ਹਸਪਤਾਲ ਦੀ ਇਮਾਰਤ 31 ਤੱਕ ਬਣਨ ਦੇ ਆਸਾਰ
ਸੰਜੀਵ ਬੱਬੀ
ਚਮਕੌਰ ਸਾਹਿਬ , 31 ਦਸੰਬਰ
ਇੱਥੇ ਸਬ ਡਿਵੀਜ਼ਨ ਪੱਧਰ ਦੇ ਬਣ ਰਹੇ 25 ਬਿਸਤਰਿਆਂ ਦੇ ਹਸਪਤਾਲ ਦੀ ਇਮਾਰਤ ਦਾ ਕੰਮ 31 ਜਨਵਰੀ ਤੱਕ ਮੁਕੰਮਲ ਕਰਕੇ ਇਹ ਇਮਾਰਤ ਸਿਹਤ ਵਿਭਾਗ ਦੇ ਸਪੁਰਦ ਕਰ ਦਿੱਤੀ ਜਾਵੇਗੀ। ਹਸਪਤਾਲ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਗਪਗ 10 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਹਸਪਤਾਲ ਦਾ ਨੀਂਹ ਪੱਥਰ 2022 ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੱਖਿਆ ਗਿਆ ਸੀ ਅਤੇ ਉਨ੍ਹਾਂ ਵਲੋਂ ਇਹ ਫੰਡ ਸਿਹਤ ਕਾਰਪੋਰੇਸ਼ਨ ਟਰਾਂਸਫਰ ਕਰ ਦਿੱਤੇ ਗਏ ਸਨ , ਪਰ ਮਾਰਚ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਵਿਸ਼ੇਸ਼ ਦਿਲਚਸਪੀ ਲੈ ਕੇ ਇਸ ਹਸਪਤਾਲ ਦੇ ਕੰਮ ਨੂੰ ਨੇਪਰੇ ਚਾੜਨ ਦੇ ਉਪਰਾਲੇ ਕੀਤੇ ਗਏ। ਠੇਕੇਦਾਰ ਵੱਲੋਂ ਹਸਪਤਾਲ ਵਿੱਚ ਬੇਸਮੈਂਟ ਬਣਾਉਣ ਲਈ 4 ਕਰੋੜ ਰੁਪਏ ਦੀ ਹੋਰ ਮੰਗ ਕੀਤੀ ਗਈ ਸੀ। ਇਸ ਮੰਗ ਨੂੰ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਤਾਲਮੇਲ ਕਰਨ ਉਪਰੰਤ ਜਾਰੀ ਕਰਵਾ ਦਿੱਤੇ ਗਏ, ਜਿਸ ਉਪਰੰਤ ਆਉਣ ਵਾਲੇ ਸਮੇਂ ਵਿੱਚ ਹਸਪਤਾਲ ਦਾ ਕੰਮ ਮੁਕੰਮਲ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ।
ਹਸਪਤਾਲ ਲਈ ਪਹਿਲਾਂ ਹੀ ਫੰਡ ਹੋ ਚੁੱਕੇ ਨੇ ਜਾਰੀ: ਟੰਡਨ
ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੋਬਿੰਦ ਟੰਡਨ ਨੇ ਦੱਸਿਆ ਕਿ ਸਬੰਧਤ ਠੇਕੇਦਾਰ ਵੱਲੋਂ 31 ਜਨਵਰੀ ਤੱਕ ਇਹ ਹਸਪਤਾਲ ਸਿਹਤ ਵਿਭਾਗ ਦੇ ਹਵਾਲੇ ਕਰਨ ਲਈ ਵਚਨਵੱਧਤਾ ਦਿੱਤੀ ਗਈ ਹੈ। ਸ੍ਰੀ ਟੰਡਨ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਹਸਪਤਾਲ ਲਈ ਲੋੜੀਦੇ ਫੰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਹਸਪਤਾਲ ਨੂੰ ਨਿਸ਼ਚਿਤ ਸਮੇਂ ਅੰਦਰ ਤਿਆਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਲਗਪਗ ਚਾਰ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਹੋਰ ਵਧੀਆ ਸਿਹਤ ਸਹੂਲਤਾਂ ਪ੍ਰਾਪਤ ਹੋਣਗੀਆਂ।