ਨਸ਼ਿਆਂ ਖ਼ਿਲਾਫ਼ ਖੇਡੇ ਨਾਟਕਾਂ ਦੀਆਂ ਜੇਤੂ ਟੀਮਾਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 8 ਅਗਸਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ੋਨ ਪੱਧਰ ’ਤੇ 132 ਸਕੂਲਾਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ’ਚ 32 ਸੌ ਤੋਂ ਵਧੇਰੇ ਸਕੂਲੀ ਬੱਚਿਆਂ ਨੇ ਹਿੱਸਾ ਲਿਆ। ਨਾਟਕਾਂ ਦੇ ਆਖਰੀ ਮੁਕਾਬਲੇ ਰੈੱਡ ਕਰਾਸ ਭਵਨ ਵਿਖੇ ਹੋਏ ਜਿਥੇ ਫਿਲਮੀ ਅਦਾਕਾਰ ਗੁੱਗੂ ਗਿੱਲ ਸ਼ਾਮਲ ਹੋਏ। ਜੇਤੂ ਟੀਮਾਂ ਅਤੇ ਭਾਗੀਦਾਰਾਂ ਨੂੰ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਸਰਕਾਰੀ ਸਿਹਤ ਸੰਸਥਾਵਾਂ ਦੀ ਮਦਦ ਲਈ ਜਾ ਸਕਦੀ ਹੈ। ਗੁੱਗੂ ਗਿੱਲ ਨੇ ਅਪੀਲ ਕੀਤੀ ਕਿ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਲੁਕਣ ਦੀ ਬਜਾਏ ਸਾਹਮਣੇ ਆ ਕੇ ਆਪਣਾ ਇਲਾਜ ਕਰਾਉਣਾ ਚਾਹੀਦਾ ਹੈ। ਇਸ ਮੌਕੇ ਪਹਿਲੇ ਸਥਾਨ ’ਤੇ ਆਈ ਟੀਮ ਨੂੰ ਸੁਤੰਤਰਤਾ ਦਿਵਸ ਮੌਕੇ ਮੁਕਤਸਰ ਵਿੱਚ ਅਤੇ ਦੂਜੇ ਤੇ ਤੀਜੇ ਥਾਂ ’ਤੇ ਰਹੀਆਂ ਟੀਮਾਂ ਨੂੰ ਮਲੋਟ ਅਤੇ ਗਿੱਦੜਬਾਹਾ ਵਿਖੇ ਪੇਸ਼ਕਾਰੀ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਮੌਕੇ ਐੱਸਡੀਐੱਮ ਡਾ. ਸੰਜੀਵ ਕੁਮਾਰ ਅਤੇ ਬਲਜੀਤ ਕੌਰ, ਈਓ ਰਜਨੀਸ਼ ਗਿਰਧਰ ਵੀ ਮੌਜੂਦ ਸਨ।