ਤੈਰਾਕੀ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਦਾ ਸਨਮਾਨ
ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 25 ਜੁਲਾਈ
ਲੁਧਿਆਣਾ ਵਿੱਚ ਸਮਾਪਤ ਹੋਈ 35ਵੀਂ ਸਬ-ਜੁੂਨੀਅਰ ਅਤੇ 47ਵੀਂ ਜੁੂਨੀਅਰ ਰਾਜ ਪੱਧਰੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਸੰਗਰੂਰ ਦੇ ਸਬ-ਜੂਨੀਅਰ ਤੈਰਾਕਾਂ ਨੇ ਸਮੁੱਚੀ ਟਰਾਫੀ ਜਿੱਤੀ, ਜਦੋਂ ਕਿ ਜੂਨੀਅਰ ਵਰਗ ਦੇ ਤੈਰਾਕ ਲੜਕਿਆਂ ਅਤੇ ਲੜਕੀਆਂ ਨੇ ਰਨਰਅੱਪ ਟਰਾਫੀ ’ਤੇ ਕਬਜ਼ਾ ਕਰਨ ਵਿਚ ਸਫਲਤਾ ਹਾਸਲ ਕੀਤੀ। ਵੱਖ-ਵੱਖ ਤੈਰਾਕੀ ਈਵੈਂਟਾਂ ਵਿਚ ਤਗ਼ਮੇ ਜਿੱਤ ਕੇ ਆਏ ਤੈਰਾਕਾਂ ਰਾਮਰਿੰਦਰ ਸਿੰਘ, ਭਵਯ ਕਥੂਰੀਆ, ਵਤਨਦੀਪ ਕੌਰ, ਯੋਗਿਮਾ, ਰਿਦਮ ਸ਼ਰਮਾ ਅਤੇ ਜਨੰਤ ਕੌਰ ਦਾ ਸਨਮਾਨ ਕਰਦਿਆਂ ਜ਼ਿਲ੍ਹਾ ਖੇਡ ਅਧਿਕਾਰੀ ਪਰਮਿੰਦਰ ਸਿੰਘ ਨੇ ਜੇਤੂ ਤੈਰਾਕਾਂ, ਉਨ੍ਹਾਂ ਦੇ ਕੋਚਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਸੀਨੀਅਰ ਤੈਰਾਕੀ ਕੋਚ ਬਲਵੀਰ ਸਿੰਘ ਨੇ ਕਿਹਾ ਕਿ ਮੁਕਾਬਲਾ ਬਹੁਤ ਸਖਤ ਸੀ ਪਰ ਜ਼ਿਲ੍ਹੇ ਦੇ ਤੈਰਾਕਾਂ ਨੇ ਬਹੁਤ ਹੀ ਹੌਂਸਲੇ ਨਾਲ ਜਿੱਤ ਹਾਸਲ ਕੀਤੀ। ਇਸ ਮੌਕੇ ਮੌਜੂਦ ਤੈਰਾਕਾਂ ਦੇ ਮਾਪਿਆਂ ਨੇ ਮੰਗ ਕੀਤੀ ਕਿ ਜੇਕਰ ਸੰਗਰੂਰ ਵਾਲਾ ਸਵੀਮਿੰਗ ਪੂਲ ਚਾਲੂ ਹੋ ਜਾਵੇ ਸੰਗਰੂਰ ਦੇ ਤੈਰਾਕ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਂ ਚਮਕਾ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਉਸਾਰੀ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇ।