈ। ਉਹਦੀ ਘਬਰਾਹਟ ਵਧ ਰਹੀ ਸੀ। ਹਰ ਧੜਕਣ ਆਖ ਰਹੀ ਸੀ- ‘ਕੀ ਬਣੂ… ਕੀ ਬਣੂ।… ਰੱਬਾ! ਗਰੀਬਾਂ ਨਾਲ ਕਿਤੇ ਧੱਕਾ ਨਾ ਕਰਜੀਂ… ਮੇਰੀ ਮਾਂ ਤਾਂ ਵਿਚਾਰੀ…।’ ਫਿਰ ਆਪੇ ਸੋਚਦਾ- ‘ਸਭ ਠੀਕ ਹੋਊ, ਪੇਪਰ ਤਾਂ ਘੈਂਟ ਹੋਇਆ ਸੀ।” ਅਚਾਨਕ ਇੱਕ ਆਵਾਜ਼ ਉਹਦੇ ਕੰਨੀ ਪਈ, “ਪਾਸ ਆਂ ਬਈ।” ਵਿੱਕੀ ਨੇ ਇੱਕ ਦਮ ਸਿਰ ਚੁੱਕਿਆ ਤੇ ਕਾਰਿੰਦੇ ਵੱਲ ਦੇਖ ਕੇ ਕਹਿੰਦਾ, “ਵੀਰੇ ਦਵਾਰੇ ਦੇਖਿਓ, ਮੇਰਾ ਹੀ ਰੋਲ ਨੰਬਰ ਆ ਨਾ।”
“ਓਹ ਦੇਖ ਲਿਆ ਦੇਖ ਲਿਆ… ਤੇਰਾ ਈ ਆ। ਪਾਸ ਆਂ ਭਰਾਵਾ… ਜਾਹ ਐਸ਼ ਕਰ।”
ਉਹ ਵਾਪਸ ਕਮਰੇ ਵੱਲ ਤੁਰ ਪਿਆ ਪਰ ਯਕੀਨ ਨਾ ਆਵੇ ਕਿ ਪਹਿਲੀ ਵਾਰੀ ਵਿਚ ਹੀ ਨੈੱਟ ਕਲੀਅਰ ਕਰ ਲਿਆ। ਹੇਠਲੇ ਮੱਧ ਵਰਗ ਦੇ ਪੇਂਡੂ ਮੁੰਡੇ ਦੇ ਸੁਫ਼ਨਿਆਂ ਦਾ ਕੱਦ ਐਡਾ ਕਿੱਥੇ ਹੁੰਦਾ ਜਿੱਡੀ ਖੁਸ਼ੀ ਉਹ ਚੁੱਕੀ ਫਿਰਦਾ ਸੀ।
ਹੁਣ ਨ੍ਹੇਰਾ ਹੋ ਚੁੱਕਾ ਸੀ ਤੇ ਪੌਣੀ ਰਾਤ ਬੇਚੈਨੀ ਦੇ ਦਰਿਆ ‘ਚ ਗੋਤੇ ਲਾਉਂਦਿਆਂ ਹੀ ਲੰਘੀ। ਕਿਤੇ ਕਿਤੇ ਅੰਦਰੋਂ ਖੁਸ਼ੀ ਦੀ ਲੂਹਰੀ ਵੀ ਉੱਠੇ, ਫਿਰ ਆਪੇ ਹੀ ਸੌਂ ਜਾਵੇ। ਇੰਝ ਤੌਖਲੇ ਤੇ ਹੈਰਾਨੀਆਂ ਜਗਾਉਂਦਾ ਸੁਲਾਉਂਦਾ ਪਤਾ ਨਹੀਂ ਉਹ ਕਿਹੜੇ ਵੇਲੇ ਸੌਂ ਗਿਆ। ਕਿਸੇ ਦੋਸਤ-ਮਿੱਤਰ ਜਾਂ ਜਮਾਤੀ ਕੋਲ ਭਾਫ਼ ਨਹੀਂ ਕੱਢੀ। ਦੂਜੇ ਦਿਨ ਸਵੇਰੇ ਉੱਠਦਿਆਂ ਹੀ ਜੈਲੀ ਨੇ ਦਰਵਾਜ਼ਾ ਆਣ ਖੜਕਾਇਆ, “ਉਹ ਡਾਕਟਰ, ਰਿਜ਼ਲਟ ਆ ਗਿਆ ਕਹਿੰਦੇ। ਆ ਚੱਲੀਏ, ਪਤਾ ਕਰ ਲਈਏ ਭਰਾਵਾ।” ਵੈਸੇ ਤਾਂ ਸਭ ਨੂੰ ਪਤਾ ਹੀ ਹੋਣਾ ਹੈ, ਫਿਰ ਵੀ ਦੱਸ ਦੇਵਾਂ, ਅਸੀਂ ਯੂਨੀਵਰਸਿਟੀ ਵਾਲੇ ਚੌੜ ‘ਚ ਇੱਕ-ਦੂਜੇ ਨੂੰ ਡਾਕਟਰ ਹੀ ਕਹਿੰਦੇ ਹਾਂ।
ਮੁੜ ਉਹੀ ਦੁਕਾਨ ਸੀ ਤੇ ਉਹੀ ਸਵਾਲ। ਜਵਾਬ ਵੀ ਪਹਿਲਾਂ ਵਾਲਾ ਹੀ ਆਇਆ, “ਪਾਸ ਆਂ ਦੋਸਤਾ।” ਐਤਕੀਂ ਤਕਦੀਰ ਜੈਲੀ ‘ਤੇ ਵੀ ਮਿਹਰਬਾਨ ਹੋ ਗਈ ਸੀ। ਉਹ ਦੁਕਾਨ ‘ਤੇ ਖੜ੍ਹੇ ਹੋਰ ਮੁੰਡਿਆਂ ਨੂੰ ਆਪਣੀ ਕਾਮਯਾਬੀ ਦੇ ਕਿੱਸੇ ਸੁਣਾਉਣ ‘ਚ ਰੁਝ ਗਿਆ ਤੇ ਵਿੱਕੀ ਯੂਨੀਵਰਸਿਟੀ ਮੁੜ ਪਿਆ।
ਉਸ ਤੋਂ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਠੰਢੇ ਠੰਢੇ ਸਾਹਾਂ ਨੇ ਗਸ਼ਤ ਕੀਤੀ ਤੇ ਕੋਸੇ ਕੋਸੇ ਹੰਝੂ ਵੀ ਲੁੱਡੀਆਂ ਪਾਉਣ ਲੱਗੇ ਪਰ ਇਸ ਤੋਂ ਪਹਿਲਾਂ ਕਿ ਕੋਈ ਦੇਖੇ, ਪੋਟਿਆਂ ਨੇ ਸਾਂਭ ਕੇ ਰੱਖ ਦਿੱਤੇ ਸ਼ਮਲਿਆਂ ਵਾਲੇ ਅੱਥਰੂ ਚੇਤਿਆਂ ਦੀ ਡੱਬੀ ‘ਚ। ਵਿੱਕੀ ਨੂੰ ਸਮਝ ਨਾ ਆਵੇ ਕਿ ਸਭ ਤੋਂ ਪਹਿਲਾਂ ਦੱਸਾਂ ਕਿਹਨੂੰ? ਯੂਨੀਵਰਸਿਟੀ ਦਾ ਗੇਟ ਵੜਦਿਆਂ ਹੀ ਫੈਸਲਾ ਹੋ ਗਿਆ- ਮਾਂ ਨੂੰ ਫੋਨ ਕੀਤਾ ਜਾਵੇ। ਪੀਸੀਓ ‘ਤੇ ਗਿਆ, ਫੋਨ ਚੁੱਕਿਆ ਤੇ ਘਰ ਦਾ ਨੰਬਰ ਡਾਇਲ ਕੀਤਾ। ਮੂਹਰਿਓ ਮਾਂ ਬੋਲੀ, “ਹੈਲੋ… ਕੌਣ? ਕੌਣ ਆ ਭਾਈ?” ਜ਼ਬਾਨ ਖਾਲੀ ਸੀ ਤੇ ਗੱਚ ਭਰਿਆ ਹੋਇਆ, ਮੂੰਹੋਂ ਇੱਕ ਲਫ਼ਜ਼ ਵੀ ਨਾ ਨਿੱਕਲਿਆ। ਫਿਰ ਜੇਰੇ ਨੂੰ ਕਰੜਾ ਜਿਹਾ ਕਰ ਕੇ ਕਹਿੰਦਾ, “ਨੈੱਟ ਕਲੀਅਰ ਹੋ ਗਿਆ ਮਾਂ…।” ਅਗਲੀ ਵੀ ਇਸ ਘੜੀ ਨੂੰ ਤਾਂਘਦੀ ਊਣੀ ਹੋਈ ਬੈਠੀ ਸੀ। ਸੁਣਦਿਆਂ ਸਾਰ ਬੇਬੇ ਤੋਂ ਵੀ ਕੁਝ ਨਾ ਕਿਹਾ ਗਿਆ ਤੇ ਦੋਹਾਂ ਪਾਸਿਓਂ ਸੀਤ ਹਉਕਿਆਂ ਦੀ ਝੜੀ ਲੱਗ ਗਈ। ਕੁਝ ਚਿਰ ਬਾਅਦ ਚਿੱਤ ਸੰਭਲੇ, ਬੇਬੇ ਨੇ ਕਿਹਾ, “ਜਿਊਂਦਾ ਰਹਿ ਪੁੱਤ… ਰੱਬ ਤੈਨੂੰ ਹੋਰ ਵਧਾਵੇ।”
ਸੰਪਰਕ: 81968-21300