ਇਜ਼ਰਾਈਲ ਦੇ ਨਿਸ਼ਾਨੇ ’ਤੇ ਆਏ ਹਸਪਤਾਲ
* ਸੰਯੁਕਤ ਰਾਸ਼ਟਰ ਅਤੇ ਮੈਡੀਕਲ ਅਮਲੇ ਨੇ ਪ੍ਰਗਟਾਇਆ ਹਮਲੇ ਦਾ ਖ਼ਦਸ਼ਾ
* ਜਾਨ ਦੇ ਖੌਅ ਕਾਰਨ ਹਜ਼ਾਰਾਂ ਫਲਸਤੀਨੀਆਂ ਨੇ ਹਸਪਤਾਲਾਂ ’ਚ ਲਈ ਹੋਈ ਹੈ ਪਨਾਹ
* ਰਾਹਤ ਸਮੱਗਰੀ ਨਾਲ ਭਰੇ 33 ਹੋਰ ਟਰੱਕ ਗਾਜ਼ਾ ਪੁੱਜੇ
ਖ਼ਾਨ ਯੂਨਿਸ, 30 ਅਕਤੂਬਰ
ਇਜ਼ਰਾਇਲੀ ਫ਼ੌਜ ਵੱਲੋਂ ਉੱਤਰੀ ਅਤੇ ਮੱਧ ਗਾਜ਼ਾ ’ਚ ਜ਼ਮੀਨੀ ਹਮਲੇ ਤੇਜ਼ ਕਰਨ ਦੇ ਨਾਲ ਹੁਣ ਇਹ ਡਰ ਪੈਦਾ ਹੋ ਗਿਆ ਹੈ ਕਿ ਉਸ ਵੱਲੋਂ ਹਸਪਤਾਲਾਂ ਨੂੰ ਵੀ ਨਿਸ਼ਾਨ ਬਣਾਇਆ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਅਤੇ ਮੈਡੀਕਲ ਅਮਲੇ ਨੇ ਚਤਿਾਵਨੀ ਦਿੱਤੀ ਹੈ ਕਿ ਇਜ਼ਰਾਈਲ ਵੱਲੋਂ ਹਸਪਤਾਲਾਂ ਨੇੜੇ ਹਵਾਈ ਹਮਲੇ ਕੀਤੇ ਜਾ ਰਹੇ ਹਨ ਜਿਥੇ ਹਜ਼ਾਰਾਂ ਫਲਸਤੀਨੀਆਂ ਨੇ ਜ਼ਖ਼ਮੀਆਂ ਦੇ ਨਾਲ ਪਨਾਹ ਲਈ ਹੋਈ ਹੈ। ਖ਼ਬਰ ਏਜੰਸੀ ਨੂੰ ਮਿਲੇ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਇਜ਼ਰਾਇਲੀ ਟੈਂਕ ਅਤੇ ਬੁਲਡੋਜ਼ਰ ਨੇ ਮੱਧ ਗਾਜ਼ਾ ’ਚ ਮੁੱਖ ਉੱਤਰੀ-ਦੱਖਣੀ ਮਾਰਗ ਦਾ ਰਾਹ ਰੋਕ ਦਿੱਤਾ ਹੈ। ਇਜ਼ਰਾਇਲੀ ਫ਼ੌਜ ਨੇ ਫਲਸਤੀਨੀਆਂ ਨੂੰ ਇਸੇ ਰਾਹ ਰਾਹੀਂ ਬਚ ਕੇ ਨਿਕਲਣ ਦੇ ਹੁਕਮ ਦਿੱਤੇ ਸਨ। ਉਧਰ ਰਾਹਤ ਸਮੱਗਰੀ ਨਾਲ ਭਰੇ 33 ਹੋਰ ਟਰੱਕ ਮਿਸਰ ਰਾਹੀਂ ਦੱਖਣੀ ਗਾਜ਼ਾ ਅੰਦਰ ਦਾਖ਼ਲ ਹੋਏ ਹਨ।
ਸੜਕ ’ਤੇ ਫ਼ੌਜ ਦੀ ਤਾਇਨਾਤੀ ਬਾਰੇ ਪੁੱਛੇ ਜਾਣ ’ਤੇ ਇਜ਼ਰਾਇਲੀ ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਫ਼ੌਜ ਨੇ ਕਾਰਵਾਈ ਦਾ ਘੇਰਾ ਵਧਾ ਦਿੱਤਾ ਹੈ। ਵੀਡੀਓ ’ਚ ਇਕ ਕਾਰ, ਬੁਲਡੋਜ਼ਰ ਕੋਲ ਆਉਂਦੀ ਦਿਖਾਈ ਦੇ ਰਹੀ ਹੈ ਜਿਥੇ ਇਕ ਛੋਟੀ ਇਮਾਰਤ ਦੇ ਪਿੱਛੇ ਟੈਂਕ ਵੀ ਖੜ੍ਹਾ ਹੈ। ਕਾਰ ਅੱਗੇ ਨਾ ਜਾ ਕੇ ਉਥੋਂ ਹੀ ਮੁੜ ਪੈਂਦੀ ਹੈ। ਫਿਰ ਟੈਂਕ ਤੋਂ ਗੋਲਾ ਦਾਗ਼ਿਆ ਜਾਂਦਾ ਹੈ ਅਤੇ ਕਾਰ ਨੂੰ ਅੱਗ ਲੱਗ ਜਾਂਦੀ ਹੈ। ਜਿਹੜਾ ਪੱਤਰਕਾਰ ਇਸ ਦ੍ਰਿਸ਼ ਨੂੰ ਦੂਜੀ ਕਾਰ ਰਾਹੀਂ ਕੈਮਰੇ ’ਚ ਕੈਦ ਕਰ ਰਿਹਾ ਸੀ ਉਹ ਡਰ ਦੇ ਮਾਰੇ ਹੋੋਰ ਵਾਹਨਾਂ ਨੂੰ ਪਿਛਾਂਹ ਜਾਣ ਦਾ ਰੌਲਾ ਪਾਉਂਦਾ ਹੈ। ਗਾਜ਼ਾ ਸਿਹਤ ਮੰਤਰਾਲੇ ਨੇ ਬਾਅਦ ’ਚ ਕਿਹਾ ਕਿ ਕਾਰ ’ਤੇ ਹੋਏ ਹਮਲੇ ’ਚ ਤਿੰਨ ਵਿਅਕਤੀ ਮਾਰੇ ਗਏ ਹਨ। ਉੱਤਰੀ ਇਲਾਕੇ ’ਚ ਹਜ਼ਾਰਾਂ ਫਲਸਤੀਨੀ ਮੌਜੂਦ ਹਨ ਅਤੇ ਜੇਕਰ ਉੱਤਰੀ-ਦੱਖਣੀ ਮਾਰਗ ਠੱਪ ਕੀਤਾ ਜਾਵੇਗਾ ਤਾਂ ਉਨ੍ਹਾਂ ਲਈ ਬਚ ਕੇ ਨਿਕਲਣ ਦਾ ਕੋਈ ਰਾਹ ਨਹੀਂ ਬਚੇਗਾ। ਉੱਤਰੀ ਗਾਜ਼ਾ ਦੇ ਹਸਪਤਾਲਾਂ ’ਚ ਕਰੀਬ 117,000 ਲੋਕ ਇਸ ਆਸ ’ਚ ਠਹਿਰੇ ਹੋਏ ਹਨ ਕਿ ਉਹ ਇਜ਼ਰਾਈਲ ਦੇ ਹਮਲੇ ਤੋਂ ਸੁਰੱਖਿਅਤ ਰਹਿਣਗੇ। ਇਜ਼ਰਾਇਲੀ ਫ਼ੌਜ ਨੇ ਕਈ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਆਪਣੇ ਮੋਰਚੇ ਬਣਾ ਲਏ ਹਨ। ਫ਼ੌਜ ਨੇ ਕਿਹਾ ਕਿ ਉਨ੍ਹਾਂ ਦੇ ਜਵਾਨਾਂ ਨੇ ਦਰਜਨਾਂ ਦਹਿਸ਼ਤਗਰਾਂ ਨੂੰ ਮਾਰ ਮੁਕਾਇਆ ਹੈ ਜੋ ਇਮਾਰਤਾਂ ਅਤੇ ਸੁਰੰਗਾਂ ਅੰਦਰੋਂ ਹਮਲੇ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ’ਚ 600 ਤੋਂ ਵੱਧ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਮਾਸ ਦੇ ਫ਼ੌਜੀ ਵਿੰਗ ਨੇ ਕਿਹਾ ਕਿ ਉਨ੍ਹਾਂ ਦੇ ਲੜਾਕਿਆਂ ਦੀ ਉੱਤਰ-ਪੱਛਮੀ ਗਾਜ਼ਾ ਪੱਟੀ ਤੋਂ ਦਾਖ਼ਲ ਹੋਏ ਇਜ਼ਰਾਇਲੀ ਜਵਾਨਾਂ ਨਾਲ ਝੜਪ ਹੋਈ ਹੈ। ਫਲਸਤੀਨੀ ਅਤਿਵਾਦੀਆ ਵੱਲੋਂ ਵੀ ਇਜ਼ਰਾਈਲ ’ਚ ਰਾਕੇਟ ਦਾਗ਼ੇ ਗਏ ਹਨ। -ਏਪੀ