ਹੜ੍ਹਾਂ ਨੇ ਖੇਤੀ ਆਧਾਰਿਤ ਸਹਾਇਕ ਧੰਦਾ ਕਰਨ ਵਾਲਿਆਂ ਦੇ ਹੱਥ ਖੜ੍ਹੇ ਕਰਵਾਏ
ਪੱਤਰ ਪ੍ਰੇਰਕ
ਸ਼ੇਰਪੁਰ, 17 ਜੁਲਾਈ
ਮੱਖੀਆਂ ਤੋਂ ਸ਼ਹਿਦ ਪ੍ਰਾਪਤੀ ਦਾ ਸਹਾਇਕ ਧੰਦਾ ਅਪਣਾ ਕੇ ਰੋਸ਼ਨ ਭਵਿੱਖ ਲਈ ਸਖ਼ਤ ਮਿਹਨਤ ਕਰਦੇ ਪੱਤੀ ਖਲੀਲ (ਸ਼ੇਰਪੁਰ) ਦੇ ਨੌਜਵਾਨ ਦੇ ਸੁਪਨੇ ਮੱਖੀਆਂ ਦੇ ਡੱਬਿਆਂ ਨਾਲ ਹੀ ਹੜ੍ਹਾਂ ਵਿੱਚ ਰੁੜ੍ਹ ਗਏ।
ਇੱਥੇ ਅੰਤਰਰਾਸਟਰੀ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਪੰਜਾਬ ਦੇ ਸੈਕਟਰੀ ਹੰਸ ਰਾਜ ਬਾਵਾ ਨੇ ਪੀੜਤ ਨੌਜਵਾਨ ਖੁਸ਼ਪਾਲ ਔਲਖ ਨੂੰ ਪ੍ਰੈਸ ਦੇ ਰੂ-ਬ-ਰੂ ਕੀਤਾ ਜਿਸ ਨੇ ਹੱਡਬੀਤੀ ਬਿਆਨੀ। ਖੁਸਪਾਲ ਔਲਖ ਨੇ ਦੱਸਿਆ ਕਿ ਉਹ ਤੇ ਉਸਦੇ ਤਿੰਨ ਹੋਰ ਸਾਥੀਆਂ ਬਲਜੀਤ ਸਿੰਘ ਚੁਕੇਰੀਆਂ, ਰਿੰਕੂ ਆਦਿ ਨੇ ਸੂਰਜਮੁਖੀ, ਖਰਬੂਜਾ, ਤਰਬੂਜ, ਮੱਕੀ, ਮਿਰਚ ਵਗੇੈਰਾ ਖੁਰਾਕ ਪ੍ਰਾਪਤ ਕਰਦੀਆਂ ਸ਼ਾਹਿਦ ਵਾਲੀਆਂ ਮੱਖੀਆਂ ਦੇ ਸਾਢੇ ਪੰਜ ਸੌ ਬਕਸੇ ਉਨ੍ਹਾਂ ਦੀ ਖੁਰਾਕ ਪ੍ਰਾਪਤੀ ਵਾਲੇ ਇਲਾਕੇ ਪਿੰਡ ਖੋਖ (ਨਾਭਾ) ਵਿਖੇ ਰੱਖੇ ਸਨ। ਬੀੜ ਵਿੱਚੋਂ ਦੀ ਹੋ ਕੇ ਲੰਘਦੇ ਚੋਏ ’ਚ ਅਚਾਨਕ ਹੜ੍ਹਾਂ ਦਾ ਪਾਣੀ ਆ ਜਾਣ ਕਾਰਨ ਸਾਰੇ ਬਕਸੇ ਪਾਣੀ ਵਿੱਚ ਰੁੜ੍ਹ ਗਏ ਅਤੇ ਸਾਰੀਆਂ ਮੱਖੀਆਂ ਮਰ ਗਈਆਂ। ਹਲਕੇ ਦੇ ਵਿਧਾਇਕ ਦੇਵ ਮਾਨ ਸਮੇਤ ਹੋਰ ਮੋਹਤਬਰਾਂ ਨੇ ਉਨ੍ਹਾਂ ਦੀ ਬਰਬਾਦੀ ਦਾ ਮੰਜ਼ਰ ਅੱਖੀਂ ਵੇਖਿਆ ਅਤੇ ਇਸ ਸਬੰਧੀ ਸਬੰਧਤ ਪਟਵਾਰੀ ਨੇ ਵੀ ਉਸ ਦੇ ਨੁਕਸਾਨ ਦਾ ਜਾਇਜ਼ਾ ਲਿਆ। ਉਹ ਤੇ ਉਸ ਦੇ ਤਿੰਨ ਹੋਰ ਹਿੱਸੇਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਸਬੰਧਤ ਪਟਵਾਰੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੌਕਾ ਵੇਖਿਆ ਅਤੇ ਪ੍ਰਤੱਖਦਰਸ਼ੀਆਂ ਨਾਲ ਕੀਤੀ ਗੱਲਬਾਤ ਮਗਰੋਂ ਉਨ੍ਹਾਂ ਵੱਲੋਂ ਭੇਜੀ ਰਿਪੋਰਟ ਵਿੱਚ ਸਾਢੇ ਚਾਰ ਸੌ ਬਕਸੇ ਪਾਣੀ ਵਿੱਚ ਰੁੜ੍ਹ ਜਾਣ ਦਾ ਜ਼ਿਕਰ ਹੈ ਉਂਜ ਕੁੱਝ ਬਕਸੇ ਬਚੇ ਹਨ ਪਰ ਮੱਖੀਆਂ ਦਾ ਸੌ ਪ੍ਰਤੀਸ਼ਤ ਨੁਕਸਾਨ ਹੋਇਆ ਹੈ। ਬਾਬਾ ਬੰਦਾ ਸਿੰਘ ਬਹਾਦਾਰ ਫਾਉਂਡੇਸ਼ਨ ਨੇ ਇਨ੍ਹਾਂ ਉੱਦਮੀ ਨੌਜਵਾਨਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਮੱਛੀ ਪਾਲਕਾਂ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਮੰਗਿਆ
