ਦਹਿਸ਼ਤ, ਵਹਿਸ਼ਤ ਬਨਾਮ ਇਨਸਾਨੀ ਨਫ਼ਾਸਤ...
ਸੁਰਿੰਦਰ ਸਿੰਘ ਤੇਜ
ਮਹੀਨਿਆਂ ਤੋਂ ਉਹ ਹਨੇਰੇ ਕੋਠੇ ਵਿਚ ਡੱਕਿਆ ਹੋਇਆ ਸੀ। ਕੱਚਾ ਫਰਸ਼, ਇਕ ਕੰਧ ਵਿਚ ਛੱਤ ਦੇ ਨੇੜੇ ਨਿੱਕਾ ਜਿਹਾ ਮੋਘਾ। ਪਖਾਨਾ-ਪਾਣੀ ਅੰਦਰ ਹੀ। ਨਹਾਉਣਾ-ਧੋਣਾ ਵੀਹ ਦਿਨਾਂ ਬਾਅਦ। ਉਸ ਦੇ ਕੈਦਕਾਰ ਜਦੋਂ ਵੀ ਦਰਵਾਜ਼ਾ ਖੋਲ੍ਹਦੇ ਤਾਂ ਅੰਦਰ ਆ ਕੇ ਉਸ ਨੂੰ ਤਸੀਹੇ ਹੀ ਦਿੰਦੇ। ਇਨ੍ਹਾਂ ਜ਼ੁਲਮਾਂ ਦੀ ਵੀਡੀਓ ਬਣਾਈ ਜਾਂਦੀ। ਕਦੇ ਉਹ ਚਾਬੁਕ ਵਰਤਦੇ, ਕਦੇ ਜਮੂਰ, ਅਤੇ ਕਦੇ ਥੱਪੜ, ਘਸੁੰਨ ਤੇ ਬੂਟਾਂ ਦੇ ਠੁੱਡੇ। ਅਜਿਹੇ ਹਰ ਸਿਤਮੀ ਸੈਸ਼ਨ ਮਗਰੋਂ ਉਹ ਸ਼ੁਕਰ ਮਨਾਉਂਦਾ ਕਿ ਉਸ ਦੀ ਜਾਨ ਸਲਾਮਤ ਹੈ। ਜਿਸਮ ਸੱਟਾਂ-ਫੇਟਾਂ ਤੇ ਕੋਰੜਿਆਂ ਦੀ ਮਾਰ ਨਾਲ ਪੱਛਿਆ ਹੋਇਆ, ਰੂਹ ਬੇਜ਼ਾਰ। ਪਰ ਜਿਊਣ ਦੀ ਅਭਿਲਾਸ਼ਾ ਨੂੰ ਉਸ ਨੇ ਆਪਣੇ ਅੰਦਰੋਂ ਮਰਨ ਨਹੀਂ ਦਿੱਤਾ। ਜਦੋਂ ਬਾਹਰ ਸੂਰਜ ਪੂਰਾ ਲਿਸ਼ਕਦਾ ਹੁੰਦਾ ਤਾਂ ਮੋਘੇ ਰਾਹੀਂ ਚਾਨਣ ਦੀ ਇਕ ਬਰੀਕ ਜਹੀ ਛਿੱਟ ਅੰਦਰ ਆ ਜਾਂਦੀ। ਇਸੇ ਛਿੱਟ ਵਿਚੋਂ ਉਸ ਨੂੰ ਜ਼ਿੰਦਗੀ ਦੀ ਉਮੀਦ ਵੀ ਦਿਸਣ ਲੱਗਦੀ। ਉਂਜ, ਇਸ ਉਮੀਦ ਦੇ ਨਾਲ ਨਾਲ ਕੋਠੇ ਅੰਦਰਲੀ ਗੰਦਗੀ ਅਤੇ ਆਪਣੀ ਦੁਰਗਤੀ ਦਾ ਅਹਿਸਾਸ ਉਸ ਦਾ ਖਹਿੜਾ ਨਾ ਛੱਡਦੇ। ਫਿਰ ਇਕ ਦਿਨ ਹਾਲਾਤ ਬਦਲੇ। ਮੋਘੇ ਦੇ ਨੇੜੇ ਉਸ ਨੂੰ ਜਾਲਾ ਉਣਦਾ ਮੱਕੜਾ ਨਜ਼ਰ ਆਇਆ। ਅਗਲੇ ਦਿਨ ਵੀ ਉਹ ਮੱਕੜਾ ਉੱਥੇ ਮੌਜੂਦ ਸੀ। ਉਸ ਨੇ ਇਸ ਮੱਕੜੇ ਨੂੰ ਆਪਣਾ ਹਮਦਮ ਮੰਨ ਲਿਆ। ਇਸ ਦਾ ਨਾਂਅ ਪੀਟਰ ਰੱਖ ਦਿੱਤਾ। ਪੀਟਰ ਦਿਸਦਿਆਂ ਹੀ ਉਹ ਫਿਲਮ ‘ਸਪਾਈਡਰਮੈਨ’ ਦਾ ਗੀਤ ‘‘ਪੀਟਰ ਵਾਜ਼ ਮਾਇ ਫਸਟ ਫ੍ਰੈਂਡ’’ ਗੁੁਣਗੁਣਾਉਣ ਲੱਗਦਾ। ਪੀਟਰ ਉਸ ਵਾਸਤੇ ਜ਼ਿੰਦਗੀ ਦਾ ਪ੍ਰਤੀਕ ਬਣਦਾ ਗਿਆ। ਇਕ ਨਵੀਂ ਦ੍ਰਿੜ੍ਹਤਾ ਉਸ ਦੇ ਜਿਸਮ ਅੰਦਰ ਸੰਚਾਰਿਤ ਹੋਣ ਲੱਗੀ। ਹਦੀਸ ਵਿਚਲਾ ਇਹ ਸੁਨੇਹਾ ਕਿ ‘‘ਹਾਲਾਤ ਅੱਗੇ ਗੋਡੇ ਨਹੀਂ ਟੇਕਣੇ, ਜ਼ਿੰਦਾ ਰਹਿਣਾ ਹੈ; ਹਰ ਹਾਲ, ਹਰ ਸੂਰਤ ’ਚ’’ ਉਸ ਦਾ ਇਕੋ-ਇਕ ਲਕਸ਼ ਬਣ ਗਿਆ।
ਸ਼ਾਹਬਾਜ਼ ਤਾਸੀਰ ਦੀ ਕਿਤਾਬ ‘ਲੌਸਟ ਟੂ ਦਿ ਵਲ਼ਡ’ (ਦੁਨੀਆਂ ਲਈ ਗੁੰਮਸ਼ੁਦਾ; ਪੈਂਗੁਇਨ-ਵਾਈਕਿੰਗ; 274 ਪੰਨੇ; 599 ਰੁਪਏ) ਅੰਤਾਂ ਦੀਆਂ ਦੁਸ਼ਵਾਰੀਆਂ ਦੇ ਬਾਵਜੂਦ ਉਪਰੋਕਤ ਲਕਸ਼ ਤੱਕ ਪੁੱਜਣ ਦੀ ਕਹਾਣੀ ਹੈ। ਉਹ ਕਰੀਬ ਪੰਜ ਵਰ੍ਹਿਆਂ (ਅਗਸਤ 2011 ਤੋਂ ਫਰਵਰੀ 2016) ਤੱਕ ਦਹਿਸ਼ਤਗਰਦਾਂ ਦੇ ਬੰਦੀਖ਼ਾਨਿਆਂ ਵਿਚ ਰਿਹਾ। ਇਸ ਨਾਜ਼ਾਇਜ਼ ਕੈਦ ਦੌਰਾਨ ਉਹ ਡੇਢ ਦਰਜਨ ਤੋਂ ਵੱਧ ਵਾਰ ਮੌਤ ਵਾਲੀ ਡਗਰ ਵਿਚੋਂ ਗੁਜ਼ਰਿਆ, ਪਰ ਹਰ ਵਾਰ ਕੋਈ ਨਾ ਕੋਈ ਜੁਗਤ ਜਾਂ ਮੁਕੱਦਰ ਦਾ ਹੇਰ-ਫੇਰ ਉਸ ਨੂੰ ਸਾਹ ਸਹੇਜਣ ਦੇ ਕਾਬਲ ਬਣਾਉਂਦੇ ਰਹੇ।
ਲਾਹੌਰ ਦੇ ਇਕ ਧਨਾਢ ਪਰਿਵਾਰ ਨਾਲ ਸੰਬੰਧਿਤ ਹੈ ਸ਼ਾਹਬਾਜ਼ ਤਾਸੀਰ। ਕਦੇ ਬੜਾ ਰਸੂਖ਼ਵਾਨ ਹੁੰਦਾ ਸੀ ਇਹ ਪਰਿਵਾਰ। ਪਿਤਾ ਸਲਮਾਨ ਤਾਸੀਰ ਅਰਬਾਂਪਤੀ ਵਪਾਰੀ ਹੋਣ ਤੋਂ ਇਲਾਵਾ ਲਾਟਦਾਰ ਸਿਆਸਤਦਾਨ ਵੀ ਸੀ। ਪਹਿਲਾਂ ਜ਼ੁਲਫ਼ਿਕਾਰ ਅਲੀ ਭੁੱਟੋ, ਤੇ ਫਿਰ ਬੇਨਜ਼ੀਰ ਭੁੱਟੋ, ਦਾ ਪੱਕਾ ਹਮਾਇਤੀ। ਦਿੱਖ ਪੱਖੋਂ ਬਾਂਕਾ, ਮਿਜ਼ਾਜ ਪੱਖੋਂ ਦਿਲਦਾਰ ਤੇ ਦਿਲਫ਼ਰੇਬ। ਉਸ ਦੀ ਇਸੇ ਦਿਲਦਾਰੀ ਦਾ ਸ਼ਿਕਾਰ ਭਾਰਤੀ ਪੱਤਰਕਾਰ ਤਵਲੀਨ ਸਿੰਘ ਹੋ ਗਈ। ਗ਼ਫ਼ਲਤ ਖਾ ਗਈ ਉਹ, ਹਾਮਲਾ ਹੋ ਬੈਠੀ। ਵਿਆਹ ਦੀ ਉਮੀਦ ਵਿਚ ਉਹ ਲਾਹੌਰ ਜਾ ਪੁੱਜੀ, ਪਰ ਸਲਮਾਨ ਤਾਸੀਰ ਆਪਣੇ ਬੀਵੀ-ਬੱਚੇ ਛੱਡਣ ਲਈ ਰਾਜ਼ੀ ਨਾ ਹੋਇਆ। ਇਸੇ ਬੇਵਫ਼ਾਈ ਦੀ ਪੈਦਾਇਸ਼ ਬ੍ਰਿਟਿਸ਼-ਅਮਰੀਕੀ ਲੇਖਕ ਤੇ ਪੱਤਰਕਾਰ ਆਤਿਸ਼ ਤਾਸੀਰ ਹੈ (ਉਹ ਬ੍ਰਿਟਿਸ਼-ਅਮਰੀਕੀ-ਭਾਰਤੀ ਹੋਣਾ ਸੀ ਜੇ 2019 ਦੇ ਅੰਤ ਵਿਚ ‘ਟਾਈਮ’ ਰਸਾਲੇ ਦੀ ਕਵਰ ਸਟੋਰੀ ਨਾ ਲਿਖਦਾ। ਇਸ ਵਿਚ ਉਸ ਨੇ ਨਰਿੰਦਰ ਮੋਦੀ ਨੂੰ ‘ਡਿਵਾਈਡਰ-ਇਨ-ਚੀਫ’ ਵਜੋਂ ਪੇਸ਼ ਕੀਤਾ। ਜਵਾਬ ਵਿਚ ਮੋਦੀ ਸਰਕਾਰ ਨੇ ਉਸ ਦੀ ਭਾਰਤੀ ਨਾਗਰਿਕਤਾ ਮਨਸੂਖ਼ ਕਰ ਦਿੱਤੀ; ਨਾਲ ਹੀ ਉਸ ਦੇ ਭਾਰਤ ਦਾਖ਼ਲੇ ’ਤੇ ਅਣਐਲਾਨੀ ਪਾਬੰਦੀ ਲਾ ਦਿੱਤੀ)।
ਆਡੰਬਰੀ ਸੁਭਾਅ ਤੇ ਹੋਰ ਕਿਰਦਾਰੀ ਖ਼ਾਮੀਆਂ ਦੇ ਬਾਵਜੂਦ ਸਲਮਾਨ ਤਾਸੀਰ ਲਬਿਰਲ ਆਗੂ ਵਜੋਂ ਆਪਣੇ ਅਕੀਦਿਆਂ ’ਤੇ ਹਮੇਸ਼ਾ ਪੱਕਾ ਰਿਹਾ। ਪੰਜਾਬ ਦੇ ਗਵਰਨਰ ਵਜੋਂ ਉਸ ਨੇ ਮੁਲਕ ਦੇ ਕੁਫ਼ਰ-ਵਿਰੋਧੀ ਕਾਨੂੰਨ ਦਾ ਡਟਵਾਂ ਵਿਰੋਧ ਕੀਤਾ। ਇਸ ਤੋਂ ਖ਼ਫ਼ਾ ਹੋ ਕੇ ਉਸ ਦੇ ਇਕ ਅੰਗ-ਰੱਖਿਅਕ (ਮੁਮਤਾਜ਼ ਕਾਦਰੀ) ਨੇ ਉਸ ਦੀ ਦਿਨ-ਦਿਹਾੜੇ ਹੱਤਿਆ ਕਰ ਦਿੱਤੀ। ਇਕ ਨਹੀਂ, ਦੋ ਨਹੀਂ, ਪੂਰੀਆਂ 27 ਗੋਲੀਆਂ ਮਾਰ ਕੇ। ਇਸ ਹੱਤਿਆ ਨੂੰ ਕੱਟੜਪੰਥੀਆਂ ਨੇ ਸਲਾਹਿਆ ਵੀ ਖ਼ੂਬ। 4 ਜਨਵਰੀ 2011 ਨੂੰ ਵਾਪਰੇ ਇਸ ਕਾਰੇ ਦੀ ਪਾਕਿਸਤਾਨੀ ਹਕੂਮਤ ਨੇ ਖੁੱਲ੍ਹ ਕੇ ਮਜ਼ੱਮਤ ਕਰਨੀ ਵੀ ਵਾਜਬ ਨਾ ਸਮਝੀ। ਹਕੂਮਤ ਉਸ ਸਮੇਂ ਭੁੱਟੋ-ਜ਼ਰਦਾਰੀਆਂ ਦੀ ਸੀ। ਸਲਮਾਨ, ਉਨ੍ਹਾਂ ਦਾ ਹੀ ਬੰਦਾ ਸੀ, ਪਰ ਕੱਟੜਪੰਥੀਆਂ ਦਾ ਗ਼ਲਬਾ ਏਨਾ ਵਧ ਚੁੱਕਾ ਸੀ ਕਿ ਉਨ੍ਹਾਂ ਨੂੰ ਨਾਰਾਜ਼ ਕਰਨ ਦੀ ਜੁਰੱਅਤ ਹੀ ਨਹੀਂ ਦਿਖਾਈ ਗਈ। ਇਹ ਤਾਂ ਬਾਅਦ ਵਿਚ ਆਈ ਨਵਾਜ਼ ਸ਼ਰੀਫ਼ ਸਰਕਾਰ ਦੀ ਦਲੇਰੀ ਸੀ ਕਿ ਉਸ ਨੇ ਮੁਮਤਾਜ਼ ਕਾਦਰੀ ਲਈ ਫਾਂਸੀ ਯਕੀਨੀ ਬਣਾਈ।
ਸਲਮਾਨ ਦੀ ਹੱਤਿਆ ਤੋਂ ਉਪਜੀ ਦਹਿਸ਼ਤ ਤੇ ਖ਼ਲਾਅ ਕਾਰਨ ਤਾਸੀਰ ਪਰਿਵਾਰ ਦਾ ਕਾਰੋਬਾਰ ਬਿਖਰ ਗਿਆ। ਇਸ ਨੂੰ ਨਵੇਂ ਸਿਰਿਓਂ ਲੀਹ ’ਤੇ ਲਿਆਉਣ ਦੀ ਜ਼ਿੰਮੇਵਾਰੀ ਸਭ ਤੋਂ ਵੱਡੇ ਬੇਟੇ ਸ਼ਾਹਬਾਜ਼ ਦੇ ਮੋਢਿਆਂ ’ਤੇ ਆਣ ਪਈ। ਉਸ ਨੇ ਨਿਯਮਿਤ ਤੌਰ ’ਤੇ ਲਾਹੌਰ ਵਿਚਲੇ ਦਫ਼ਤਰ ਜਾਣਾ ਸ਼ੁਰੂ ਕਰ ਦਿੱਤਾ। ਪਰ ਬਹੁਤੇ ਦਿਨ ਨਾ ਜਾ ਸਕਿਆ। ਅਗਸਤ 2011 ਵਿਚ ਉਸ ਨੂੰ ਦਫ਼ਤਰ ਜਾਂਦਿਆਂ ਅਗਵਾ ਕਰ ਲਿਆ ਗਿਆ। ਦਿਨੇ ਗਿਆਰਾਂ ਵਜੇ; ਉਸ ਦੀ ਆਪਣੀ ਕਾਰ ਵਿਚ ਜੋ ਉਹ ਖ਼ੁਦ ਚਲਾ ਕੇ ਦਫ਼ਤਰ ਜਾ ਰਿਹਾ ਸੀ। ਅਗਵਾਕਾਰ ਇਕ ਨਾਮਾਲੂਮ ਜਥੇਬੰਦੀ ‘ਇਸਲਾਮਿਕ ਮੂਵਮੈਂਟ ਆਫ ਉਜ਼ਬੇਕਿਸਤਾਨ’ ਨਾਲ ਸਬੰਧਿਤ ਸਨ। ਇਹ ਜਥੇਬੰਦੀ ਅਲ-ਕਾਇਦਾ ਦੀ ਹੀ ਇਕ ਸ਼ਾਖ਼ ਸੀ, ਪਰ ਇਸ ਦਾ ਮੁੱਖ ਕੰਮ ਫਿਰੌਤੀਆਂ ਬਟੋਰਨਾ ਸੀ। ਫਿਰੌਤੀ ਦੀ ਉਮੀਦ ਵਿਚ ਹੀ ਇਸ ਜਥੇਬੰਦੀ ਨੇ ਸ਼ਾਹਬਾਜ਼ ਨੂੰ ਅਗਲੇ ਚਾਰ ਸਾਲ ਜਿਉਂਦਿਆਂ ਰੱਖਿਆ; ਇਨਸਾਨ ਵਜੋਂ ਨਹੀਂ, ਹੈਵਾਨ ਵਜੋਂ। ਅਗਵਾਕਾਰਾਂ ਦਾ ਸਰਗਨਾ ਮੁਹੰਮਦ ਅਲੀ ਨਿਹਾਇਤ ਜ਼ਾਲਮ ਸੀ। ਬੜਾ ਜਿਸਮਾਨੀ ਜਬਰ ਢਾਹਿਆ ਉਸ ਨੇ ਸਲਮਾਨ ਉੱਤੇ। ਉਸ ਨੂੰ ਜਾਪਦਾ ਸੀ ਕਿ ਜਿੰਨਾ ਉਹ ਵੱਧ ਤਸ਼ੱਦਦ ਕਰੇਗਾ, ਫਿਰੌਤੀ ਦੀ ਰਕਮ ਵੀ ਉਸੇ ਅਨੁਪਾਤ ਵਿਚ ਵਧਦੀ ਚਲੀ ਜਾਵੇਗੀ। ਚਾਰ ਵਰ੍ਹਿਆਂ ਮਗਰੋਂ ਜਦੋਂ ਸ਼ਾਹਬਾਜ਼, ਉਜ਼ਬੇਕਾਂ ਦੀ ਕੈਦ ’ਚੋਂ ਨਿਕਲ ਕੇ ਤਾਲਬਿਾਨ ਦੇ ਬੰਦੀਖਾਨੇ ’ਚ ਜਾ ਪਹੁੰਚਿਆ ਤਾਂ ਤਸ਼ੱਦਦ ਉੱਥੇ ਵੀ ਅਮਾਨਵੀ ਝੱਲਣਾ ਪਿਆ। ਫਿਰ, ਇਕ ਦਿਨ ਅਚਾਨਕ ਉਹ ਆਜ਼ਾਦ ਕਰ ਦਿੱਤਾ ਗਿਆ। ਬਲੋਚਿਸਤਾਨ ’ਚ, ਅਫ਼ਗਾਨਿਸਤਾਨ ਦੀ ਸਰਹੱਦ ਦੇ ਨੇੜੇ। ਉਸ ਦੇ ਮਨ ਵਿਚ ਦਹਿਸ਼ਤ ਇਸ ਹੱਦ ਤਕ ਘਰ ਕਰ ਚੁੱਕੀ ਸੀ ਕਿ ਆਜ਼ਾਦੀ ਤੋਂ ਵੀ ਭੈਅ ਆਉਣ ਲੱਗਾ। ਅਜਿਹੇ ਆਲਮ ਵਿਚ ਹੋਸ਼ਮੰਦੀ ਕਾਇਮ ਰੱਖਣ ਦਾ ਅਭਿਆਸ ਉਸ ਦੇ ਕੰਮ ਆਇਆ; ਅਭਿਆਸ ਜੋ ਚਾਰ ਵਰ੍ਹਿਆਂ ਤੇ ਅੱਠ ਮਹੀਨਿਆਂ ਦੀ ਕੈਦ ਦੌਰਾਨ ਜ਼ਿੰਦਾ ਰਹਿਣ ਵਾਸਤੇ ਉਹ ਲਗਾਤਾਰ ਕਰਦਾ ਆਇਆ ਸੀ। ਇਸ ਅਭਿਆਸ ਵਿਚ ਕੁਰਆਨ ਸ਼ਰੀਫ਼ ਦੀਆਂ ਆਇਤਾਂ ਦਾ ਪਾਠ ਵੀ ਸ਼ਾਮਿਲ ਸੀ ਅਤੇ ਅੰਮੀ ਜਾਨ ਦੀਆਂ ਹਰ ਹਾਲ ਧੀਰ ਧਰਨ ਦੀਆਂ ਮਿਸਾਲਾਂ ਵੀ। ਉਹ ਸੁਰੱਖਿਅਤ ਕੋਇਟਾ ਪਹੁੰਚ ਗਿਆ ਜਿੱਥੇ ਅਗਲੇ ਦਿਨ ਅੰਮੀ ਜਾਨ ਤੇ ਪਰਿਵਾਰ ਦੇ ਹੋਰ ਜੀਅ ਉਸ ਦੇ ਆਸ-ਪਾਸ ਸਨ।
ਬੜੇ ਦਰਦਨਾਕ ਹਾਲਾਤ ਭੁਗਤੇ ਸ਼ਾਹਬਾਜ਼ ਨੇ ਆਪਣੀ ਨਜ਼ਰਬੰਦੀ ਦੌਰਾਨ। ਅਗਵਾਕਾਰਾਂ ਨੇ ਪਹਿਲਾਂ ਉਸ ਨੂੰ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਰੱਖਿਆ। ਫਿਰ ਪਾਕਿ-ਅਫ਼ਗਾਨ ਸਰਹੱਦ ਦੇ ਨਾਲ ਪੈਂਦੇ ਕਬਾਇਲੀ ਖਿ਼ੱਤੇ (ਫਾਟਾ) ’ਚ ਲੈ ਗਏ। ਉੱਥੋਂ ਉਸ ਨੂੰ ਅਫ਼ਗਾਨਿਸਤਾਨ ਵਿਚ ਲਿਜਾਇਆ ਗਿਆ। ਫਿਰ ਉਜ਼ਬੇਕਾਂ ਤੇ ਪਸ਼ਤੂਨਾਂ ਦੇ ਸਬੰਧ ਵਿਗੜ ਜਾਣ ’ਤੇ ਉਸ ਨੂੰ ਪਸ਼ਤੂਨਾਂ ਦੀ ਕੈਦ ਭੋਗਣੀ ਪਈ। ਮੌਤ ਤੇ ਜ਼ਿੰਦਗੀ ਦਰਮਿਆਨ ਉਹ ਲਗਾਤਾਰ ਝੂਲਦਾ ਰਿਹਾ। ਇਕ ਵਾਰ ਅਮਰੀਕੀ ਡਰੋਨ ਹਮਲੇ ਵਿਚ ਵਾਲ-ਵਾਲ ਬਚਿਆ। ਉਂਜ, ਮੌਤ ਦੀ ਹਰ ਦਸਤਕ, ਜ਼ਿੰਦਗੀ ਲਈ ਜੂਝਣ ਦੇ ਜਜ਼ਬੇ ਨੂੰ ਵੱਧ ਸ਼ਦੀਦ ਤੇ ਵੱਧ ਮੁਫ਼ੀਦ ਬਣਾਉਂਦੀ ਗਈ। ਇਸ ਹੱਦ ਤਕ ਕਿ ਉਹ ਆਪਣੇ ਬੰਦੀਕਾਰਾਂ ਨਾਲ ਹਾਸਾ-ਠੱਠਾ ਕਰਨਾ ਵੀ ਸਿੱਖ ਗਿਆ। ਮੁਹੰਮਦ ਅਲੀ ਇਕ ਦਿਨ ਉਸ ਤੋਂ ਪੁੱਛਣ ਲੱਗਾ ਕਿ ਹੂਰਾਂ ਵਰਗੀਆਂ ਔਰਤਾਂ ਕਿਸ ਮੁਲਕ ਵਿਚ ਹਨ ਤਾਂ ਸ਼ਾਹਬਾਜ਼ ਨੇ ਕੁਝ ਪਲ ਸੋਚਣ ਮਗਰੋਂ ਜਵਾਬ ਦਿੱਤਾ, ‘‘ਬ੍ਰਾਜ਼ੀਲ!’’ ਉਹ ਬਹੁਤ ਦੂਰ ਏ, ਅਲੀ ਬੋਲਿਆ। ਸ਼ਾਹਬਾਜ਼ ਨੇ ਕੁਝ ਹੋਰ ਸੋਚ ਕੇ ਕਿਹਾ, ‘‘ਇਰਾਨ।’’ ਪਰ ਉਹ ਤਾਂ ਕਾਫ਼ਿਰਾਂ (ਸ਼ੀਆ ਮੁਸਲਮਾਨਾਂ) ਦੀ ਧਰਤੀ ਹੈ, ਅਲੀ ਗਰਜਿਆ। ਕੁਝ ਹੋਰ ਨਾਮ ਸੁਝਾਏ ਗਏ, ਪਰ ਗੱਲ ਨਾ ਬਣੀ। ਅਖ਼ੀਰ ਇਟਲੀ ’ਤੇ ਸਹਿਮਤੀ ਹੋਈ। ਅਲੀ ਕਹਿਣ ਲੱਗਾ, ‘‘ਇਟਲੀ ’ਤੇ ਇਸਲਾਮੀ ਕਬਜ਼ਾ ਹੁੰਦਿਆਂ ਹੀ ਮੈਂ ਵੈਟੀਕਨ ਨੂੰ ਹਰਮ ਵਿਚ ਬਦਲ ਦੇਵਾਂਗਾ। ਮੇਰੇ ਲਈ ਤਾਂ ਉਹੀ ਮੱਕਾ ਹੋਵੇਗਾ।’’ ਕੁਝ ਦੇਰ ਬਾਅਦ ਜਦੋਂ ਨਮਾਜ਼ ਦਾ ਵਕਤ ਹੋਇਆ ਤਾਂ ਅਲੀ ਤੇ ਹੋਰ ਦਹਿਸ਼ਤੀ ਪੱਛਮ ਵੱਲ ਮੂੰਹ ਕਰ ਕੇ ਨਮਾਜ਼ ਸ਼ੁਰੂ ਕਰਨ ਲੱਗੇ। ਅਚਾਨਕ ਸ਼ਾਹਬਾਜ਼ ਨੇ ਟੋਕਿਆ: ‘‘ਅਲੀ, ਤੂੰ ਮੂੰਹ ਕੁਝ ਉੱਤਰ ਵੱਲ ਕਰ। ਤੇਰਾ ਮੱਕਾ (ਵੈਟੀਕਨ) ਤਾਂ ਓਸ ਦਿਸ਼ਾ ਵੱਲ ਐ!’’
ਜ਼ਿੰਦਗੀ ਦੀ ਸਲਾਮਤੀ ਲਈ ਜੱਦੋਜਹਿਦ ਨੇ ਸ਼ਾਹਬਾਜ਼ ਨੂੰ ਨਿੱਤ ਨਵੇਂ ਗੁਰ ਤੇ ਪੈਂਤੜੇ ਸਿਖਾਏ। ਕਦੇ ਉਹ ਖ਼ੁਦ ਨੂੰ ਜੇ ਨਾਸਤਿਕ ਨਹੀਂ ਤਾਂ ਨਮਾਜ਼ੀ ਵੀ ਨਹੀਂ ਸੀ ਮੰਨਦਾ। ਅੱਬੂ (ਪਿਤਾ) ਵਾਂਗ ਜੁੰਮੇ ਵੀ ਨਮਾਜ਼ ਉਹ ਸਿਰਫ਼ ਦਿਖਾਵੇ ਲਈ ਪੜ੍ਹਨ ਜਾਇਆ ਕਰਦਾ ਸੀ। ਪਰ ਬੰਦੀ ਜੀਵਨ ਨੇ ਉਸ ਨੂੰ ਅੱਲ੍ਹਾ ਦੀ ਓਟ ਲੈਣ ਦੇ ਰਾਹ ਪਾਇਆ। ਕੁਰਆਨ ਸ਼ਰੀਫ਼ ਦੀਆਂ ਆਇਤਾਂ ਵਿਚੋਂ ਉਸ ਨੂੰ ਖ਼ੁਦਾ ਦੀਆਂ ਨਿਆਮਤਾਂ ਦੇ ਨਵੇਂ ਰੂਪ ਨਜ਼ਰ ਆਉਣ ਲੱਗੇ। ਇਕ ਆਇਤ ‘‘ਜ਼ਿੰਦਗੀ ਜਿਊਣੀ ਹੈ, ਆਖ਼ਰੀ ਸਾਹ ਤੱਕ, ਸਵੈਮਾਣ ਨਾਲ’’ ਨੂੰ ਉਸ ਨੇ ਪੱਲੇ ਬੰਨ੍ਹ ਲਿਆ। ਇਸੇ ਦ੍ਰਿੜ੍ਹਤਾ ਵੱਸ ਉਸ ਨੇ ਜ਼ਿਹਨੀ ਤਵਾਜ਼ਨ ਬਰਕਰਾਰ ਰੱਖਣ ਦੇ ਨਵੇਂ ਨਵੇਂ ਗੁਰ ਅਪਣਾਏ। ਇਨ੍ਹਾਂ ਗੁਰਾਂ ਵਿਚ ਇਕ ਮਸਫੁਟੀਏ ਰਾਖੇ ਦੇ ਇੰਗਲਿਸਤਾਨੀ ਫੁੱਟਬਾਲ ਕਲੱਬ ਮੈਨਚੈਸਟਰ ਯੂਨਾਈਟਡ ਪ੍ਰਤੀ ਮੋਹ ਨੂੰ ਉਸ ਨਾਲ ਨੇੜਤਾ ਗੰਢਣ ਲਈ ਵਰਤਣਾ ਵੀ ਸ਼ਾਮਿਲ ਸੀ ਅਤੇ ਅਗਵਾਕਾਰਾਂ ਦੇ ਬੱਚਿਆਂ ਨੂੰ ਆਪਣੇ ਬੰਦੀਖਾਨੇ ਦੀ ਖਿੜਕੀ ਵਿਚੋਂ ਉਰਦੂ ਪੜ੍ਹਾਉਣਾ ਵੀ। ਉਸ ਦੇ ਖ਼ੈਰਖਾਹਾਂ ਦੀ ਤਾਦਾਦ ਹੌਲੀ ਹੌਲੀ ਵਧਣ ਲੱਗੀ। ਇਸ ਹੱਦ ਤਕ ਕਿ ਇਕ ਦਿਨ ਜਦੋਂ ਮੁਹੰਮਦ ਅਲੀ, ਸ਼ਾਹਬਾਜ਼ ਨੂੰ ਕੋਰੜੇ ਮਾਰ ਰਿਹਾ ਸੀ ਤਾਂ ਉਸ ਦੀ ਸੱਸ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਵੜੀ ਤੇ ਕੜਕ ਕੇ ਬੋਲੀ, ‘‘ਬਸ! ਇਸ ਘਰ ’ਚ ਹੋਰ ਵਹਿਸ਼ਤ ਨਹੀਂ।’’ ਅਜਿਹੇ ਹੀ ਇਕ ਪੈਂਤੜੇ ਸਦਕਾ ਉਹ ਮਲੰਗ ਨਾਮੀ ਇਕ ਤਾਲਬਿਾਨ ਕਮਾਂਡਰ ਦੇ ਜ਼ਰੀਏ ਆਪਣੀ ਆਜ਼ਾਦੀ ਦਾ ਦੁਆਰ ਖੁਲ੍ਹਵਾਉਣ ਅਤੇ ਮੁਕਤ ਫ਼ਿਜ਼ਾ ਵਿਚ ਮੁੜ ਵਿਚਰਨ ਦੇ ਸਮਰੱਥ ਹੋ ਸਕਿਆ।
ਫ਼ਿਲਮੀ ਕਹਾਣੀ ਵਰਗੀ ਹੈ ਇਹ ਦਾਸਤਾਨ, ਪਰ ਹੈ ਸੱਚੀ। ਅਗਵਾਕਾਰਾਂ ਵੱਲੋਂ ਭੇਜੀਆਂ ਵੀਡੀਓਜ਼ ਤੋਂ ਹਾਸਿਲ ਤਸਵੀਰਾਂ ਇਸ ਹਕੀਕਤ ਦੀ ਤਸਦੀਕ ਹਨ ਕਿ ਸ਼ਾਹਬਾਜ਼ ਨੂੰ ਕਿਹੜੀਆਂ ਕਿਹੜੀਆਂ ਯਾਤਨਾਵਾਂ ਵਿਚੋਂ ਗੁਜ਼ਰਨਾ ਪਿਆ। ਇਨਸਾਨ ਅੰਦਰਲੇ ਜੁਝਾਰੂ ਜਜ਼ਬੇ ਨੂੰ ਸਿਜਦੇ ਤੋਂ ਘੱਟ ਨਹੀਂ ਇਹ ਕਿਤਾਬ।
* * *
ਸਿਰਲੇਖ ਹੈ ‘ਬੁਢਾਪਾ’। ਕਵਿਤਾ ਇਸ ਤਰ੍ਹਾਂ ਹੈ: ‘ਐਨਕਾਂ ਦੀ/ ਦੁਕਾਨ ’ਤੇ/ ਖੜ੍ਹਾ ਹਾਂ/ ਫੇਰ ਤੋਂ/ ਬੱਚਾ ਬਣ ਰਿਹਾ ਹਾਂ/ ਦੇਖ ਰਿਹਾਂ/ ਸ਼ੀਸੇ ਵਿਚਦੀ/ ਏ.ਬੀ.ਸੀ.ਡੀ।’
ਇਹੋ ਜਿਹੀਆਂ ਨਿੱਕੀਆਂ-ਨਿੱਕੀਆਂ ਪਰ ਅਰਥਪੂਰਨ ਕਵਿਤਾਵਾਂ ਦਾ ਖ਼ਜ਼ਾਨਾ ਹੈ ਜਗਦੀਪ ਸਿੱਧੂ ਦੀ ਕਿਤਾਬ ‘ਪੌੜੀਆਂ ਉੱਤਰਦੀ ਛਾਂ’ (ਕੈਲੀਬਰ ਪਬਲੀਕੇਸ਼ਨ; 88 ਪੰਨੇ; 180 ਰੁਪਏ) ਜਗਦੀਪ ਕਾਵਿਕ-ਸਾਹਿਤ ਦਾ ਸ਼ੈਦਾਈ ਹੈ। ਖ਼ੁਦ ਵੀ ਲਿਖਦਾ ਹੈ ਅਤੇ ਹੋਰਨਾਂ ਭਾਸ਼ਾਵਾਂ ਦੇ ਚੰਗੇ ਕਾਵਿ ਦਾ ਅਨੁਵਾਦ ਵੀ ਕਰਦਾ ਹੈ। ‘ਪੌੜੀਆਂ ਉੱਤਰਦੀ ਛਾਂ’ ਉਸ ਦਾ 12ਵਾਂ ਕਿਤਾਬੀ ਉੱਦਮ ਹੈ। ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਉਸ ਦੇ ਆਸ਼ਿਆਨੇ ਦੀ ਉਸਾਰੀ ਨਾਲ ਜੁੜੇ ਅਨੁਭਵਾਂ ਤੇ ਅਹਿਸਾਸਾਂ ਦੀ ਉਪਜ ਹਨ। ਹੈਰਾਨੀ ਹੁੰਦੀ ਹੈ ਉਸ ਵੱਲੋਂ ਫੜੀਆਂ ਸੰਵੇਦਨਾਵਾਂ ਅਤੇ ਉਨ੍ਹਾਂ ਦੀ ਕਾਵਿਕ-ਜੜਤ ’ਤੇ। ਕੁਝ ਕਵਿਤਾਵਾਂ ਬਾਹਰੀ ਜਗਤ ਤੇ ਜੁਗਤਾਂ ਬਾਰੇ ਵੀ ਹਨ, ਪਰ ਉਨ੍ਹਾਂ ਦਾ ਮਿਜ਼ਾਜ ਵੀ ਘਰ ਵਾਲੀ ਕਾਇਨਾਤ ਤੋਂ ਬਾਹਰ ਨਹੀਂ। ਇਸ ਪ੍ਰਸੰਗ ਵਿਚ ਜਗਦੀਪ ਦਾ ਕਹਿਣਾ ਹੈ ਕਿ ਇਹ ਘਰ ਹੀ ਹੈ ਜਿਸ ਨੇ ਉਸ ਨੂੰ ‘‘ਨੀਝ ਲਾ ਕੇ ਸਭ ਪਾਸੇ ਦੇਖਣ ਦੀ ਤਾਕਤ ਬਖ਼ਸ਼ੀ।’’ ਇਸੇ ਨੀਝ ਦੀਆਂ ਦੋ ਮਿਸਾਲਾਂ ਹਨ: ‘‘ਨਾਲ ਦੇ ਘਰ ਵਾਲਾ/ ਦੱਸ ਰਿਹਾ ਮੇਰੇ ਮਕਾਨ ਨੂੰ/ ਨੀਹਾਂ ਭਰ ਹੋ ਗਈਆਂ/ ਇਸ ਤੋਂ ਬਾਅਦ ਭਰਤ ਪੈ ਜਾਵੇਗੀ/ ਪਿੱਲਰ ਖੜ੍ਹੇ ਕਰ/ ਪੰਦਰਾਂ ਦਿਨਾਂ ਬਾਅਦ/ ਪੈ ਜਾਏਗੀ ਛੱਤ/...
ਉਸ ਬੰਦੇ ਦਾ ਧੰਨਵਾਦ/ ਉਸ/ ਮੇਰੇ ਦਿਲ ਤੋਂ ਦੁਆ ਕੱਢੀ/ ਆਪਣੇ ਤੋਂ ਪਹਿਲਾਂ/ ਹਰਿਕ ਦਾ ਘਰ ਬਣਿਆ ਹੋਵੇ।’’ (ਦੁਆ, ਪੰਨਾ 57)। ‘‘ਪਤਨੀ ਕਹਿੰਦੀ:/ ਤੁਸੀਂ ਫ਼ਿਕਰ ਨੂੰ/ ਬਾਹੋਂ ਫੜ ਕੇ/ ਨਾਲ ਬਿਠਾ ਲੈਂਦੇ ਹੋ/ ਸਿਰੇ ਦੇ ਵਹਿਮੀ/ ...ਪ੍ਰਾਪਤੀ, ਫ਼ਿਕਰ/ ਮੇਰੇ ਲਈ ਇਕੋ ਹੀ ਸ਼ਬਦ/ ...ਮੀਂਹ ਵੀ ਪੈਂਦਾ/ ਦੌੜ ਪੈਂਦਾ ਛੱਤ ਵੱਲ/ ਕਿਤੇ ਪਾਣੀ ਤਾਂ ਨਹੀਂ ਖੜ੍ਹਦਾ?/ ...ਪ੍ਰਾਪਤੀ ਦੇ ਨਾਲ/ ਫ਼ਿਕਰ ਵੀ/ ਮੇਰੇ ਸਾਹਵੇਂ ਫੇਰ ਖੜ੍ਹਾ ਹੈ।’’ (ਕੀ ਕਰਾਂ, ਪੰਨਾ 58) ਸਵਾਗਤਯੋਗ ਹੈ ਇਹ ਸੰਗ੍ਰਹਿ।