ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੁਸ਼ਿਆਰਪੁਰ: ਉਮੀਦਵਾਰਾਂ ਦੇ ਐਲਾਨ ਮਗਰੋਂ ਚੋਣ ਪ੍ਰਚਾਰ ਭਖਿਆ

08:31 AM Apr 25, 2024 IST

ਹਰਪ੍ਰੀਤ ਕੌਰ
ਹੁਸ਼ਿਆਰਪੁਰ, 24 ਅਪਰੈਲ
ਸਾਰੀਆਂ ਪ੍ਰਮੁੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਮਗਰੋਂ ਹੁਸ਼ਿਆਰਪੁਰ ਹਲਕੇ ਵਿੱਚ ਚੋਣ ਪ੍ਰਚਾਰ ਭਖ ਗਿਆ ਹੈ। ਪਹਿਲਾਂ ਭਾਜਪਾ ਨੇ ਅਨੀਤਾ ਸੋਮ ਪ੍ਰਕਾਸ਼ ਤੇ ਆਮ ਆਦਮੀ ਪਾਰਟੀ ਨੇ ਡਾ. ਰਾਜ ਕੁਮਾਰ ਦੀ ਅਗਵਾਈ ਹੇਠ ਗਤੀਵਿਧੀਆਂ ਸ਼ੁਰੂ ਕੀਤੀਆਂ ਹੋਈਆਂ ਸਨ ਪਰ ਹੁਣ ਬਾਕੀ ਪਾਰਟੀਆਂ ਨੇ ਵੀ ਸਰਗਰਮੀਆਂ ਵਿੱਢ ਦਿੱਤੀਆਂ ਹਨ। ਉਮੀਦਵਾਰ ਐਲਾਨਣ ਵਿੱਚ ਹੋਈ ਦੇਰੀ ਦਾ ਇਕ ਕਾਰਨ ਦਲ ਬਦਲੀ ਵੀ ਰਿਹਾ। ਕਾਂਗਰਸ ਇੱਥੋਂ ਡਾ. ਰਾਜ ਕੁਮਾਰ ਨੂੰ ਲੜਾਉਣ ਦਾ ਮਨ ਬਣਾ ਰਹੀ ਸੀ ਪਰ ਉਸ ਦੇ ਅਚਾਨਕ ਪਾਰਟੀ ਛੱਡ ਕੇ ਜਾਣ ਕਾਰਨ ਪਾਰਟੀ ਨੂੰ ਨਵੇਂ ਸਿਰਿਉਂ ਉਮੀਦਵਾਰ ਦੀ ਭਾਲ ਕਰਨੀ ਪਈ। ‘ਆਪ’ ਨੇ ਡਾ. ਰਾਜ ਨੂੰ ਆਪਣਾ ਉਮੀਦਵਾਰ ਬਣਾ ਲਿਆ। ਕਾਂਗਰਸ ਨੇ ਬੀਤੇ ਦਿਨ ਯਾਮਨੀ ਗੋਮਰ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਹੈ।
ਕਈ ਦਿਨਾਂ ਤੱਕ ਭਾਜਪਾ ਆਗੂ ਵਿਜੇ ਸਾਂਪਲਾ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਪਰਕ ਵਿਚ ਰਹੇ। ਭਾਜਪਾ ਵੱਲੋਂ ਟਿਕਟ ਕੱਟੇ ਜਾਣ ਪਿੱਛੋਂ ਉਨ੍ਹਾਂ ਦੋਹਾਂ ਪਾਰਟੀਆਂ ਨਾਲ ਸੰਪਰਕ ਸਾਧ ਲਿਆ। ਅਕਾਲੀ ਦਲ ’ਚ ਤਾਂ ਉਹ ਲਗਪਗ ਚਲੇ ਹੀ ਗਏ ਸਨ ਪਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਉਨ੍ਹਾਂ ਦੇ ਘਰ ਆ ਕੇ ਐਲਾਨ ਕਰ ਦਿੱਤਾ ਕਿ ਉਹ ਭਾਜਪਾ ਵਿੱਚ ਹੀ ਰਹਿਣਗੇ। ਕੋਲ ਖੜ੍ਹੇ ਸਾਂਪਲਾ ਨੇ ਨਾ ਹਾਂ ਵਿੱਚ ਸਿਰ ਹਿਲਾਇਆ ਨਾ ਨਾਂਹ ’ਚ। ਮਗਰੋਂ ਅਕਾਲੀ ਦਲ ਨੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੂੰ ਉਮੀਦਵਾਰ ਐਲਾਨ ਦਿੱਤਾ। ਗੋਮਰ ਨੇ 2014 ਵਿਚ ਹੁਸ਼ਿਆਰਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। 2016 ਵਿੱਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।
ਚਾਰ ਵਾਰ ਚੱਬੇਵਾਲ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਸੋਹਣ ਸਿੰਘ ਠੰਡਲ ਦੀ ਇਹ ਪਹਿਲੀ ਲੋਕ ਸਭਾ ਚੋਣ ਹੈ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਉਹ ਕਾਂਗਰਸ ਦੇ ਡਾ. ਰਾਜ ਕੁਮਾਰ ਚੱਬੇਵਾਲ ਤੋਂ ਹਾਰ ਗਏ ਸਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਚੱਬੇਵਾਲ ਤੋਂ ਜ਼ਿਮਨੀ ਚੋਣ ਲੜਾਉਣ ਦੀ ਇੱਛਾ ਰੱਖਦੇ ਸਨ ਪਰ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਠੰਡਲ ਨੂੰ ਹੀ ਉਮੀਦਵਾਰ ਬਣਾਏ ਜਾਣ ਲਈ ਜ਼ੋਰ ਪਾਇਆ। ਬਸਪਾ ਨੇ ਪਿਛਲੀ ਵਾਰ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਖੁਸ਼ੀ ਰਾਮ ਨੂੰ ਉਮੀਦਵਾਰ ਬਣਾਇਆ ਸੀ। ਇਸ ਵਾਰ ਕਾਰੋਬਾਰੀ ਰਾਕੇਸ਼ ਸੁਮਨ ਨੂੰ ਟਿਕਟ ਦਿੱਤੀ ਗਈ ਹੈ। ਭਾਜਪਾ ਹੁਸ਼ਿਆਰਪੁਰ ਸੀਟ ਲਗਤਾਰ ਦੋ ਵਾਰ ਜਿੱਤ ਚੁੱਕੀ ਹੈ ਪਰ ਇਸ ਵਾਰ ਅਕਾਲੀ ਦਲ ਦਾ ਸਾਥ ਨਾ ਹੋਣ ਕਾਰਨ ਨਤੀਜੇ ’ਤੇ ਪ੍ਰਭਾਵ ਪੈਣਾ ਲਾਜ਼ਮੀ ਹੈ। ਭਾਜਪਾ ਨੂੰ ਪੇਂਡੂ ਵੋਟਰਾਂ ਦਾ ਨੁਕਸਾਨ ਹੋਵੇਗਾ, ਅਕਾਲੀ ਦਲ ਨੂੰ ਸ਼ਹਿਰਾਂ ’ਚ ਵੋਟਾਂ ਹਾਸਲ ਕਰਨ ਲਈ ਜੱਦੋ ਜਹਿਦ ਕਰਨੀ ਪਵੇਗੀ।

Advertisement

Advertisement
Advertisement