For the best experience, open
https://m.punjabitribuneonline.com
on your mobile browser.
Advertisement

ਹੌਜ਼ਰੀ ਕਾਰੋਬਾਰੀਆਂ ਨੇ ‘ਆਪ’ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ

10:17 AM May 19, 2024 IST
ਹੌਜ਼ਰੀ ਕਾਰੋਬਾਰੀਆਂ ਨੇ ‘ਆਪ’ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ
ਬਾਜ਼ਾਰ ’ਚ ਹੜਤਾਲ ਦੌਰਾਨ ਬੰਦ ਪਈਆਂ ਦੁਕਾਨਾਂ। -ਫੋਟੋ: ਇੰਦਰਜੀਤ ਵਰਮਾ
Advertisement

ਟ੍ਰਿਬਿਊਨ ਨਿਊਜ਼ ਸਰਵਿਸ/ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਮਈ
ਪੰਜਾਬ ’ਚ ਦੋ ਸਾਲ ਦੇ ਵਿਕਾਸ ਕਾਰਜ ਦੇ ਨਾਮ ’ਤੇ ਵੋਟਾਂ ਮੰਗ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ‘ਆਪ’ ਖਿਲਾਫ਼ ਸ਼ਹਿਰ ਦੇ ਹੌਜ਼ਰੀ ਕਾਰੋਬਾਰੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸਕੂਲ ਵਰਦੀਆਂ ਬਣਾਉਣ ਵਾਲੇ ਹੌਜ਼ਰੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹ ਕਿਸੇ ਦੇ ਝਾਂਸੇ ’ਚ ਨਹੀਂ ਆਉਣ ਵਾਲੇ, ਜੇਕਰ ‘ਆਪ’ ਉਮੀਦਵਾਰ ਨੂੰ ਵੋਟਾਂ ਚਾਹੀਦੀਆਂ ਹਨ ਤਾਂ ਮੰਗਾਂ ਪੂਰੀਆਂ ਕਰਨ ਤੇ ਵੋਟਾਂ ਲੈ ਲੈਣ। ਪ੍ਰਦਰਸ਼ਨ ਦੌਰਾਨ ਹੌਜ਼ਰੀ ਕਾਰੋਬਾਰੀਆਂ ਨੇ ਆਪਣੀਆਂ ਫੈਕਟਰੀਆਂ ਦੇ ਬਾਹਰ ਪੋਸਟਰ ਵੀ ਲਾ ਦਿੱਤੇ ਕਿ ਮੰਗਾਂ ਪੂਰੀਆਂ ਕਰੋਗੇ ਤਾਂ ਵੋਟ ਮਿਲੇਗੀ, ਨਹੀਂ ਸਾਨੂੰ ਮੁਆਫ਼ ਕਰੋ। ਇਸ ਦੌਰਾਨ ਹੌਜ਼ਰੀ ਕਾਰੋਬਾਰੀਆਂ ਨੇ ਕਿਹਾ ਕਿ ਸਰਕਾਰ ਨੇ ਸੈਲਫ਼ ਗਰੁੱਪ ਨੂੰ ਯੂਨੀਫਾਰਮ ਬਣਾਉਣ ਦਾ ਕਾਰੋਬਾਰ ਦੇ ਕੇ ਉਨ੍ਹਾਂ ਦੇ ਢਿੱਡ ’ਤੇ ਲੱਤ ਮਾਰੀ ਹੈ। ਉਨ੍ਹਾਂ ਦੇ ਵਪਾਰ ਬੰਦ ਹੋਣ ਕਿਨਾਰੇ ਹਨ।
ਹੌਜ਼ਰੀ ਕਾਰੋਬਾਰੀ ਓਮੇਸ਼ ਗੋਇਲ ਨੇ ਕਿਹਾ ਕਿ ਅੱਜ ਸਕੂਲ ਦੀ ਵਰਦੀ ਬਣਾਉਣ ਵਾਲੇ ਹੌਜ਼ਰੀ ਕਾਰੋਬਾਰੀ ਇਕੱਠੇ ਹੋਏ ਹਨ। ਉਹ ਪਿੱਛਲੇ 13 ਸਾਲ ਤੋਂ ਵਪਾਰ ਕਰ ਰਹੇ ਹਨ। ਹੁਣ ਸਰਕਾਰ ਨੇ ਯੂਨੀਫਾਰਮ ਬਣਾਉਣ ਦਾ ਕੰਮ ਸੈਲ਼ਫ਼ ਗਰੁੱਪ ਨੂੰ ਦੇ ਦਿੱਤਾ ਹੈ। ਐੱਨਜੀਓ ਵਾਲੇ ਸਕੂਲਾਂ ’ਚ ਵਰਦੀਆਂ ਬੱਸ ਸੁੱਟ ਕੇ ਚਲੇ ਜਾਂਦੇ ਹਨ। ਉਨ੍ਹਾਂ ਨੂੰ ਬੱਚਿਆਂ ਦੇ ਸਹੀ ਸਾਈਜ਼ ਤੱਕ ਦਾ ਨਹੀਂ ਪਤਾ। ਅਸਲ ’ਚ ਇਹ ਕੰਮ ਐੱਨਜੀਓ ਨਹੀਂ ਕਰ ਰਹੀ, ਉਸਦਾ ਸਿਰਫ਼ ਨਾਮ ਵਰਤਿਆ ਜਾ ਰਿਹਾ ਹੈ। ਉਮੇਸ਼ ਨੇ ਕਿਹਾ ਕਿ ਵਰਦੀਆਂ ਦੀ ਆੜ ’ਚ ਇਹ ਘੁਟਾਲਾ ਕੀਤਾ ਜਾ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇਂ ਸਾਲ ਸਕੂਲਾਂ ਦੀਆਂ ਗ੍ਰਾਂਟਾਂ ਆਈਆਂ ਸਨ ਪਰ ਉਨ੍ਹਾਂ ਦੇ ਪਿਛਲੇ ਸਾਲ ਦੇ ਪੈਸੇ ਰੁਕੇ ਹੋਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਮੁੱਖ ਮੰਤਰੀ ਦਾ ਇਸ ਪਾਸੇ ਧਿਆਨ ਖਿੱਚਣ ਪਰ ਉਨ੍ਹਾਂ ਦੀਆਂ ਮੰਗਾਂ ਲਟਕਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਐੱਨਜੀਓ ਨੇ ਕੰਮ ਕਰਨਾ ਹੈ ਤਾਂ ਉਹ ਸਿਲਾਈ ਲਈ ਉਨ੍ਹਾਂ ਤੋਂ ਵਰਦੀਆਂ ਲੈਣ। ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਲੋਕ ਸਭਾ ਚੋਣਾਂ ’ਚ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ।

Advertisement

Advertisement
Author Image

Advertisement
Advertisement
×