For the best experience, open
https://m.punjabitribuneonline.com
on your mobile browser.
Advertisement

ਸੈਰ ਸਪਾਟੇ ਲਈ ਸੰਭਾਵਨਾਵਾਂ ਭਰਪੂਰ ਹੁਸ਼ਿਆਰਪੁਰ

06:56 AM Sep 24, 2023 IST
ਸੈਰ ਸਪਾਟੇ ਲਈ ਸੰਭਾਵਨਾਵਾਂ ਭਰਪੂਰ ਹੁਸ਼ਿਆਰਪੁਰ
ਹੁਸ਼ਿਆਰਪੁਰ ਦੀ ਵਿਰਾਸਤੀ ਕਲਾ ਦਾ ਇੱਕ ਨਮੂਨਾ।
Advertisement

ਵਰਿੰਦਰ ਸਿੰਘ ਨਿਮਾਣਾ

Advertisement

ਸੈਰ ਸਫ਼ਰ

ਘੁੰਮਣਾ ਫਿਰਨਾ ਤੇ ਕੁਦਰਤ ਦੇ ਜਲਵਿਆਂ ਨੂੰ ਆਪਣੀਆਂ ਸਿਮਰਤੀਆਂ ਦਾ ਹਿੱਸਾ ਬਣਾਉਣਾ ਮਨੁੱਖ ਦੀ ਘੁਮੱਕੜ ਪ੍ਰਵਿਰਤੀ ਵੱਲ ਇਸ਼ਾਰਾ ਕਰਦੇ ਹਨ। ਇਸ ਦੇ ਨਾਲ ਹੀ ਇਹ ਇਨਸਾਨੀ ਮਨ ਦੇ ਸੁਹਜਾਤਮਕ, ਕੋਮਲ ਭਾਵੀ ਤੇ ਕੁਦਰਤ ਪ੍ਰੇਮੀ ਹੋਣ ਵੱਲ ਵੀ ਸੰਕੇਤ ਕਰਦੇ ਹਨ। ਕਿਸੇ ਵੀ ਭੂਗੋਲਿਕ ਖਿੱਤੇ ਦਾ ਕੁਦਰਤੀ ਸੁਹੱਪਣ, ਆਵਾਜਾਈ ਤੇ ਸੰਚਾਰ ਸਾਧਨ, ਵਿੱਤੀ ਤੇ ਰਿਹਾਇਸ਼ੀ ਸਹੂਲਤਾਂ, ਕਲਾ, ਮਨੋਰੰਜਨ ਤੇ ਸਭਿਆਚਾਰਕ ਵਿਲੱਖਣਤਾ ਦੂਜੇ ਖਿੱਤੇ ’ਚ ਰਹਿਣ ਵਾਲੇ ਲੋਕਾਂ ਲਈ ਖਿੱਚ ਦਾ ਸਬੱਬ ਬਣਦੇ ਹਨ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸੈਰ ਸਪਾਟੇ ਦੀਆਂ ਸੰਭਾਵਨਾਵਾਂ ਦੀ ਗੱਲ ਕਰੀਏ ਤਾਂ ਇੱਥੋਂ ਦੇ ਕੰਢੀ ਤੇ ਪੇਂਡੂ ਖੇਤਰਾਂ ਦੀਆਂ ਭੂਗੋਲਿਕ ਖ਼ੂਬੀਆਂ, ਕੁਦਰਤੀ ਸੁਹੱਪਣ, ਇਤਿਹਾਸਕ ਤੇ ਕਲਾਤਮਿਕ ਪਿਛੋਕੜ ਘੁੰਮਣ ਫਿਰਨ ਦੇ ਸ਼ੌਕੀਨਾਂ ਨੂੰ ਆਕਰਸ਼ਿਤ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹਨ।
ਡਾ. ਗੁਰਦਿਆਲ ਸਿੰਘ ਫੁੱਲ ਦਾ ਦੁਆਬੇ ਦੀ ਖ਼ੂਬਸੂਰਤੀ ਬਾਰੇੇ ਕਥਨ ਹੈ: ‘‘ਇਸ ਧਰਤੀ ਦੀ ਅਲੋਕਾਰੀ ਪ੍ਰਾਕਿਰਤੀ ਦੇਖਣ ਵਾਲੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔੜ, ਹੁਸੜ ਤੇ ਹਨੇਰੀਆਂ, ਸਰੀਰਕ ਬਲ ਤੇ ਕੋਮਲ ਕਲਾਵਾਂ ਅਤੇ ਸ਼ਾਂਤ ਸਮਾਧੀ ਮਾਲਾ ਤੇ ਲਿਸ਼ਕਦੀ ਤਲਵਾਰ ਦਾ ਅਦਭੁਤ ਵਚਿੱਤਰ ਸੁਮਾਧੀ ਸੁਮੇਲ ਹੈ। ਇੱਥੋਂ ਦੀਆਂ ਰੁੱਤਾਂ ਰਾਂਗਲੀਆਂ ਹਨ। ਇੱਥੋਂ ਦੀਆਂ ਬਹਾਰਾਂ ਟੂਣੇਹਾਰੀਆਂ ਹਨ। ਧੁੱਪਾਂ ਜੋਬਨ ਵੰਡਦੀਆਂ ਹਨ। ਧਰਤੀ ਸੋਨਾ ਉਗਲਦੀ ਹੈ। ਪੌਣਾਂ ਨਸ਼ਿਆਉਂਦੀਆਂ ਹਨ। ਪੰਜਾਬ ਦੇ ਇਨ੍ਹਾਂ ਪ੍ਰਾਕ੍ਰਿਤੀ ਨਜ਼ਾਰਿਆਂ ਤੇ ਭੂਗੋਲਿਕ ਸਥਿਤੀ ਦਾ ਪੰਜਾਬੀ ਸਭਿਆਚਾਰ ਦੇ ਵਿਕਾਸ ’ਚ ਬੜਾ ਵੱਡਾ ਹੱਥ ਹੈ।’’

Advertisement

ਕੰਢੀ ਦੇ ਪਿੰਡ ਰਾਮਟਟਵਾਲੀ ਵਿਖੇ ਪ੍ਰਾਚੀਨ ਠਾਕੁਦੁਆਰੇ ਦਾ ਇੱਕ ਕੰਧਚਿੱਤਰ।­ ਫ਼ੋਟੋਆਂ: ਲੇਖਕ

ਦਰਅਸਲ ਇਹ ਜ਼ਿਲ੍ਹਾ ਪੰਜਾਬ ਦਾ ਅਜਿਹਾ ਖੇਤਰ ਹੈ ਜਿਸ ਵਰਗੇ ਪ੍ਰਾਕ੍ਰਿਤਕ ਨਜ਼ਾਰੇ ਤੇ ਭੂਗੋਲਿਕ ਸੁਹੱਪਣ ਹਰ ਜ਼ਿਲ੍ਹੇ ’ਚ ਦੇਖਣ ਨੂੰ ਨਹੀਂ ਮਿਲਦੇ। ਹਿਮਾਲਾ ਖੰਡ ਤੋਂ ਹੇਠ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ’ਚ ਵਸਿਆ ਇਹ ਜ਼ਿਲ੍ਹਾ ਪਹਾੜੀ, ਕੰਢੀ ਤੇ ਮੈਦਾਨੀ ਖ਼ੂਬਸੂਰਤੀ ਵਾਲਾ ਇਲਾਕਾ ਹੈ। ਹੁਸ਼ਿਆਰਪੁਰ ਦੇ ਪਿੰਡ ਬੋਦਲਾਂ ਨਾਲ ਸੰਬੰਧਿਤ ਉੱਘੇ ਬਨਸਪਤੀ ਵਿਗਿਆਨੀ, ਸਫ਼ਲ ਪ੍ਰਸ਼ਾਸਕ, ਪੰਜਾਬ ਦੀ ਮਿੱਟੀ ਨੂੰ ਦਿਲੋਂ ਪਿਆਰ ਕਰਨ ਵਾਲੇ, ਸਾਹਿਤ ਤੇ ਕਲਾ ਦੇ ਪ੍ਰੇਮੀ ਡਾ. ਮਹਿੰਦਰ ਸਿੰਘ ਰੰਧਾਵਾ ਨੇ ਇੱਥੋਂ ਦੇ ਪਿੰਡਾਂ ਦੀ ਭੂਗੋਲਿਕ ਖ਼ੂਬਸੂਰਤੀ ਬਾਰੇ ਇੰਝ ਲਿਖਿਆ ਹੈ: ‘‘ਕਿੰਨੇ ਸੋਹਣੇ ਹਨ ਹੁਸ਼ਿਆਰਪੁਰ ਦੇ ਪਿੰਡ। ਸਾਰੇ ਹੁਸ਼ਿਆਰਪੁਰ ’ਚ ਇਹ ਹੀ ਇਲਾਕਾ ਹੈ ਜਿੱਥੇ ਮੈਦਾਨਾਂ ਤੋਂ ਹਿਮਾਲਿਆ ਦੀਆਂ ਬਰਫ਼ ਨਾਲ ਢਕੀਆਂ ਚੋਟੀਆਂ ਏਨੀਆਂ ਸਾਫ਼ ਦਿਖਾਈ ਦਿੰਦੀਆਂ ਹਨ। ਸ਼ਿਵਾਲਿਕ ਦੀਆਂ ਉੱਚੀਆਂ ਨੀਲੀਆਂ ਪਹਾੜੀਆਂ ਨੇ ਤਾਂ ਸੀਹਰੋਵਾਲ ਦੇ ਉਪਜਾਊ ਇਲਾਕੇ ਨੂੰ ਹੋਰ ਵੀ ਸ਼ਿੰਗਾਰ ਦਿੱਤਾ ਹੈ।’’
ਹੁਸ਼ਿਆਰਪੁਰ ਦੇ ਕੰਢੀ ਇਲਾਕੇ ’ਚ ਪਾਣੀਆਂ ਦੀ ਮੌਜੂਦਗੀ ਤੇ ਭੂਗੋਲਿਕ ਖ਼ੂਬਸੂਰਤੀ ਦੀ ਗੱਲ ਕਰੀਏ ਤਾਂ ਸ਼ਿਵਾਲਕ ਦੀਆਂ ਪਹਾੜੀਆਂ ਵਾਲੇ ਪਾਸਿਓਂ ਖੱਡਾਂ ’ਚੋਂ ਸਿੰਮਦੀਆਂ ਛੋਟੀਆਂ ਛੋਟੀਆਂ ਜਲ ਧਾਰਾਵਾਂ ਢੋਲਵਾਹਾ, ਜਨੌੜੀ, ਮੈਲੀ, ਥਾਨਾ, ਸਲੇਰਨ, ਚੌਹਾਲ, ਮੈਲੀ, ਨਾਰਾ, ਪਟਿਆਰੀਆਂ, ਮਹਿੰਗਰੋਵਾਲ ਆਦਿ ਥਾਵਾਂ ’ਤੇ ਡੈਮਾਂ ਦੇ ਰੂਪ ’ਚ ਸਾਫ਼ ਸੁਥਰੇ ਪਾਣੀ ਦੀਆਂ ਝੀਲਾਂ ਵਰਗਾ ਖ਼ੂਬਸੂਰਤ ਨਜ਼ਾਰਾ ਪੇਸ਼ ਕਰਦੀਆਂ ਹਨ। ਉਚਾਈ ਵਾਲੇ ਪਾਸਿਓਂ ਨੀਵੇਂ ਵੱਲ ਨੂੰ ਆਪਮੁਹਾਰੀ ਤੋਰ ਤੁਰਦੇ ਖੱਡਾਂ ਦੇ ਪਾਣੀ ਜੰਗਲੀ ਹਰਿਆਵਲ ਦੇ ਰੂਪ ਨੂੰ ਹੋਰ ਨਿਖਾਰਦੇ ਪਹਾੜੀ ਵਾਦੀਆਂ ਦੀ ਖ਼ੂਬਸੂਰਤੀ ’ਚ ਚੋਖਾ ਵਾਧਾ ਕਰਦੇ ਹਨ। ਕੰਢੀ ਇਲਾਕੇ ਵਿੱਚ ਡੈਮਾਂ ’ਚ ਇਕੱਤਰ ਹੁੰਦੇ ਇਹ ਪਾਣੀ ਸਾਫ਼ ਸੁਥਰੀਆਂ ਝੀਲਾਂ ਦੀ ਸਾਦਗੀ, ਵਿਸ਼ਾਲਤਾ ਤੇ ਨਿਰਮਲਤਾ ਦੀਆਂ ਬਾਤਾਂ ਪਾਉਂਦੇ ਦੇਖੇ ਜਾ ਸਕਦੇ ਹਨ। ਡੈਮਾਂ ’ਚ ਦੂਰ ਦੂਰ ਤੱਕ ਫੈਲੇ ਪਾਣੀਆਂ ਦੇ ਤਲ ਨਾਲ ਖਹਿ ਖਹਿ ਕੇ ਅਠਖੇਲੀਆਂ ਕਰਦੀਆਂ ਮਸਤ ਹਵਾਵਾਂ ਦੀ ਚੰਚਲਤਾ ਤੇ ਸ਼ੋਖੀਆਂ ਇਹ ਸੁਨੇਹਾ ਦਿੰਦੀਆਂ ਜਾਪਦੀਆਂ ਹਨ ਕਿ ਇਨਸਾਨ ਵੱਲੋਂ ਬਣਾਏ ਯੰਤਰਾਂ ’ਚੋਂ ਨਿਕਲਦੀਆਂ ਬਣਾਉਟੀ ਹਵਾਵਾਂ ਤੇ ਕੰਕਰੀਟ ਨਾਲ ਉਸਾਰੇ ਜਾ ਰਹੇ ਜੰਗਲਾਂ ਨਾਲ ਸਾਡਾ ਕੋਈ ਮੁਕਾਬਲਾ ਨਹੀਂ। ਸ਼ਾਂਤੀ ਏਨੀ ਕਿ ਕਿਸੇ ਪਾਸਿਓਂ ਵੀ ਚਲਦੀਆਂ ਹਵਾਵਾਂ ਦੀ ਗੂੰਜ ਪਹਾੜੀ ਰਾਗ ਦੀਆਂ ਸਰਗਮਾਂ ਲਾਉਂਦੀ ਮਹਿਸੂਸ ਹੋ ਜਾਂਦੀ ਹੈ। ਇਨ੍ਹਾਂ ਥਾਵਾਂ ’ਤੇ ਸਰਕਾਰ ਕਿਸ਼ਤੀ ਤੇ ਹੋਰ ਪਾਣੀ ਆਧਾਰਿਤ ਖੇਡਾਂ ਤੇ ਰਿਹਾਇਸ਼ ਦੀਆਂ ਸਹੂਲਤਾਂ ਦੇ ਕੇ ਸੈਰ ਸਪਾਟੇ ਨੂੰ ਪ੍ਰਫੁਲਿਤ ਕਰ ਸਕਦੀ ਹੈ। ਹੁਸ਼ਿਆਰਪੁਰ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ’ਤੇ ਹੁਸ਼ਿਆਰਪੁਰ ਚਿੰਤਪੁਰਨੀ ਮੁੱਖ ਮਾਰਗ ’ਤੇ ਬਣੇ ਚੋਹਾਲ ਡੈਮ ਦੇ ਆਸਪਾਸ ਦਾ ਕੁਦਰਤੀ ਸੁਹੱਪਣ ਆਪਣੀ ਮੰਜ਼ਿਲ ਵੱਲ ਤੁਰੇ ਰਾਹਗੀਰਾਂ ਨੂੰ ਮੱਲੋਮੱਲੀ ਰੁਕਣ ਲਈ ਮਜਬੂਰ ਕਰ ਦਿੰਦਾ ਹੈ। ਇਸ ਇਲਾਕੇ ’ਚ ਨਿੱਜੀ ਕਾਰੋਬਾਰੀਆਂ ਦੇ ਯਤਨਾਂ ਨਾਲ ਸਥਾਪਿਤ ਹੋ ਰਹੇ ਹੋਟਲ ਤੇ ਰੈਸਤਰਾਂ ਘੁੰਮਣ ਫਿਰਨ ਵਾਲਿਆਂ ਨੂੰ ਆਕਰਸ਼ਿਤ ਕਰਨ ’ਚ ਕਾਮਯਾਬ ਹੋ ਰਹੇ ਹਨ। ਤਲਵਾੜੇ ਵਿਖੇ ਬਣੇ ਪੌਂਗ ਡੈਮ ਦੇ ਪਿੱਛੇ ਮਹਾਰਾਣਾ ਪ੍ਰਤਾਪ ਸਾਗਰ ਝੀਲ ਵੀ ਘੁੰਮਣ ਫਿਰਨ ਦੇ ਸ਼ੌਕੀਨਾਂ ਲਈ ਵੱਡਾ ਆਕਰਸ਼ਣ ਬਣ ਚੁੱਕੀ ਹੈ। ਸਰਦੀ ਦੇ ਮੌਸਮ ’ਚ ਚੀਨ, ਤਿੱਬਤ ਤੇ ਸਾਇਬੇਰੀਆ ਤੋਂ ਆਉਂਦੇ ਪਰਵਾਸੀ ਪੰਛੀ ਇਸ ਝੀਲ ’ਤੇ ਚੰਗੀ ਰੌਣਕ ਲਾਉਂਦੇ ਹਨ। ਇਸ ਡੈਮ ਤੋਂ ਨਿਕਲਦੀ ਮੁਕੇਰੀਆਂ ਹਾਈਡਲ ਪ੍ਰੋਜੈਕਟ ਵਾਲੀ ਨਹਿਰ ਵੀ ਤਲਵਾੜੇ ਤੋਂ ਉੱਚੀ ਬੱਸੀ ਹੁੰਦੀ ਹੋਈ ਕਈ ਪਿੰਡਾਂ ਨੂੰ ਖ਼ੂਬਸੂਰਤ ਛੋਹਾਂ ਦਿੰਦੀ ਜਾਂਦੀ ਹੈ। ਟੇਰਕਿਆਣਾ ਟੇਲ ’ਤੇ ਇਸ ਨਹਿਰ ਦਾ ਬਿਆਸ ਦਰਿਆ ’ਚ ਤੇਜ਼ੀ ਨਾਲ ਡਿੱਗਦਾ ਪਾਣੀ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਤਿਹਾਸਕ ਕਾਲੀ ਵੇਈਂ ਮੁਕੇਰੀਆਂ ਬਲਾਕ ਦੇ ਪਿੰਡ ਧਨੋਆ ਤੋਂ ਸ਼ੁਰੂ ਹੋ ਕੇ ਹਿੰਮਤਪੁਰ ਟੇਰਕਿਆਣਾ, ਸਤਾਬਕੋਟ ਅਤੇ ਵਧਾਈਆ ਆਦਿ ਪਿੰਡਾਂ ਦੇ ਛੰਭਾਂ ਦੀ ਸੇਮ ਤੋਂ ਪਾਣੀ ਲੈਂਦੀ ਅੱਗੇ ਤੁਰਦੀ ਹੈ। ਪਵਿੱਤਰ ਵੇਈਂ ਦੇ ਕੰਢਿਆਂ ਨੇੜੇ ਵੱਸਦੇ ਪਿੰਡ ਤੇ ਕਸਬੇ ਇਸ ਦੇ ਪਾਣੀਆਂ ਤੋਂ ਰੂਹਾਨੀਅਤ ਦੇ ਰੰਗਾਂ, ਨਿਰੰਤਰਤਾ ਤੇ ਸਾਦਗੀ ਦਾ ਸੁਨੇਹਾ ਲੈਂਦੇ ਪ੍ਰਤੀਤ ਹੁੰਦੇ ਹਨ। ਤਲਵਾੜੇ ਡੈਮ ਤੋਂ ਹੀ ਨਿਕਲਦੀ ਕੰਢੀ ਨਹਿਰ ਵੀ ਕਈ ਸੋਹਣੀਆਂ ਥਾਵਾਂ ਸਿਰਜਦੀ ਆਪਣਾ ਸਫ਼ਰ ਕਰਦੀ ਹੈ। ਇਹ ਨਹਿਰ ਕੰਢੀ ਦੇ ਬਹੁਤ ਸਾਰੇ ਪਿੰਡਾਂ ਲਈ ਪਾਣੀ ਦੀ ਕਮੀ ਦੂਰ ਕਰਨ ਦੇ ਮੰਤਵ ਨਾਲ ਬਣਾਈ ਗਈ ਹੈ। ਹੁਸ਼ਿਆਰਪੁਰ ’ਚ ਬਰਸਾਤਾਂ ਦੇ ਦਿਨਾਂ ਨੂੰ ਸ਼ਿਵਾਲਿਕ ਦੇ ਪਹਾੜਾਂ ਵੱਲੋਂ ਵਗਣ ਵਾਲੇ ਚੋਆਂ ਦੇ ਨਾਂ ਤੇ ਇਨ੍ਹਾਂ ਨਾਲ ਜੁੜੀਆਂ ਕਹਾਣੀਆਂ ਵੀ ਬੜੀਆਂ ਦਿਲਚਸਪ ਹਨ। ਹੁਸ਼ਿਆਰਪੁਰ ਨੇੜੇ ਪੈਂਦੇ ਧੋਬੀ ਚੋਅ ਦੇ ਪਾਣੀ ਨਾਲ ਕਦੇ ਕੱਪੜੇ ਧੋਤੇ ਜਾਂਦੇ ਰਹੇ ਹਨ। ਕੰਢੀ ਦੇ ਪਿੰਡ ਕੂਕਾਨੇਟ ’ਚ ਪਰੀਆਂ ਵਾਲੇ ਚੋਅ ’ਚ ਪੁਰਾਣੇ ਸਮੇਂ ਪਰੀਆਂ ਦੇ ਨਹਾਉਣ ਦੀ ਦੰਦ ਕਥਾ ਪ੍ਰਚਲਿਤ ਹੈ। ਇਸ ਇਲਾਕੇ ਵਿੱਚ ਦੇਹਰੀਆਂ ਤੋਂ ਕੂਕਾਨੇਟ ਵੱਲ ਨੂੰ ਬਾਂਸਾਂ ਦੇ ਦਰੱੱਖਤਾਂ ਨਾਲ ਘਿਰੇ ਕੰਢਿਆਂ ’ਚ ਸਾਰਾ ਸਾਲ ਖੱਡ ਦਾ ਵਗਦਾ ਪਾਣੀ ਕਿਸੇ ਪਹਾੜੀ ਝਰਨੇ ਤੋਂ ਘੱਟ ਨਹੀਂ ਹੈ। ਬਿਰਹਾ ਦੇ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਹੁਸ਼ਿਆਰਪੁਰ ਦੇ ਚੋਆਂ ਨੂੰ ‘ਇੱਤਰਾਂ ਦੇ ਚੋਆਂ’ ਦਾ ਵਿਸ਼ੇਸ਼ਣ ਦੇ ਕੇ ਇਸ ਦੀ ਭੂਗੋਲਿਕ ਵਿਲੱਖਣਤਾ ਤੇ ਸੁਹੱਪਣ ਨੂੰ ਵਡਿਆਉਂਦਿਆਂ ਲਿਖਿਆ ਹੈ:
ਨੰਗੇ ਨੰਗੇ ਪੈਰੀਂ ਜਿੱਥੇ ਆਉਣ ਪ੍ਰਭਾਤਾਂ,
ਰਿਸ਼ਮਾਂ ਦੀ ਮਹਿੰਦੀ ਪੈਰੀਂ ਲਾਉਣ ਜਿੱਥੇ ਰਾਤਾਂ,
ਜਿੱਥੇ ਚਾਨਣੀ ’ਚ ਨ੍ਹਾਵੇ ਖੁਸ਼ਬੋ, ਨੀ ਉੱਥੇ ਮੇਰਾ ਯਾਰ ਵੱਸਦਾ,
ਜਿੱਥੇ ਇਤਰਾਂ ਦੇ ਵਗਦੇ ਨੇ ਚੋਅ, ਨੀ ਉੱਥੇ ਮੇਰਾ ਯਾਰ ਵੱਸਦਾ,
ਜਿੱਥੋਂ ਲੰਘਦੀ ਏ ਪੌਣ ਵੀ ਖਲੋ, ਨੀ ਉੱਥੇ ਮੇਰਾ ਯਾਰ ਵੱਸਦਾ...।
ਕਿਸੇ ਜ਼ਮਾਨੇ ’ਚ ਜ਼ਿਲ੍ਹੇ ਦੇ ਕੰਢੀ ਤੇ ਇਤਿਹਾਸਕ ਪਿੰਡ ਢੋਲਵਾਹਾ ਦਾ ਵਾਤਾਵਰਣ ਏਨਾ ਸ਼ੁੱਧ ਤੇ ਨਿਖਰਿਆ ਹੁੰਦਾ ਸੀ ਕਿ ਇੱਥੇ ਦੀਆਂ ਉੱਚੀਆਂ ਪਹਾੜੀਆਂ ਤੋਂ ਲਾਹੌਰ ਨਜ਼ਰ ਆਉਣ ਦੀ ਦੰਦ ਕਥਾ ਵੀ ਪ੍ਰਚਲਿਤ ਰਹੀ ਹੈ। ਜਨੌੜੀ, ਬਹੇੜਾ, ਬਾੜੀਖੱਡ, ਕੂਕਾਨੇਟ, ਪਟਿਆੜੀ, ਕਮਾਹੀਦੇਵੀ, ਧਰਮਪੁਰ ਆਦਿ ਇਲਾਕਿਆਂ ਦੀਆਂ ਉੱਚੀਆਂ ਪਹਾੜੀਆਂ ’ਚ ਕਿਸੇ ਏਜੰਸੀ ਦੀ ਮਦਦ ਨਾਲ ਏਰੀਅਲ ਟਰਾਮਵੇਅ ਦੀ ਵਿਵਸਥਾ ਕਰਾਈ ਜਾ ਸਕਦੀ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੀ ਇਹ ਵਿਲੱਖਣਤਾ ਹੈ ਕਿ ਇੱਥੇ ਇੱਕ ਪਾਸੇ ਢੋਲਵਾਹਾ, ਜਨੌੜੀ, ਮਹਿੰਗਰੋਵਾਲ, ਚੌਹਾਲ, ਟੱਪਾ, ਬਹੇੜਾ, ਬਾੜੀਖੱਡ, ਅਮਰੋਹ, ਧਰਮਪੁਰ, ਕਮਾਹੀਦੇਵੀ ਵਰਗੇ ਨਿਰੋਲ ਪਹਾੜੀ ਖੇਤਰਾਂ ਦੇ ਕੁਦਰਤੀ ਮਾਹੌਲ ’ਚ ਜ਼ਿੰਦਗੀ ਦੀਆਂ ਔਕੜਾਂ ਤੇ ਸਮੱਸਿਆਵਾਂ ਦਾ ਠਰੰਮੇ ਤੇ ਸਬਰ ਨਾਲ ਸਾਹਮਣਾ ਕਰਦੀ ਮਨੁੱਖਤਾ ਦੇ ਰੰਗ ਦੇਖਣ ਨੂੰ ਮਿਲਦੇ ਹਨ, ਦੂਜੇ ਪਾਸੇ ਬਿਆਸ ਦਰਿਆ ਦੇ ਕੰਢੇ ਪੈਂਦੇ ਪਿੰਡਾਂ ’ਚ ਦਰਿਆ ਦੇ ਨਿਰੰਤਰ ਵਗਦੇ ਪਾਣੀਆਂ ਦੀ ਵਿਸ਼ਾਲਤਾ, ਸਾਦਗੀ ਤੇ ਨਿਰਮਲਤਾ ਦਾ ਸਾਥ ਮਾਣਦੀ ਘੁੱਗ ਵਸਦੀ ਲੋਕਾਈ ਦੀ ਸਮਾਜਿਕ, ਆਰਥਿਕ ਤੇ ਭੂਗੋਲਿਕ ਪ੍ਰਸਥਿਤੀ ਨੂੰ ਵੀ ਸਹਿਜੇ ਦੇਖਿਆ ਜਾ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਕੰਢੀ ਇਲਾਕੇ ਦੀ ਇਸ ਭੂਗੋਲਿਕ ਖ਼ੂਬਸੂਰਤੀ ਦੇ ਮੱਦੇਨਜ਼ਰ ਦਸੂਹਾ ਸ਼ਹਿਰ ਦੇ ਨੇੜੇ ਕਸਬਾ ਗੜ੍ਹਦੀਵਾਲਾ ਤੋਂ ਚੜ੍ਹਦੇ ਪਾਸੇ ਮਨਹੋਤਾ ਪਿੰਡ ਨਜ਼ਦੀਕ ਥਾਨਾ ਡੈਮ ਨੂੰ ਪਿਕਨਿਕ ਸਪਾਟ ਵਜੋਂ ਵਿਕਸਤ ਕਰਨ ’ਚ ਕਾਮਯਾਬੀ ਹਾਸਿਲ ਕੀਤੀ ਗਈ ਹੈ। ਇੱਥੇ ਸੈਰ ਸਪਾਟੇ ਦੇ ਸ਼ੌਕੀਨਾਂ ਲਈ ਡੈਮ ਦੇ ਕੰਢੇ ਬਣੀ ਰਿਹਾਇਸ਼ੀ ਸਹੂਲਤ, ਰੈਸਤਰਾਂ ਤੇ ਕੁਦਰਤੀ ਦ੍ਰਿਸ਼ਾਵਲੀ ਖ਼ਾਸ ਆਕਰਸ਼ਣ ਬਣ ਰਹੇ ਹਨ।
ਹੁਸ਼ਿਆਰਪੁਰ ਦੇ ਕੰਢੀ ਜੰਗਲੀ ਇਲਾਕੇ ’ਚ ਸਾਂਬਰ, ਜੰਗਲੀ ਬਿੱਲੀ, ਹਿਰਨ, ਜੰਗਲੀ ਗਿੱਦੜ, ਭਾਲੂ, ਨੀਲੀ ਗਾਂ, ਅਜਗਰ, ਸੇਹ, ਜੰਗਲੀ ਉੱਲੂ, ਸੱਪ, ਖਰਗੋਸ਼, ਜੰਗਲੀ ਮੋਰ, ਜੰਗਲੀ ਕੁੱਕੜ, ਬਾਰਾਂਸਿੰਗਾ, ਤਿੱਤਰ ਬਟੇਰ ਆਦਿ ਜੀਵ ਜੰਤੂਆਂ ਦੇ ਕੌਤਕ ਵੀ ਦੇਖਣ ਨੂੰ ਮਿਲਦੇ ਹਨ। ਕਸਬੇ ਹਰਿਆਣਾ ਤੋਂ ਚੜ੍ਹਦੇ ਪਾਸੇ ਪੈਂਦੇ ਪਿੰਡ ਰਹਿਮਾਪੁਰ ਤੱਖਣੀ ਵਿਖੇ ਸਰਕਾਰ ਵੱਲੋਂ ਕਰੀਬ 956 ਏਕੜ ’ਚ ਬਣਾਈ ਜੰਗਲੀ ਜੀਵ ਰੱਖ ’ਚ ਵੀ ਅਜਿਹੀ ਬਨਸਪਤੀ ਤੇ ਜੀਵ ਜੰਤੂਆਂ ਦੀ ਮੌਜੂਦਗੀ ਇਸ ਇਲਾਕੇ ’ਚ ਚਿੜੀਆਘਰ ਅਤੇ ਜੰਗਲੀ ਜੀਵਾਂ ਦੀ ਜਾਣਕਾਰੀ ਮੁਹੱਈਆ ਕਰਾਉਣ ਵਰਗੇ ਪ੍ਰੋਜੈਕਟਾਂ ਨੂੰ ਅਮਲ ’ਚ ਲਿਆਉਣ ਦੀ ਸੰਭਾਵਨਾ ਰੱਖਦੀ ਹੈ। ਕੰਢੀ ਇਲਾਕੇ ’ਚ ਕਈ ਥਾਵਾਂ ’ਤੇ ਚੀਲ੍ਹ, ਖੈਰ, ਰਜਾਇਮ, ਅਉਲਾ, ਸ਼ੀਸ਼ਮ, ਪਿੱਪਲ, ਬੋਹੜ, ਕੜੀਪੱਤਾ ਬੂਟੀ, ਗਲੋਅ, ਟੌਰ, ਬਹੇੜਾ, ਬਾਂਸ, ਜਮਲੋਟਾ, ਕਾਂਗੂ, ਗਰੂਨਾ, ਸੰਨਨ, ਤੂਤ, ਟਾਹਲੀ, ਡੇਕ, ਨਿੰਮ, ਅਰਜਨ, ਥੋਹਰ, ਐਲੋਵੇਰਾ, ਹਰੜ, ਬਗੜ ਆਦਿ ਬਨਸਪਤੀ ਇਲਾਕੇ ਦੀ ਵਿਲੱਖਣਤਾ ਦਾ ਸਬੱਬ ਹੈ। ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ’ਚ ਪੇਂਡੂ ਸੁਆਣੀਆਂ ਵੱਲੋਂ ਬਣਾਏ ਸਵੈ-ਸਹਾਇਤਾ ਗਰੁੱਪਾਂ ਵੱਲੋਂ ਇਲਾਕੇ ’ਚ ਪੈਦਾ ਹੋਣ ਵਾਲੀਆਂ ਵਸਤਾਂ ਦੇ ਆਚਾਰ ਮੁਰੱਬੇ ਤੇ ਰਸੋਈ ’ਚ ਵਰਤੇ ਜਾਣ ਵਾਲੇ ਪਾਧ ਪਦਾਰਥ ਸੈਲਾਨੀਆਂ ਲਈ ਵਪਾਰਕ ਨੁਕਤੇ ਤੋਂ ਵਿਚਾਰੇ ਜਾ ਸਕਦੇ ਹਨ। ਜ਼ਿਲ੍ਹੇ ਦੇ ਕਸਬਾ ਹਰਿਆਣਾ ਕੋਲ ਕੰਗਮਾਈ ਘੁਗਿਆਲ ਵਿਖੇ ਇਲਾਕੇ ਦੇ ਉੱਦਮੀ ਕਿਸਾਨਾਂ ਵੱਲੋਂ ਪਿਛਲੇ 20 ਸਾਲਾਂ ਤੋਂ ਚਲਾਇਆ ਜਾ ਰਿਹਾ ‘ਫੈਪਰੋ ਹਲਦੀ ਤੇ ਸ਼ਹਿਦ ਪਲਾਂਟ’ ਕਿਸਾਨਾਂ ਦੀਆਂ ਖੇਤੀ ਜਿਣਸਾਂ ਜਿਵੇਂ ਸ਼ਹਿਦ, ਬੇਸਣ, ਹਲਦੀ ਤੇ ਰਸੋਈ ’ਚ ਵਰਤੇ ਜਾਂਦੇ ਕਈ ਦਰਜਨ ਖਾਧ ਪਦਾਰਥਾਂ ਦੀ ਖ਼ੁਦ ਪ੍ਰੋਸੈਸਿੰਗ ਕਰਕੇ ਆਪਣੀ ਸ਼ੁੱਧਤਾ ਦੀ ਸ਼ਰਤ ਪੂਰੀ ਕਰਦਿਆਂ ਦੂਰ ਦੂਰ ਤੱਕ ਦੇ ਉਪਭੋਗਤਾਵਾਂ ਤੱਕ ਆਪਣੀ ਪਹੁੰਚ ਬਣਾ ਚੁੱਕਾ ਹੈ। ਬਲਾਕ ਭੂੁੰਗੇ ਦੇ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਤੇ ਮੰਡੀਕਰਣ ਦੇ ਇਸ ਕਿਸਾਨੀ ਮਾਡਲ ਨੂੰ ਜ਼ਿਲ੍ਹੇ ਦਾ ਵਪਾਰਕ ਤੇ ਸੈਰ ਸਪਾਟਾ ਕੇਂਦਰ ਸਥਾਪਿਤ ਕਰਨ ਦੇ ਲਗਾਤਾਰ ਯਤਨ ਜਾਰੀ ਹਨ ਕਿਉਂਕਿ ਇਸ ਕੇਂਦਰ ਦੇ ਆਸਪਾਸ ਹੀ ਕੰਢੀ ਦੇ ਜਨੌੜੀ, ਢੋਲਵਾਹਾ, ਮਹਿੰਗੋਵਾਲ ਤੇ ਥਾਨਾ ਡੈਮ ਦੀ ਮੌਜੂਦਗੀ, ਕਈ ਏਕੜਾਂ ’ਚ ਹਰਿਆਵਲ ਨਾਲ ਘਿਰਿਆ ਫਿਰਨ ਤੁਰਨ ਵਾਲਾ ਸਥਾਨ ਏਜ਼ਲ ਫਾਰਮ, ਆਲੇ-ਦੁਆਲੇ ਦੇ ਪਿੰਡਾਂ ਦੇ ਕਈ ਧਾਰਮਿਕ ਤੇ ਇਤਿਹਾਸਕ ਸਥਾਨ, ਭੁੰਗਾ ਪਿੰਡ ’ਚ ਮਹਾਰਾਜਾ ਕਪੂਰਥਲਾ ਦੇ ਵੇਲੇ ਦੀ ਪੈਰਿਸ ਦੇ ਨਕਸ਼ੇ ਦੀ ਆਰਾਮਗਾਹ, ਅੰਬਾਂ ਦਾ ਕਾਲਾ ਬਾਗ ਤੇ ਬਲਾਕ ’ਚ ਵੱਖ ਵੱਖ ਮੌਸਮਾਂ ’ਚ ਲੱਗਣ ਵਾਲੇ ਫਲਦਾਰ ਪੌਦਿਆਂ ਦੀ ਮੌਜੂਦਗੀ ਘੁੰਮਣ ਫਿਰਨ ਵਾਲਿਆਂ ਲਈ ਵਿਸ਼ੇਸ਼ ਆਕਰਸ਼ਣ ਹਨ।
ਹੁਸ਼ਿਆਰਪੁਰ ’ਚ ਜੰਗਲਾਤ ਦੇ ਨਾਲ ਨਾਲ ਬਾਗਬਾਨੀ ਹੇਠਲਾ ਕਈ ਹੈਕਟੇਅਰ ਰਕਬਾ ਇਲਾਕੇ ਲਈ ਇੱਕ ਭੂਗੋਲਿਕ ਬਖ਼ਸ਼ਿਸ਼ ਹੈ। ਹੁਸ਼ਿਆਰਪੁਰ ’ਚ ਅਪਰੈਲ ਮਹੀਨੇ ਆੜੂ, ਮਈ ਵਿੱਚ ਆਲੂ ਬੁਖਾਰਾ, ਜੂਨ ਵਿੱਚ ਲੀਚੀ, ਜੁਲਾਈ ਅਗਸਤ ਵਿੱਚ ਦੇਸੀ ਤੇ ਦੁਸਹਿਰੀ ਅੰਬ, ਅਗਸਤ ਵਿੱਚ ਨਾਸ਼ਪਾਤੀ ਤੇ ਬੱਗੂਗੋਸ਼ਾ, ਸਤੰਬਰ ਵਿੱਚ ਮੁਸੰਮੀ ਤੇ ਮਿੱਠਾ, ਦਸੰਬਰ ਤੋਂ ਮਾਰਚ ਤੱਕ ਕਿੰਨੂ ਜਾਤੀ ਦੇ ਫਲਾਂ ਦੀ ਪੈਦਾਵਾਰ ਸੈਲਾਨੀਆਂ ਨੂੰ ਵੱਡਾ ਹੁੰਗਾਰਾ ਦੇਣ ਦੇ ਸਮਰੱਥ ਹੈ। ਹੁਣ ਹੁਸ਼ਿਆਰਪੁਰ ਦੇ ਕਈ ਇਲਾਕਿਆਂ ’ਚ ਮਾਹਿਰਾਂ ਦੀਆਂ ਸਲਾਹਾਂ ਨਾਲ ਸੇਬ, ਡਰੈਗਨ ਫਰੂਟ ਦੇ ਉਤਪਾਦਨ ਵਿੱਚ ਕਾਮਯਾਬੀ ਹਾਸਿਲ ਕੀਤੀ ਗਈ ਹੈ। ਕਸਬਾ ਹਰਿਆਣਾ ਤੋਂ ਚੜ੍ਹਦੇ ਪਾਸੇ ਤਕਰੀਬਨ 3 ਕਿਲੋਮੀਟਰ ’ਤੇ ਪੈਂਦੇ ਪਿੰਡ ਬੱਸੀ ਉਮਰ ’ਚ ਅਜੇ ਵੀ ਕਈ ਦਹਾਕੇ ਪੁਰਾਣਾ ਅੰਬਾਂ ਦਾ ‘ਇਨਾਮੀ ਬਾਗ਼’ ਇਲਾਕੇ ਦੀ ਭੂਗੋਲਿਕ ਵਿਰਾਸਤ ਦਾ ਗਵਾਹ ਹੈ। ਪੰਜਾਬ ਸਰਕਾਰ ਵੱਲੋਂ ਇਹ ਬਾਗ਼ ‘ਫਸਟ ਨੈਸ਼ਨਲ ਬਾਇਓਡਾਇਵਰਸਿਟੀ ਹੈਰੀਟੇਜ ਸਾਈਟ ਆਫ ਪੰਜਾਬ’ ਐਲਾਨਿਆ ਜਾ ਚੁੱਕਾ ਹੈ। ਪੁਰਾਣੇ ਸਮਿਆਂ ’ਚ ਇਸ ਬਾਗ਼ ਦੇ ਅੰਬਾਂ ਸਦਕਾ ਰਾਜੇ ਮਹਾਰਾਜਿਆਂ ਦੇ ਦਰਬਾਰ ’ਚ ਮਾਲਕਾਂ ਨੂੰ ਇਨਾਮ ਸਨਮਾਨ ਮਿਲਣ ਕਰਕੇ ਬਾਗ਼ ਨੂੰ ‘ਇਨਾਮੀ ਬਾਗ਼’ ਵਜੋਂ ਜਾਣਿਆ ਜਾਂਦਾ ਹੈ। ਅੰਗਰੇਜ਼ੀ ਰਾਜ ਦੇ ਸਮਿਆਂ ’ਚ ਵੱਡੇ ਵੱਡੇ ਅਫਸਰ ਇਨਾਮੀ ਬਾਗ਼ ਦੇ ਅੰਬਾਂ ਦੀ ਮਹਿਕ ਤੇ ਲਾਜਵਾਬ ਸੁਆਦ ਦੇ ਮੁਰੀਦ ਰਹੇ ਹਨ। ਇਸ ਬਾਗ਼ ਦੇ ਅੰਬ ਅਜੇ ਤੱਕ ਵੀ ਆਪਣੇ ਸੁਆਦ ਤੇ ਖੁਸ਼ਬੂ ਕਾਰਨ ਫ਼ਲਾਂ ਦੇ ਸ਼ੌਕੀਨਾਂ ਨੂੰ ਆਕਰਸ਼ਿਤ ਕਰਨ ਦਾ ਦਮ ਰੱਖਦੇ ਹਨ। ਤਕਰੀਬਨ 10 ਏਕੜ ਰਕਬੇ ’ਚ ਸੌ ਸਾਲ ਤੋਂ ਵੱਧ ਸਮੇਂ ਦੇ 165 ਦੇ ਕਰੀਬ ਅੰਬਾਂ ਦੇ ਦਰੱਖਤਾਂ ’ਚ ਅਜੇ ਵੀ ਇਨਾਮੀ ਅੰਬ, ਇਨਾਮੀ ਛੱਲੀ, ਸੰਧੂਰੀ ਛੱਲੀ, ਸੌਂਫੀ, ਸੰਧੂਰੀ, ਸਫੈਦਾ, ਆੜੂ, ਲੱਡੂ ਬੇਰ ਆਦਿ ਦੇਸੀ ਅੰਬਾਂ ਦੀਆਂ ਉਹ ਦੁਰਲੱਭ ਕਿਸਮਾਂ ਮੌਜੂਦ ਹਨ ਜਿਹੜੀਆਂ ਸਮੇਂ ਦੇ ਬੀਤਣ ਨਾਲ ਖ਼ਤਮ ਹੋ ਰਹੀਆਂ ਹਨ। ਕਸਬਾ ਹਰਿਆਣਾ ਨੇੜੇ ਪੈਂਦਾ ਪਿੰਡ ਭੂੰਗਾ ਰਿਆਸਤੀ ਪਿਛੋਕੜ ਕਰਕੇ ਪ੍ਰਸਿੱਧ ਹੈ। ਇੱਥੇ ਮਹਾਰਾਜਾ ਕਪੂਰਥਲਾ ਨੇ ਆਪਣੇ ਰਿਆਸਤੀ ਪ੍ਰਬੰਧ ਨੂੰ ਚਲਾਉਣ ਲਈ ਪੈਰਿਸ ਤੋਂ ਨਕਸ਼ਾ ਮੰਗਵਾ ਕੇ ਸਰਕਾਰੀ ਆਰਾਮਗਾਹ ਬਣਵਾਈ। ਉਸ ਦੇ ਆਲੇ-ਦੁਆਲੇ ਤਕਰੀਬਨ 50 ਏਕੜ ’ਚ ਮੌਜੂਦ ਅੰਬਾਂ ਦਾ ਕਾਲਾ ਬਾਗ਼ ਤੇ ਨਿੰਬੂ ਜਾਤੀ ਦੇ ਬਾਗ਼ ਇਲਾਕੇ ਦੀ ਭੂਗੋਲਿਕ ਅਮੀਰੀ ਦੇ ਪ੍ਰਮਾਣ ਹਨ। ਬਾਗਬਾਨੀ ਵਿਭਾਗ ਵੱਲੋਂ ਹਰ ਸਾਲ ਅੰਬਾਂ ਦੇ ਮੌਸਮ ਵਿੱਚ ਭੂੰਗਾ ਵਿਖੇ ਲੱਗਦਾ ‘ਅੰਬ ਚੂਪ ਮੇਲਾ’ ਅੰਬਾਂ ਦੇ ਸ਼ੌਕੀਨਾਂ ਲਈ ਮੌਸਮੀ ਸੌਗਾਤ ਵਜੋਂ ਪ੍ਰਸਿੱਧ ਹੁੰਦਾ ਜਾ ਰਿਹਾ ਹੈ। ਜ਼ਿਲ੍ਹੇ ’ਚ ਕਿੰਨੂੰ ਦੇ ਫਲ ਨੂੰ ਅਕਤੂਬਰ ਨਵੰਬਰ ਤੋਂ ਮਾਰਚ ਤੱਕ ਜੂਸ ਲਈ ਵਰਤਿਆ ਜਾਂਦਾ ਹੈ। ਫਲਾਂ ਦੀ ਤਾਜ਼ਗੀ ਦਾ ਸੁਆਦ ਮਾਣਨ, ਫਲਾਂ ਨਾਲ ਲੱਦੇ ਪੌਦਿਆਂ ’ਚ ਟਹਿਲਣ, ਅਜੋਕੀ ਦੌੜ-ਭੱਜ ਤੋਂ ਦੂਰ ਟਿਕੀ ਹੋਈ ਕੁਦਰਤ ਦਾ ਲੁਤਫ਼ ਲੈਣ ਦੇ ਸ਼ੌਕੀਨਾਂ ਲਈ ਕਿੰਨੂੰ ਦੇ ਬਾਗ਼ ਵੱਡੇ ਸਾਧਨ ਵਜੋਂ ਵਰਤੇ ਜਾ ਸਕਦੇ ਹਨ। ਸਰਦੀਆਂ ’ਚ ਜ਼ਿਲ੍ਹੇ ਦੇ ਵੱਖ ਵੱਖ ਮਾਰਗਾਂ ’ਤੇ ਗੰਨੇ ਦੇ ਤਾਜ਼ੇ ਰਸ ਤੇ ਤੱਤੇ ਗੁੜ ਦਾ ਸੁਆਦ ਮਾਣਨ ਵਾਲਿਆਂ ਦੀ ਭੀੜ ਵੀ ਪੂਰਾ ਮੌਸਮ ਬਰਕਰਾਰ ਰਹਿੰਦੀ ਹੈ। ਸੈਰ ਸਪਾਟਾ ਵਿਭਾਗ ਜ਼ਿਲ੍ਹੇ ਦੇ ਮੁੱਖ ਮਾਰਗਾਂ ’ਤੇ ਗੁੜ ਬਣਾਉਣ ਵਾਲੇ ਵੇਲਣਿਆਂ ਦੇ ਮਾਲਕਾਂ ਨੂੰ ਸਾਫ਼ ਸੁਥਰੇ ਗੰਨੇ ਦੇ ਰਸ ਤੇ ਗੁੜ ਸ਼ੱਕਰ ਦੀ ਰਵਾਇਤੀ ਰੂਪ ’ਚ ਤਿਆਰੀ ਦੇ ਕੰਮ ਨੂੰ ਘੁੰਮਣ ਫਿਰਨ ਵਾਲਿਆਂ ਲਈ ਦੇਖਣ ਤੇ ਮਾਨਣਯੋਗ ਥਾਵਾਂ ਦੇ ਤੌਰ ’ਤੇ ਵਿਕਸਿਤ ਕਰ ਸਕਦੀ ਹੈ। ਪਿੰਡਾਂ ’ਚ ਸਰਦੀਆਂ ਦੇ ਦਿਨਾਂ ’ਚ ਪੰਜਾਬ ਦਾ ਰਵਾਇਤੀ ਖਾਣਾ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਖੋਏ ਦੀਆਂ ਪਿੰਨੀਆਂ, ਸੁੰਢ ਤੇ ਮੂੰਗਫਲੀ ਵਾਲਾ ਗੁੜ ਖਾਣ-ਪੀਣ ਦਾ ਲੁਤਫ਼ ਲੈਣ ਵਾਲਿਆਂ ਲਈ ਸੁਆਦੀ ਪਕਵਾਨਾਂ ਵਜੋਂ ਵਰਤਿਆ ਜਾ ਸਕਦਾ ਹੈ। ਸਰਕਾਰ ਪਿੰਡਾਂ ਦੇ ਫਾਰਮ ਹਾਊਸਾਂ ਦੇ ਮਾਲਕਾਂ ਨੂੰ ਰਿਹਾਇਸ਼ੀ ਸਹੂਲਤਾਂ, ਮਨੋਰੰਜਨ, ਖਾਣ ਪੀਣ ਦੀਆਂ ਸਹੂਲਤਾਂ ਲਈ ਪ੍ਰੇਰਿਤ ਕਰ ਕੇ ਸੈਲਾਨੀਆਂ ਨੂੰ ਆਕਰਸ਼ਿਤ ਕਰ ਸਕਦੀ ਹੈ। ਫਾਰਮ ਹਾਊਸਾਂ ਤੇ ਪੇਂਡੂ ਇਲਾਕਿਆਂ ’ਚ ਸ਼ੌਕੀਆ ਤੌਰ ’ਤੇ ਰੱਖੇ ਵਧੀਆ ਨਸਲਾਂ ਦੇ ਘੋੜਿਆਂ ਰਾਹੀਂ ਘੋੜਸਵਾਰੀ ਦਾ ਤਜਰਬਾ ਵੀ ਆਪਣੇ ਆਪ ’ਚ ਨਿਵੇਕਲਾ ਹੋ ਸਕਦਾ ਹੈ। ਪੇਂਡੂ ਖੇਤਰਾਂ ’ਚ ਖੁੱਲ੍ਹੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਰਿਹਾਇਸ਼ੀ ਤੇ ਖਾਣ-ਪੀਣ ਦੀਆਂ ਸਹੂਲਤਾਂ ਲੋਕਾਂ ਵੱਲੋਂ ਦਿੱਤੇ ਜਾਣ ਦਾ ਤਜਰਬਾ ਦੱਸਦਾ ਹੈ ਕਿ ਸਿੱਖਿਆ ਦੇ ਪਾਸਾਰ, ਜੀਵਨ ਸ਼ੈਲੀ ’ਚ ਆ ਰਹੀ ਤਬਦੀਲੀ ਤੇ ਰੁਜ਼ਗਾਰ ਲਈ ਪੈਦਾ ਹੋਈਆਂ ਜ਼ਰੂਰਤਾਂ ਦੇ ਮੱਦੇਨਜ਼ਰ ਹੁਣ ਆਮ ਲੋਕ ਆਪਣੇ ਆਪ ਨੂੰ ਸਮੇਂ ਦੀ ਤੋਰ ਮੁਤਾਬਿਕ ਢਾਲ ਰਹੇ ਹਨ। ਪੇਂਡੂ ਲੋਕਾਂ ਦੇ ਮਹਿਮਾਨਨਿਵਾਜ਼ੀ ਦੇ ਅਜਿਹੇ ਤਜਰਬੇ ਵਪਾਰਕ ਨੁਕਤੇ ਤੋਂ ਸੈਰ ਸਪਾਟਾ ਸਨਅਤ ਲਈ ਮਦਦਗਾਰ ਹੋ ਸਕਦੇ ਹਨ। ਭੂਗੋਲਿਕ ਪੱਖੋਂ ਪੰਜਾਬ ਰਾਜ ਦੇ ਹੱਕ ਵਿੱਚ ਇਹ ਗੱਲ ਭੁਗਤਦੀ ਹੈ ਕਿ ਇੱਥੇ ਅੱਧ ਸਤੰਬਰ ਤੋਂ ਅਪਰੈਲ ਤੱਕ ਦਾ ਮੌਸਮ ਘੁੰਮਣ ਫਿਰਨ ਤੇ ਕੁਦਰਤੀ ਨਜ਼ਾਰਿਆਂ ਨੂੰ ਮਾਣਨ ਲਈ ਬੜਾ ਅਨੁਕੂਲ ਹੰਦਾ ਹੈ। ਇਸ ਲਈ ਬਾਹਰੋਂ ਆਉਣ ਵਾਲੇ ਸੈਲਾਨੀਆਂ ਲਈ ਪੇਂਡੂ ਖੇਤਰਾਂ ’ਚ ਮੌਜੂਦ ਫ਼ਸਲਾਂ, ਬਾਗ਼ ਬਗੀਚਿਆਂ, ਘੁੱਗੀਆਂ, ਕਬੂਤਰ, ਤੋਤੇ, ਚਿੜੀਆਂ, ਕੋਇਲਾਂ, ਮੋਰਾਂ, ਤਿੱਤਰ ਬਟੇਰ ਵਰਗੇ ਪਰਿੰਦਿਆਂ ਦੀਆਂ ਮਨਮੋਹਕ ਆਵਾਜ਼ਾਂ ਨੂੰ ਮਾਣਨ ਦੇ ਨਾਲ ਨਾਲ ਹਰੇ ਭਰੇ ਬਾਗ਼ਾਂ ’ਚ ਚੜ੍ਹਦੇ ਤੇ ਡੁੱਬਦੇ ਸੂਰਜ ਦੇ ਦ੍ਰਿਸ਼, ਚਾਨਣੀਆਂ ਰਾਤਾਂ ਵਿੱਚ ਚਾਨਣ ਦੀਆਂ ਰਿਸ਼ਮਾਂ ਨਾਲ ਰੁਮਕਦੀਆਂ ਹਵਾਵਾਂ ਦੇ ਲੋਰ, ਖੁੱਲ੍ਹੇ ਤੇ ਸਾਫ਼ ਆਸਮਾਨ ਹੇਠ ਤਾਰਿਆਂ ਦੀ ਜਗਮਗਾਹਟ ਵਿਸ਼ੇਸ਼ ਕੁਦਰਤੀ ਸੌਗਾਤਾਂ ਹੋ ਨਬਿੜਦੀਆਂ ਹਨ।
ਹੁਸ਼ਿਆਰਪੁਰ ਦੇ ਪਿੰਡਾਂ ਦੀ ਸਾਦਗੀ ਤੇ ਬਾਗ਼ਾਂ ਦੀ ਖ਼ੂਬਸੂਰਤੀ ਨੂੰ ਆਧਾਰ ਬਣਾ ਕੇ ਹੁਸ਼ਿਆਰਪੁਰ ਦੇ ਇੱਕ ਉੱਘੇ ਬਾਗਬਾਨ ਨੇ ਪਿੰਡ ਛਾਉਣੀ ਕਲਾਂ ਵਿਖੇ ਆਪਣੇ ਬਾਗ਼ਾਂ ’ਚ ਸੈਲਾਨੀਆਂ ਨੂੰ ਰਿਹਾਇਸ਼ੀ ਤੇ ਫਿਰਨ ਤੁਰਨ ਦੀਆਂ ਸਹੂਲਤਾਂ ਦੇ ਕੇ ਵੱਖ ਵੱਖ ਸੂਬਿਆਂ ਤੇ ਵਿਦੇਸ਼ਾਂ ਤੋਂ ਪੇਂਡੂੂੂ ਸੈਰ ਸਪਾਟੇ ਦੇ ਕਾਰੋਬਾਰ ਨੂੰ ਸਥਾਪਤ ਕਰਨ ‘ਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਅਗਾਂਹਵਧੂ ਕਿਸਾਨ ਵੱਲੋਂ ਆਪਣੇ ਫਾਰਮ ਹਾਊਸ ’ਚ ਮੌਜੁੂਦ ਲਹਿਲਹਾਉਂਦੀਆਂ ਫ਼ਸਲਾਂ, ਵੱਖ ਵੱਖ ਮੌਸਮਾਂ ’ਚ ਮੌਲਦੇ ਬਿਰਖ ਬੂਟੇ, ਫੁੱਲ ਫਲ ਤੇ ਹਰੀਆਂ ਸਬਜ਼ੀਆਂ ਦੀ ਮੌਜੂੁਦਗੀ ਨੂੰ ਸੈਰ ਸਪਾਟੇ ਦੇ ਸ਼ੌਕੀਨਾਂ ਲਈ ਆਕਰਸ਼ਣ ਵਜੋਂ ਵਰਤਿਆ ਗਿਆ ਹੈ। ਪਿੰਡ ਹੁਸ਼ਿਆਰਪੁਰ ਊਨਾ ਮਾਰਗ ’ਤੇ ਜਹਾਨਖੇਲਾਂ ਕੋਲ ਪਿੰਡ ਠਰੋਲੀ ਵਿਖੇ ਸਥਾਪਿਤ ‘ਫਿਰਦੌਸ’ ਵਿਖੇ ਸੈਲਾਨੀਆਂ ਲਈ ਰਿਹਾਇਸ਼ੀ ਸਹੂਲਤਾਂ ਦੇ ਨਾਲ ਲੰਮੇ ਠਹਿਰਾਓ ਲਈ ਹੋਰ ਸਹੂਲਤਾਂ ਉਪਲਪਧ ਕਰਵਾਈਆਂ ਗਈਆਂ ਹਨ। ਇੱਥੇ ਸੈਲਾਨੀਆਂ ਨੂੰ ਪੰਜਾਬ ਦੇ ਰਵਾਇਤੀ ਖਾਣਿਆਂ ਦਾ ਜ਼ਾਇਕਾ ਤੇ ਉੱਥੇ ਤਿਆਰ ਹੁੰਦੀਆਂ ਹਰੀਆਂ ਸਬਜ਼ੀਆਂ ਤੇ ਤਾਜ਼ੇ ਫਲਾਂ ਦਾ ਖਾਲਸ ਸੁਆਦ ਮੁਹੱਈਆ ਕਰਾਉਣਾ ਵੀ ਇਸ ਕਾਰੋਬਾਰ ਦੀ ਸਥਾਪਤੀ ਲਈ ਕਾਫ਼ੀ ਸਹਾਈ ਹੋਇਆ ਹੈ। ਇਸ ਫਾਰਮ ਹਾਊਸ ਵਿੱਚ ਹੁਣ ਦਿੱਲੀ, ਬੰਬਈ, ਕਲਕੱਤਾ, ਗੁਜਰਾਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਵੱਖ ਵੱਖ ਯੂਰਪੀ ਮੁਲਕਾਂ ਦੇ ਸੈਲਾਨੀ ਪਹੁੰਚਣ ਲੱਗੇ ਹਨ। ਆਸਟਰੇਲੀਆ ਦੀ ਇੱਕ ਕੰਪਨੀ ਵੱਲੋਂ ਇਨ੍ਹਾਂ ਫਾਰਮ ਹਾਊਸਾਂ ਦੇ ਪ੍ਰਬੰਧਕਾਂ ਨਾਲ ਕੀਤੇ ਸਮਝੌਤੇ ਮੁਤਾਬਿਕ ਹਰ ਸਾਲ ਆਸਟਰੇਲੀਆ ਦੇ ਨਵੇਂ ਜੋੜੇ ਪੰਜਾਬੀ ਰਹੁ ਰੀਤਾਂ ਨਾਲ ਵਿਆਹ ਦੀਆਂ ਰਸਮਾਂ ਨਿਭਾਉਣ ਹੁਸ਼ਿਆਰਪੁਰ ਦੇ ਇਸ ਪਿੰਡ ਵਿੱਚ ਆਉਂਦੇ ਹਨ ਕਿਉਂਕਿ ਆਸਟਰੇਲੀਆ ਦੇ ਕਈ ਇਲਾਕਿਆਂ ’ਚ ਪੰਜਾਬੀ ਰਹੁ ਰੀਤਾਂ ਨਾਲ ਵਿਆਹ ਕਰਾਉਣਾ ਬੜਾ ਪਸੰਦ ਕੀਤਾ ਜਾਂਦਾ ਹੈ। ਇੱਥੇ ਸੈਲਾਨੀਆਂ ਲਈ ਸਵੇਰੇ ਸ਼ਾਮ ਸੈਰ ਤੇ ਸਾਈਕਲਿੰਗ ਕਰਨ ਲਈ ਬਾਗ਼ਾਂ ਵਿੱਚ ਟਰੈਕਾਂ ਤੋਂ ਇਲਾਵਾ ਇਲਾਕੇ ਦੇ ਵੱਖ ਵੱਖ ਪਹਾੜੀ ਤੇ ਨੀਮ ਪਹਾੜੀ ਇਲਾਕਿਆਂ ਦੀ ਸੈਰ ਵੀ ਕਰਵਾਈ ਜਾਂਦੀ ਹੈ। ਲੰਮੀ ਠਹਿਰ ਵਾਲੇ ਸੈਲਾਨੀਆਂ ਨੂੰ ਇਨ੍ਹਾਂ ਪੇਂਡੂ ਫਾਰਮ ਹਾਊਸਾਂ ’ਚ ਖੇਤੀ, ਬਾਗਬਾਨੀ ਤੇ ਹਰੀ ਸਬਜ਼ੀਆਂ ਦੀ ਕਾਸ਼ਤਕਾਰੀ ਦੇ ਨੁੁਕਤੇ ਵੀ ਦੱਸੇ ਜਾਂਦੇ ਹਨ ਜਿਹੜੇ ਇਸ ਕਾਰੋਬਾਰ ਨੂੰ ਨਿਵੇਕਲੀਆਂ ਛੋਹਾਂ ਪ੍ਰਦਾਨ ਕਰਦੇ ਹਨ। ਪੰਜਾਬ ਦਾ ਗੀਤ ਸੰਗੀਤ ਤੇ ਰੀਤੀ ਰਿਵਾਜ ਵੀ ਇੱਥੇ ਪਹੁੰਚਣ ਵਾਲੇ ਸੈਲਾਨੀਆਂ ਲਈ ਆਕਰਸ਼ਣ ਦਾ ਸਬੱਬ ਬਣ ਗਿਆ ਹੈ। ਵਿਦੇਸ਼ੀਆਂ ਨੂੰ ਪੰਜਾਬੀ ਭਾਸ਼ਾ ਦੀ ਸਮਝ ਭਾਵੇਂ ਆਵੇ ਜਾਂ ਨਾ, ਪਰ ਪੰਜਾਬੀ ਗੀਤਾਂ ਦੀ ਬੀਟ ਅਤੇ ਢੋਲ ਦੀ ਥਾਪ ਉਨ੍ਹਾਂ ਨੂੰ ਨੱਚਣ ਗਾਉਣ ਲਈ ਮਜਬੂਰ ਕਰ ਦਿੰਦੀ ਹੈ।
ਇਸ ਤੋਂ ਇਲਾਵਾ ਹੁਸ਼ਿਆਰਪੁਰ ਦਸੂਹਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਧੂਤਕਲਾਂ ਤੋਂ ਚੜ੍ਹਦੇ ਪਾਸੇ ਪੈਂਦੇ ਪਿੰਡ ਚੱਕਲਾਦੀਆਂ ਵਿਖੇ ਵੱਖ ਵੱਖ ਤਰ੍ਹਾਂ ਦੇ ਹਰੇ ਭਰੇ ਰੁੱਖਾਂ ਨਾਲ ਪੰਜਾਬ ਦੀਆਂ ਸਵੇਰਾਂ, ਸ਼ਾਮਾਂ, ਚਾਨਣੀਆਂ, ਬਰਸਾਤਾਂ, ਗਰਮੀ ਤੇ ਸਰਦੀ ਨਾਲ ਬਦਲਦੇ ਕੁਦਰਤੀ ਨਜ਼ਾਰਿਆਂ ਦੇ ਦੀਦਾਰ ਕਰ ਵਾਲਾ ਏਂਜਲ ਫਾਰਮ ਹੁਣ ਸਥਾਨਕ ਲੋਕਾਂ ਲਈ ਹੀ ਨਹੀਂ ਸਗੋਂ ਦੂਰ-ਦੂਰਾਡੇ ਦੇ ਸੈਲਾਨੀਆਂ ਲਈ ਘੁੰਮਣ ਫਿਰਨ ਵਾਲੀ ਜਗ੍ਹਾ ਬਣ ਗਿਆ ਹੈ।
ਹਸਤਕਲਾ ਤੇ ਵਪਾਰਕ ਨੁਕਤੇ ਤੋਂ ਇਸ ਜ਼ਿਲ੍ਹੇ ਦੀ ਖ਼ੂਬੀ ਨੂੰ ਵਿਚਾਰਨਾ ਹੋਵੇ ਤਾਂ ਹੁਸ਼ਿਆਰਪੁਰ ਸ਼ਹਿਰ ਦੇ ਡੱਬੀ ਬਾਜ਼ਾਰ ਵਿੱਚ ਹਾਥੀ ਦੰਦ ਵਰਗੀ ਸ਼ੈਅ ਨਾਲ ਲੱਕੜ ’ਤੇ ਨੱਕਾਸ਼ੀ ਕਰਕੇ ਘਰਾਂ ’ਚ ਸਜਾਵਟੀ ਚੀਜ਼ਾਂ ਤਿਆਰ ਕਰਨ ਵਾਲੀ ਕਲਾ ਦੀ ਦੂਰ ਦੂਰ ਤੱਕ ਪ੍ਰਸਿੱਧੀ ਸ਼ਹਿਰ ਲਈ ਵੱਡੇ ਮਾਣ ਦਾ ਸਬੱਬ ਰਹੀ ਹੈ। ਅੰਗਰੇਜ਼ਾਂ ਦੇ ਜ਼ਮਾਨੇ ’ਚ ਵੀ ਹੁਸ਼ਿਆਰਪੁਰ ਤੇ ਆਸ-ਪਾਸ ਦੇ ਪਿੰਡਾਂ ਦੇ ਕਾਰੀਗਰਾਂ ਵੱਲੋਂ ਹਾਥੀ ਦੰਦ ਤੇ ਲੱਕੜ ਦੇ ਸੁਮੇਲ ਨਾਲ ਬਣਾਏ ਜਾਂਦੇ ਘਰਾਂ ’ਚ ਸਜਾਵਟ ਲਈ ਵਰਤੇ ਜਾਂਦੇ ਮੇਜ਼, ਕੁਰਸੀਆਂ, ਸੋਫੇ, ਚਕਲਾ ਵੇਲਣਾ, ਚਾਬੀਆਂ ਦੇ ਛੱਲੇ, ਸ਼ਤਰੰਜ ਬੋਰਡ, ਕੰਧ ’ਤੇ ਲਾਉਣ ਵਾਲੀਆਂ ਤਸਵੀਰਾਂ, ਚਰਖੇ, ਫੁੱਲਦਾਨ, ਹਾਥੀ, ਘੋੜੇ, ਸ਼ੇਰ ਵਰਗੇ ਜਾਨਵਰਾਂ ਦੀਆਂ ਆਕਿਰਤੀਆਂ ਦੇ ਨਮੂਨੇ ਦੇਸ਼ਾਂ ਵਿਦੇਸ਼ਾਂ ਤੱਕ ਪ੍ਰਸਿੱਧ ਰਹੇ ਹਨ। ਲੱਕੜੀ ’ਤੇ ਹਾਥੀਦੰਦ ਨਾਲ ਨੱਕਾਸ਼ੀ ਦੇ ਕੰਮ ’ਤੇ ਪਾਬੰਦੀ ਲੱਗਣ ਕਰਕੇ ਹੁਣ ਇਸ ਕਲਾ ਦੇ ਕੰਮਕਾਰ ’ਚ ਇਕਰੀਲਕ ਨਾਮ ਦੀ ਪਲਾਸਟਿਕ ਦੀ ਵਰਤੋਂ ਹੋਣ ਕਰਕੇ ਇਹ ਕੰਮ ‘ਵੁਡਨ ਹੈਂਡੀਕਰਾਫਟ’ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਸ਼ਹਿਰ ਦੀ ਵਿਰਾਸਤੀ ਹਾਥੀਦੰਦ ਦੀ ਨੱਕਾਸ਼ੀ ਤੋਂ ਤਿਆਰ ਘਰਾਂ ’ਚ ਵਰਤੀਆਂ ਜਾਣ ਵਾਲੀਆਂ ਘਰੇਲੂ ਤੇ ਸਜਾਵਟੀ ਵਸਤੂਆਂ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮਸ਼ਹੂਰ ਰਹੀਆਂ ਹਨ। ਦੂਰੋਂ ਦੂਰੋਂ ਲੋਕ ਇੱਥੇ ਇਨ੍ਹਾਂ ਚੀਜ਼ਾਂ ਦੀ ਖਰੀਦੋ ਫਰੋਖਤ ਕਰਨ ਆਉਂਦੇ ਰਹੇ ਹਨ। ਆਜ਼ਾਦੀ ਤੋਂ ਪਹਿਲਾਂ ਇਸ ਸ਼ਹਿਰ ਦੇ ਹਸਤ ਕਲਾ ਦੇ ਮਾਹਿਰ ਕਾਰੀਗਰਾਂ ਦੀਆ ਕਲਾਕ੍ਰਿਤੀਆਂ ਦੀਆਂ ਪ੍ਰਦਰਸ਼ਨੀਆਂ ਆਸਟਰੇਲੀਆ ਤੇ ਲੰਡਨ ਵਰਗੇ ਮੁਲਕਾਂ ’ਚ ਲੱਗਦੀਆ ਰਹੀਆਂ ਹਨ। ਦੇਸ਼-ਵਿਦੇਸ਼ ’ਚ ਅਜੇ ਵੀ ਹਾਥੀਦੰਦ ਹਸਤ ਕਲਾ ਨਾਲ ਸਬੰਧਿਤ ਵਸਤੂਆਂ ਦੇ ਪਾਰਖੂ ਲੋਕ ਇਸ ਕਲਾ ਦੇ ਪੂਰੇ ਕਦਰਦਾਨ ਹਨ।
