For the best experience, open
https://m.punjabitribuneonline.com
on your mobile browser.
Advertisement

ਉਮੀਦ

06:19 AM Jan 18, 2024 IST
ਉਮੀਦ
Advertisement

ਸਤਪਾਲ ਸਿੰਘ ਦਿਓਲ

Advertisement

ਅੱਜ ਕਾਰ ਘਰ ਤੋਂ ਬਾਹਰ ਕੱਢੀ, ਕੋਈ ਕੰਮ ਨਹੀਂ ਸੀ; ਬੱਸ ਐਵੇਂ ਹੀ ਐਤਵਾਰ ਦੀ ਛੁੱਟੀ ਵਾਲੇ ਦਿਨ ਪੰਜਾਹ ਮੀਲ ਦੂਰ ਰਹਿੰਦੇ ਮਿੱਤਰ ਨਾਲ ਵਕਤ ਬਿਤਾਉਣ ਲਈ ਗਿਆ ਸੀ। ਸ਼ਾਮ ਨੂੰ ਵਾਪਸੀ ’ਤੇ ਵੈਸੇ ਹੀ ਦੁਨੀਆ ਦੇ ਰੰਗ ਦੇਖਦਾ ਪਰਤ ਰਿਹਾ ਸੀ। ਰਾਹ ਵਿਚ ਇਕੱਲੀ ਖੜ੍ਹੀ ਔਰਤ ਨੇ ਹੱਥ ਦਿੱਤਾ ਤਾਂ ਅਣਮੰਨੇ ਜਿਹੇ ਮਨ ਨਾਲ ਕਾਰ ਰੋਕ ਲਈ। ਚਿਹਰੇ ਤੋਂ ਦੁਖੀ ਲਗਦੀ ਸੀ, ਸ਼ਾਇਦ ਗੱਡੀ ਤਾਂ ਹੀ ਰੋਕ ਲਈ ਸੀ! ਉਹ ਗੱਡੀ ਦੀ ਪਿਛਲੀ ਸੀਟ ਵੱਲ ਅਹੁਲੀ ਪਰ ਮੈਂ ਥੋੜ੍ਹਾ ਜਿਹਾ ਝਿਜਕ ਕੇ ਕਿਹਾ, “ਤੁਸੀਂ ਅੱਗੇ ਬੈਠੋ।” ਉਹ ਝਿਜਕਦੀ ਝਿਜਕਦੀ ਅੱਗੇ ਆਣ ਬੈਠੀ।
ਬਰਾਬਰ ਵਾਲੀ ਸੀਟ ’ਤੇ ਉਹ ਬਿਲਕੁਲ ਖੱਬੇ ਹੱਥ ਦੀ ਤਾਕੀ ਨਾਲ ਲੱਗ ਗਈ ਸੀ; ਜਿਵੇਂ ਸੋਚਦੀ ਹੋਵੇ, ਮੇਰੇ ਹੱਥ ਗੱਡੀ ਦਾ ਸਟੇਅਰਿੰਗ ਛੱਡ ਕੇ ਉਸ ਨੂੰ ਨੋਚ ਖਾਣਗੇ। ਉਹਨੇ ਮੇਰੀ ਗੱਡੀ ਦਾ ਆਸਰਾ ਸਿਰਫ ਵੀਹ ਮੀਲ ਦਾ ਤੱਕਿਆ ਸੀ। ਮਨ ’ਚ ਬੁਰਾ ਜਿਹਾ ਖਿਆਲ ਵੀ ਆਇਆ, “ਇਹਨੂੰ ਨਾ ਚਾਹੁੰਦਿਆਂ ਕਿਉਂ ਚੜ੍ਹਾ ਲਿਆ? ਕੋਈ ਇਲਜ਼ਾਮ ਲਾ ਦਿੱਤਾ ਤਾਂ ਕੀ ਕਰੇਂਗਾ?” ਬਹੁਤ ਅਸਹਿਜ ਮਹਿਸੂਸ ਕੀਤਾ; ਕਿਸੇ ਦੀ ਫਸਾਉਣ ਦੀ ਕੋਈ ਚਾਲ ਨਾ ਹੋਵੇ। ਮਨ ਵਿਚ ਪੁਰਾਣੇ ਝਗੜੇ ਹੋਏ ਕੇਸਾਂ ਦੇ ਖਿਆਲ ਆਉਣ ਲੱਗੇ- “ਉਸ ਮੁਕੱਦਮੇ ਵਿਚ ਐਨਾ ਅੜ ਕੇ ਬੋਲਣ ਦੀ ਕੀ ਲੋੜ ਸੀ? ਹੋ ਸਕਦਾ, ਵਿਰੋਧੀ ਬੰਦਾ ਬਦਲਾ ਲੈਣਾ ਚਾਹੁੰਦਾ ਹੋਵੇ ਤੇ ਇਹ ਔਰਤ ਜ਼ਰੀਆ ਬਣੀ ਹੋਵੇ।”
ਫਿਰ ਮਨ ਵਿਚ ਆਇਆ- “ਹੋ ਸਕਦੈ ਕੋਈ ਸੰਗਠਿਤ ਗੈਂਗ ਹੋਵੇ ਤੇ ਇਹਦੇ ਨਾਲ ਹੋਰ ਬੰਦੇ ਹੋਣ।” ਫਿਰ ਸੋਚਿਆ- “ਤੇਰੀ ਡੱਬ ਵਿਚ ਲਾਇਸੈਂਸੀ ਪਿਸਤੌਲ ਐ। ਜੇ ਇਹਨੇ ਬੰਦੇ ਮਗਰ ਲਾਏ ਹੋਏ, ਉਹ ਕਦੋਂ ਕੰਮ ਆਉਣਾ।” ਅਗਲੇ ਹੀ ਪਲ ਫਿਰ ਸੋਚ ਨੂੰ ਪਲਟ ਲਿਆ- “ਜੇ ਗ਼ਲਤ ਹੋਇਆ ਕਿਤੇ ਪੁੱਠੀ ਨਾ ਪੈ ਜਾਵੇ।” ਸੋਚ ਸੋਚ ਕੇ ਸਿਰ ਵਿਚ ਦਰਦ ਹੋਣ ਲੱਗਾ ਸੀ। ਅਚਾਨਕ ਮੇਰੇ ਮੋਬਾਈਲ ਫੋਨ ਦੀ ਘੰਟੀ ਵੱਜੀ, ਕਾਰ ਦੇ ਸਪੀਕਰ ਨਾਲ ਮੋਬਾਈਲ ਜੁੜਿਆ ਹੋਣ ਕਰ ਕੇ ਉਸ ਨੇ ਸਾਰੀ ਗੱਲ ਸੁਣ ਲਈ ਸੀ। ਫੋਨ ਕਰਨ ਵਾਲੇ ਸਾਇਲ ਨੇ ਮੇਰਾ ਨਾਮ ਵੀ ਬੋਲ ਦਿੱਤਾ ਸੀ। ਮੈਂ ਜਲਦੀ ਨਾਲ ਉਸ ਸਾਇਲ ਨਾਲ ਗੱਲਬਾਤ ਨਬਿੇੜ ਦਿੱਤੀ। ਮੈਨੂੰ ਜਲਦੀ ਸੀ ਕਿ ਕਿਹੜੇ ਵੇਲੇ ਉਹ ਕਾਰ ਵਿਚੋਂ ਉਤਰ ਜਾਵੇ। ਉਹਨੇ ਚੁੱਪ ਤੋੜੀ- “ਵੀਰੇ ਤੁਸੀਂ ਵਕੀਲ ਓ?” ਮੈਂ ਕਿਹਾ- “ਹਾਂ, ਤੁਸੀਂ ਕਿਵੇਂ ਜਾਣਦੇ ਓ।”
ਉਸ ਨੇ ਮੇਰਾ ਨਾਮ ਤੇ ਕਿੱਤਾ ਕਾਰ ਵਿਚ ਆਏ ਫੋਨ ਤੋਂ ਸੁਣ ਲਿਆ ਸੀ। ਉਸ ਦੀਆਂ ਅੱਖਾਂ ਵਿਚੋਂ ਹੰਝੂ ਕਿਰਨ ਲੱਗੇ। ਰੋ ਰੋ ਕੇ ਦੱਸਣ ਲੱਗੀ, “ਮੇਰਾ ਘਰ ਵਾਲਾ ਮੈਨੂੰ ਸ਼ਰਾਬ ਪੀ ਕੇ ਕੁੱਟ-ਮਾਰ ਕਰਦਾ ਸੀ। ਮੈਂ 4 ਸਾਲ ਜ਼ੁਲਮ ਸਹਿੰਦੀ ਰਹੀ। ਇੱਕ ਦਿਨ ਭਰਾ ਨੇ ਕੁੱਟ ਪੈਂਦੀ ਅੱਖੀਂ ਦੇਖ ਲਈ ਤੇ ਤਲਾਕ ਹੋ ਗਿਆ।”
