ਹੁੱਡਾ ਨੇ ਵਿਧਾਨ ਸਭਾ ਚੋਣਾਂ ਜਿੱਤਣ ਦਾ ਟੀਚਾ ਮਿੱਥਿਆ
ਮਹਾਂਵੀਰ ਮਿੱਤਲ
ਜੀਂਦ, 22 ਜੂਨ
ਅੱਜ ਇੱਥੇ ਇੱਕ ਨਿੱਜੀ ਹੋਟਲ ਵਿੱਚ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਵਿੱਚ ਮਿਲੀ ਜਿੱਤ ਲਈ ਧੰਨਵਾਦੀ ਦੌਰੇ ਦੌਰਾਨ ਵਰਕਰ ਮੀਟਿੰਗ ਕੀਤੀ ਗਈ। ਇਸ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਨਾਲ ਹਿਸਾਰ ਲੋਕ ਸਭਾ ਤੋਂ ਜਿੱਤੇ ਲੋਕ ਸਭਾ ਮੈਂਬਰ ਜੈ ਪ੍ਰਕਾਸ਼, ਸੋਨੀਪਤ ਲੋਕ ਸਭਾ ਤੋਂ ਜਿੱਤੇ ਸੱਤਪਾਲ ਬ੍ਰਹਮਚਾਰੀ ਹਾਜ਼ਰ ਹੋਏ। ਇਸ ਮੌਕੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਜੈ ਪ੍ਰਕਾਸ਼ ਅਤੇ ਸਤਪਾਲ ਬ੍ਰਹਮਚਾਰੀ ਨੂੰ ਜਿਤਾਉਣ ’ਤੇ ਲੋਕਾਂ ਦਾ ਧੰਨਵਾਦ ਕੀਤਾ। ਸ੍ਰੀ ਹੁੱਡਾ ਨੇ ਕਿਹਾ ਕਿ ਅਗਲਾ ਮੋਰਚਾ ਵਿਧਾਨ ਸਭਾ ਚੋਣਾਂ ਵਿੱਚ ਮਾਰਨਾ ਹੈ। ਉਨ੍ਹਾਂ ਕਿਹਾ ਕਿ ਜੀਂਦ ਜ਼ਿਲ੍ਹੇ ਦੀ ਪੰਜ ਸੀਟਾਂ ’ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾ ਦਿਓ, ਅੱਗੇ ਸਰਕਾਰ ਬਣਾਉਣਾ ਮੇਰਾ ਕੰਮ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮਹਿੰਗਾਈ, ਬੇਰੁਜ਼ਗਾਰੀ ਵਧਾ ਕੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਇਸ ਕਾਰਨ ਲੋਕ ਭਾਜਪਾ ਸਰਕਾਰ ਤੋਂ ਪ੍ਰੇਸ਼ਾਨ ਹਨ।
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਹੁੱਡਾ ਨੇ ਕਿਹਾ ਕਿ ਭਾਜਪਾ ਨੇ ਕੌਸ਼ਲ ਰੁਜ਼ਗਾਰ ਯੋਜਨਾ ਤਹਿਤ ਨੌਕਰੀਆਂ ਦੇ ਕੇ ਨੌਜਵਾਨਾਂ ਦਾ ਭਵਿੱਖ ਖਰਾਬ ਕੀਤਾ ਹੈ, ਸਾਡੀ ਸਰਕਾਰ ਬਨਣ ’ਤੇ ਦੋ ਲੱਖ ਨੌਜਵਾਨਾਂ ਨੂੰ ਪੱਕੀ ਨੌਕਰੀਆਂ ਉੱਤੇ ਲਗਾਇਆ ਜਾਵੇਗਾ। ਭਾਜਪਾ ਨੇ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ, ਜਦੋਂਕਿ ਸਾਡੀ ਸਰਕਾਰ ਹਰ ਵਰਗ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ। ਲੋਕ ਸਭਾ ਮੈਂਬਰ ਜੈਪ੍ਰਕਾਸ਼ ਨੇ ਕਿਹਾ ਕਿ ਕੁਝ ਅਜਿਹੇ ਲੋਕ ਸਨ ਜਿਹੜੇ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸੀ, ਉਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ। ਲੋਕ ਸਭਾ ਮੈਂਬਰ ਸੱਤਪਾਲ ਬ੍ਰਹਮਚਾਰੀ ਨੇ ਕਿਹਾ ਕਿ ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਵੀ ਕੁਝ ਕਾਂਗਰਸੀ ਵਰਕਰਾਂ ਨੇ ਵੀ ਉਨ੍ਹਾਂ ਨਾਲ ਸਹਿਯੋਗ ਨਹੀਂ ਕੀਤਾ। ਅਜਿਹੇ ਵਿਅਕਤੀਆਂ ਨਾਲ ਨਜਿੱਠਿਆ ਜਾਵੇਗਾ।