ਆਸ ਹੈ ਕਿ ਪਿਆਰ ਬਣਿਆ ਰਹੇਗਾ: ਮਨੂ ਭਾਕਰ
ਚੈਟੋਰੌਕਸ (ਫਰਾਂਸ), 30 ਜੁਲਾਈ
ਮਨੂ ਭਾਕਰ ਨੇ ਦੂਜਾ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਕਿਹਾ, ‘ਮੈਨੂੰ ਆਸ ਹੈ ਕਿ ਪਿਆਰ ਬਣਿਆ ਰਹੇਗਾ, ਜੇਕਰ ਮੈਂ ਹੋਰ ਤਗ਼ਮਾ ਜਿੱਤ ਨਾ ਸਕੀ ਤਾਂ ਕਿਰਪਾ ਕਰਕੇ ਨਾਰਾਜ਼ ਨਾ ਹੋਣਾ।’ ਮਨੂ ਭਾਕਰ ਇੱਕ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਹੈ। ਉਹ ਹੁਣ 2 ਅਗਸਤ ਨੂੰ 25 ਮੀਟਰ ਸਪੋਰਟਸ ਪਿਸਟਲ ਕੁਆਲੀਫਿਕੇਸ਼ਨ ਮੁਕਾਬਲੇ ਵਿੱਚ ਹਿੱਸਾ ਲਵੇਗੀ। ਹਰਿਆਣਾ ਦੇ ਝੱਜਰ ਦੀ ਇਸ ਨਿਸ਼ਾਨੇਬਾਜ਼ ਨੇ ਕਿਹਾ,‘ਇਹ ਬਹੁਤ ਖ਼ਾਸ ਅਹਿਸਾਸ ਹੈ ਕਿਉਂਕਿ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਇੱਕ ਹੀ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਾਂਗੀ।’ ਉਸ ਨੇ ਕਿਹਾ,‘ਅਜੇ ਇੱਕ ਹੋਰ ਮੈਚ ਬਾਕੀ ਹੈ। ਇਸ ਲਈ ਮੈਂ ਅਗਲੇ ਮੈਚ ਦਾ ਇੰਤਜ਼ਾਰ ਕਰਾਂਗੀ। ਜਦੋਂ ਕੋਈ ਵੀ ਖਿਡਾਰੀ ਭਾਰਤ ਲਈ ਖੇਡਦਾ ਹੈ ਤਾਂ ਉਸਦਾ ਸੁਪਨਾ ਓਲੰਪਿਕ ਵਿੱਚ ਤਗ਼ਮਾ ਜਿੱਤਣਾ ਹੁੰਦਾ ਹੈ ਤੇ ਮੇਰਾ ਵੀ ਇਹੀ ਸੁਪਨਾ ਸੀ। ਮੈਂ ਓਲੰਪਿਕ ਵਿੱਚ ਵੱਧ ਤੋਂ ਵੱਧ ਤਗ਼ਮੇ ਜਿੱਤਣਾ ਚਾਹੁੰਦੀ ਹਾਂ।’ ਉਹ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਤਿੰਨ ਸਾਲ ਪਹਿਲਾਂ ਟੋਕੀਓ ਓਲੰਪਿਕ ਦੀ ਨਿਰਾਸ਼ਾ ਨੂੰ ਪਿੱਛੇ ਛੱਡਣ ’ਚ ਸਫ਼ਲ ਰਹੀ ਹੈ।
ਮਨੂ ਭਾਕਰ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਮਗਰੋਂ ਓਲੰਪਿਕ ਤਗ਼ਮਾ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹੈ। ਉਸ ਦਾ ਕਹਿਣਾ ਹੈ ਕਿ ਸਿੰਧੂ ਤੇ ਅਥਲੀਟ ਨੀਰਜ ਚੋਪੜਾ ਉਸ ਦੇ ਆਦਰਸ਼ ਹਨ ਕਿਉਂਕਿ ਉਨ੍ਹਾਂ ਨੇ ਖ਼ੁਦ ਨੂੰ ਵਿਸ਼ਵ ਮੰਚ ’ਤੇ ਸਾਬਤ ਕੀਤਾ ਹੈ। ਮਨੂ ਨੇ ਪੈਰਿਸ ਓਲੰਪਿਕ ਖੇਡਾਂ ’ਚ ਮਿਲੀ ਦੋਹਰੀ ਸਫਲਤਾ ਆਪਣੇ ਕੋਚ ਜਸਪਾਲ ਰਾਣਾ ਨੂੰ ਸਮਰਪਿਤ ਕੀਤੀ। -ਪੀਟੀਆਈ
ਚੰਡੀਗੜ੍ਹ ਦੇ ਡੀਏਵੀ ਕਾਲਜ ’ਚ ਰਿਹਾ ਜਸ਼ਨ ਵਾਲਾ ਮਾਹੌਲ
ਚੰਡੀਗੜ੍ਹ (ਟਨਸ):
ਇਥੇ ਸੈਕਟਰ 10 ਵਿਚਲੇ ਡੀਏਵੀ ਕਾਲਜ ਵਿਚ ਅੱਜ ਸਾਰਾ ਦਿਨ ਜਸ਼ਨ ਵਾਲਾ ਮਾਹੌਲ ਰਿਹਾ। ਕਾਲਜ ਦੇ ਵਿਦਿਆਰਥੀਆਂ ਨੇ ਢੋਲ ਦੇ ਡੱਗੇ ’ਤੇ ਨੱਚ ਟੱਪ ਕੇ ਜਸ਼ਨ ਮਨਾਏ। ਪੈਰਿਸ ਓਲੰਪਿਕ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿਚ ਦੇਸ਼ ਦੀ ਝੋਲੀ ਵਿਚ ਕਾਂਸੀ ਦਾ ਤਗ਼ਮਾ ਪਾ ਕੇ ਇਤਿਹਾਸ ਸਿਰਜਣ ਵਾਲੇ ਦੋਵੇਂ ਸ਼ੂਟਰ- ਮਨੂ ਭਾਕਰ ਤੇ ਸਰਬਜੋਤ ਸਿੰਘ ਇਸੇ ਕਾਲਜ ਵਿਚ ਪੜ੍ਹਦੇ ਹਨ। ਮਨੂ ਐੱਮਏ ਪਬਲਿਕ ਐਡਮਨਿਸਟਰੇਸ਼ਨ ਦੀ ਵਿਦਿਆਰਥਣ ਹੈ ਤੇ ਉਸ ਨੇ ਹਾਲ ਹੀ ਵਿਚ 2024-25 ਸੈਸ਼ਨ ਲਈ ਮਾਸ ਕਮਿਊਨੀਕੇਸ਼ਨ ਵਿਚ ਪੋਸਟ ਗਰੈਜੂਏਟ ਡਿਪਲੋਮਾ ਵਿਚ ਦਾਖਲਾ ਲਿਆ ਹੈ। ਅੰਬਾਲਾ ਦੇ ਪਿੰਡ ਧੀਨ ਦਾ ਰਹਿਣ ਵਾਲਾ ਸਰਬਜੋਤ ਸਿੰਘ ਮਾਰਕੀਟਿੰਗ ਮੈਨੇਜਮੈਂਟ ਵਿਚ ਪੋਸਟ ਗਰੈਜੂਏਟ ਡਿਪਲੋਮਾ ਕਰ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਜ ਨੇ ਮਨੂ ਤੇ ਸਰਬਜੋਤ ਦੀ ਜੋੜੀ ਨੂੰ ਇਸ ਇਤਿਹਾਸਕ ਉਪਲਬਧੀ ਲਈ ਵਧਾਈ ਦਿੰਦਿਆਂ ਦੇਸ਼ ਵਾਪਸੀ ’ਤੇ ਉਨ੍ਹਾਂ ਦੇ ਸਨਮਾਨ ਦਾ ਐਲਾਨ ਕੀਤਾ ਹੈ। ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਅਮਨੇਂਦਰ ਮਾਨ ਨੇ ਕਿਹਾ, ‘‘ਚੈਟੇਰੌਕਸ ਸ਼ੂਟਿੰਗ ਸੈਂਟਰ ਤੋਂ ਇਨ੍ਹਾਂ ਇਤਿਹਾਸਕ ਪਲਾਂ ਦਾ ਗਵਾਹ ਬਣ ਕੇ ਮੈਂ ਬਹੁਤ ਖ਼ੁਸ਼ ਹਾਂ। ਇਸ ਜੋੜੀ ਨੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਮਨੂ ਜਿੱਥੇ ਟੋਕੀਓ ਓਲੰਪਿਕਸ ਮਗਰੋਂ ਬਣੇ ਮਾਨਸਿਕ ਤਣਾਅ ’ਚੋਂ ਬਾਹਰ ਨਿਕਲਣ ਵਿਚ ਕਾਮਯਾਬ ਰਹੀ, ਉਥੇ ਸਰਬਜੋਤ ਵਿਅਕਤੀਗਤ ਮੁਕਾਬਲੇ ਵਿਚ ਮੌਕਾ ਖੁੰਝਾ ਬੈਠਾ। ਹਾਲਾਂਕਿ ਅੱਜ ਉਨ੍ਹਾਂ ਸਾਬਤ ਕਰ ਦਿੱਤਾ ਕਿ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ।’’
ਸਰਬਜੋਤ ਨੂੰ ਨਿਰਾਸ਼ਾ ਦੇ ਅਹਿਸਾਸ ਤੋਂ ਤਿੰਨ ਦਿਨ ਬਾਅਦ ਮਿਲਿਆ ਤਗ਼ਮਾ
ਚੈਟੋਰੌਕਸ:
ਪਿਸਟਲ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੂੰ ਆਪਣੇ ਪਹਿਲੇ ਹੀ ਓਲੰਪਿਕ ਵਿੱਚ ਉਦਾਸੀ ਅਤੇ ਖੁਸ਼ੀ ਦੋਵਾਂ ਦਾ ਤਜਰਬਾ ਹੋਇਆ ਹੈ। ਵਿਅਕਤੀਗਤ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਮਾਮੂਲੀ ਫਰਕ ਨਾਲ ਖੁੰਝਣ ਮਗਰੋਂ ਸਰਬਜੋਤ ਨੇ ਅੱਜ ਆਪਣੀ ਖੇਡ ਵਿੱਚ ਸੁਧਾਰ ਕਰਦਿਆਂ ਆਪਣੀ ਜੋੜੀਦਾਰ ਮਨੂ ਭਾਕਰ ਨਾਲ ਮਿਲ ਕੇ ਪੈਰਿਸ ਖੇਡਾਂ ਵਿੱਚ ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਦੂਜਾ ਤਗ਼ਮਾ ਦਿਵਾਇਆ। ਅੰਬਾਲਾ ਨੇੜੇ ਧੀਨ ਪਿੰਡ ਦਾ ਇਹ 22 ਸਾਲਾ ਨਿਸ਼ਾਨੇਬਾਜ਼ ਪਿਛਲੇ ਹਫਤੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਫਾਈਨਲ ’ਚ ਮਾਮੂਲੀ ਫਰਕ ਤੋਂ ਖੁੰਝ ਗਿਆ ਸੀ ਅਤੇ ਇਸ ਨਿਸ਼ਾਨੇਬਾਜ਼ ਨੂੰ ਨਿਰਾਸ਼ਾ ਵਿੱਚ ਆਪਣੀ 2016 ਤੋਂ ਸ਼ੁਰੂ ਹੋਈ ਯਾਤਰਾ ਅੱਖਾਂ ਸਾਹਮਣੇ ਦਿਸਣ ਲੱਗੀ ਸੀ। ਉਸ ਨੂੰ ਅੰਬਾਲਾ ਵਿੱਚ ਕੋਚ ਅਭਿਸ਼ੇਕ ਰਾਣਾ ਦੀ ਅਕੈਡਮੀ ਤੱਕ ਜਾਣ ਲਈ ਰੋਜ਼ਾਨਾ ਬੱਸ ’ਤੇ 35 ਕਿਲੋਮੀਟਰ ਦਾ ਸਫਰ ਅਤੇ ਆਪਣੇ ਪਿਤਾ ਦਾ ਤਿਆਗ ਯਾਦ ਆਉਣ ਲੱਗਾ ਜੋ ਆਪਣੀ ਖੇਤੀ ਦੀ ਸੀਮਤ ਆਮਦਨ ਨਾਲ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ। ਨਾਲ ਹੀ ਉਸ ਨੂੰ ਅਮਰੀਕਾ ਰਹਿੰਦੇ ਆਪਣੇ ਦਾਦੇ ਦੀ ਵੀ ਯਾਦ ਆਈ ਜਿਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦੇ ਪੋਤੇ ਨੂੰ ਕਦੇ ਵੀ ਮਹਿੰਗੇ ਸ਼ੂਟਿੰਗ ਉਪਕਰਨਾਂ ਨਾਲ ਸਮਝੌਤਾ ਨਾ ਕਰਨਾ ਪਏ। ਸਰਬਜੋਤ ਨੇ ਕਿਹਾ, “ਫਾਈਨਲ ਤੋਂ ਬਾਅਦ ਮੈਂ ਇਹੀ ਸੋਚ ਰਿਹਾ ਸੀ ਕਿ ਮੇਰੇ ਪਿਤਾ ਨੇ ਸਾਰੀ ਉਮਰ ਮੇਰੇ ਲਈ ਕੀ ਕੀਤਾ। ਅਮਰੀਕਾ ਵਿੱਚ ਮੇਰੇ ਦਾਦਾ ਜੀ ਵੱਲੋਂ ਕੀਤੀ ਗਈ ਮਦਦ ਅਤੇ ਮੇਰੇ ਕਰੀਅਰ ਦੇ ਪਹਿਲੇ ਦੋ ਸਾਲਾਂ ਵਿਚ ਅੰਬਾਲਾ ਤੋਂ ਬੱਸ ਦਾ ਸਫ਼ਰ ਮੇਰੀਆਂ ਅੱਖਾਂ ਸਾਹਮਣੇ ਆਉਣ ਲੱਗਾ। ਹੁਣ ਮੈਡਲ ਜਿੱਤਣ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਮੈਂ ਆਪਣੇ ਮਾਤਾ-ਪਿਤਾ ਦੀ ਜ਼ਿੰਦਗੀ ਬਿਹਤਰ ਬਣਾ ਸਕਾਂਗਾ।’’ -ਪੀਟੀਆਈ
ਟਰੈਪ ਮੁਕਾਬਲਿਆਂ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ
ਚੈਟੋਰੌਕਸ:
ਭਾਰਤੀ ਨਿਸ਼ਾਨੇਬਾਜ਼ ਪ੍ਰਿਥਵੀਰਾਜ ਇੱਥੇ ਪੁਰਸ਼ ਟਰੈਪ ਮੁਕਾਬਲੇ ਦੇ ਕੁਆਲੀਫਿਕੇਸ਼ਨ ਰਾਊਂਡ ਦੇ ਆਖਰੀ ਦੋ ਗੇੜਾਂ ਵਿੱਚ ‘ਪਰਫੈਕਟ 25’ ਦਾ ਸਕੋਰ ਬਣਾਉਣ ਦੇ ਬਾਵਜੂਦ 21ਵੇਂ ਸਥਾਨ ’ਤੇ ਰਿਹਾ। ਪ੍ਰਿਥਵੀਰਾਜ ਪੰਜ ਗੇੜਾਂ ਦੇ 125 ਸ਼ਾਟਾਂ ’ਚ ਕੁੱਲ 118 ਦਾ ਸਕੋਰ ਹੀ ਬਣਾ ਸਕਿਆ। ਸਿਖਰਲੇ ਛੇ ਨਿਸ਼ਾਨੇਬਾਜ਼ਾਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ। ਇਸੇ ਤਰ੍ਹਾਂ ਮਹਿਲਾ ਟਰੈਪ ਨਿਸ਼ਾਨੇਬਾਜ਼ ਰਾਜੇਸ਼ਵਰੀ ਕੁਮਾਰੀ ਅਤੇ ਸ਼੍ਰੇਅਸੀ ਸਿੰਘ ਨਿਸ਼ਾਨੇ ਤੋਂ ਪੂਰੀ ਤਰ੍ਹਾਂ ਖੁੰਝ ਗਈਆਂ। ਰਾਜੇਸ਼ਵਰੀ ਨੇ ਪਹਿਲੇ ਦਿਨ ਕੁਆਲੀਫਿਕੇਸ਼ਨ ਦੇ ਤਿੰਨ ਗੇੜਾਂ ਵਿੱਚ 75 ’ਚੋਂ 68 ਸ਼ਾਟ ਲਗਾਏ ਅਤੇ 30 ਖਿਡਾਰੀਆਂ ’ਚੋਂ 21ਵੇਂ ਸਥਾਨ ’ਤੇ ਰਹੀ ਜਦਕਿ ਸ਼੍ਰੇਅਸੀ 22ਵੇਂ ਸਥਾਨ ’ਤੇ ਰਹੀ। -ਪੀਟੀਆਈ
ਮੁਰਮੂ ਤੇ ਮੋਦੀ ਵੱਲੋਂ ਮਨੂ ਤੇ ਸਰਬਜੋਤ ਨੂੰ ਵਧਾਈ
ਨਵੀਂ ਦਿੱਲੀ:
ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਖਿਡਾਰੀਆਂ ਨੇ ਅੱਜ ਭਾਰਤੀ ਨਿਸ਼ਾਨੇਬਾਜ਼ਾਂ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੂੰ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ ਹੈ। ਰਾਸ਼ਟਰਪਤੀ ਮੁਰਮੂ ਨੇ ਐਕਸ ’ਤੇ ਕਿਹਾ, ‘‘ਮਨੂ ਭਾਕਰ ਨੇ ਇਤਿਹਾਸ ਰਚ ਦਿੱਤਾ ਹੈ। ਮੈਂ ਉਸ ਨੂੰ ਅਤੇ ਸਰਬਜੋਤ ਸਿੰਘ ਨੂੰ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ।’’ ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਕਿਹਾ, ‘‘ਸਾਡੇ ਨਿਸ਼ਾਨੇਬਾਜ਼ ਸਾਡਾ ਮਾਣ ਵਧਾਉਂਦੇ ਜਾ ਰਹੇ ਹਨ। ਭਾਰਤ ਬਹੁਤ ਖੁਸ਼ ਹੈ।’’ ਇਸੇ ਤਰ੍ਹਾਂ ਖੇਡ ਮੰਤਰੀ ਮਨਸੁਖ ਮਾਂਡਵੀਆ, ਸਾਬਕਾ ਖੇਡ ਮੰਤਰੀ ਕਿਰਨ ਰਿਜਿਜੂ ਅਤੇ ਰਾਜਵਰਧਨ ਸਿੰਘ ਰਾਠੌਰ, ਨਿਸ਼ਾਨੇਬਾਜ਼ੀ ਵਿੱਚ ਸੋਨ ਤਗ਼ਮਾ ਜੇਤੂ ਅਭਿਨਵ ਬਿੰਦਰਾ, ਲੰਡਨ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ, ਭਾਰਤੀ ਕ੍ਰਿਕਟ ਕੋਚ ਗੌਤਮ ਗੰੰਭੀਰ, ਭਾਰਤੀ ਕ੍ਰਿਕਟ ਬੋਰਡ ਦੇ ਜਨਰਲ ਸਕੱਤਰ ਜੈ ਸ਼ਾਹ ਅਤੇ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਵੀ ਦੋਵਾਂ ਨਿਸ਼ਾਨੇਬਾਜ਼ਾਂ ਨੂੰ ਵਧਾਈ ਦਿੱਤੀ ਹੈ। -ਪੀਟੀਆਈ