ਨਥਾਣਾ ਵਿੱਚ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੀ ਆਸ ਬੱਝੀ
ਭਗਵਾਨ ਦਾਸ ਗਰਗ
ਨਥਾਣਾ, 15 ਅਕਤੂਬਰ
ਇੱਥੇ ਛੱਪੜਾਂ ਦੇ ਪਾਣੀ ਦੀ ਨਿਕਾਸੀ ਲਈ ਚੱਲ ਰਹੇ ਪੱਕੇ ਮੋਰਚੇ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਅੱਜ ਪ੍ਰਸ਼ਾਸਨ ਨੇ ਪੋਕਲੇਨ ਮਸ਼ੀਨ ਰਾਹੀਂ ਗੁਰਦੁਆਰਾ ਸਾਹਿਬ ਨੇੜਲੇ ਵੱਡੇ ਛੱਪੜ ’ਚੋਂ ਗਾਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਗਾਰ ਕੱਢਣ ਦੇ ਪਹਿਲੇ ਦਿਨ ਭਾਵੇਂ ਕੰਮ ਹੌਲੀ ਰਫ਼ਤਾਰ ਨਾਲ ਸ਼ੁਰੂ ਹੋਇਆ ਪਰ ਧਰਨਕਾਰੀ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਪਾਣੀ ਦੀ ਨਿਕਾਸੀ ਦੇ ਆਰਜ਼ੀ ਪ੍ਰਬੰਧਾਂ ਦਾ ਪਹਿਲਾ ਪੜਾਅ ਮੁਕੰਮਲ ਕਰ ਲਿਆ ਗਿਆ ਹੈ। ਪੋਕਲੇਨ ਮਸ਼ੀਨ ਨਾਲ ਛੱਪੜ ’ਚੋਂ ਕੱਢੀ ਜਾ ਰਹੀ ਗਾਰ (ਮਿੱਟੀ) ਢੋਣ ਲਈ ਅੱਜ ਦੋ ਟਰੈਕਟਰ ਲਾਏ ਗਏ। ਆਉਂਦੇ ਦਿਨਾਂ ’ਚ ਟਰੈਕਟਰਾਂ ਦੀ ਗਿਣਤੀ ਵਧਾਈ ਜਾਵੇਗੀ। ਇਹ ਗਾਰ ਟਰੈਕਟਰਾਂ ਰਾਹੀਂ ਕਚਮਾਣੀ ਵਾਲੇ ਛੱਪੜ ’ਚ ਸੁੱਟੀ ਜਾ ਰਹੀ ਹੈ। ਧਾਰਮਿਕ ਅਸਥਾਨ ਵਾਲਾ ਇਹ ਛੱਪੜ ਮਿੱਟੀ ਨਾਲ ਭਰ ਕੇ ਪੱਧਰ ਕਰਨਾ ਹੈ। ਇਸ ਤਰ੍ਹਾਂ ਇੱਕ ਛੱਪੜ ਦੀ ਮਿੱਟੀ ਦੂਜੇ ਛੱਪੜ ਵਿੱਚ ਸਮੇਟੀ ਜਾ ਸਕੇਗੀ ਜਿਸ ਦਾ ਕਿਸੇ ਵੀ ਧਿਰ ਨੂੂੰ ਕੋਈ ਇਤਰਾਜ਼ ਨਹੀਂ ਹੈ। ਛੱਪੜ ਦੀ ਇਹ ਗਾਰ ਕੁਝ ਕਿਸਾਨ ਆਪਣੇ ਖੇਤਾਂ ਵਿੱਚ ਵੀ ਪਾਉਣਾ ਚਾਹੁੰਦੇ ਹਨ ਕਿਉਂਕਿ ਇਸ ਮਿੱਟੀ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ। ਅੱਜ 33ਵੇਂ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰੰਘ ਮਾਨ, ਲਖਵੀਰ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ ਗੋਰਾ, ਹਰਿੰਦਰ ਬਿੰਦੂ ਅਤੇ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਜੇਕਰ ਅਧਿਕਾਰੀ ਸੁਹਿਰਦਤਾ ਨਾਲ ਆਪਣੇ ਕੀਤੇ ਵਾਅਦੇ ਪੁਰੇ ਕਰਨ ਤਾਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਸਾਨੀ ਨਾਲ ਹੱਲ ਹੋ ਸਕਦੀ ਹੈ।