ਗੱਲ ਟਾਲਣ ਲਈ ਮੈਂ ਕਿਹਾ, “ਕੋਈ ਨਹੀਂ ਇਹ ਤਕਦੀਰਾਂ ਦਾ ਲਿਖਿਆ।”
“ਫਿਰ ਬਾਪੂ ਨੇ ਹੋਰ ਲੱਭਿਆ, ਉਹ ਫਾਹਾ ਲੈ ਕੇ ਮਰ ਗਿਆ, ਉਹਦਾ ਸਬੰਧ ਸੀ ਕਿਤੇ ਹੋਰ।” ਲਗਦਾ ਸੀ ਜਿਵੇਂ ਉਹ ਅਣਚਾਹੇ ਮਨ ਨਾਲ ਦੱਸ ਰਹੀ ਹੋਵੇ।
“ਉਹ ਵੀ ਛੁੱਟ ਗਿਆ, ਰੱਬ ਅੱਲੋਂ।” ਮੈਂ ਇਕਦਮ ਦੇਖਿਆ, ਉਹ ਕਾਰ ਦੀ ਸੀਟ ’ਤੇ ਖੁੱਲ੍ਹ ਕੇ ਬੈਠ ਗਈ ਸੀ, ਜਿਵੇਂ ਮੇਰੇ ਉਪਰ ਉਸ ਦਾ ਵਿਸ਼ਵਾਸ ਬਣ ਗਿਆ ਹੋਵੇ।
“ਅੱਜ ਜਿਥੋਂ ਮੈਂ ਥੋਡੇ ਨਾਲ ਚੜ੍ਹੀ ਹਾਂ, ਉਹ ਮੇਰੇ ਤੀਜੇ ਸਹੁਰਿਆਂ ਦਾ ਘਰ ਸੀ। ਚਿੱਟਾ ਪੀਂਦਾ ਹੁਣ ਮੇਰੇ ਘਰਵਾਲਾ।” ਦੱਸਦਿਆਂ ਉਸ ਨੇ ਨੀਵੀਂ ਪਾ ਲਈ। ਗੱਡੀ ਵਿਚੋਂ ਉਤਰਨ ਤੋਂ ਪਹਿਲਾਂ ਉਹਨੇ ਆਖਿਆ, “ਮੈਨੂੰ ਪਤਾ ਤੁਸੀਂ ਮੇਰੇ ਰੌਲੇ ਦਾ ਹੱਲ ਕਰ ਦੇਵੋਗੇ, ਮੈਂ ਤੇ ਬਾਪੂ ਕੱਲ੍ਹ ਨੂੰ ਕੇਸ ਕਰਨ ਆਵਾਂਗੇ।” ਤਾਕੀ ਖੋਲ੍ਹ ਕੇ ਉਹ ਉਤਰ ਗਈ।... ਮੇਰੇ ਕੋਲੋਂ ਘਰੇਲੂ ਕਲੇਸ਼ ਦੇ ਮਸਲੇ ਦੇ ਹੱਲ ਦੀ ਉਮੀਦ ਲੈ ਕੇ ਉਹ ਚਲੀ ਗਈ। ਉਸ ਨੂੰ ਮੇਰੇ ਉਪਰ ਯਕੀਨ ਸੀ ਪਰ ਮੈਂ ਅਗਲੇ ਦਿਨ ਉਹਨੂੰ ਦਫ਼ਤਰ ਵਿਚ ਮਿਲ ਕੇ ਇਨਸਾਫ਼ ਦਿਵਾਉਣ ਬਾਰੇ ਸੋਚ ਕੇ ਉਦਾਸ ਸੀ।
ਸੰਪਰਕ: 98781-70771

Advertisement

Advertisement
Author Image

joginder kumar

View all posts

Advertisement