ਹੁਸ਼ਿਆਰਪੁਰ ਦੀ ਨਿਵੇਕਲੀ ਭੂਗੋਲਿਕ ਸਥਿਤੀ ਤੋਂ ਇਲਾਵਾ ਜ਼ਿਲ੍ਹੇ ਦੀ ਗੌਰਵਮਈ ਇਤਿਹਾਸ ਦੇ ਵੱਖ ਵੱਖ ਪੜਾਵਾਂ ਨਾਲ ਸਾਂਝ ਤੇ ਵਿਰਾਸਤੀ ਪਿਛੋਕੜ ਵੀ ਇਲਾਕੇ ’ਚ ਸੈਰ-ਸਪਾਟੇ ਦੀਆਂ ਵੱਡੀਆਂ ਸੰਭਾਵਨਾਵਾਂ ਲਈ ਮਦਦਗਾਰ ਹਨ। ਕੰਢੀ ਪਿੰਡ ਢੋਲਵਾਹਾ ਦੀ ਪੱਥਰ ਯੁੱਗ ਨਾਲ ਸਾਂਝ ਤੇ ਨੇੜਲੇ ਪਿੰਡ ਰਾਮਟਟਵਾਲੀ ਵਿਖੇ ਬੈਰਾਗੀਆਂ ਦੇ ਠਾਕੁਰਦੁਆਰੇ ਵਿਚਲੇ ਕੰਧ ਚਿੱਤਰ ਪੁਰਾਤਨ ਕਲਾ ਦੇ ਉੱਤਮ ਨਮੂਨੇ ਹਨ ਜੋ ਇਲਾਕੇ ਦੀ ਇਤਿਹਾਸਕਤਾ ਤੇ ਕਲਾਤਮਿਕ ਪੱਖ ਨੂੰ ਅਮੀਰੀ ਬਖ਼ਸ਼ਦੇ ਹਨ। ਪਿੰਡ ਰਾਮਟਟਵਾਲੀ ਦੇ ਠਾਕੁਰਦੁਆਰੇ ਵਿਖੇ ਮੌਜੂਦ ਰੰਗਮਹਿਲ ਵਿੱਚ ਤਕਰੀਬਨ 125 ਕੰਧਚਿੱਤਰ 19ਵੀਂ ਸਦੀ ਦੇ ਮੱਧ ਵਿੱਚ ਉਲੀਕੇ ਦੱਸੇ ਜਾਂਦੇ ਹਨ। ਇਸ ਸਥਾਨ ਬਾਰੇ ਦੱਸਿਆ ਜਾਂਦਾ ਹੈ ਕਿ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਆਪਣੀ ਕਾਂਗੜੇ ਦੀ ਫੇਰੀ ਦੌਰਾਨ ਆਪਣਾ ਦਰਬਾਰ ਸਜਾਇਆ ਕਰਦੇ ਸਨ। ਮਹਾਰਾਜਾ ਜੈਪੁਰ ਤੇ ਮਹਾਰਾਜਾ ਕਪੂਰਥਲਾ ਵੀ ਇੱਥੇ ਠਹਿਰਦੇ ਰਹੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਕਿਸੇ ਵੇਲੇ ਮਹਾਰਾਜਾ ਜੈਪੁਰ ਨੇ ਜਵਾਲਾ ਜੀ ਜਾਂਦਿਆਂ ਧਾੜਵੀਆਂ ਤੋਂ ਬਚਣ ਲਈ ਇਸ ਧਾਰਮਿਕ ਜਗ੍ਹਾ ’ਤੇ ਸ਼ਰਨ ਲਈ ਗਈ ਸੀ। ਮਹਾਰਾਜਾ ਜੈਪੁਰ ਨੇ ਸ਼ੁਕਰਾਨੇ ਵਜੋਂ ਇਸ ਸਥਾਨ ਉੱਤੇ ਇਮਾਰਤ ਖੜ੍ਹੀ ਕਰਵਾਈ ਸੀ। ਇਨ੍ਹਾਂ ਵੇਰਵਿਆਂ ਤੋਂ ਇਲਾਵਾ ਹੁਸ਼ਿਆਰਪੁਰ ਸ਼ਹਿਰ ਦਾ 1911 ਵਿੱਚ ਲਾਲਾ ਹੰਸ ਰਾਜ ਜੈਨ ਵੱਲੋਂ ਬਣਵਾਇਆ ਸ਼ੀਸ਼ ਮਹਿਲ, ਸਰਕਾਰੀ ਕਾਲਜ ਦਾ ਸ਼ਾਨਾਮੱਤਾ ਪਿਛੋਕੜ, ਪਿੰਡ ਬਜਵਾੜੇ ਦੀ ਮਾਣਮੱਤੀ ਤੇ ਹੈਰਾਨੀ ਭਰਪੂਰ ਤਵਾਰੀਖ਼, ਵੇਦ ਤੇ ਸੰਸਕ੍ਰਿਤ ਖੋਜ ਕੇਂਦਰ ਸਾਧੂ ਆਸ਼ਰਮ, ਕਸਬਾ ਹਰਿਆਣੇ ਦੀ ਮੁਗ਼ਲ ਸਮਰਾਟ ਅਕਬਰ ਨਾਲ ਸਾਂਝ ਤੇ ਹਰਿਆਣਾ ਘਰਾਣਾ ਦੀ ਧਰੁਪਦ ਗਾਇਕੀ ਕਰਕੇ ਦੇਸ਼ ਭਰ ’ਚ ਮਸ਼ਹੂਰੀ, ਕਸਬਾ ਹਰਿਆਣਾ ’ਚ ਦਿੱਲੀ ਦੇ ਲਾਲ ਕਿਲ੍ਹੇ ਨੂੰ ਫ਼ਤਹਿ ਕਰਨ ਵਾਲੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਦੀ ਯਾਦਗਾਰ, ਕੰਢੀ ਦੇ ਪਿੰਡ ਮਲੋਟ ’ਚ ਬਾਬਰ ਨਾਲ ਸਬੰਧਿਤ ਕਿਲ੍ਹਾ, ਪਿੰਡ ਕੰਗਮਾਈ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਰਮ ਸੇਵਕ ਬਾਬਾ ਮੰਝ ਜੀ ਦੀ ਚਰਨ ਛੋਹ ਪ੍ਰਾਪਤ ਹੋਣਾ, ਗੜ੍ਹਦੀਵਾਲਾ ਇਲਾਕੇ ਦੀ ਕਬੱਡੀ ਸਰਕਲ ਸਟਾਈਲ ਤੇ ਮਾਹਿਲਪੁਰ ਫੁੱਟਬਾਲ ਦੀ ਖੇਡ ਲਈ ਕੌਮੀ ਤੇ ਕੌਮਾਂਤਰੀ ਮਸ਼ਹੂਰੀ, ਦਸੁੂਹਾ ਕਸਬੇ ਦੇ ਮਹਾਂਭਾਰਤ ਕਾਲ ਨਾਲ ਸਾਂਝ ਦੇ ਵੇਰਵੇ, ਦਸੂਹਾ ਨੇੜੇ ਛੇਵੇਂ ਗੁਰੂ ਹਰਗੋਬਿੰਦ ਜੀ ਨਾਲ ਸਬੰਧਿਤ ਗੁਰਦੁਆਰਾ ਗਰਨਾ ਸਾਹਿਬ ਤੇ ਟਾਂਡਾ ਨੇੜੇ ਮੂਨਕ ਕਲਾਂ ਵਿਖੇ ਗੁਰਦੁਆਰਾ ਟਾਹਲੀ ਸਾਹਿਬ ਦੀ ਮੌਜੂਦਗੀ, ਜੈਜੋਂ ਵਰਗੀਆਂ ਥਾਵਾਂ ਦੇ ਪੁਰਾਣੇ ਵਪਾਰਕ ਕੇਂਦਰਾਂ ਦਾ ਇਤਿਹਾਸ; ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਤੇ ਇਲਾਕਿਆਂ ਦੇ ਗਦਰ ਪਾਰਟੀ, ਬੱਬਰ ਅਕਾਲੀ ਲਹਿਰ ਤੇ ਹੋਰ ਲੋਕ ਮੁਕਤੀ ਲਈ ਲਹਿਰਾਂ ਲਈ ਕੀਤੀਆਂ ਮਹਾਨ ਕੁਰਬਾਨੀਆਂ ਤੇ ਕੰਢੀ ਦੇ ਖੇਤਰ ’ਚ ਵੱਖ-ਵੱਖ ਧਰਮਾਂ ਮਜ਼ਹਬਾਂ ਨਾਲ ਜੁੜੀਆਂ ਕਥਾਵਾਂ ਹੁਸ਼ਿਆਰਪੁਰ ਦੀ ਤਵਾਰੀਖ਼ ਦੇ ਖ਼ਜ਼ਾਨੇ ਨੂੰ ਅਮੀਰੀ ਬਖ਼ਸ਼ਣ ਵਾਲੇ ਵੇਰਵੇ ਹਨ। ਇਸ ਤਰ੍ਹਾਂ ਜ਼ਿਲ੍ਹੇ ਦੇ ਭੂਗੋਲਿਕ ਸੁਹੱਪਣ ਦੇ ਨਾਲ ਨਾਲ ਇਤਿਹਾਸਕ ਤੇ ਵਿਰਾਸਤੀ ਪਹਿਲੂਆਂ ਨੂੰ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਰਤਣਾ ਕਾਫ਼ੀ ਲਾਹੇਵੰਦ ਸਾਬਿਤ ਹੋ ਸਕਦਾ ਹੈ।
ਸੰਪਰਕ: 70877-87700

Advertisement
Author Image

Advertisement