ਘਨੌਰ (ਨਿੱਜੀ ਪੱਤਰ ਪ੍ਰੇਰਕ): ਇਸ ਖੇਤਰ ਦੇ ਮੱਛੀ ਪਾਲਕਾਂ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਮੱਛੀ ਪਾਲਕਾਂ ਦਾ ਇਕ ਵਫ਼ਦ ਅੱਜ ਐਸਡੀਐਮ ਰਾਜਪੁਰਾ ਪਰਲੀਨ ਕੌਰ ਬਰਾੜ ਨੂੰ ਮਿਲਿਆ। ਉਨ੍ਹਾਂ ਆਪਣੀਆਂ ਮੁਸ਼ਕਲਾਂ ਦੱਸਦਿਆਂ ਐਸਡੀਐਮ ਨੂੰ ਇਕ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਦੱਸਿਆ ਕਿ ਪਿੰਡ ਨਰੜੂ, ਉਲਾਣਾ ਅਤੇ ਕਾਮੀ ਕਲਾਂ ਵਿਖੇ ਫਿੱਸ਼ ਪੌਂਡ ਹਨ। ਇਹ ਫਿੱਸ ਪੌਂਡ ਉਨ੍ਹਾਂ ਨੇ ਪੰਚਾਇਤੀ ਪਲੇਟ ਬੰਜਰ ਜ਼ਮੀਨ ਨੂੰ 10 ਸਾਲਾਂ ਲੀਜ਼ ‘ਤੇ ਲੈ ਕੇ ਡੇਢ ਲੱਖ ਰੁਪਏ ਪ੍ਰਤੀ ਏਕੜ ਖ਼ਰਚ ਕਰ ਕੇ ਮੱਛੀ ਤਲਾਬ ਬਣਾਇਆ ਸੀ, ਜਿਸ ਵਿਚ 200 ਗਰਾਮ ਤੋਂ ਲੈ ਕੇ 250 ਗਰਾਮ ਦਾ ਫਿੱਸ਼ ਸੀਡ 4500 ਪ੍ਰਤੀ ਏਕੜ ਖ਼ਰੀਦ ਕੇ ਮੱਛੀ ਫਾਰਮ ਵਿਚ ਪਾਇਆ ਸੀ। ਬੀਤੇ ਦਨਿ ਆਏ ਭਾਰੀ ਹੜ੍ਹ ਕਾਰਨ ਮੱਛੀ ਤਲਾਬ ਦੀਆਂ ਵੱਟਾਂ ਟੁੱਟ ਜਾਣ ਕਾਰਨ ਅਤੇ ਪਾਣੀ ਓਵਰਫ਼ਲੋ ਹੋਣ ਕਾਰਨ ਸਾਰੀ ਮੱਛੀ ਅਤੇ ਸਟੋਰ ਵਿਚ ਰੱਖੀ ਫੀਡ ਵੀ ਪਾਣੀ ਵਿਚ ਰੁੜ੍ਹ ਗਈ ਜਿਸ ਕਾਰਨ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਤਲਾਬ ਦੀਆਂ ਵੱਟਾਂ ਦੀ ਉਸਾਰੀ ਵੀ ਦੁਬਾਰਾ ਕਰਨੀ ਪੈਣੀ ਹੈ। ਉਨ੍ਹਾਂ ਸੁਬਾ ਸਰਕਾਰ ਤੋਂ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਤਾਂ ਜੋ ਉਹ ਮੁੜ ਪੈਰਾਂ ਸਿਰ ਹੋ ਸਕਣ। ਇਸ ਮੌਕੇ ਮੱਛੀ ਪਾਲਕ ਬਲਜਿੰਦਰ ਸਿੰਘ, ਇੰਦਰਜੀਤ ਸਿੰਘ,ਪਰਮਜੀਤ ਸਿੰਘ,ਸਪਿੰਦਰ ਸਿੰਘ, ਗੁਰਮੇਲ ਕੌਰ, ਧਰਮਜੀਤ ਕੌਰ, ਬਲਦੇਵ ਕੌਰ ਆਦਿ ਮੌਜੂਦ ਸਨ।
ਮੁਆਵਜ਼ਾ ਯਕੀਨੀ ਮਿਲੇਗਾ: ਵਿਧਾਇਕ ਪੰਡੋਰੀ
ਹਲਕਾ ਮਹਿਲ ਕਲਾਂ ਦੇ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਉਸ ਦੇ ਹਲਕੇ ਪੱਤੀ ਖਲੀਲ ਦੇ ਨੌਜਵਾਨ ਦੇ ਨੁਕਸਾਨ ਲਈ ਉਹ ਡਿਪਟੀ ਕਮਿਸ਼ਨਰ ਨੂੰ ਆਪਣਾ ਪੱਤਰ ਲਿਖਕੇ ਦੇਣ ਜਿਸ ਸਬੰਧੀ ਉਨ੍ਹਾਂ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਮੁਆਵਜ਼ਾ ਯਕੀਨੀ ਮਿਲੇਗਾ।