ਹੌਜ਼ਰੀ ਦੇ ਕਾਰੋਬਾਰੀ ਪਤੀ-ਪਤਨੀ ਨੇ ਭਾਖੜਾ ਵਿੱਚ ਛਾਲ ਮਾਰੀ; ਪਤਨੀ ਦੀ ਮੌਤ
ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 17 ਸਤੰਬਰ
ਲੁਧਿਆਣਾ ’ਚ ਹੌਜ਼ਰੀ ਦਾ ਕਾਰੋਬਾਰ ਕਰਨ ਵਾਲੇ ਪਤੀ-ਪਤਨੀ ਨੇ ਖੁਦਕੁਸ਼ੀ ਲਈ ਸਰਹਿੰਦ ਦੀ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ। ਇਸ ਘਟਨਾ ’ਚ ਪਤਨੀ ਦੀ ਮੌਤ ਹੋ ਗਈ ਜਦਕਿ ਪਤੀ ਦਾ ਬਚਾਅ ਹੋ ਗਿਆ। ਇਸ ਮਾਮਲੇ ਵਿਚ ਸਰਹਿੰਦ ਪੁਲੀਸ ਨੇ ਲੁਧਿਆਣਾ ਦੇ ਤਿੰਨ ਫਾਇਨਾਂਸਰਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਲਖਨ ਸ਼ਰਮਾ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਸ ਦੇ ਪਿਤਾ ਆਨੰਦ ਸ਼ਰਮਾ ਤੇ ਮਾਤਾ ਕਿਰਨ ਸ਼ਰਮਾ ਦੇ ਨਾਮ ’ਤੇ ਚੱਲ ਰਹੀਆਂ ਦੋ ਕੰਪਨੀਆਂ ਵੱਲੋਂ ਕੱਪੜਾ ਤਿਆਰ ਕੀਤਾ ਜਾਂਦਾ ਹੈ ਤੇ ਉਕਤ ਕਾਰੋਬਾਰ ’ਚ ਘਾਟਾ ਪੈਣ ’ਤੇ ਉਸ ਦੇ ਪਿਤਾ ਨੇ ਲੁਧਿਆਣਾ ’ਚ ਫਾਇਨਾਂਸ ਦਾ ਕੰਮ ਕਰਨ ਵਾਲੇ ਰੌਸ਼ਨ ਪਾਲ, ਲੱਕੀ ਸਿੰਘ ਅਤੇ ਸੁਨੀਲ ਚੌਧਰੀ ਵਾਸੀ ਹੈਬੋਵਾਲ ਤੋਂ ਕਰੀਬ ਚਾਰ ਸਾਲ ਪਹਿਲਾਂ ਕਰਜ਼ਾ ਲਿਆ ਸੀ। ਇਸ ’ਚੋਂ ਕੁਝ ਰਕਮ ਵਿਆਜ਼ ਸਮੇਤ ਵਾਪਸ ਕਰ ਦਿੱਤੀ ਗਈ ਪਰ ਬਕਾਇਆ ਰਕਮ ਲਈ ਫਾਇਨਾਂਸਰਾਂ ਵੱਲੋਂ ਉਸ ਦੇ ਮਾਤਾ-ਪਿਤਾ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਉਹ ਰਹਿੰਦੀ ਰਕਮ ਬਦਲੇ ਆਪਣੀ ਜਾਇਦਾਦ ਦੀ ਰਜਿਸਟਰੀ ਉਨ੍ਹਾਂ ਦੇ ਨਾਂ ਕਰਵਾ ਦੇਣ ਨਹੀਂ ਤਾਂ ਉਹ ਜਾਇਦਾਦ ’ਤੇ ਕਬਜ਼ਾ ਕਰ ਲੈਣਗੇ। ਇਸ ਤੋਂ ਪ੍ਰੇਸ਼ਾਨ ਹੋ ਕੇ ਕੇ ਉਸ ਦੇ ਮਾਪੇ ਖੁਦਕਸ਼ੀ ਨੋਟ ਲਿਖਣ ਮਗਰੋਂ ਸਰਹਿੰਦ ਦੀ ਭਾਖੜਾ ਨਹਿਰ ਕੋਲ ਪਹੁੰਚ ਗਏ ਜਿੱਥੋਂ ਉਸ ਦੀ ਮਾਤਾ ਨੇ ਉਸ ਨੂੰ ਵੀਡੀਓ ਕਾਲ ਕਰਕੇ ਦੱਸਿਆ ਕਿ ਉਹ ਖੁਦਕੁਸ਼ੀ ਕਰਨ ਲੱਗੇ ਹਨ। ਇਸ ਮਗਰੋਂ ਉਨ੍ਹਾਂ ਨਹਿਰ ’ਚ ਛਾਲ ਮਾਰ ਦਿੱਤੀ ਤੇ ਪਾਣੀ ਦੇ ਤੇਜ਼ ਵਹਾਅ ’ਚ ਉਸ ਦੀ ਮਾਤਾ ਤਾਂ ਰੁੜ੍ਹ ਗਈ ਪਰ ਉਸ ਦੇ ਪਿਤਾ ਦਾ ਨਹਿਰ ਕੰਢੇ ਦਰੱਖਤ ਨੂੰ ਹੱਥ ਪੈ ਗਿਆ ਤੇ ਉਨ੍ਹਾਂ ਦੀ ਜਾਨ ਬਚ ਗਈ।